ਸਮਾਧ….?

ਭਾਰਤ ਵਿੱਚ ਸਾਰੀ ਦੁਨੀਆਂ ਤੋਂ ਵੱਧ ਭੇਡ ਚਾਲ ਦਾ ਰਿਵਾਜ਼ ਹੈ। ਇਥੇ ਤਾਂ ਲੋਕ ਐਨੇ ਵਿਹਲੇ ਹਨ ਕਿ ਜੇ ਕਿਤੇ ਬਿਜਲੀ ਮਹਿਕਮੇ ਵਾਲੇ ਟਰਾਂਸਫਾਰਮਰ ਵੀ ਚੜ੍ਹਾ ਰਹੇ ਹੋਣ ਤਾਂ ਵੇਖਣ ਵਾਸਤੇ 50 ਬੰਦੇ ਇਕੱਠੇ ਹੋ ਜਾਂਦੇ ਹਨ। ਕੋਈ ਵੀ ਪਾਖੰਡੀ ਕਿਤੇ ਵੀ ਡੇਰਾ ਰੂਪੀ ਦੁਕਾਨ ਖੋਲ੍ਹ ਲਵੇ, 10 ૶ 12 ਸਾਲ ਵਿੱਚ ਹੀ ਕਰੋੜਪਤੀ ਬਣ ਜਾਂਦਾ ਹੈ। ਸੜਕਾਂ ਕਿਨਾਰੇ ਸਰਕਾਰੀ ਥਾਂ ‘ਤੇ ਸੌ ਦੋ ਸੌ ਇੱਟਾਂ ਨਾਲ ਸ਼ੁਰੂ ਕੀਤੀਆਂ ਗਈਆਂ ਧਾਰਮਿਕ ਦੁਕਾਨਾਂ ਰੂਪੀ ਮੱਟੀਆਂ, ਮਜ਼ਾਰਾਂ ਅਤੇ ਸਮਾਧਾਂ ਕੁਝ ਹੀ ਸਾਲਾਂ ਵਿੱਚ ਫਾਈਵ ਸਟਾਰ ਹੋਟਲਾਂ ਵਰਗਾ ਸ਼ਾਨਦਾਰ ਰੂਪ ਧਾਰਨ ਕਰ ਜਾਂਦੀਆਂ ਹਨ। ਕਤਲ ਅਤੇ ਬਲਾਤਕਾਰ ਵਰਗੇ ਸੰਗੀਨ ਦੋਸ਼ਾਂ ਵਿੱਚ ਜੇਲ੍ਹ ਯਾਤਰਾ ‘ਤੇ ਪਧਾਰੇ ਹੋਏ ਅਨੇਕਾਂ ਬਾਬਿਆਂ ਦੇ ਡੇਰੇ ਉਹਨਾਂ ਦੀ ਗੈਰਹਾਜ਼ਰੀ ਵਿੱਚ ਵੀ ਬਾਦਸਤੂਰ ਚੱਲ ਰਹੇ ਹਨ ਤੇ ਲੱਖਾਂ ਰੁਪਏ ਛਾਪ ਰਹੇ ਹਨ। ਉੱਤੋਂ ਸਿਤਮ ਇਹ ਹੈ ਕਿ ਇਹਨਾਂ ਮੁਸ਼ਟੰਡਿਆਂ ਦੀ ਅੰਧਾ ਧੁੰਧ ਕਮਾਈ ਉੱਤੇ ਇਨਕਮ ਟੈਕਸ ਵੀ ਨਹੀਂ ਲੱਗਦਾ। ਸਰਕਾਰ ਨੇ ਵੀ ਇਹਨਾਂ ਨੂੰ ਹਰਾਮ ਦਾ ਮਾਲ ਹਜ਼ਮ ਕਰਨ ਦੀ ਪੂਰੀ ਛੋਟ ਦਿੱਤੀ ਹੋਈ ਹੈ ਕਿਉਂਕਿ ਨੇਤਾ ਚੋਣਾਂ ਵੇਲੇ ਵੋਟਾਂ ਲੈਣ ਲਈ ਇਹਨਾਂ ਦੇ ਪੈਰ ਜੋ ਚੱਟਦੇ ਹਨ।
ਇਹ ਸਿਰਫ ਭਾਰਤ ਵਿੱਚ ਹੀ ਸੰਭਵ ਹੈ ਕਿ ਕੁਝ ਸਾਲ ਪਹਿਲਾਂ ਤੱਕ ਟੁੱਟੇ ਜਿਹੇ ਸਾਈਕਲ ‘ਤੇ ਘੁੰਮਣ ਵਾਲੇ ਬਾਬੇ ਰਾਮ ਦੇਵ ਵਰਗਾ ਕੋਈ ਇਨਸਾਨ ਧਰਮ ਦੇ ਨਾਮ ‘ਤੇ ਲੋਕਾਂ ਨੂੰ ਜਾਨਵਰਾਂ ਦਾ ਗੋਹਾ ਅਤੇ ਮੂਤਰ ਖਵਾ ਪਿਆ ਕੇ ਅਰਬਪਤੀ ਬਣ ਸਕਦਾ ਹੈ। ਉਸ ਦੇ ਦਾਅਵੇ ਮੁਤਾਬਕ ਜੇ ਯੋਗ ਹਰ ਬਿਮਾਰੀ ਦਾ ਇਲਾਜ਼ ਹੈ ਤਾਂ ਫਿਰ ਉਹ ਸੈਂਕੜੇ ਕਿਸਮ ਦੀਆਂ ਦਵਾਈਆਂ ਬਣਾ ਕੇ ਕਿਉਂ ਵੇਚ ਰਿਹਾ ਹੈ?
ਇਸੇ ਤਰਾਂ ਦਾ ਇੱਕ ਬਾਬਾ ਵਧੀਆ ਡੇਰੇ ਦਾ ਮਾਲਕ ਸੀ। ਡੇਰੇ ਵਿੱਚ ਇੱਕ ਸਮਾਧ ਬਣੀ ਹੋਈ ਸੀ ਜਿਸ ਬਾਰੇ ਮਸ਼ਹੂਰ ਸੀ ਕਿ ਇਹ ਕਿਸੇ ਮਹਾਨ ਚਮਤਕਾਰੀ ਸਿੱਧ ਪੁਰਸ਼ ਦੀ ਹੈ ਤੇ ਇਥੇ ਮੰਗੀ ਗਈ ਹਰ ਮੁਰਾਦ ਪੂਰੀ ਹੁੰਦੀ ਹੈ। ਹਰ ਰੋਜ਼ ਹਜ਼ਾਰਾਂ ਭਗਤ ਉਸ ਸਮਾਧ ਨੂੰ ਮੱਥਾ ਟੇਕਦੇ ਸਨ ਤੇ ਦਾਨ ਦੱਖਣਾ ਚੜ੍ਹਾਉਂਦੇ ਸਨ। ਬਾਬੇ ਦੇ ਭਗਤਾਂ ਵਿੱਚ ਰਾਮੂ ਨਾਮ ਦਾ ਇੱਕ ਗਰੀਬ ਵਿਅਕਤੀ ਵੀ ਸ਼ਾਮਲ ਸੀ ਜੋ ਕੱਪੜੇ ਦੀ ਫੇਰੀ ਲਗਾਉਂਦਾ ਸੀ। ਉਹ ਸਵੇਰੇ ਰੋਜ਼ਾਨਾ ਨਿਯਮ ਨਾਲ ਡੇਰੇ ਵਿੱਚ ਆਉਂਦਾ, ਸਮਾਧ ਨੂੰ ਮੱਥਾ ਟੇਕਦਾ ਤੇ ਬਾਬੇ ਦੀ ਮੁੱਠੀ ਚਾਪੀ ਕਰਨ ਦੀ ਸੇਵਾ ਕਰਦਾ।
ਉਹ ਸਾਰਾ ਦਿਨ ਭਾਰੀ ਗੱਠੜੀ ਮੋਢਿਆਂ ‘ਤੇ ਚੁੱਕ ਕੇ ਗਲੀਆਂ ਬਜ਼ਾਰਾਂ ਵਿੱਚ ਕੱਪੜਾ ਵੇਚਦਾ ਸੀ ਜਿਸ ਨਾਲ ਘਰ ਦੇ ਗੁਜ਼ਾਰੇ ਜੋਗੇ ਥੋੜ੍ਹੇ ਬਹੁਤੇ ਪੈਸੇ ਬਣ ਜਾਂਦੇ ਸਨ। ਉਸ ਦੀ ਬੁਰੀ ਹਾਲਤ ਵੇਖ ਕੇ ਬਾਬੇ ਨੂੰ ਦਇਆ ਆ ਗਈ। ਉਸ ਨੇ ਆਪਣਾ ਖੋਤਾ ਰਾਮੂ ਨੂੰ ਦਾਨ ਕਰ ਦਿੱਤਾ ਜਿਸ ਕਾਰਨ ਉਸ ਦੀਆਂ ਅੱਧੀਆਂ ਸਮੱਸਿਆਵਾਂ ਹੱਲ ਹੋ ਗਈਆਂ। ਉਹ ਹੁਣ ਕੱਪੜੇ ਦੀ ਗੱਠੜੀ ਖੁਦ ਚੁੱਕਣ ਦੀ ਬਜਾਏ ਖੋਤੇ ‘ਤੇ ਲੱਦ ਲੈਂਦਾ ਤੇ ਜਦੋਂ ਥੱਕ ਜਾਂਦਾ ਤਾਂ ਖੁਦ ਵੀ ਖੋਤੇ ‘ਤੇ ਬੈਠ ਜਾਂਦਾ। ਪਰ ਉਸ ਦੀ ਕਿਸਮਤ ਖਰਾਬ ਸੀ, ਕੁਝ ਮਹੀਨੇ ਸੁੱਖ ਦੇ ਲੰਘੇ ਸਨ ਕਿ ਇੱਕ ਦਿਨ ਅਚਾਨਕ ਰਾਤ ਨੂੰ ਸੱਪ ਲੜਨ ਕਾਰਨ ਖੋਤੇ ਦੀ ਮੌਤ ਹੋ ਗਈ। ਰਾਮੂ ਬਹੁਤ ਦੁਖੀ ਹੋਇਆ, ਪਰ ਕੀਤਾ ਕੀ ਜਾ ਸਕਦਾ ਸੀ? ਉਸ ਨੇ ਸੜਕ ਦੇ ਕਿਨਾਰੇ ਇੱਕ ਸਾਫ ਜਿਹੀ ਥਾਂ ਵੇਖ ਕੇ ਖੋਤੇ ਨੂੰ ਦਫਨਾ ਕੇ ਉਸ ਦੀ ਸਮਾਧ ਬਣਾ ਦਿੱਤੀ। ਰਾਮੂ ਕੋਲੋਂ ਐਨੇ ਲਾਭਦਾਇਕ ਤੇ ਵਫਾਦਾਰ ਖੋਤੇ ਦਾ ਵਿਛੋੜਾ ਜਰਿਆ ਨਹੀਂ ਸੀ ਜਾ ਰਿਹਾ। ਉਹ ਸਮਾਧ ‘ਤੇ ਸਿਰ ਰੱਖ ਕੇ ਦਹਾੜੇ ਮਾਰ ਮਾਰ ਕੇ ਰੋਣ ਲੱਗ ਪਿਆ।
ਉਥੋਂ ਗੁਜ਼ਰ ਰਹੇ ਇੱਕ ਰਾਹਗੀਰ ਨੇ ਇਹ ਦ੍ਰਿਸ਼ ਵੇਖ ਕੇ ਸੋਚਿਆ ਕਿ ਜਰੂਰ ਇਹ ਕਿਸੇ ਤਪੱਸਵੀ ਸੰਤ ਦੀ ਸਮਾਧ ਹੈ। ਰੋਣ ਵਾਲਾ ਵਿਅਕਤੀ ਉਸ ਦਾ ਚੇਲਾ ਹੋਵੇਗਾ ਜਿਸ ਕੋਲੋਂ ਆਪਣੇ ਮੁਰਸ਼ਦ ਦਾ ਵਿਛੋੜਾ ਜਰਿਆ ਨਹੀਂ ਜਾ ਰਿਹਾ। ਉਸ ਨੇ ਸਮਾਧ ਨੂੰ ਮੱਥਾ ਟੇਕਿਆ, ਕੋਈ ਮੰਨਤ ਮੰਗੀ ਤੇ ਕੁਝ ਚੜ੍ਹਾਵਾ ਚੜ੍ਹਾ ਕੇ ਆਪਣੇ ਰਾਹ ਪੈ ਗਿਆ। ਹੁਣ ਕੁਦਰਤੀ ਹੈ ਕਿ ਕਈ ਵਾਰ ਕੰਮ ਸਿੱਧਾ ਪੈ ਜਾਂਦਾ ਹੈ ਤੇ ਕਈ ਵਾਰ ਪੁੱਠਾ। ਰਾਮੂ ਦੀ ਕਿਸਮਤ ਤੇਜ਼ ਸੀ ਕਿ ਉਸ ਵਿਅਕਤੀ ਦਾ ਕੰਮ ਸਿੱਧਾ ਪੈ ਗਿਆ। ਉਸ ਨੇ ਸਾਰੇ ਪਿੰਡ ਵਿੱਚ ਰੌਲਾ ਪਾ ਦਿੱਤਾ ਕਿ ਫਲਾਣੇ ਥਾਂ ‘ਤੇ ਇੱਕ ਬਹੁਤ ਹੀ ਪਹੁੰਚੇ ਹੋਏ ਸੰਤ ਦੀ ਸਮਾਧ ਹੈ ਜਿੱਥੇ ਮੰਗੀ ਹੋਈ ਹਰ ਮਨੋਕਾਮਨਾ ਪੂਰੀ ਹੋ ਜਾਂਦੀ ਹੈ, ਮਨ ਚਾਹੀਆਂ ਮੁਰਾਦਾਂ ਬਖਸ਼ੀਆਂ ਜਾਂਦੀਆਂ ਹਨ। ਬੱਸ ਫਿਰ ਕੀ ਸੀ, ਅਗਲੇ ਹੀ ਦਿਨ ਤੋਂ ਅਕਲ ਦੇ ਅੰਨ੍ਹਿਆਂ ਤੇ ਗੱਠੜੀ ਦੇ ਪੱਕਿਆਂ ਦੀਆਂ ਭੀੜਾਂ ਉਸ ਸਮਾਧ ‘ਤੇ ਲੱਗਣੀਆਂ ਸ਼ੁਰੂ ਹੋ ਗਈਆਂ। ਦੂਰ ਦੂਰ ਤੋਂ ਅੰਧ ਭਗਤ ਉਥੇ ਮੰਨਤਾਂ ਮੰਗਣ ਲਈ ਆਉਣ ਲੱਗ ਪਏ ਤੇ ਰਾਮੂ ਦੀਆਂ ਪੌਂ ਬਾਰਾਂ ਹੋ ਗਈਆਂ।
ਇੱਕ ਦਿਨ ਉਹ ਸੰਤ ਜਿਸ ਨੇ ਰਾਮੂ ਨੂੰ ਆਪਣਾ ਖੋਤਾ ਬਖਸ਼ਿਆ ਸੀ, ਉਧਰ ਦੀ ਗੁਜ਼ਰਿਆ। ਉਸ ਨੂੰ ਦੇਖਦੇ ਹੀ ਰਾਮੂ ਨੇ ਉਸ ਦੇ ਪੈਰ ਪਕੜ ਲਏ ਤੇ ਭਾਵ ਵਿਭੋਰ ਹੋ ਕੇ ਬੋਲਿਆ, ”ਪ੍ਰਭੂ, ਤੁਹਾਡੇ ਖੋਤੇ ਨਾ ਤਾਂ ਮੇਰੀ ਜ਼ਿੰਦਗੀ ਬਣਾ ਦਿੱਤੀ ਹੈ। ਜਦ ਤੱਕ ਜਿੰਦਾ ਸੀ, ਰੋਜ਼ਗਾਰ ਵਿੱਚ ਮੇਰੀ ਮਦਦ ਕਰਦਾ ਰਿਹਾ ਤੇ ਮਰਨ ਤੋਂ ਬਾਅਦ ਤਾਂ ਬੱਸ ਧੰਨ ਧੰਨ ਹੀ ਕਰਾ ਗਿਆ। ਲਹਿਰਾਂ ਬਹਿਰਾਂ ਹੋਈਆਂ ਪਈਆਂ ਹਨ।” ਫਕੀਰ ਇੱਕ ਦਮ ਖਿੜਖੜਾ ਕੇ ਹੱਸ ਪਿਆ ਤੇ ਰਾਮੂ ਦੇ ਕੰਨ ਵਿੱਚ ਬੋਲਿਆ, ”ਬੱਚਾ, ਇਸ ਖੋਤੇ ਦਾ ਤਾਂ ਸਾਰਾ ਖਾਨਦਾਨ ਹੀ ਲੋਕਾਂ ਦਾ ਭਲਾ ਕਰਨ ਲਈ ਪੈਦਾ ਹੋਇਆ ਸੀ। ਮੇਰੇ ਡੇਰੇ ਦੀ ਜਿਸ ਸਮਾਧ ‘ਤੇ ਤੂੰ ਮੱਥਾ ਟੇਕ ਕੇ ਮੁਰਾਦਾਂ ਮੰਗਦਾ ਸੀ, ਉਹ ਇਸ ਖੋਤੇ ਦੀ ਮਾਂ ਦੀ ਹੈ।” ਹੈਰਾਨੀ ਨਾਲ ਰਾਮੂ ਦਾ ਮੂੰਹ ਖੁਲ੍ਹੇ ਦਾ ਖੁਲ੍ਹਾ ਰਹਿ ਗਿਆ ਤੇ ਬਾਬਾ ਚੇਲਿਆਂ ਚਾਟੜਿਆਂ ਸਮੇਤ ਆਪਣੇ ਰਾਹ ਪੈ ਗਿਆ।