ਪਾਕਿਸਤਾਨ ਦੀ ਪਹਿਲੀ ਹਿੰਦੂ ਲੜਕੀ ਪ੍ਰਸ਼ਾਸਨਿਕ ਅਧਿਕਾਰੀ ਬਣੀ, ਸਨਾ ਰਾਮ ਚੰਦ

ਉੱਚੀਆਂ ਪ੍ਰਾਪਤੀਆਂ ਕਰਨ ਦਾ ਰਸਤਾ ਕਠਨ ਜ਼ਰੂਰ ਹੈ, ਪਰ ਅਸੰਭਵ ਕੁੱਝ ਨਹੀਂ। ਸਫਲਤਾ ਦੀ ਕੋਈ ਸਿਖਰ ਨਹੀਂ ਹੁੰਦੀ, ਚੱਲਦੇ ਰਹਿਣ ਦਾ ਹੌਸਲਾ ਸਭ ਤੋਂ ਮਹੱਤਵਪੂਰਨ ਹੁੰਦਾ ਹੈ, ਜੋ ਮਿਥੇ ਨਿਸ਼ਾਨੇ ਤੇ ਲੈ ਜਾਂਦਾ ਹੈ। ਅਜਿਹੇ ਸਿਖਰ ਤੇ ਪਹੁੰਚਣ ਵਾਲੀ ਗੁਆਂਢੀ ਦੇਸ਼ ਪਾਕਿਸਤਾਨ ਦੀ ਵਸਨੀਕ ਹਿੰਦੂ ਕੁੜੀ ਸਨਾ ਰਾਮ ਚੰਦ ਹੈ, ਜੋ ਪ੍ਰਸ਼ਾਸਨਿਕ ਪ੍ਰੀਖਿਆ ਪਾਸ ਕਰ ਕੇ ਉੱਚ ਅਹੁਦਾ ਹਾਸਲ ਕਰਨ ਵਾਲੀ ਉਸ ਦੇਸ ਦੀ ਪਹਿਲੀ ਹਿੰਦੂ ਲੜਕੀ ਹੈ।
ਪਾਕਿਸਤਾਨ ਦੇ ਸਿੰਧ ਪ੍ਰਾਂਤ ‘ਚ ਜ਼ਿਲ੍ਹਾ ਸ਼ਿਕਾਰਪਰ ਦੇ ਕਸਬਾ ਚੱਕ ਵਿਚ ਜਨਮੀ ਸਨਾ ਰਾਮ ਚੰਦ ਆਪਣੀ ਮੁੱਢਲੀ ਪੜ੍ਹਾਈ ਕਰਨ ਉਪਰੰਤ ਚੰਦਕਾ ਮੈਡੀਕਲ ਕਾਲਜ ਤੋਂ ਐੱਮ ਬੀ ਬੀ ਐੱਸ ਕਰ ਕੇ ਡਾਕਟਰ ਬਣ ਗਈ ਅਤੇ ਸਿੰਧ ਇੰਸਟੀਚਿਊਟ ਆਫ਼ ਜੁਆਰਾਲੌਜੀ ਐਂਡ ਟਰਾਂਸਪੇਰੈਂਟ ਤੋਂ ਐੱਫ ਸੀ ਪੀ ਐੱਸ ਕਰ ਰਹੀ ਹੈ, ਇਹ ਕੋਰਸ ਪੂਰਾ ਕਰਨ ਤੇ ਉਹ ਸਰਜਨ ਬਣਨ ਵਾਲੀ ਹੈ। ਹਸਪਤਾਲਾਂ ਵਿਚ ਨੌਕਰੀ ਕਰਦਿਆਂ ਉਸਨੇ ਪ੍ਰਬੰਧਾਂ ਦੀ ਘਾਟ ਸਦਕਾ ਮਰੀਜ਼ਾਂ ਦੀ ਤਰਸਯੋਗ ਹਾਲਤ ਵੇਖੀ ਤਾਂ ਉਸਦਾ ਮਨ ਪਸੀਜਿਆ ਗਿਆ। ਪਰ ਡਾਕਟਰ ਹੁੰਦਿਆਂ ਉਹ ਮਰੀਜ਼ਾਂ ਦੀਆਂ ਮੁਸ਼ਕਲਾਂ ਦਾ ਹੱਲ ਕਰਨ ਦੇ ਸਮਰੱਥ ਨਹੀਂ ਸੀ। ਉਸਨੇ ਸੋਚਿਆ ਕਿ ਪ੍ਰਸ਼ਾਸ਼ਕੀ ਅਧਿਕਾਰੀ ਹੁੰਦਿਆਂ ਅਜਿਹੀਆਂ ਸਮੱਸਿਆਵਾਂ ਦੇ ਹੱਲ ਲਈ ਉੱਦਮ ਕੀਤਾ ਜਾ ਸਕਦਾ ਹੈ।
ਬੀਬੀ ਚੰਦ ਨੇ ਸਾਲ 2019 ਵਿਚ ਸੈਂਟਰਲ ਸੁਪੀਰੀਅਲ ਸਰਵਿਸਜ ਦੀ ਪ੍ਰੀਖਿਆ ਦੇਣ ਦਾ ਫ਼ੈਸਲਾ ਕਰ ਲਿਆ ਤਾਂ ਜੋ ਉਹ ਪ੍ਰਸ਼ਾਸਨਿਕ ਅਧਿਕਾਰੀ ਬਣ ਸਕੇ। ਉਸਨੇ ਇਹ ਮਹਿਸੂਸ ਕਰਦਿਆਂ ਕਿ ਅਗਰ ਟੀਚਾ ਮਿੱਥ ਲਿਆ ਜਾਵੇ ਤਾਂ ਸਫਲਤਾ ਅਵੱਸ ਮਿਲਦੀ ਹੈ, ਪਰ ਖ਼ੁਦ ਨੂੰ ਟੀਚੇ ਪ੍ਰਤੀ ਸਮਰਪਣ ਕਰਨਾ ਪੈਂਦਾ ਹੈ। ਉਸਨੇ ਆਪਣੇ ਮੋਬਾਇਲ ਫ਼ੋਨ ਤੋਂ ਸੋਸ਼ਲ ਅਕਾਊਂਟ ਹਟਾ ਦਿੱਤੇ ਅਤੇ ਕਿਤਾਬਾਂ ਡਾਊਨਲੋਡ ਕਰ ਲਈਆਂ। ਉਹ ਰੋਜ਼ਾਨਾ ਸੁਭਾ 8 ਵਜੇ ਤੋਂ ਸਾਮ ਦੇ 8 ਵਜੇ ਤੱਕ ਹਸਪਤਾਲ ਵਿਚ ਆਪਣੀ ਡਿਊਟੀ ਕਰਦੀ। ਇਸ ਉਪਰੰਤ ਉਹ ਜਦ ਕਿਤੇ ਬਾਹਰ ਜਾਂਦੀ ਤਾਂ ਮੋਬਾਇਲ ਫ਼ੋਨ ਤੋਂ ਪੜ੍ਹਦੀ ਰਹਿੰਦੀ। ਘਰ ਪਹੁੰਚ ਕੇ ਉਹ ਕਈ ਘੰਟੇ ਪੜ੍ਹਨ ਵਿਚ ਲਾਉਂਦੀ।
ਆਪਣੀ ਮਿਹਨਤ ਤੇ ਹੌਸਲੇ ਦੀ ਪਰਖ ਕਰਨ ਉਪਰੰਤ ਉਸਨੇ ਸਾਲ 2020 ਵਿਚ ਸੈਂਟਰਲ ਸੁਪੀਰੀਅਲ ਸਰਵਿਸਿਜ਼ ਦੀ ਪ੍ਰੀਖਿਆ ਦੇ ਦਿੱਤੀ। ਇਸ ਪ੍ਰੀਖਿਆ ਵਿਚ 18 ਹਜ਼ਾਰ 553 ਉਮੀਦਵਾਰਾਂ ਨੇ ਭਾਗ ਲਿਆ, ਜਿਨ੍ਹਾਂ ਚੋਂ 221 ਪਾਸ ਹੋਏ। ਇਹਨਾਂ ਪਾਸ ਹੋਏ ਉਮੀਦਵਾਰਾਂ ਵਿਚ 79 ਲੜਕੀਆਂ ਸਨ, ਜਿਨ੍ਹਾਂ ਵਿਚ ਸਨਾ ਰਾਮ ਚੰਦ ਵੀ ਸ਼ਾਮਲ ਸੀ। ਹਿੰਦੂ ਧਰਮ ਨਾਲ ਸਬੰਧਿਤ ਉਹ ਇਕੱਲੀ ਹੀ ਲੜਕੀ ਸੀ, ਜਿਸਨੇ ਇਹ ਇਮਤਿਹਾਨ ਪਾਸ ਕੀਤਾ। ਸਮੁੱਚੇ ਪਾਕਿਸਤਾਨ ਵਿਚ ਕਰੀਬ 30 ਲੱਖ ਹਿੰਦੂ ਆਬਾਦੀ ਹੈ, ਜਿਸ ਵਿਚੋਂ ਜ਼ਿਆਦਾ ਹਿੰਦੂ ਸਿੰਧ ਖੇਤਰ ਵਿਚ ਹੀ ਵੱਸਦੇ ਹਨ। ਇਸ ਇਲਾਕੇ ਦੀਆਂ ਲੜਕੀਆਂ ਭਾਵੇਂ ਵੱਖ ਵੱਖ ਦਫ਼ਤਰਾਂ ਵਿਚ ਨੌਕਰੀ ਕਰਦੀਆਂ ਹਨ, ਪਰ ਪ੍ਰਸ਼ਾਸਕੀ ਅਧਿਕਾਰੀ ਵਜੋਂ ਸੇਵਾ ਨਿਭਾਉਣ ਵਾਲੀ ਕੋਈ ਨਹੀਂ ਹੈ। ਪ੍ਰਸ਼ਾਸ਼ਕੀ ਸਰਵਿਸਜ ਦੀ ਪ੍ਰੀਖਿਆ ਪਾਸ ਕਰਨ ਵਾਲੀ ਸਨਾ ਰਾਮ ਚੰਦ ਹੁਣ ਪਹਿਲੀ ਹਿੰਦੂ ਲੜਕੀ ਬਣੀ ਹੈ। ਜਲਦੀ ਹੀ ਉਸਨੂੰ ਅਸਿਸਟੈਂਟ ਕਮਿਸ਼ਨਰ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ।

Install Punjabi Akhbar App

Install
×