ਸਕੈੱਚ ਕਲਾ ਦਾ ਉੱਭਰਦਾ ਚਿੱਤਰਕਾਰ ਅਕਾਸ਼ਦੀਪ ਸਿੰਘ ਭੁੱਲਰ

ਕਲਾ ਇਨਸਾਨ ਵਿਚਲਾ ਕੁਦਰਤੀ ਗੁਣ ਹੀ ਮੰਨਿਆਂ ਜਾ ਸਕਦਾ ਹੈ। ਕੋਈ ਇਨਸਾਨ ਜੀਵਨ ਭਰ ਵਿੱਚ ਗੱਡਿਆਂ ਦੇ ਗੱਡੇ ਪੁਸਤਕਾਂ ਦੇ ਪੜ੍ਹ ਦਿੰਦਾ ਹੈ, ਪਰ ਉਸ ਵਿੱਚ ਅਜਿਹੀ ਕਲਾ ਨਹੀਂ ਹੁੰਦੀ ਕਿ ਉਹ ਦੋ ਪੰਨੇ ਖ਼ੁਦ ਵੀ ਲਿਖ ਸਕੇ। ਕੋਈ ਵਿਅਕਤੀ ਉਮਰ ਭਰ ਰੰਗਾਂ ਵਿੱਚ ਵਿਚਰਦਾ ਰਹਿੰਦਾ ਹੈ, ਪਰ ਇੱਕ ਵੀ ਕ੍ਰਿਤ ਅਜਿਹੀ ਪੇਸ਼ ਨਹੀਂ ਕਰ ਸਕਦਾ, ਜਿਸਨੂੰ ਦਰਸਕ ਖੜ ਕੇ ਵੇਖ ਸਕਣ। ਪਰ ਕੋਈ ਸੱਜਣ ਅਜਿਹਾ ਹੁੰਦਾ ਹੈ ਉਸ ਵੱਲੋਂ ਰੰਗ ਨਾਲ ਲਿਬੇੜਿਆ ਅਗੜ ਦੁਗੜ ਚਲਾਇਆ ਬੁਰਸ਼ ਸੰਸਾਰ ਪੱਧਰ ਦੀ ਕਲਾਕ੍ਰਿਤੀ ਬਣ ਜਾਂਦਾ ਹੈ, ਪਰ ਉਸ ਵਿੱਚ ਕਲਾਕਾਰ ਦਾ ਦਿਮਾਗ ਤੇ ਹੱਥ ਦਾ ਸੁਮੇਲ ਹੋਣਾ ਜਰੂਰੀ ਹੈ। ਕਈ ਵਿਅਕਤੀ ਅਜਿਹੇ ਹੀ ਹੁੰਦੇ ਹਨ ਜੋ ਸਕੈੱਚ ਬਣਾਉਣ ਦੀ ਕਲਾ ਦੇ ਮਾਹਰ ਹੁੰਦੇ ਹਨ, ਉਹ ਕੇਵਲ ਇੱਕ ਪੈਨਸਿਲ ਨਾਲ ਹੀ ਆਪਣੀ ਕਲਾਕ੍ਰਿਤ ਵਿੱਚ ਜਾਨ ਪਾ ਦਿੰਦੇ ਹਨ। ਅਜਿਹੇ ਸਕੈੱਚ ਬਣਾਉਣ ਵਾਲਾ ਇੱਕ ਉੱਭਰਦਾ ਚਿੱਤਰਕਾਰ ਹੈ ਅਕਾਸ਼ਦੀਪ ਸਿੰਘ ਭੁੱਲਰ।
ਜਿਲ੍ਹਾ ਬਠਿੰਡਾ ਦੇ ਪਿੰਡ ਪਿੱਥੋ ਦੇ ਮੂਲ ਨਿਵਾਸੀ ਅਕਾਸ਼ਦੀਪ ਦਾ ਜਨਮ ਬਠਿੰਡਾ ਸ਼ਹਿਰ ਦੇ ਭਾਈ ਮਤੀ ਦਾਸ ਨਗਰ ਵਿੱਚ ਹੋਇਆ, ਮੁਢਲੀ ਪੜ੍ਹਾਈ ਉਪਰੰਤ ਉਸਨੇ ਬਾਬਾ ਫਰੀਦ ਇੰਸਟੀਚਿਊਟ ਦਿਉਣ ਤੋਂ ਬੀ ਟੈੱਕ ਕੀਤੀ ਤੇ ਫਿਰ ਆਸਟਰੇਲੀਆ ਦੇ ਸ਼ਹਿਰ ਸਿਡਨੀ ਤੋਂ ਉਚੇਰੀ ਵਿੱਦਿਆ ਹਾਸਲ ਕੀਤੀ। ਹੁਣ ਉਹ ਆਸਟਰੇਲੀਆ ਦੀ ਰਾਜਧਾਨੀ ਕੈਨਵਰਾ ਵਿਖੇ ਰਹਿ ਰਿਹਾ ਹੈ। ਬਚਪਨ ਵਿੱਚ ਹੀ ਉਸਦੇ ਅੰਦਰਲੀ ਸਕੈੱਚ ਬਣਾਉਣ ਦੀ ਕਲਾ ਉਦੋਂ ਪ੍ਰਗਟ ਹੋਈ, ਜਦੋਂ ਉਹ ਸਲੇਟ ਤੇ ਹੀ ਸਲੇਟੀ ਨਾਲ ਚਿੜੀਆਂ ਮੋਰ ਬਣਾਉਣ ਲੱਗ ਪਿਆ ਸੀ। ਥੋੜਾ ਵੱਡਾ ਹੋਇਆ ਤਾਂ ਉਸਨੇ ਪੈਨਸਿਲ ਨਾਲ ਹੱਥ ਖੋਹਲਿਆ ਪਰ ਉਸ ਦੀਆਂ ਬਣਾਈਆਂ ਸਕੈੱਚ ਤਸਵੀਰਾਂ ਦੀ ਹਰ ਕੋਈ ਪ੍ਰਸੰਸਾ ਕਰਦਾ। ਇਸ ਪ੍ਰਸੰਸਾ ਨੇ ਉਸਦਾ ਹੌਂਸਲਾ ਵਧਾਇਆ, ਪਰਿਵਾਰਕ ਮੈਂਬਰਾਂ ਨੇ ਵੀ ਉਸਨੂੰ ਰੋਕਣ ਦੀ ਬਜਾਏ ਖੁਲ੍ਹ ਕੇ ਇਸ ਪਾਸੇ ਧਿਆਨ ਦੇਣ ਦਾ ਸੁਝਾਅ ਦਿੱਤਾ।
ਕਾਲਜ ਵਿੱਚ ਪੜ੍ਹਦਿਆਂ ਉਸਨੇ ਕਈ ਦਰਜਨਾਂ ਸਕੈੱਚ ਤਿਆਰ ਕੀਤੇ। ਬੀ ਟੈੱਕ ਕਰਨ ਉਪਰੰਤ ਉਸਨੇ ਆਸਟਰੇਲੀਆ ਦੀ ਸਿਡਨੀ ਯੂਨੀਵਰਸਿਟੀ ਵਿੱਚ ਦਾਖ਼ਲਾ ਲੈ ਲਿਆ, ਵਿਦੇਸ਼ ਦੀ ਪੜ੍ਹਾਈ ਅਤੇ ਨਾਲ ਨਾਲ ਕੰਮ ਕਰਕੇ ਆਪਣਾ ਖ਼ਰਚ ਚਲਾਉਣਾ ਹੀ ਅਤੀ ਮੁਸਕਿਲ ਹੁੰਦਾ ਹੈ। ਪਰ ਸਕੈੱਚ ਕਲਾ ਉਸਦੇ ਮਨ ਅੰਦਰ ਇਸ ਕਦਰ ਥਾਂ ਬਣਾ ਚੁੱਕੀ ਸੀ ਕਿ ਉਹ ਛੱਡ ਨਹੀਂ ਸੀ ਸਕਦਾ। ਉਹ ਆਸਟਰੇਲੀਆ ਜਾਣ ਸਮੇਂ ਆਪਣਾ ਸਮਾਨ ਲੀੜੇ ਕੱਪੜੇ ਆਦਿ ਤਿਆਰ ਕਰਨ ਲੱਗਾ ਤਾਂ ਸਭ ਤੋਂ ਪਹਿਲਾਂ ਉਸਨੇ ਸਕੈੱਚ ਬਣਾਉਣ ਲਈ ਪੈਨਸਿਲਾਂ ਆਦਿ ਦੀ ਖਰੀਦ ਕੀਤੀ। ਵਿਦੇਸ਼ੀ ਧਰਤੀ ਤੇ ਆਪਣੇ ਪੈਰ ਪੱਕੀ ਤਰ੍ਹਾਂ ਸਥਾਪਤ ਕਰਨ ਦੀ ਉਸਨੂੰ ਚਿੰਤਾ ਹੈ, ਪਰ ਉਸਨੇ ਸਕੈੱਚ ਬਣਾਉਣ ਦੀ ਆਪਣੀ ਕਲਾ ਨੂੰ ਸੱਟ ਨਹੀਂ ਵੱਜਣ ਦਿੱਤੀ।

Welcome to Punjabi Akhbar

Install Punjabi Akhbar
×
Enable Notifications    OK No thanks