6 ਸਾਲਾਂ ਦੇ ਬੱਚੇ ਨੇ ਅਧਿਆਪਕਾ ਨੂੰ ਮਾਰੀ ਗੋਲੀ, ਗੰਭੀਰ ਰੂਪ ਵਿੱਚ ਜ਼ਖ਼ਮੀ

ਵਰਜੀਨੀਆ ਦੇ ਰਿਚਨੈਕ ਐਲੀਮੈਂਟਰੀ ਸਕੂਲ ਦੇ ਇੱਕ ਕਲਾਸ ਰੂਮ ਅੰਦਰ ਇੱਕ 6 ਸਾਲਾਂ ਦੇ ਪਹਿਲੀ ਸ਼੍ਰੇਣੀ ਵਿੱਚ ਪੜ੍ਹ ਰਹੇ ਅਮਰੀਕੀ ਬੱਚੇ ਦੀ ਆਪਣੀ ਅਧਿਆਪਕਾ ਨਾਲ ਤਕਰਾਰ ਹੋ ਗਈ ਤਾਂ ਬੱਚੇ ਨੇ ਗੁੱਸੇ ਵਿੱਚ ਆ ਕੇ ਪਿਸਤੌਲ ਚਲਾ ਦਿੱਤੀ ਅਤੇ ਆਧਿਆਪਕਾ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ। ਗ਼ਨੀਮਤ ਰਹੀ ਕਿ ਕਲਾਸ ਦਾ ਹੋਰ ਕੋਈ ਵੀ ਬੱਚਾ ਇਸ ਗੋਲੀਬਾਰੀ ਵਿੱਚ ਜ਼ਖ਼ਮੀ ਨਹੀਂ ਹੋਇਆ।
ਨਿਊ ਪੋਰਟ ਨਿਊਜ਼ ਪੁਲਿਸ ਮੁਖੀ ਸਟੀਵ ਡ੍ਰਿਊ ਦੇ ਦੱਸਣ ਅਨੁਸਾਰ ਅਧਿਆਪਕਾ ਜੋ ਕਿ 30 ਸਾਲਾਂ ਦੀ ਹੈ, ਗੰਭੀਰ ਰੂਪ ਵਿੱਚ ਜ਼ਖ਼ਮੀ ਹੈ ਅਤੇ ਹਸਪਤਾਲ ਅੰਦਰ ਜ਼ੇਰੇ ਇਲਾਜ ਹੈ। ਬੱਚੇ ਦੇ ਕੋਲ ਇੱਕ ਹੈਂਡਗਨ ਸੀ ਜੋ ਕਿ ਪੁਲਿਸ ਨੇ ਬਰਾਮਦ ਕਰ ਲਈ ਹੈ ਅਤੇ ਬੱਚਾ ਵੀ ਪੁਲਿਸ ਦੀ ਹਿਰਾਸਤ ਵਿੱਚ ਹੈ।
ਜ਼ਿਕਰਯੋਗ ਹੈ ਕਿ ਨਿਊ ਪੋਰਟ ਨਿਊਜ਼, ਵਰਜੀਨੀਆ ਦੇ ਦੱਖਣ-ਪੂਰਬ ਵਿੱਚ ਵਸਿਆ ਇੱਕ ਸ਼ਹਿਰ ਹੈ ਜਿੱਥੇ ਦੀ ਆਬਾਦੀ 185,000 ਦੇ ਕਰੀਬ ਹੈ ਅਤੇ ਇੱਥੇ ਏਅਰਕ੍ਰਾਫਟ ਕੈਰੀਅਰ ਬਣਾਏ ਜਾਂਦੇ ਹਨ ਅਤੇ ਅਮਰੀਕੀ ਜਲ ਸੈਨਾ ਦੇ ਸਮੁੰਦਰੀ ਜਹਾਜ਼ ਵੀ ਇੱਥੇ ਹੀ ਬਣਦੇ ਹਨ।