ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਵਿਖੇ ਪੰਥਕ ਤਾਲਮੇਲ ਸੰਗਠਨ ਵਲੋਂ ਸੈਮੀਨਾਰ ਦਾ ਆਯੋਜਨ

DSC_0024 DSC_0035 (1) DSC_0040 DSC_0043 DSC_0026
1 ਅਕਤੂਬਰ (       ) ਪੰਥਕ ਤਾਲਮੇਲ ਸੰਗਠਨ ਵਲੋਂ ਆਯੋਜਿਤ ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਆਯੋਜਿਤ ਸੈਮੀਨਾਰ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਤੇ ਪ੍ਰਮੁੱਖ ਸਖਸ਼ੀਅਤਾਂ ਨੇ ਹਿੱਸਾ ਲਿਆ।
ਸਿੰਘ ਸਭਾ ਲਹਿਰ ਦੇ ਪਿਛੋਕੜ ਅਤੇ ਲਹਿਰ ਦੀ ਦੇਣ ਨੂੰ ਯਾਦ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਲਹਿਰ ਨੇ ਸਿੱਖ ਧਰਮ ਦੇ ਸੁਤੰਤਰ  ਵਜੂਦ ਤੇ ਮੌਲਿਕ ਸਰੂਪ ਦੀ ਪਛਾਣ ਨਵੀਨ ਚੇਤਨਤਾ ਤੇ ਵਿਗਿਆਨਕ ਢੰਗ ਨਾਲ ਕਰਵਾਉਣ ਵਿਚ ਮਿਸਾਲੀ ਯੋਗਦਾਨ ਪਾਇਆ। ਅੱਜ ਦੀਆਂ ਵਿਭਿੰਨ ਤੇ ਨਵੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਵੀ ਇਹ ਲਹਿਰ ਰਾਹ-ਦਸੇਰਾ ਹੈ ਅਤੇ ਇਸ ਦੀ ਖਾਸ ਪ੍ਰਸੰਗਿਕਤਾ ਹੈ।
ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ ਨੇ ਜੀ ਆਇਆਂ ਕਰਦਿਆਂ ਕਿਹਾ ਕਿ ਸਿੰਘ ਸਭਾ ਲਹਿਰ 19ਵੀਂ ਸਦੀ ਦੀ ਇਕ ਧਾਰਮਿਕ ਤੇ ਸੁਧਾਰਕ ਲਹਿਰ ਸੀ। ਇਹ ਨਿਰੰਕਾਰੀ ਤੇ ਨਾਮਧਾਰੀ ਲਹਿਰਾਂ ਤੋਂ ਵਿਲੱਖਣ ਸੀ ਅਤੇ ਇਸ ਨੇ ਸਿੱਖ ਜੀਵਨ ਦੀ ਮੁੜ ਸੁਰਜੀਤੀ ਕੀਤੀ। ਲਹਿਰ ਦੇ ਆਰੰਭ ਹੋਣ ਦਾ ਮੁੱਖ ਕਾਰਨ ਇਸਾਈਆਂ ਦੇ ਉਹ ਧਾਰਮਿਕ ਅੰਦੋਲਨ ਸਨ ਜੋ ਉਹਨਾਂ ਨੇ ਪੰਜਾਬ ਨੂੰ ਇਸਾਈ ਬਣਾਉਣ ਲਈ ਸੰਨ 1845-46 ਤੋਂ ਸ਼ੁਰੂ ਕਰ ਰੱਖੇ ਸਨ। ਸੰਨ 1849 ਵਿਚ ਸਿੱਖ ਰਾਜ ਦੇ ਖਤਮ ਹੋਣ ਤੋਂ ਬਾਅਦ ਧਰਮ ਪਰਿਵਰਤਨ ਕਰਾਉਣ ਦੀ ਨੀਤੀ ਨੇ ਤੇਜ਼ੀ ਫੜੀ। ਸੰਨ 1853 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਵੀ ਇਸਾਈ ਬਣਾ ਲਿਆ ਗਿਆ। ਸੰਨ 1900 ਤੱਕ ਸਿਆਲਕੋਟ ਦੇ ਪੱਛੜੀਆਂ ਜਾਤਾਂ ਦੇ ਲੋਕ ਅੱਧ ਤੋਂ ਵੱਧ ਇਸਾਈ ਬਣ ਗਏ ਸਨ। ਇਸ ਦੇ ਨਾਲ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ-ਕਾਲ ਵਿਚ ਹੀ ਸਿੱਖਾਂ ਉੱਪਰ ਸਨਾਤਨੀ ਧਰਮ ਦਾ ਪ੍ਰਭਾਵ ਸਪੱਸ਼ਟ ਦਿਖਾਈ ਦੇਣ ਲੱਗ ਪਿਆ ਸੀ। ਸ਼ਬਦ-ਗੁਰੂ ਦੀ ਪਰੰਪਰਾ ਦੀ ਥਾਂ ਦੇਹਧਾਰੀ ਸੋਢੀ ਅਤੇ ਬੇਦੀ ਗੁਰੂ ਬਣ ਬੈਠੇ ਸਨ। ਸਿੱਖ ਬੁਤ ਪੂਜਾ ਤੇ ਮੂਰਤੀ ਪੂਜਾ ਕਰਨ ਦੇ ਨਾਲ ਹੀ ਹਿੰਦੂ ਧਰਮ ਗ੍ਰੰਥਾਂ ਦੇ ਉਪਾਸ਼ਕ  ਅਤੇ ਪ੍ਰੋਹਿਤ ਤੇ ਪੁਜਾਰੀ ਦੇ ਗੁਲਾਮ ਹੋ ਗਏ ਸਨ। ਉਹਨਾਂ ਵਰਤਮਾਨ ਹਾਲਾਤਾਂ ਦਾ ਹਵਾਲਾ ਦਿੰਦਿਆ ਕਿਹਾ ਕਿ ਸਿੱਖ ਕੌਮ ਅੱਜ ਵੀ ਉਹੋ ਜਿਹੀਆਂ ਚੁਣੌਤੀਆਂ ਦੇ ਘੇਰੇ ਵਿਚ ਹੀ ਹੈ।
ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਨੇ ਲਹਿਰ ਵਲੋਂ ਵਿਦਿਅਕ ਸੰਸਥਾਵਾਂ, ਮਾਂ ਬੋਲੀ ਅਤੇ ਗੁਰਬਾਣੀ ਦੀ ਕਸਵੱਟੀ’ਤੇ ਸਿੱਖ ਸਾਹਿਤ ਦੀ ਪਰਖ ਪ੍ਰਤੀ ਨਿਭਾਈ ਮਾਣ-ਮੱਤੀ ਭੂਮਿਕਾ ਪ੍ਰਤੀ ਬੋਲਦਿਆਂ ਕਿਹਾ ਕਿ ਅੱਜ ਬਹੁਤਾਤ ਸਿੰਘ ਸਭਾ ਗੁਰਦੁਆਰੇ ਅਤੇ ਸਿੱਖ ਵਿਦਿਅਕ ਸੰਸਥਾਵਾਂ ਲਹਿਰ ਦੇ ਅਮੀਰ ਵਿਰਸੇ ਨੂੰ ਵਿਸਾਰ ਚੁੱਕੇ ਹਨ। ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਦੇਸ਼ ਅੰਦਰਲੇ ਧਰਮ, ਵਿੱਦਿਆ, ਰਾਜਨੀਤੀ ਅਤੇ ਆਰਥਿਕ ਮਾਮਲਿਆਂ ਦੇ ਵਿਗੜ ਰਹੇ ਸੰਤੁਲਨ ਪ੍ਰਤੀ ਖਾਮੋਸ਼ ਹੈ। 72 ਸਾਲਾਂ ਦੀ ਸੁਤੰਤਰਤਾ ਤੋਂ ਬਾਅਦ ਵੀ ਭਾਰਤ ਦੀ ਸਾਖ਼ਰਤਾ ਦਰ 72 ਫੀਸਦੀ ਹੈ। 100 ਵਿਚੋਂ 28 ਬੱਚੇ 8ਵੀਂ ਜਮਾਤ ਤੋਂ ਪਹਿਲਾਂ ਹੀ ਪੜ੍ਹਾਈ ਛੱਡ ਜਾਂਦੇ ਹਨ। ਗਰੀਬੀ ਅਤੇ ਬਾਲ ਮਜ਼ਦੂਰੀ ਦਾ ਇਹ ਚੱਕਰ ਚੱਲਦਾ ਜਾ ਰਿਹਾ ਹੈ। ਜੇਕਰ ਉਚੇਰੀ ਵਿਦਿਆ ਲਈ ਆਰਥਿਕਤਾ ਰੁਕਾਵਟ ਨਾ ਹੁੰਦੀ ਤਾਂ ਯਕੀਨਨ ਸਾਖ਼ਰਤਾ ਦਰ 100 ਫੀਸਦੀ ਬਣ ਜਾਂਦੀ। ਅਜੀਬੋ-ਗਰੀਬ ਵਿਵਸਥਾ ਹੈ ਕਿ ਹਰ ਕੋਈ ਅਫ਼ਸਰ, ਡਾਕਟਰ, ਵਕੀਲ, ਇੰਜੀਨੀਅਰ ਤੇ ਪ੍ਰੋਫੈਸਰ ਬਣ ਸਕਦਾ ਹੈ ਅਤੇ ਇਸ ਦਾ ਕੋਈ ਜਵਾਬ ਨਹੀਂ ਕਿ ਉਹ ਲੋੜੀਂਦੀ ਯੋਗਤਾ ਕਿਵੇਂ ਪ੍ਰਾਪਤ ਕਰੇ। ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਬੇਤਹਾਸ਼ਾ ਰੁਝਾਨ ਦੇਸ਼ ਨੂੰ ਡਗਮਗਾ ਦੇਵੇਗਾ। ਪੰਜਾਬ ਨੌਜਵਾਨੀ ਤੋਂ ਵਾਂਝਾ ਹੋ ਰਿਹਾ ਹੈ । ਇਹਨਾਂ ਹਾਲਾਤਾਂ ਵਿਚ ਮਾਪੇ, ਜਾਇਦਾਦਾਂ ਅਤੇ ਕਾਰੋਬਾਰ ਲਾਵਾਰਸ ਹੋਣ ਜਾ ਰਹੇ ਹਨ। ਨੋਟ-ਵੋਟ ਦੀ ਰਾਜਨੀਤੀ ਨੇ ਸਮਾਜਿਕ ਬਰਾਬਰੀ ਦੇ ਉਦੇਸ਼ਾਂ ਤੇ ਉਪਦੇਸ਼ਾਂ ਨੂੰ ਤਾਰ-ਤਾਰ ਕਰ ਦਿੱਤਾ ਹੈ। ਅਜੋਕੇ ਹਾਲਾਤਾਂ ਦੇ ਸਨਮੁੱਖ ਸਿੰਘ ਸਭਾ ਲਹਿਰ ਤੋਂ ਸੇਧ ਲੈਣ ਦੀ ਲੋੜ ਤੇ ਜ਼ੋਰ ਦੇਂਦਿਆਂ ਕਿਹਾ ਕਿ ਅੱਜ ਪਰਸਪਰ ਸਾਂਝ ਪੈਦਾ ਕਰਦਿਆਂ ਕੌਮੀ ਵਿਦਿਆ ਨੀਤੀ, ਕੌਮੀ ਰਾਜਨੀਤੀ ਅਤੇ ਕੌਮੀ ਆਰਥਿਕਤਾ ਆਦਿਕ ਮੁੱਦਿਆਂ ਤੇ ਵਿਉਂਤਬੰਦੀ ਕਰਨੀ ਹੋਵੇਗੀ। ਜਿਸ ਲਈ ਸਿੰਘ ਸਭਾ ਗੁਰਦੁਆਰਿਆਂ, ਸਿੱਖ ਸੰਸਥਾਵਾਂ ਅਤੇ ਵਿਭਿੰਨ ਖੇਤਰਾਂ ਦੀਆਂ ਮਾਹਿਰ ਸਿੱਖ ਸ਼ਖਸੀਅਤਾਂ ਨੂੰ ਸਮੇਂ ਤੇ ਸਰਮਾਏ ਦਾ ਦਸਵੰਧ ਕੱਢਣਾ ਹੋਵੇਗਾ। ਉਹਨਾਂ ਸੇਵਾ ਦੇ ਖੇਤਰ ਵਿਚ ਬਹੁਮੁੱਲਾ ਯੋਗਦਾਨ ਪਾ ਰਹੀਆਂ ਸੰਸਥਾਵਾਂ ਦੀ ਸਰਾਹਨਾ ਕੀਤੀ ਤੇ ਕਿਹਾ ਕਿ ਕੌਮ ਨੂੰ ਮਾਣ ਦਿਵਾਉਂਦੀਆਂ ਹਨ।
ਸ: ਸਤਨਾਮ ਸਿੰਘ ਰਾਜਸਥਾਨੀ ਨੇ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਕਾਰਜ ਖੇਤਰ’ਤੇ ਵਿਚਾਰ ਕਰਦਿਆਂ ਜਥੇਬੰਦਕ ਢਾਂਚਿਆਂ ਦੀ ਪੁਨਰ-ਸੁਰਜੀਤੀ ਦੀ ਲੋੜ ਨੂੰ ਸਾਹਮਣੇ ਰੱਖਿਆ। ਉਹਨਾਂ ਨੇ ਨੌਜਵਾਨਾਂ ਨੂੰ ਸਮੇਂ ਸਿਰ ਸੱਚੀ ਪਾਤਸ਼ਾਹੀ ਤੇ ਬਾਦਸ਼ਾਹੀ ਦਾ ਸਬਕ ਸਿਖਾ ਕੇ ਜ਼ਿੰਮਵਾਰੀਆਂ ਸੌਂਪ ਦੇਣ ਦੀ ਪਿਰਤ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਗੁਰੂ ਨਾਨਕ ਸਾਹਿਬ ਜੀ ਦੀ ਅਰਧ- ਸ਼ਤਾਬਦੀ ਮੌਕੇ ਪਿੰਡਾਂ ਵਿਚੋਂ ਗਰੀਬੀ, ਨਸ਼ੇ, ਬੇਕਾਰੀ ਤੇ ਅਨਪੜ੍ਹਤਾ ਦੁਰ ਕਰਨ ਵਾਸਤੇ ਤੁਰੰਤ ਜੁਟ ਜਾਣਾ ਜ਼ਰੂਰੀ ਹੈ। ਗੁਰਬਾਣੀ ਦੀ ਰੌਸ਼ਨੀ ਵਿਚ ਊਚ-ਨੀਚ ਅਤੇ ਜਾਤਾਂ-ਪਾਤਾਂ ਦੇ ਵਿਤਕਰੇ ਮਿਟਾਉਣ ਵਾਲੇ ਯੁਗ-ਪਲਟਾਊ ਫ਼ੈਸਲੇ ਹੋਣੇ ਚਾਹੀਦੇ ਹਨ। ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗਰੀਬ ਬੱਚਿਆਂ ਦੀ ਪੜ੍ਹਾਈ ਅਤੇ ਮਰੀਜ਼ਾਂ ਦੇ ਇਲਾਜ਼ ਲਈ ਸੇਵਾ ਨਿਭਾਉਣ ਲਈ ਅੱਗੇ ਆਉਣ।
ਸ: ਗੁਰਦੇਵ ਸਿੰਘ ਬਟਾਲਵੀ ਨੇ ਕਿਹਾ ਕਿ ਸਿੰਘ ਸਭਾ ਲਹਿਰ ਦੇ ਨਾਇਕ ਕੌਮ ਦੇ ਰਾਹ-ਦਸੇਰਾ ਹਨ ਅਤੇ ਉਹਨਾਂ ਨੂੰ ਕੌਮ ਵਿਚ ਨਿਰੰਤਰ ਸਤਿਕਾਰਤ ਥਾਂ ਦੇਣਾ ਚਾਹੀਦਾ ਹੈ। ਉਹਨਾਂ ਦੀਆਂ ਤਸਵੀਰਾਂ ਲਾਇਬ੍ਰੇਰੀਆਂ ਅਤੇ ਘਰ-ਘਰ ਵਿਚ ਲੱਗਣੀਆਂ ਚਾਹੀਦੀਆਂ ਹਨ। ਕੌਮ ਦੇ ਹੀਰਿਆਂ ਨੂੰ ਭੁੱਲ ਜਾਣ ਨਾਲ ਹੀ ਕੌਮਾਂ ਹਾਰ ਜਾਂਦੀਆਂ ਹਨ ਤੇ ਖੁਆਰ ਹੁੰਦੀਆਂ ਹਨ। ਉਹਨਾਂ ਰਵਾਇਤੀ ਧਾਰਮਿਕ ਜਸ਼ਨਾਂ ਦੀ ਅਲੋਚਨਾ ਕਰਦਿਆਂ ਕਿਹਾ ਕਿ ਪ੍ਰਦਰਸ਼ਨ ਦੀ ਥਾਂ ਦਰਸ਼ਨ ਵੱਲ ਵਧੀਏ।
ਡਾ.ਖੁਸ਼ਹਾਲ ਸਿੰਘ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ ਨੇ ਕਿਹਾ ਕਿ ਗੁਰੂ-ਕਾਲ ਤੋਂ ਪਹਿਲਾਂ ਵੀ ਤੇ ਬਾਅਦ ਵਿਚ ਵੀ ਸਮੇਂ ਦੇ ਰਾਜਸੀ ਅਤੇ ਧਾਰਮਿਕ ਆਗੂਆਂ ਨੇ ਅਛੂਤ ਸਮਝੇ ਜਾਂਦੇ ਲੋਕਾਂ ਦੇ ਵਿੱਦਿਆ ਪੜ੍ਹਨ, ਧਰਮ ਸਥਾਨਾਂ’ਤੇ ਜਾਣ, ਚੰਗਾ ਖਾਣ ਤੇ ਪਹਿਨਣ’ਤੇ ਪਾਬੰਦੀ ਲਾਈ ਹੋਈ ਸੀ। ਗੁਰੂ ਨਾਨਕ ਸਾਹਿਬ ਜੀ ਨੇ ਜ਼ਾਬਰ ਆਗੂਆਂ ਨੂੰ ਫ਼ਿਟਕਾਰਿਆ ਅਤੇ ਮਜ਼ਲੂਮਾਂ ਦੇ ਨਾਲ ਖੜ ਕੇ ਹੱਕ ਲੈਣ ਲਈ ਲਲਕਾਰਿਆ। ਅਰਧ-ਸ਼ਤਾਬਦੀ ਮੌਕੇ ਗੁਰੂ ਨਾਨਕ ਸਾਹਿਬ ਜੀ ਤੋਂ ਵਿਰੋਧੀ ਸੋਚ ਰੱਖਦੇ ਬੁਲਾਰਿਆਂ ਦਾ ਧਾਰਮਿਕ ਸਮਾਗਮਾਂ ਵਿਚ ਪ੍ਰਵੇਸ਼ ਕਰਨਾ ਕੌਮ ਸਾਹਮਣੇ ਚੁਣੌਤੀ  ਹੋਵੇਗੀ । ਉਹਨਾਂ ਸਿੱਖ ਸੋਚ ਤੇ ਸਿਧਾਂਤ ਵਿਰੋਧੀ ਸਿਰਜੇ ਜਾ ਰਹੇ ਸਾਹਿਤ, ਵਿਚਾਰਧਾਰਾ ਤੇ ਵਿਦਵਾਨਾਂ ਤੋਂ ਸਾਵਧਾਨ ਰਹਿਣ ਲਈ ਸੁਚੇਤ ਕੀਤਾ।
ਡਾ: ਸਵਰਾਜ ਸਿੰਘ ਯੂ.ਐਸ.ਏ. ਨੇ ਕੁੰਜੀਵਤ ਭਾਸ਼ਨ ਵਿੱਚ ਦੱਸਿਆ ਕਿ ਖਾਲਸਾ ਰਾਜ ਦੇ ਪਤਨ ਤੋਂ ਬਾਅਦ ਸਿੱਖੀ ਨੂੰ ਢਾਅ ਲੱਗ ਰਹੀ ਸੀ। ਸਿੰਘ ਸਭਾ ਲਹਿਰ ਦਾ ਜ਼ਮਾਨਾ ਪੱਛਮੀ-ਵਿਦਿਆ ਦੇ ਪ੍ਰਵੇਸ਼ ਦਾ ਸੀ। ਹਿੰਦੂ-ਵੈਦਿਕ ਧਰਮ ਆਰੀਆ ਸਮਾਜ ਦੇ ਰੂਪ ਵਿਚ ਅੰਗੜਾਈ ਭਰ ਰਿਹਾ ਸੀ। ਪੱਛਮੀ ਵਿਦਿਆ ਦੇ ਸੋਮੇ ਸਕੂਲਾਂ- ਕਾਲਜਾਂ ਦੇ ਰੂਪ ਵਿਚ ਵਗ ਰਹੇ ਸਨ। ਸਿੱਖ ਪੰਥ ਦੇ ਚੰਗੇ ਭਾਗਾਂ ਨੂੰ ਪ੍ਰੋ: ਗੁਰਮੁਖ ਸਿੰਘ ਪੂਰਬੀ ਤੇ ਪੱਛਮੀ ਵਿਦਿਆ ਦੇ ਉੱਚੇ ਦਰਜੇ ਦੇ ਵਿਦਵਾਨ ਸਨ, ਜਿਨ੍ਹਾਂ ਨੇ ਹਰ ਵਿਰੋਧੀ ਗਤੀਵਿਧੀ ਨੂੰ ਬੜੀ ਸੂਝ ਬੂਝ ਨਾਲ ਪਰਖਿਆ। ਪੂਰੇ ਸਿਦਕ ਤੇ ਦ੍ਰਿੜਤਾ ਨਾਲ ਚੇਤਨਾ ਪੈਦਾ ਕੀਤੀ। ਸ਼ਾਸ਼ਤ੍ਰਾਰਥ ਤੇ ਬਹਿਸਾਂ ਖੇਤਰ ਵਿਚ ਭਾਈ ਦਿੱਤ ਸਿੰਘ ਜੀ ਦਾ ਸਥਾਨ ਸਰਵੋਤਮ ਰਿਹਾ। ਗਿਆਨੀ ਹਜ਼ਾਰਾ ਸਿੰਘ, ਗਿਆਨੀ ਸਰਦੂਲ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਪੰਡਤ ਗੁਰਬਖਸ਼ ਸਿੰਘ ਜੀ ਪਟਿਆਲੇ ਵਾਲੇ ਅਤੇ ਭਾਈ ਵੀਰ ਸਿੰਘ ਹੋਰਾਂ ਬੁਧੀ ਬਲ ਨਾਲ ਤਕੜਾ ਯੋਗਦਾਨ ਪਾਇਆ।
ਵਿਸ਼ਵੀਕਰਨ ਦੇ ਦੌਰੇ ਵਿਚ ਅੱਜ ਵੀ ਸਿੱਖ ਫ਼ਲਸਫ਼ੇ ਨੂੰ ਚੁਣੌਤੀ ਹੈ ਕਿਉਕਿ ਸਿੱਖੀ ਫਲਸਫਾ ਰੂਹਾਨੀਅਤ ਨੂੰ ਸਰਵੋਤਮ ਮੰਨਦਾ ਹੈ ਤੇ ਦੂਜੇ ਪਾਸੇ ਰਾਜਨੀਤੀ ਅਤੇ ਵਪਾਰੀਕਰਨ ਮਨੁੱਖ ਨੂੰ ਕੇਵਲ ਖਪਤਕਾਰ ਬਣਾਉਂਦਾ ਹੈ। ਅੱਜ ਦੇ ਵਿਸ਼ਵੀਕਰਨ ਕੋੋਲ ਗੁਰੂ ਨਾਨਕ ਸਾਹਿਬ ਜੀ ਵਾਲੀ ਵਿਸ਼ਵ-ਦ੍ਰਿਸ਼ਟੀ ਨਹੀਂ ਹੈ। ਜਿਸ ਲਈ ਸਮੁੱਚੀ ਮਨੁੱਖਤਾ ਸੰਕਟ ਵੱਲ ਵਧ ਰਹੀ ਹੈ। ਪੂਰਬੀ ਗਿਆਨ ਤੇ ਸੱਭਿਆਚਾਰ ਲੋਕਾਈ ਨੂੰ ਸੰਤੋਖੀ ਬਣਾਉਣ ਦੇ ਸਮਰੱਥ ਹੈ, ਜਿਸ ਨਾਲ ਆਲਮੀ ਸਮੱਸਿਆਵਾਂ ਤੋਂ ਸੁਰੱਖਿਅਤ ਹੋਇਆ ਜਾ ਸਕਦਾ ਹੈ।
ਸਿੱਖ ਕੌਮ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਜੀ ਨਾਲ ਡੂੰਘੀ ਸਾਂਝ ਪਾਉਣੀ ਹੋਵੇਗੀ ਅਤੇ ਇਸ ਅੰਦਰ ਪਏ ਰਤਨਾਂ, ਹੀਰਿਆਂ, ਜਵਾਹਰਾਂ ਤੇ ਮਾਣਕਾਂ ਨੂੰ ਵਿਸ਼ਵ ਵਿੱਚ ਵੰਡਣ ਦੀ ਸੇਵਾ ਨਿਭਾਉਣੀ ਹੋਵੇਗੀ। ਗੁਰੂ ਨਾਨਕ ਸਾਹਿਬ ਜੀ ਦੀ ਸੋਚ ਨੂੰ ਅਪਨਾਉਣ ਤੇ ਪ੍ਰਸਾਰਨ ਬਿਨਾਂ ਮਨੁੱਖਤਾ ਦਾ ਭਲਾ ਨਹੀਂ ਹੋ ਸਕਦਾ। ਸਰਬ-ਵਿਆਪਤਾ ਦਾ ਸੰਦੇਸ਼ ਕੇਵਲ ਤੇ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਹੀ ਹੈ। ਅੱਜ ਕੁਦਰਤ-ਪੱਖੀ ਪਹੁੰਚ ਅਪਣਾਉਣੀ ਹੋਵੇਗੀ। ਤਰਕ ਤੋਂ ਉੱਠ ਕੇ ਹੁਕਮ ਤੱਕ ਦੇ ਸਫ਼ਰ ਨੂੰ ਸਮਝਣਾ ਹੋਵੇਗਾ।
ਸ: ਜਸਪਾਲ ਸਿੰਘ ਕੌਮਾਂਤਰੀ ਪੱਤਰਕਾਰ ਨੇ 550 ਸਾਲਾ ਅਰਧ-ਸ਼ਤਾਬਦੀ ਦੇ ਦੌਰ ਵਿਚ ਕੌਮਾਂਤਰੀ ਭਾਈਚਾਰਕ ਸਾਂਝ ਸਿਰਜਣ ਦੇ ਨਮੂਨੇ ਨੂੰ ਪੇਸ਼ ਕੀਤਾ। ਉਹਨਾਂ ਕਿਹਾ ਕਿ ਸੱਤਾ ਦੇ ਨੇੜੇ ਜਾਂ ਸੱਤਾ ਵਿੱਚ ਆਉਂਦੀਆਂ ਸਿਆਸੀ ਧਿਰਾਂ ਪਿੱਛੇ ਕੰਮ ਕਰਦੇ ਜਥੇਬੰਦਕ ਢਾਂਚੇ ਕੋਈ ਅੰਤਮ ਸੱਚ ਦਾ ਰੂਪ ਨਹੀਂ ਹਨ । ਸਿੱਖੀ ਫਲਸਫਾ ਜੋ ਸਮੁਚੀ ਮਨੁੱਖਤਾ ਨੂੰ ਪਿਆਰ ਦੇ ਕਲਾਵੇ ਵਿਚ ਲੈਂਦਾ ਹੈ ਅਤੇ ਸੇਵਾ ਨਿਭਾਉਣ ਦੀ ਪ੍ਰੇਰਣਾ ਦਿੰਦਾ ਹੈ ਉਹ ਅਸਲ ਸੱਚਾ ਸੁੱਚਾ ਰੱੁਤਬਾ ਰੱਖਦਾ ਹੈ। ਸਿੱਖ ਕੌਮ ਨੂੰ ਆਪਣੀ ਵਿਲੱਖਣ ਸੋਚ’ ਤੇ ਮਾਣ ਕਰਨਾ ਚਾਹੀਦਾ ਹੈ। ਗੁਆਂਢੀ ਜਾਂ ਵਿਰੋਧੀ ਵਿਕਸਤ ਨਜ਼ਰ ਆਉਂਦੀਆਂ ਜਥੇਬੰਦੀਆਂ ਦਾ ਅਕਸਰ ਜ਼ਿਕਰ ਕਰਕੇ ਆਪਣਾ ਕੱਦ ਬੌਣਾ ਨਹੀਂ ਕਰਨਾ ਚਾਹੀਦਾ ਬਲਕਿ ਆਪਣੇ ਅਮੀਰ ਵਿਰਸੇ ਤੋਂ ਜੀਵਨ-ਜਾਚ ਸਿੱਖਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਭਾਰਤ ਬਹੁਕੌਮੀ, ਬਹੁਧਰਮੀ ਤੇ ਬਹੁਭਾਸ਼ਾਈ ਦੇਸ਼ ਹੈ। ਪੰਜਾਬ ਦੀ ਭਾਸ਼ਾ ਤੇ ਮਾਂ-ਬੋਲੀ ਪੰਜਾਬੀ ਹੈ। ਏਥੇ ਇਕ ਬੋਲੀ, ਇਕ ਧਰਮ ਤੇ ਇਕ ਕੌਮ ਦਾ ਕੋਈ ਤੁਗ਼ਲਕੀ ਫ਼ੁਰਮਾਨ ਲਾਗੂ ਨਹੀਂ ਹੋ ਸਕਦਾ। ਉਹਨਾਂ ਦਲਿਤ ਸਮਾਜ ਅਤੇ ਪਛੜੀਆਂ ਸ੍ਰੇਣੀਆਂ ਨਾਲ ਭਾਰਤੀ ਰਾਜਨੀਤਕਾਂ ਲੋਕਾਂ ਵੱਲੋਂ ਧਰਮ ਦੀ ਆੜ ਵਿਚ ਗੰੁਮਰਾਹ ਕਰਨ ਦੇ ਮਨਸੂਬਿਆਂ ਨੂੰ ਪਛਾੜਨ ਦਾ ਸੱਦਾ ਦਿੱਤਾ। ਸਿੱਖ ਕੌਮ ਦਾ ਗੁਰਦੁਆਰਾ ਐਕਟ ਨਾਲ ਜੁੜੇ ਹੋਣ ਦਾ ਜ਼ਿਕਰ ਕਰਦਿਆਂ ਸਾਵਧਾਨ ਕੀਤਾ ਕਿ ਇਹ ਚੋਣ-ਪ੍ਰਣਾਲੀ ਕੌਮ ਨੂੰ ਖੁਆਰੀ ਵੱਲ ਧੱਕਦੀ ਰਹੇਗੀ।
ਉਹਨਾਂ ਜਲਵਾਯੂ ਪਰਿਵਰਤਨ ਅਤੇ ਭੋਜਨ ਤੇ ਖ਼ੁਰਾਕ-ਪ੍ਰਣਾਲੀ ਨੂੰ ਮਾਇਆਧਾਰੀ ਜਗਤ ਵਲੋਂ ਪਈ ਚੁਣੌਤੀ ਨਾਲ ਨਜਿੱਠਣ ਲਈ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਹਵਾ, ਪਾਣੀ, ਮਿੱਟੀ ਅਤੇ ਕੁਦਰਤੀ ਸ੍ਰੋਤਾਂ ਦੀ ਸੰਭਾਲ ਬਿਨਾਂ ਜਿਊਣਾ ਅਸੰਭਵ ਹੈ। ਇਸ ਖੇਤਰ ਵਿਚ ਵੀ ਵੱਡੀ ਭੂਮਿਕਾ ਨਿਭਾਈ ਜਾਣੀ ਚਾਹੀਦੀ ਹੈ।

ਸ: ਪ੍ਰਭਸ਼ਰਨ ਸਿੰਘ ਲੁਧਿਆਣਾ ਨੇ ਵਿੱਦਿਅਕ ਸੰਸਥਾਵਾਂ ਦੇ ਯੋਗਦਾਨ ਦੀਆਂ ਮਿਸਾਲਾਂ ਦੇਂਦਿਆਂ ਸਿੱਖ ਵਿਦਿਅਕ ਸੰਸਥਾਵਾਂ ਦੀ ਸਥਾਪਨਾ ਤੇ ਸਥਾਪਤ ਸੰਸਥਾਵਾਂ ਦੇ ਸੁਧਾਰ ਨਾਲ ਕੌਮਾਂਤਰੀ ਪੱਧਰ ਤੇ ਪ੍ਰਗਤੀ ਦੀਆਂ ਸੰਭਾਵਨਾਵਾਂ ਨੂੰ ਸਾਂਝਾ ਕੀਤਾ। ਉਹਨਾਂ ਸਿੱਖ ਵਿਦਿਅਕ ਬੋਰਡ ਦੀ ਸਥਾਪਨਾ ਲਈ ਯੋਜਨਾਬੰਦੀ ਦਾ ਪ੍ਰਸਤਾਵ ਰਖਿਆ। ਰਾਣਾ ਇੰਦਰਜੀਤ ਸਿੰਘ ਚੇਅਰਮੈਨ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਨੇ ਧੰਨਵਾਦ ਕੀਤਾ। ਸ: ਰਸ਼ਪਾਲ ਸਿੰਘ ਹੁਸ਼ਿਆਰਪੁਰ ਨੇ ਮੰਚ ਸੰਚਾਲਨ ਕੀਤਾ।
ਇਸ ਮੌਕੇ ਸ: ਰਘਬੀਰ ਸਿੰਘ ਗਿੱਲ, ਅੰਮ੍ਰਿਤਪਾਲ ਸਿੰਘ ਗੁਰਦੁਆਰਾ ਸਿੰਘ ਸਭਾ ਮਾਡਲ ਗ੍ਰਾਮ, ਪ੍ਰੀਤਮ ਸਿੰਘ, ਸਵਰਨ ਸਿੰਘ ਰਾਣਾ, ਗੁਰਪ੍ਰੀਤ ਸਿੰਘ ਹਾਊਸਿੰਗ ਕਲੋਨੀ, ਪ੍ਰਿੰਸੀਪਲ ਕ੍ਰਿਸ਼ਨ ਸਿੰਘ, ਪ੍ਰਿੰਸੀਪਲ ਗੁਰਦੇਵ ਸਿੰੰਘ ਬੈਂਚਾਂ, ਪ੍ਰਿੰਸੀਪਲ ਮਨਜਿੰਦਰ ਕੌਰ, ਡਾ:ਮਨਰਾਜ ਕੋਰ, ਉਘੇ ਪ੍ਰਚਾਰਕ ਗੁਰਜੰਟ ਸਿੰਘ ਰੁਪੋਵਾਲੀ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦੇ ਸਮੂਹ ਵਿਦਿਆਰਥੀ ਹਾਜਰ ਸਨ।

Install Punjabi Akhbar App

Install
×