ਸਿਡਨੀ ਦੇ ਡਿਟੈਂਸ਼ਨ ਸੈਂਟਰ ਵਿਖੇ 6 ਸ਼ਰਣਾਰਥੀ ਕੈਦੀ ਕਰੋਨਾ ਪਾਜ਼ਿਟਿਵ, ਕਦੀ ਵੀ ਹੋ ਸਕਦੀ ਹੈ ਵੱਡੀ ਦੁਰਘਟਨਾ

ਸਿਡਨੀ ਦੇ ਵਿਲਾਵੁੱਡ ਇਮੀਗ੍ਰੇਸ਼ਨ ਡਿਟੈਂਸ਼ਨ ਸੈਂਟਰ ਵਿਖੇ ਘੱਟੋ ਘੱਟ 6 ਸ਼ਰਣਾਰਥੀ ਕੈਦੀ ਕਰੋਨਾ ਪਾਜ਼ਿਟਿਵ ਹੋਣ ਕਾਰਨ ਹੜਕੰਪ ਮਚ ਗਿਆ ਹੈ ਅਤੇ ਅਣਿਕਾਰੀਆਂ ਦਾ ਕਹਿਣਾ ਹੈ ਕਿ ਇੱਥੇ ਕੋਵਿਡ-19 ਪਾਜ਼ਿਟਿਵ ਲੋਕਾਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਸਕਦੀ ਹੈ। ਸੈਂਟਰ ਵਿਖੇ ਰੱਖੇ ਗਏ ਹਰ ਸ਼ਰਣਾਰਥੀ ਅਤੇ ਸਟਾਫ ਦਾ ਕਰੋਨਾ ਟੈਸਟ ਕੀਤਾ ਜਾ ਰਿਹਾ ਹੈ।
ਸ਼ਰਣਾਰਥੀਆਂ ਅਤੇ ਰਫੂਜੀਆਂ ਦੇ ਹੱਕ ਵਿਚ ਆਪਣੀ ਆਵਾਜ਼ ਬੁਲੰਦ ਕਰ ਰਹੀ ਸੰਸਥਾ ਦੇ ਬੁਲਾਰੇ -ਇਆਨ ਰਿੰਟੌਲ ਦਾ ਕਹਿਣਾ ਹੈ ਕਿ ਅਜਿਹੇ ਡਿਟੈਂਸ਼ਨ ਸੈਂਟਰਾਂ ਵਿੱਚ ਕੈਦੀਆਂ ਨਾਲ ਮਾੜਾ ਅਤੇ ਅਣਮਨੁੱਖੀ ਵਿਵਹਾਰ ਕੀਤਾ ਜਾਂਦਾ ਹੈ ਅਤੇ ਅਜਿਹੀ ਕਰੋਨਾ ਵਾਲੀ ਹਾਲਤ ਵਿੱਚ ਤਾਂ ਸ਼ਾਇਦ ਪ੍ਰਸ਼ਾਸਤ ਕਿਸੇ ਵੱਡੀ ਦੁਰਘਟਨਾ ਦਾ ਹੀ ਇੰਤਜ਼ਾਰ ਕਰ ਰਿਹਾ ਜਾਪਦਾ ਹੈ।
ਉਸ ਨੇ ਇਹ ਵੀ ਕਿਹਾ ਕਿ ਇਨ੍ਹਾਂ ਸੈਂਟਰਾਂ ਬਾਰੇ ਮਨੁੱਖੀ ਅਧਿਕਾਰਾਂ ਵਾਲੇ ਸੰਗਠਨਾਂ ਵੱਲੋਂ ਵੀ ਗੁਹਾਰ ਲਗਾਈ ਜਾ ਰਹੀ ਹੈ ਪਰੰਤੂ ਸਰਕਾਰ ਦੇ ਕੰਨ ਤੇ ਜੂੰ ਵੀ ਨਹੀਂ ਰੇਂਗ ਰਹੀ। ਹਰ ਰੋਜ਼ ਸੈਂਕੜੇ ਹੀ ਸੁਰੱਖਿਆ ਵਿੱਚ ਤਾਇਨਾਤ ਸੁਰੱਖਿਆ ਅਧਿਕਾਰੀ ਅਤੇ ਮੁਲਾਜ਼ਮ, ਦਿਨ ਪ੍ਰਤੀ ਦਿਨ ਦੀਆਂ ਗਤੀਵਿਧੀਆਂ ਰਾਹੀਂ ਕੈਦੀਆਂ ਨਾਲ ਸਿੱਧੇ ਸੰਪਰਕ ਵਿੱਚ ਰਹਿੰਦੇ ਹਨ ਅਤੇ ਇਸ ਵੱਲ ਕਿਸੇ ਦਾ ਵੀ ਧਿਆਨ ਨਹੀਂ ਜਾ ਰਿਹਾ।
ਜ਼ਿਕਰਯੋਗ ਹੈ ਕਿ ਅਪ੍ਰੈਲ 2020 ਵਿੱਚ ਆਸਟ੍ਰੇਲੀਆ ਦੇ ਮਨੁੱਖੀ ਅਧਿਕਾਰਾਂ ਵਾਲੇ ਕਮਿਸ਼ਨ ਨੇ ਸਰਕਾਰ ਨੂੰ ਕਿਹਾ ਸੀ ਕਿ ਡਿਟੈਂਸ਼ਨ ਸੈਂਟਰਾਂ ਆਦਿ ਵਿੱਚ ਰੱਖੇ ਗਏ ਬੰਦੀ ਸ਼ਰਣਾਰਥੀਆਂ ਨੂੰ ਛੱਡ ਦੇਣਾ ਚਾਹੀਦਾ ਹੈ ਪਰੰਤੂ ਹਾਲੇ ਤੱਕ ਸਹੀਬੱਧ ਅਤੇ ਸੰਤੋਸ਼ਜਨਕ ਕੋਈ ਵੀ ਕਾਰਵਾਈ ਸਰਕਾਰ ਵੱਲੋਂ ਨਹੀਂ ਕੀਤੀ ਗਈ ਹੈ।
ਕਰੋਨਾ ਤੋਂ ਬਚਾਉ ਵਾਲੀ ਵੈਕਸੀਨ ਦੀ ਗੱਲ ਕਰੀਏ ਤਾਂ ਜਨਵਰੀ 9, 2022 ਤੱਕ ਦੇ ਆਂਕੜੇ ਦਰਸਾਉਂਦੇ ਹਨ ਕਿ ਹੁਣ ਤੱਕ 59% ਸ਼ਰਣਾਰਥੀ ਕੈਦੀਆਂ ਨੂੰ ਹੀ ਕੋਵਿਡ-19 ਤੋਂ ਬਚਾਉ ਵਾਲੀ ਵੈਕਸੀਨ ਦੀਆਂ ਪੂਰੀਆਂ ਡੋਜ਼ਾਂ ਦਿੱਤੀਆਂ ਜਾ ਸਕੀਆਂ ਹਨ ਅਤੇ 3% ਨੂੰ ਹਾਲੇ ਵੀ ਇੱਕ ਡੋਜ਼ ਹੀ ਦਿੱਤੀ ਜਾ ਸਕੀ ਹੈ।