ਆਸਟ੍ਰੇਲੀਆ ਅੰਦਰ ਹੁਣ 6 ਮਿਲੀਅਨ ਲੋਕਾਂ ਨੂੰ ਕਰੋਨਾ ਵੈਕਸੀਨ ਲਗਾਉਣ ਦਾ ਕੰਮ ਅੱਜ ਤੋਂ ਹੋਇਆ ਸ਼ੁਰੂ

(ਐਸ.ਬੀ.ਐਸ. ਦੀ ਖ਼ਬਰ ਮੁਤਾਬਿਕ) ਦੇਸ਼ ਅੰਦਰ ਹੁਣ 70 ਸਾਲਾਂ ਤੋਂ ਵੱਧ ਦੇ 6 ਮਿਲੀਅਨ ਤੋਂ ਵੀ ਜ਼ਿਆਦਾ ਲੋਕਾਂ ਨੂੰ ਕੋਵਿਡ-19 ਵੈਕਸੀਨ ਲਗਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ (ਫੇਜ਼ 1ਬੀ) ਦਾ ਆਗਾਜ਼ ਅੱਜ, ਸੋਮਵਾਰ ਸਵੇਰ ਤੋਂ ਹੀ ਕੀਤਾ ਗਿਆ ਹੈ। ਇਹ ਵੈਕਸੀਨ ਹੁਣ ਅਗਲੇ ਕੁੱਝ ਮਹੀਨਿਆਂ ਤੱਕ ਜਾਰੀ ਰਹੇਗੀ।
ਵਧੀਕ ਮੁੱਖ ਮੈਡੀਕਲ ਅਫ਼ਸਰ -ਮਾਈਕਲ ਕਿਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪੜਾਅ ਦੇ ਤਹਿਤ ਹੁਣ 70 ਸਾਲਾਂ ਤੋਂ ਵੱਧ ੳਮਰ ਦੇ ਬਜ਼ੁਰਗਾਂ, ਇੰਡੀਜੀਨਸਾਂ ਵਿੱਚ 55 ਸਾਲਾਂ ਤੋਂ ਵੱਧ, ਅਤੇ ਜਾਂ ਫੇਰ ਅਜਿਹੇ ਲੋਕ ਜਿਹੜੇ ਕਿ ਕਿਸੇ ਕਿਸਮ ਦੀ ਬਿਮਾਰੀ ਝੇਲ ਰਹੇ ਹਨ ਅਤੇ ਜਾਂ ਫੇਰ ਅਪੰਗਤਾਂ ਗ੍ਰਸਤ ਹਨ, ਨੂੰ ਇਸ ਪੜਾਅ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਪੜਾਅ ਅੰਦਰ ਫਰੰਟ ਲਾਈਨ ਉਪਰ ਕੰਮ ਕਰ ਰਹੇ ਵਰਕਰ ਵੀ ਟੀਕਾਕਰਣ ਵਾਸਤੇ ਅਪਲਾਈ ਕਰ ਸਕਦੇ ਹਨ।
ਇਸ ਟੀਕਾਕਰਣ ਵਾਸਤੇ 1000 ਤੋਂ ਵੀ ਵੱਧ ਜੀ.ਪੀ. (general practices) ਲਗਾਏ ਗਏ ਹਨ ਅਤੇ ਆਉਣ ਵਾਲੇ ਅਗਲੇ 4 ਹਫ਼ਤਿਆਂ ਤੱਕ 3,500 ਕਲਿਨਿਕਾਂ ਹੋਰ ਇਸ ਪੜਾਅ ਦੌਰਾਨ ਜੋੜ ਲਈਆਂ ਜਾਣਗੀਆਂ ਜੋ ਕਿ ਉਕਤ ਵੈਕਸੀਨ ਦੇ ਵਿਤਰਣ ਵਿੱਚ ਸਹਾਈ ਹੋਣਗੀਆਂ। ਇਸ ਤੋਂ ਇਲਾਵਾ ਹੁਣ ਕਰੋਨਾ ਵੈਕਸੀਨ 100 ਰੈਸਪੀਰੇਟਰੀ ਕਲਿਨਿਕਾਂ ਵਿੱਚ ਵੀ ਉਪਲੱਭਧ ਰਹੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਦੁਆਰਾ ਚਲਾਏ ਜਾ ਰਹੇ ਇਸ ਟੀਕਾਕਰਣ ਵਿੱਚ ‘ਹੁਣ ਤੁਸੀਂ ਸਾਨੂੰ ਕਾਲ ਨਾ ਕਰੋ… ਸਗੋਂ ਅਸੀਂ ਤੁਹਾਨੂੰ ਕਾਲ ਕਰਾਂਗੇ’ ਵਾਲੀ ਨੀਤੀ ਅਪਣਾਈ ਜਾ ਰਹੀ ਹੈ। ਅਤੇ ਇਸ ਦੇ ਤਹਿਤ ਹੁਣ ਜੀ.ਪੀ. ਆਪਣੇ ਆਪਣੇ ਸੰਪਰਕ ਦੇ ਮਰੀਜ਼ਾਂ ਨੂੰ ਜਿਨ੍ਹਾਂ ਵਿੱਚ ਕਿ ਬਜ਼ੁਰਗ ਵੀ ਸ਼ਾਮਿਲ ਹਨ, ਨੂੰ ਆਪ ਕਾਲ ਕਰਕੇ ਵੈਕਸੀਨ ਲਗਾਉਣ ਬਾਰੇ ਇਤਲਾਹ ਕਰਨਗੇ।
ਆਨਲਾਈਨ ਆਪਣੀ ਬੁਕਿੰਗ ਕਰਨ ਵਾਸਤੇ ਵੀ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਆਨਲਾਈਨ ਆਪਣੇ ਨਜ਼ਦੀਕੀ ਕਰੋਨਾ ਵੈਕਸੀਨ ਵਿਤਰਣ ਕੇਂਦਰਾਂ ਨੂੰ ਲੱਭਣ ਅਤੇ ਉਥੇ ਜਾ ਕੇ ਆਪਣਾ ਟੀਕਾਕਰਣ ਕਰਵਾ ਲੈਣ ਪਰੰਤੂ ਇਸ ਵਾਸਤੇ ਸੰਜਮ ਵਰਤਣ ਅਤੇ ਆਪਣੀ ਵਾਰੀ ਅਨੁਸਾਰ ਹੀ ਟੀਕਾਕਰਣ ਵਾਸਤੇ ਉਥੇ ਜਾਣ ਅਤੇ ਫਜ਼ੂਲ ਦੀ ਭੀੜ ਅਤੇ ਬਹਿਜ ਬਾਜ਼ੀ ਦਾ ਹਿੱਸਾ ਨਾ ਬਣਨ।

Install Punjabi Akhbar App

Install
×