ਸਿੱਖਨੀਤੀ ਦਾ ਚਾਣਕਿਆ ਸਿਰਦਾਰ ਕਪੂਰ ਸਿੰਘ

Bhagwant Singh 190716 sirdar kapoor singh

ਸਿਰਦਾਰ ਕਪੂਰ ਸਿੰਘ ਬਹੁਪੱਖੀ ਪ੍ਰਤਿਭਾ ਦੇ ਸੁਆਮੀ ਸਿੱਖ ਵਿਦਵਾਨ ਸਨ। ਉਨ੍ਹਾਂ ਨੂੰ ਦੁਨੀਆਂ ਦੇ ਧਰਮਾਂ, ਵਿਸ਼ਵ ਰਾਜਨੀਤੀ ਅਤੇ ਵਿਸ਼ਵ ਇਤਿਹਾਸ ਦੀ ਬਹੁਤ ਜਾਣਕਾਰੀ ਸੀ, ਉਹ ਬੁੱਧ ਧਰਮ ਦੇ ਉਤਕ੍ਰਿਸ਼ਟ ਚਿੰਤਕ ਸਨ। ਉਨ੍ਹਾਂ ਨੂੰ ਕਈ ਭਾਸ਼ਾਵਾਂ ਉਪਰ ਆਬੂਰ ਹਾਸਲ ਸੀ। ਉਹ ਆਈ.ਸੀ.ਐੱਸ. ਪਾਸ ਕਰਕੇ 1947 ਤੋਂ ਪਹਿਲਾਂ ਗੁਜਰਾਤ, ਕਰਨਾਲ ਆਦਿ ਕਈ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰ ਰਹੇ ਅਤੇ 1947 ਤੋਂ ਬਾਅਦ ਨਵੇਂ ਪੰਜਾਬ ਵਿੱਚ ਡੇਢ ਸਾਲ ਤੱਕ ਕਾਂਗੜਾ, ਹੁਸ਼ਿਆਰਪੁਰ ਆਦਿ ਥਾਵਾਂ ਤੇ ਤੈਨਾਤ ਰਹੇ। ਸਿਧਾਂਤਕ ਨੁਕਤਿਆਂ ਤੇ ਸਰਕਾਰ ਨਾਲ ਟਕਰਾ ਹੋਣ ਤੇ ਆਈ.ਸੀ. ਐਸ. ਤੋਂ ਹਟਾ ਦਿੱਤੇ ਗਏ। ਉਹ ਅਕਾਲੀ ਦਲ ਦੀ ਟਿਕਟ ਤੇ 1962 ਵਿਚ ਲੁਧਿਆਣਾ ਤੋਂ ਲੋਕ ਸਭਾ ਲਈ ਚੁਣੇ ਗਏ ਅਤੇ 1969 ਵਿਚ ਸਮਰਾਲਾ ਹਲਕੇ ਤੋਂ ਪੰਜਾਬ ਵਿਧਾਨ ਸਭਾ ਦੇ ਮੈਂਬਰ ਭਾਰੀ ਬਹੁਮਤ ਨਾਲ ਬਣੇ ਸਨ। ਉਹ ਬਹੁਤ ਵਿਆਪਕ ਸੋਚ ਦੇ ਮਾਲਕ ਸਨ। ਉਹ 1931 ਤੋਂ 33 ਤੱਕ ਕੈਂਬ੍ਰਿਜ ਯੂਨੀਵਰਸਿਟੀ ਦੇ ਵਿਦਿਆਰਥੀ ਰਹੇ। ਪਾਕਿਸਤਾਨ ਦੀ ਸਥਾਪਨਾ ਦੇ ਮੋਢੀ ਚੌਧਰੀ ਰਹਿਮਤ ਅਲੀ ਆਪ ਦੇ ਸਹਿਪਾਠੀ ਸਨ। ਇਹ ਉਹ ਸਮਾਂ ਸੀ ਜਦੋਂ ਦੁਨੀਆਂ ਦੇ ਬਹੁਤ ਵੱਡੇ ਹਿੱਸੇ ਤੇ ਬ੍ਰਿਟਿਸ਼ ਸਾਮਰਾਜ ਦੀ ਸਰਦਾਰੀ ਸੀ। ਨਿਰਸੰਦੇਹ ਇਸ ਸਮੇਂ ਬ੍ਰਿਟਿਸ਼ ਸਾਮਰਾਜਵਾਦ ਆਪਣੀਆਂ ਗੰਭੀਰ ਆਰਥਿਕ ਸਮੱਸਿਆਵਾਂ ਵਿਚ ਵੀ ਘਿਰਿਆ ਹੋਇਆ ਸੀ। ਯੂਰਪ ਵਿੱਚ ਜਰਮਨੀ ਤੇ ਇਟਲੀ ਵੱਡੀ ਸ਼ਕਤੀ ਬਣ ਕੇ ਉੱਭਰ ਰਹੇ ਸੀ ਅਤੇ ਪੂਰਬ ਵਿੱਚ ਜਪਾਨ ਆਪਣੀਆਂ ਮੰਡੀਆਂ ਦੀ ਤਲਾਸ਼ ਕਰ ਰਿਹਾ ਸੀ। ਇਹ ਸਾਮਰਾਜੀ ਤਾਕਤਾਂ ਲਈ ਬਹੁਤ ਹੀ ਨਾਜ਼ੁਕ ਸਮਾਂ ਸੀ। ਜਰਮਨੀ ਤਕਨਾਲੌਜੀ ਦੇ ਖੇਤਰ ਵਿਚ ਬਰਤਾਨੀਆਂ ਤੋਂ ਵਧ ਰਿਹਾ ਸੀ।

ਸਰਮਾਏਦਾਰ ਮੁਲਕ ਆਪਣੇ ਮੁਨਾਫਿਆਂ ਦੀ ਖਾਤਰ ਨਵੀਆਂ ਮੰਡੀਆਂ ਦੀ ਤਲਾਸ਼ ਵਿਚ ਸਨ। ਇਸ ਸਮੇਂ ਦੁਨੀਆਂ ਭਰ ਵਿੱਚ ਆਰਥਿਕ ਮੰਦਵਾੜਾ ਤੇ ਭੁੱਖਮਰੀ ਦਾ ਬੋਲਬਾਲਾ ਸੀ। ਸਾਮਰਾਜੀ ਸ਼ਕਤੀਆਂ ਦੀ ਮੰਡੀਆਂ ਨੂੰ ਆਪਣੇ ਕਾਬੂ ਹੇਠ ਰੱਖਣ ਦੀ ਲਾਲਸਾ ਦੇ ਕਾਰਣ ਦੂਸਰੇ ਮਹਾਂਯੁੱਧ ਲਈ ਭੋਇੰ ਤਿਆਰ ਹੋ ਰਹੀ ਸੀ। ਠੀਕ ਇਸ ਸਮੇਂ ਸਿਰਦਾਰ ਕਪੂਰ ਸਿੰਘ ਦੁਨੀਆਂ ਦੀ ਵੱਡੀ ਯੂਨੀਵਰਸਿਟੀ ਕੈਂਬ੍ਰਿਜ ਵਿਚ ਪੜ੍ਹ ਰਹੇ ਸੀ। ਇਸ ਕਾਰਣ ਉਨ੍ਹਾਂ ਦਾ ਹਿੰਦੁਸਤਾਨ ਦੇ ਸਭ ਚੋਟੀ ਦੇ ਨੇਤਾਵਾਂ ਨਾਲ ਮੇਲਜੋਲ ਰਹਿੰਦਾ ਸੀ। ਉਹ ਮਹਾਤਮਾ ਗਾਂਧੀ, ਸਰਦਾਰ ਸ਼ਿਵਦੇਵ ਸਿੰਘ ਉਬਰਾ, ਮਾਸਟਰ ਤਾਰਾ ਸਿੰਘ, ਡਾ. ਮੁਹੰਮਦ ਇਕਬਾਲ , ਮੁਹੰਮਦ ਅਲੀ ਜਿਨਾਹ, ਨੂੰ ਮਿਲਦੇ ਰਹਿੰਦੇ ਸਨ। ਇਨ੍ਹਾਂ ਮੁਲਾਕਾਤਾਂ ਵਿੱਚੋਂ ਉਨ੍ਹਾਂ ਦਾ ਸਿੱਖਾਂ ਦੀ ਰਾਜਸੱਤਾ ਵਿਚ ਭਾਗੀਦਾਰੀ ਬਾਰੇ ਸੰਕਲਪ ਬਣਿਆ।

ਸਿਰਦਾਰ ਕਪੂਰ ਸਿੰਘ ਦੀ ਵਿਚਾਰਧਾਰਕ ਪ੍ਰਸੰਗਿਕਤਾ ਵਿੱਚ ਮੁੱਖ ਤੌਰ ਤੇ ਨਿਮਨ ਅਨੁਸਾਰ ਸੰਕਲਪ ਉੱਭਰਦੇ ਹਨ

1. ਕਮਿਊਨਿਲ ਅਵਾਰਡ ਐਕਟ 1935

2. ਸਿੱਖ ਹੋਮਲੈਂਡ

3. ਆਨੰਦਪੁਰ ਸਾਹਿਬ ਦਾ ਮਤਾ

1) ਕਮਿਊਨਿਲ ਅਵਾਰਡ  ਐਕਟ 1935: ਕਮਿਊਨਿਲ ਅਵਾਰਡ ਐਕਟ 1935 ਜਿਸ ਰਾਹੀਂ ਹਿੰਦੁਸਤਾਨ ਵਿੱਚ ਸੱਤਾ ਦੀ ਤਬਦੀਲੀ ਦਾ ਰਹੱਸ ਸੀ ਨੂੰ ਸਿਰਦਾਰ ਕਪੂਰ ਸਿੰਘ ਨੇ ਬਾਖੂਬੀ ਸਮਝਿਆ, ਕਿਉyਕਿ ਅੰਗ੍ਰੇਜਾਂ ਨੇ ਜੋ ਸੱਤਾ ਮੁਗਲਾਂ, ਮਰਹੱਟਿਆਂ, ਰਾਜਪੂਤਾਂ, ਸਿੱਖ ਸ਼ਾਸਕਾਂ ਤੋਂ ਯੁੱਧਾਂ ਤੇ ਕੂਟਨੀਤੀ ਨਾਲ ਖੋਹੀ ਸੀ, ਉਸਦਾ ਬਾਦਲ ਜਨਤਾ ਨੂੰ ਧਰਮ ਜਾਤ ਦੇ ਆਧਾਰ ਤੇ ਵੰਡ ਕੇ ਉਨ੍ਹਾਂ ਦੇ ਬਹੁਮੱਤ ਅਨੁਸਾਰ ਭਾਗੀਦਾਰੀ ਦੇਣਾ ਸੀ। ਜਿਨ੍ਹਾਂ ਹੱਥ ਰਾਜਸੱਤਾ ਹੋਣੀ ਸੀ। ਇਹ ਯਤਨ ਹਿੰਦੁਸਤਾਨ ਵਿਚ ਸਾਮੰਤੀ ਸੱਤਾ ਦੇ ਵਿਪਰੀਤ ਅਖੌਤੀ ਜਨਤਕ ਸੱਤਾ ਦੇ ਤਜਰਬੇ ਲਈ ਭੋਇੰ ਤਿਆਰ ਕਰਨਾ ਸੀ।

ਕਮਿਊਨਿਲ ਅਵਾਰਡ ਬਾਰੇ ਸਿਰਦਾਰ ਕਪੂਰ ਸਿੰਘ ਦੇ ਇਹ ਕਥਨ ਧਿਆਨ ਮੰਗਦੇ ਹਨ।

“ਸਤੰਬਰ ਯਾ ਅਕਤੂਬਰ 1932 ਦੇ ਲਗਭਗ ਬਰਤਾਨਵੀ ਪ੍ਰਧਾਨ ਮੰਤਰੀ ਰਾਮਸੀ ਮੈਕਡਾਨਲਡ ਨੇ ਕਮਿਊਨਿਲ ਅਵਾਰਡ ਦਾ ਐਲਾਨ ਕਰ ਦਿੱਤਾ। ਇਸ ਵਿਚ ਸਿੱਖਾਂ ਨੂੰ ਸਤਾਰਾਂ ਫੀਸਦੀ ਦੇ ਕਰੀਬ ਪੰਜਾਬ ਵਿਚ ਨੁੰਮਾਇੰਦਗੀ ਦਿੱਤੀ ਗਈ, ਜਦਕਿ ਗਿਣਤੀ ਵਿਚ ਉਹ ਗਿਆਰਾਂ ਫੀਸਦੀ ਦੇ ਲਗਭਗ ਸਨ। ਸਤਾਰਾਂ ਫੀਸਦੀ ਨੁੰਮਾਇੰਦਗੀ ਨਾਲ ਸਿੱਖ ਹਿੰਦੂਆਂ ਨਾਲ ਰਲਕੇ ਵੀ ਮੁਸਲਮਾਨਾਂ ਤੇ ਭਾਰੂ ਨਹੀਂ ਸੀ ਪੈ ਸਕਦੇ ਅਤੇ ਮੁਸਲਮਾਨਾਂ ਨੂੰ ਸਿੱਖਾਂ ਨਾਲ ਰਲਾਉਣ ਦੀ ਕੋਈ ਬਹੁਤੀ ਤੀਬਰ ਲੋੜ ਨਹੀਂ ਸੀ ਰਹਿ ਜਾਂਦੀ।

ਇਸ ਕਮਿਊਨਿਲ ਅਵਾਰਡ ਨੂੰ ਮੁਸਲਮਾਨਾਂ ਨੇ ਸਿਆਣੇ ਰਾਜਨੀਤਕਾਂ ਵਾਂਗਰ ਮਾੜਾਮਾੜਾ ਕਹਿ ਕੇ ਪ੍ਰਵਾਨ ਕਰ ਲਿਆ। ਮਹਾਤਮਾ ਗਾਂਧੀ ਨੇ ਇਸ ਅਵਾਰਡ ਦੀ ਕੇਵਲ ਇੱਕ ਧਾਰਾ, ਜਿਸ ਦੁਆਰਾ ਕਿ ਅਛੂਤਾਂ ਦਾ ਹਿੰਦੂਆਂ ਨਾਲੋਂ ਰਾਜਸੀ ਨਿਖੇੜਾ ਹੁੰਦਾ ਸੀ, ਵਿਰੁੱਧ ਭੁੱਖ ਹੜਤਾਲ ਕਰਕੇ, ਉਸਨੂੰ ਬਦਲਵਾ ਲਿਆ ਤੇ ਇਉਂ, ਅਛੂਤਾਂ ਤੇ ਹਿੰਦੂਆਂ ਦਾ ਰਾਜਸੀ ਏਕਾ ਨਾ ਟੁੱਟਣ ਦਿੱਤਾ ਅਤੇ ਕਾਂਗਰਸ ਨੇ ਇਹ ਕਿਹਾ ਕਿ ਅਸਾਨੂੰ ਇਹ ਕਮਿਊਨਿਲ ਅਵਾਰਡ ਨ ਰੱਦ ਨ ਕਬੂਲ।”  (ਸਾਚੀ ਸਾਖੀ, ਪੰਨਾ 134)
ਇਸ ਐਕਟ ਦੇ ਹੋਂਦ ਵਿੱਚ ਆਉਣ ਸਮੇਂ ਹਿੰਦੁਸਤਾਨ ਦੀ ਰਾਜਸੀ ਤਸਵੀਰ ਕਿਸ ਤਰ੍ਹਾਂ ਦੀ ਸੀ ਅਤੇ ਇਸ ਦੇ ਅਨੁਸਾਰ ਰਾਜਸੀ ਤਾਕਤ ਵੰਡੀ ਜਾਣੀ ਸੀ ਨੂੰ ਬਹੁਤ ਮਾਰਮਿਕ ਤਰੀਕੇ ਨਾਲ ਸਿਰਦਾਰ ਕਪੂਰ ਸਿੰਘ ਨੇ ਪੇਸ਼ ਕੀਤਾ ਹੈ।
ਮਈ 1933 ਵਿਚ ਦੂਜੀ ਰਾਊਂਡ ਟੇਬਲ ਕਾਨਫਰੰਸ ਦੇ ਵਿਚਾਰਾਂ ਦੇ ਆਧਾਰ ਤੇ ਬ੍ਰਿਟਿਸ਼ ਗੋਵਰਨਮਿੰਟ ਨੇ ਸਫੈਦ ਕਿਤਾਬਚਾ (ਰੁੀਜਵਕ ਸ਼yਬਕਗ) ਛਾਪਿਆ ਅਤੇ ਪੂਰੇ ਅਠਾਰਾਂ ਮਹੀਨਿਆਂ ਪਿੱਛੋਂ ਜਨਵਰੀ 1935 ਵਿਚ ਇਸ ਉਤੇ ਪਾਰਲੀਮੈਂਟਰੀ ਸੀਲੈਕਟ ਕਮੇਟੀ ਦੀ ਰਿਪੋਰਟ ਮੁਕੰਮਲ ਹੋਈ। ਅਕਤੂਬਰ 1934 ਵਿਚ ਮਹਾਤਮਾ ਗਾਂਧੀ ਕਾਂਗਰਸ ਤੋਂ ਰੀਟਾਇਰ ਹੋ ਗਏ ਤੇ ਕਾਂਗਰਸ ਦੀ ਸੰਸਥਾ ਸਿੱਧੀ ਪੰਡਿਤ ਜਵਾਹਰ ਲਾਲ ਨਹਿਰੂ ਦੇ ਹੱਥ ਆ ਗਈ। ਸੰਨ 1935 ਦੇ ਮੱਧ ਵਿਚ ਗਵਰਨਮੈਂਟ ਆਫ ਇੰਡੀਆ ਐਕਟ 1935 ਬ੍ਰਿਟਿਸ਼ ਪਾਰਲੀਮੈਂਟ ਨੇ ਪਾਸ ਕੀਤਾ, ਜਿਸ ਦੁਆਰਾ ਕਿ ਕਮਿਊਨਿਲ ਅਵਾਰਡ ਹਿੰਦੁਸਤਾਨ ਵਿਚ ਰਾਜਸੀ ਤਾਕਤ ਤੇ ਵੰਡਾਰੇ ਦਾ ਆਧਾਰ ਬਣ ਗਿਆ। ਸੰਨ 1936 ਦੀ ਮਈ ਯਾ ਜੂਨ ਨੂੰ ਐਲਾਨ ਹੋਇਆ ਕਿ ਅਪ੍ਰੈਲ 1937 ਵਿਚ ਐਕਟ 1935 ਦੇ ਆਧਾਰ ਤੇ ਸੂਬਿਕ ਤੇ ਕੇਂਦਰੀ ਚੋਣਾਂ ਮੁਕੰਮਲ ਹੋ ਜਾਣਗੀਆਂ।”  (ਸਾਚੀ ਸਾਖੀ, ਪੰਨਾ 136)
ਇਸ ਅਵਾਰਡ ਬਾਰੇ ਸਿੱਖਾਂ ਵਿਚ ਸੋਚ ਉਪਜੀ ਕਿ ਐਕਟ 1935 ਦੁਆਰਾ ਸਿੱਖ, ਪੰਜਾਬ ਵਿਚ ਹਿੰਦੂ, ਮੁਸਲਮਾਨ ਦੋਹਾਂ ਦੇ ਪ੍ਰਾਧੀਨ ਬਣਾ ਦਿੱਤੇ ਗਏ ਹਨ। ਕਿਉਂਕਿ ਉਸ ਸਮੇਂ ਸਿੱਖ ਮਾਨਸਿਕਤਾ ਵਿਚ ਇਹ ਵਸਿਆ ਹੋਇਆ ਸੀ ਕਿ ਕਿਸੇ ਸਮੇਂ ਪੰਜਾਬ ਉਤੇ ਉਨ੍ਹਾਂ ਦਾ ਰਾਜ ਹੁੰਦਾ ਸੀ। ਇਸ ਲਈ ਉਹ ਹਿੰਦੂਆਂ ਤੇ ਮੁਸਲਮਾਨਾਂ ਤੋਂ ਆਪਣੇ ਆਪ ਨੂੰ ਸ਼੍ਰੇਸ਼ਟ ਸਮਝਦੇ ਸਨ। ਇਸ ਕਾਰਨ ਲਾਹੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਧ ਤੇ ਸਿੱਖ ਲੀਡਰਸ਼ਿਪ ਨੇ ਇੱਕਤਰ ਹੋ ਕੇ ਸਰਵਸੰਮਤੀ ਨਾਲ ਇਹ ਫੈਸਲਾ ਲਿਆ ਕਿ ਸਿੱਖ ਕੱਟ ਕੇ ਮਰ ਜਾਣਗੇ, ਪਰ ਕਮਿਊਨਿਲ ਅਵਾਰਡ ਨੂੰ ਪੰਜਾਬ ਵਿਚ ਲਾਗੂ ਨਹੀਂ ਹੋਣ ਦੇਣਗੇ। ਪਰ ਉਸ ਸਮੇਂ ਸਿੱਖਾਂ ਦੀ ਰਾਜਨੀਤਕ ਦਸ਼ਾ ਤੇ ਦਿਸ਼ਾ ਬਾਰੇ ਮਹਾਨ ਮੁਸਲਿਮ ਨੇਤਾ ਸਰ ਫਜ਼ਲ ਹੁਸੈਨ ਵੱਲੋਂ 1925 ਵਿਚ ਗੋਪਨੀਯ ਅਧਿਐਨ ਲਈ ਛਾਪੀ ਗਈ ਕਿਤਾਬ ਦਾ ਹਵਾਲਾ ਸਿਰਦਾਰ ਕਪੂਰ ਸਿੰਘ ਨੇ ਸਾਚੀ ਸਾਖੀ ਵਿਚ ਦਿੱਤਾ ਹੈ, ਉਹ ਇਸ ਪ੍ਰਕਾਰ ਹੈ, “ਹਿੰਦੂ ਰਾਜਸੀ ਮਸਲਿਆਂ ਦੇ ਅੰਤ੍ਰੀਵ ਭਾਵ ਤੇ ਉਨ੍ਹਾਂ ਤੋਂ ਨਿਕਲਣ ਵਾਲੇ ਸਿੱਟਿਆਂ ਨੂੰ ਕਈ ਵਰ੍ਹੇ ਪਹਿਲਾਂ ਸੋਚ ਰੱਖਦਾ ਹੈ। ਮੁਸਲਮਾਨ ਜਦੋਂ ਮਸਲਾ ਸਾਹਮਣੇ ਆਵੇ, ਤਾਂ ਉਸ ਨੂੰ ਸੰਜੀਦਗੀ ਨਾਲ ਸੋਚਣਾ ਆਰੰਭ ਦਿੰਦਾ ਹੈ। ਪਰ ਸਿੱਖ, ਜਿਤਨਾ ਚਿਰ ਉਹ ਮਸਲਾ ਆਪੇ ਹੱਲ ਹੋਕੇ, ਕਿਸੇ ਪਾਸੇ ਪੱਕਾ ਲੱਗ ਨਹੀਂ ਜਾਂਦਾ, ਉਸ ਬਾਰੇ ਸੋਚਣ ਦੀ ਖੇਚਲ ਨਹੀਂ ਕਰਦਾ। ਸਿੱਖਾਂ ਦੇ ਦਿਮਾਗਾਂ ਉਤੇ ਇਹ ਘੂਕੀ ਚੜ੍ਹੀ ਹੋਈ ਹੈ ਕਿ ਉਨ੍ਹਾਂ ਨੇ ਪੰਜਾਬ ਦਾ ਰਾਜ ਖੋਹ ਲਿਆ ਸੀ। ਇਹ ਉਨ੍ਹਾਂ ਨੂੰ ਯਾਦ ਹੀ ਨਹੀਂ ਕਿ ਪੰਜਾਬ ਦੇ ਸਿੰਘ ਦੀ ਪੂਛਲ ਫਿਰੰਗੀ ਨੇ ਮਰੋੜ ਸੁੱਟੀ ਹੈ।” (ਸਾਚੀ ਸਾਖੀ, ਪੰਨਾ 136)
ਉਸ ਸਮੇਂ ਪੰਜਾਬ ਦੀ ਉਕਤ ਸਥਿਤੀ ਵਿਚ ਕਮਿਊਨਿਲ ਅਵਾਰਡ ਨੂੰ ਲਾਗੂ ਕਰਨ ਬਾਰੇ ਅੰਗਰੇਜੀ ਸਰਕਾਰ ਗਹਿਰੀ ਦੁਬਿਧਾ ਵਿਚ ਸੀ। ਇਸ ਬਾਰੇ ਪੰਜਾਬ ਵਿਚ ਹੋਣ ਵਾਲੇ ਵਿਰੋਧ ਦੇ ਮੱਦੇਨਜ਼ਰ ਅੰਗਰੇਜਾਂ ਨੇ ਇੱਕ ਨੀਤੀ ਤਿਆਰ ਕੀਤੀ, ਜਿਸ ਬਾਰੇ ਪੰਜਾਬ ਦੇ ਗਵਰਨਰ ਵੱਲੋਂ ਕਮਿਸ਼ਨਰਾਂ ਨੂੰ ਗੁਪਤ ਆਦੇਸ਼ ਜਾਰੀ ਕੀਤੇ। ਇਸ ਦਾ ਬਿਉਰਾ ਸਿਰਦਾਰ ਕਪੂਰ ਸਿੰਘ ਨੇ ਇਸ ਪ੍ਰਕਾਰ ਪੇਸ਼ ਕੀਤਾ, “ਇਸ ਜੁਲਾਈ 1936 ਦੇ ਸਿੱਖ ਆਗੂਆਂ ਦੇ ਸਮਾਗਮ ਦੀਆਂ ਰਿਪੋਰਟਾਂ ਜਦ ਲੰਡਨ, ਬਰਤਾਨਵੀ ਗੋਵਰਨਮੈਂਟ ਕੋਲ ਪੁੱਜੀਆਂ ਤਾਂ ਉਥੇ ਬੜੀ ਚਿੰਤਾ ਹੋਈ। ਸੋਚ ਵਿਚਾਰ ਪਿੱਛੋਂ ਸਿਤੰਬਰ 1936 ਵਿਚ ਇਹ ਫੈਸਲਾ ਕੀਤਾ ਗਿਆ ਕਿ ਜੇ ਸਿੱਖ ਸੱਚੀਂਮੁੱਚੀਂ, ਕਮਿਊਨਿਲ ਅਵਾਰਡ ਵਿਰੁੱਧ ਰੋਸ ਵਜੋਂ, ਮਰਨ ਮਾਰਨ ਉੱਤੇ ਆ ਜਾਣ ਤਾਂ ਜਿਥੇ ਤੱਕ ਪੰਜਾਬ ਦਾ ਸੰਬੰਧ ਹੈ, ਕਮਿਊਨਿਲ ਅਵਾਰਡ ਇੰਡੀਆ ਐਕਟ 1935 ਵਿੱਚੋਂ ਖਾਰਜ ਕਰ ਦਿੱਤਾ ਜਾਵੇ ਤੇ ਦੋਬਾਰਾ ਕੇਵਲ ਪੰਜਾਬ ਦੇ ਸਿੱਖਾਂ ਮੁਸਲਮਾਨਾਂ ਅਤੇ ਹਿੰਦੂਆਂ ਦੀ ਰਾਊਂਡ ਟੇਬਲ ਕਾਨਫਰੰਸ, ਇਸ ਫਿਰਕਾਦਾਰੀ ਤਨਾਸਬ ਨੂੰ ਨਜਿੱਠਣ ਲਈ ਬੁਲਾਈ ਜਾਵੇ। ਇਸ ਅਨੁਸਾਰ ਅਕਤੂਬਰ 1936 ਵਿਚ ਗਵਰਨਰ ਪੰਜਾਬ ਵੱਲੋਂ ਕਮਿਸ਼ਨਰਾਂ ਦੇ ਨਾਮ ਗੁਪਤ ਹੁਕਮ ਜਾਰੀ ਹੋਏ ਕਿ ਉਨ੍ਹਾਂ ਦੇ ਜ਼ਿਲ੍ਹਿਆਂ ਵਿਚ, ਜਿਸ ਵੇਲੇ ਵੀ ਸਿੱਖ ਮਰਨ ਮਾਰਨ ਉਤੇ ਉੱਠ ਖੜ੍ਹੇ ਤੇ ਮੌਤਾਂ ਵੀਹ ਤੋਂ ਵਧ ਜਾਣ ਤਾਂ ਝਟਪਟ ਸਰਕਾਰੀ ਐਲਾਨ ਪੰਜਾਬ ਵਿੱਚ ਕਮਿਊਨਲ ਅਵਾਰਡ ਦੀ ਵਾਪਸੀ ਦਾ, ਬਰਤਾਨਵੀ ਸਰਕਾਰ ਵੱਲੋਂ ਕਰ ਦਿੱਤਾ ਜਾਵੇ। ਇਹ ਗੱਲ ਨਵੰਬਰ, ਸੰਨ 1936 ਦੇ ਅੰਤ ਵਿਚ ਅਕਾਲੀ ਆਗੂਆਂ ਦੇ ਕੰਨਾਂ ਵਿੱਚ ਪਹੁੰਚਾ ਦਿੱਤੀ ਗਈ ਸੀ। ਪਰ ਸਿੱਖ ਆਗੂ ਇਸ ਵੇਲੇ ਤੱਕ ਕਮਿਊਨਿਲ ਅਵਾਰਡ ਬਾਬਤ ਰੋਸ ਭੁੱਲ ਚੁੱਕੇ ਸਨ ਅਤੇ ਝਗੜਾ ਇਹ ਰਹਿ ਗਿਆ ਸੀ ਕਿ ਮਾਸਟਰ ਤਾਰਾ ਸਿੰਘ ਦੇ ਬੰਦੇ ਪੰਜਾਬ ਕੌਂਸਲ ਲਈ ਚੁਣੇ ਜਾਣ ਕਿ ਸਰ ਸੁੰਦਰ ਸਿੰਘ ਮਜੀਠੀਆ ਦੇ । ਅੰਤ ਨੂੰ ਮਾਰਚ 1937 ਦੀਆਂ ਚੋਣਾਂ ਵਿੱਚ ਸਿੱਖਾਂ ਨੇ ਆਪਸੀ ਭਰਾਮਾਰੂ ਘੋਲ ਇਸੇ ਨੁਕਤੇ ਉਤੇ ਕੀਤਾ, ਕਮਿਊਨਿਲ ਅਵਾਰਡ ਦੇ ਬਰਖਿਲਾਫ ਨਹੀਂ। ਕਮਿਊਨਿਲ ਅਵਾਰਡ ਨੂੰ ਬਦਲ ਦੇਣ ਬਾਬਤ ਬਰਤਾਨਵੀ ਸਰਕਾਰ ਦੇ ਫੈਸਲੇ ਦੀ ਗੱਲ ਜਦੋਂ ਗਿਆਨੀ ਕਰਤਾਰ ਸਿੰਘ ਨੂੰ ਕਹੀ ਗਈ ਤਾਂ ਇਸ “ਪੰਥ ਦੇ ਦਿਮਾਗ” ਦਾ ਉੱਤਰ ਸੀ “ਇਹ ਸਿਰਦਾਰ ਕਪੂਰ ਸਿੰਘ, ਸਿੱਖਾਂ ਦੇ ਜੁੰਡੇ ਪਟਵਾ ਕੇ ਹੀ ਸਾਹ ਲਵੇਗਾ। ਮਾਸਟਰ ਜੀ ਨੂੰ ਇਸ ਦੇ ਨੇੜੇ ਆ ਜਾਣ ਦਿਆ ਕਰੋ।”  (ਸਾਚੀ ਸਾਖੀ, ਪੰਨਾ 138)
ਸਿਰਦਾਰ ਕਪੂਰ ਸਿੰਘ ਉਸ ਸਮੇਂ ਦੀ ਅਕਾਲੀ ਲੀਡਰਸ਼ਿਪ ਨੂੰ ਪੰਜਾਬ ਅਤੇ ਸਿੱਖਾਂ ਨਾਲ ਹੋਏ ਧੱਕਿਆਂ ਬਾਰੇ ਜਿੰਮੇਵਾਰ ਮੰਨਦੇ ਸਨ। ਉਹ ਤਾਂ 1947 ਵਿੱਚ ਪੰਜਾਬੀਆਂ ਨਾਲ ਵਿਸਾਹਘਾਤ ਕਰਨ ਲਈ ਵੀ ਸਮੇਂ ਦੇ ਸਿੱਖ ਲੀਡਰਾਂ ਅਤੇ ਅਕਾਲੀ ਲੀਡਰਸ਼ਿਪ ਨੂੰ 1846 ਵਾਲੇ ਰਾਜਾ ਗੁਲਾਬ ਸਿੰਘ, ਜਰਨੈਲ ਤੇਜ ਸਿੰਘ ਤੇ ਜਰਨੈਲ ਲਾਲ ਸਿੰਘ ਦੇ ਰੂਪ ਵਿੱਚ ਪ੍ਰਗਟ ਹੋਏ ਮੰਨਦੇ ਸਨ।
2) ਸਿੱਖ ਹੋਮਲੈਂਡ
ਸਿਰਦਾਰ ਕਪੂਰ ਸਿੰਘ ਸਿੱਖ ਹੋਮਲੈਂਡ ਦੇ ਹਮਾਇਤੀ ਸਨ। 22 ਨਵੰਬਰ 1967 ਨੂੰ ਮਾਸਟਰ ਤਾਰਾ ਸਿੰਘ ਦੀ ਹੋਈ ਮੌਤ ਉਪਰੰਤ ਜਦੋਂ ਮਾਸਟਰ ਅਕਾਲੀ ਦਲ ਅਤੇ ਸੰਤ ਅਕਾਲੀ ਦਲ ਵਿਚ ਏਕਤਾ ਹੋਈ ਤਾਂ ਇਸ ਤੋਂ ਪਹਿਲਾਂ ਇੱਕ ਪੰਥਕ ਏਕਤਾ ਕਮੇਟੀ ਬਣਾਈ ਗਈ, ਜਿਸਦੇ ਕਨਵੀਨਰ ਸਿਰਦਾਰ ਕਪੂਰ ਸਿੰਘ ਥਾਪੇ ਗਏ। ਮਾਸਟਰ ਅਕਾਲੀ ਦਲ ਸਿੱਖ ਹੋਮਲੈਂਡ ਛੱਡਣ ਦੀ ਮੰਗ ਤੇ ਅੜਿਆ ਹੋਇਆ ਸੀ ਅਤੇ ਸੰਤ ਅਕਾਲੀ ਦਲ ਇਸਨੂੰ ਅਪਨਾਉਣ ਤੋਂ ਇਨਕਾਰੀ ਸੀ, ਕਿਉਂਕਿ ਉਹ ਪੰਜਾਬੀ ਸੂਬੇ ਨਾਲ ਸੰਤੁਸ਼ਟ ਸੀ। ਸਿੱਖ ਹੋਮਲੈਂਡ ਦੋਵਾਂ ਅਕਾਲੀ ਦਲਾਂ ਦੀ ਏਕਤਾ ਵਿਚ ਅੜਿੱਕਾ ਬਣਿਆ ਤਾਂ ਸਿਰਦਾਰ ਕਪੂਰ ਸਿੰਘ ਨੇ ਪੰਥਕ ਏਕਤਾ ਲਈ ਫਾਰਮੂਲਾ ਤਿਆਰ ਕੀਤਾ, “ਜਿਸ ਵਿਚ ਅਕਾਲੀ ਦਲ ਦੇ ਸਿਆਸੀ ਪ੍ਰੋਗਰਾਮ ਵਿਚ “ਸਿੱਖ ਹੋਮਲੈਂਡ” ਦੀ ਥਾਂ ਤੇ ‘ਖਾਲਸਾ ਜੀ ਦੇ ਬੋਲਬਾਲੇ’ ਕਾਇਮ ਕਰਨਾ ਦੇ ਲਫਜ ਸ਼ਾਮਿਲ ਕੀਤੇ ਗਏ। ਖਾਲਸਾ ਜੀ ਦੇ ਬੋਲਬਾਲੇ ਕਾਇਮ ਕਰਨਾ ਐਸੀ ਸ਼ਬਦਾਵਲੀ ਸੀ, ਜਿਸ ਨੂੰ ਮਾਸਟਰ ਅਕਾਲੀ ਦਲ ਸਿੱਖ ਹੋਮਲੈਂਡ ਤੋਂ ਵੀ ਇੱਕ ਕਦਮ ਅੱਗੇ ਦੀ ਗੱਲ ਕਹਿ ਸਕਦਾ ਸੀ ਅਤੇ ਜਿਸ ਨਾਲ ਸੰਤ ਅਕਾਲੀ ਦਲ ਦੀ ਅੜ ਵੀ ਪੂਰੀ ਹੋ ਜਾਂਦੀ ਸੀ। ਦੋਹਾਂ ਅਕਾਲੀ ਦਲਾਂ ਦੇ ਆਗੂਆਂ ਨੇ ਇਸ ਫਾਰਮੂਲੇ ਉਤੇ ਸਹੀ ਪਾਈ ਅਤੇ ਸਤੰਬਰ 1968 ਵਿਚ ਸਮਝੌਤਾ ਹੋ ਗਿਆ। ਸਾਂਝੇ ਅਕਾਲੀ ਦਲ ਦੇ ਪ੍ਰਧਾਨ ਸੰਤ ਫਤਿਹ ਸਿੰਘ ਬਣੇ, ਸੀਨੀਅਰ ਮੀਤ ਪ੍ਰਧਾਨ ਸਿਰਦਾਰ ਕਪੂਰ ਸਿੰਘ ਜੀ ਅਤੇ ਪਾਰਲੀਮੈਂਟਰੀ ਬੋਰਡ ਦੇ ਚੇਅਰਮੈਨ ਗਿਆਨੀ ਭੁਪਿੰਦਰ ਸਿੰਘ ਜੀ ਸਾਬਕਾ ਪ੍ਰਧਾਨ ਮਾਸਟਰ ਅਕਾਲੀ ਦਲ।  (ਜਾਗੋ ਇੰਟਰਨੈਸ਼ਨਲ, ਅਕਤੂਬਰ 1989)
3) ਆਨੰਦਪੁਰ ਸਾਹਿਬ ਦਾ ਮਤਾ
ਸ਼੍ਰੋਮਣੀ ਅਕਾਲੀ ਦਾ ਵੱਲੋਂ 1973 ਵਿਚ ਆਨੰਦਪੁਰ ਸਾਹਿਬ ਵਿਖੇ ਸਿੱਖ ਵਿਦਵਾਨਾਂ ਦੀ ਇੱਕ ਕਨਵੈਨਸ਼ਨ ਸੱਦੀ ਗਈ, ਜਿਸ ਦੇ ਮੁੱਖ ਵਕਤਾ ਸਿਰਦਾਰ ਕਪੂਰ ਸਿੰਘ ਸਨ। ਇਸ ਕਨਵੈਨਸ਼ਨ ਉਪਰੰਤ ਸਿੱਖ ਵਿਦਵਾਨਾਂ ਦੀ ਇੱਕ ਕਮੇਟੀ ਆਨੰਦਪੁਰ ਸਾਹਿਬ ਦਾ ਮਤਾ ਤਿਆਰ ਕਰਨ ਲਈ ਬਣਾਈ ਗਈ। ਸਿਰਦਾਰ ਕਪੂਰ ਸਿੰਘ ਜੀ ਇਸ ਕਮੇਟੀ ਦੇ ਪ੍ਰਮੁੱਖ ਮੈਂਬਰ ਸਨ। ਕਮੇਟੀ ਵੱਲੋਂ ਵਿਚਾਰ ਵਟਾਂਦਰੇ ਉਪਰੰਤ ਮਤੇ ਦਾ ਖਰੜਾ ਸਿਰਦਾਰ ਕਪੂਰ ਸਿੰਘ ਨੇ ਹੀ ਤਿਆਰ ਕੀਤਾ ਸੀ। ਇਹ ਵੀ ਤੱਥ ਹੈ ਕਿ ਇਸ ਮਤੇ ਨੂੰ ਲਾਗੂ ਕਰਵਾਉਣ ਲਈ ਅਕਾਲੀ ਦਲ ਨੇ ਧਰਮਯੁੱਧ ਮੋਰਚਾ ਲਾਇਆ ਸੀ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ 1978 ਵਿਚ ਸਿੱਖਾਂ ਤੇ ਨਿਰੰਕਾਰੀਆਂ ਦੇ ਟਕਰਾਓ ਵਿਚ 13 ਸਿੰਘਾਂ ਦੀ ਸ਼ਹਾਦਤ ਉਪਰੰਤ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਜਾਰੀ ਕਰਨ ਲਈ ਸਿੱਖ ਵਿਦਵਾਨਾਂ ਦੀ ਕਮੇਟੀ ਵਿਚ ਸਿਰਦਾਰ ਕਪੂਰ ਸਿੰਘ ਮਹੱਤਵਪੂਰਨ ਮੈਂਬਰ ਸਨ। ਇਸ ਕਮੇਟੀ ਦੁਆਰਾ ਤਿਆਰ ਕੀਤਾ ਹੁਕਮਨਾਮਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਹੋਇਆ। ਇਸ ਹੁਕਮਨਾਮੇ ਦਾ ਖਰੜਾ ਤਿਆਰ ਕਰਨ ਵਿਚ ਸਿਰਦਾਰ ਕਪੂਰ ਸਿੰਘ ਦੀ ਅਹਿਮ ਭੂਮਿਕਾ ਸੀ। ਪੰਜਾਬ ਅਤੇ ‘ਖ਼ਾਲਸਾ ਜੀ ਦੇ ਬੋਲਬਾਲੇ’ ਲਈ ਸਮਰਪਿਤ ਚਿੰਤਕ ਦੇ ਰਾਜਸੀ ਅਤੇ ਵਿਚਾਰਧਾਰਕ ਸੰਕਲਪ ਅੱਜ ਡੂੰਘੀ ਚਰਚਾ ਦੀ ਮੰਗ ਕਰਦੇ ਹਨ। ਅਜੋਕੀਆਂ ਪ੍ਰਸਥਿਤੀਆਂ ਵਿਚ ਸਿਰਦਾਰ ਕਪੂਰ ਸਿੰਘ ਜੀ ਦੀਆਂ ਲਿਖਤਾਂ ਅਤੇ ਉਨ੍ਹਾਂ ਦੇ ਅੰਤਰੀਵ ਭਾਵ ਤਰਕਸੰਗਤ ਅਤੇ ਹੋਰ ਵੀ ਉਘੜਦੇ ਨਜ਼ਰ ਆਉਂਦੇ ਹਨ। ਨਿਰਸੰਦੇਹ ਕੁੱਝ ਭ੍ਰਾਂਤੀਆਂ ਵੀ ਉਤਪੰਨ ਹੁੰਦੀਆਂ ਰਹੀਆਂ ਹਨ ਪਰ ਸਮਾਂ ਬੀਤਣ ਨਾਲ ਉਨ੍ਹਾਂ ਦੀ ਪ੍ਰਸੰਗਿਕਤਾ ਕਦੇ ਵੀ ਮਨਫੀ ਨਹੀਂ ਹੋਈ। ਅਜਿਹੇ ਵਿਦਵਾਨ ਦੀਆਂ ਲਿਖਤਾਂ ਦਾ ਪੁਨਰ ਵਿਵੇਚਨ ਹੋਰ ਵੀ ਮਹੱਤਵਪੂਰਨ ਹੈ।
(ਡਾ. ਭਗਵੰਤ ਸਿੰਘ)
ਮੁੱਖ ਸੰਪਾਦਕ -ਜਾਗੋ ਇੰਟਰਨੈਸ਼ਨਲ

Install Punjabi Akhbar App

Install
×