2020 ਨਾਂਅ: ਚਮਕੇ ਸਿੰਘ ਅਤੇ ਕੌਰ -ਪਿੱਛੇ ਰਹਿ ਗਏ ਹੋਰ

ਨਿਊਜ਼ੀਲੈਂਡ ’ਚ ਨਵ ਜੰਮੇ ਬੱਚਿਆਂ ਦੇ ਨਾਵਾਂ ਵਿਚ ‘ਸਿੰਘ’ ਪਹਿਲੇ ਨੰਬਰ ’ਤੇ ਅਤੇ ਕੌਰ ਤੀਜੇ ’ਤੇ

ਸੰਤ, ਕੁਈਨ, ਪਿ੍ਰੰਸ, ਜਸਟਿਸ, ਮੇਜਰ, ਮਾਸਟਰ ਆਦਿ ਨਾਵਾਂ ਦੀ ਹੈ ਮਨਾਹੀ

ਆਕਲੈਂਡ :- ਕਹਿੰਦੇ ਨੇ ਵਿਅਕਤੀ ਦਾ ਨਾਂਅ ਉਸਦੀ ਸਖਸ਼ੀਅਤ ਅਤੇ ਨਿੱਜਤਾ ਦੇ ਵਿਚ ਤਾਕਤਵਾਰ ਕੜੀ ਦਾ ਕੰਮ ਕਰਦਾ ਹੈ। ਜਦੋਂ ਕੋਈ ਤੁਹਾਡੇ ਨਾਲ ਮਿਲਣੀ ਤੋਂ ਬਾਅਦ ਤੁਹਾਨੂੰ ਤੁਹਾਡੇ ਨਾਂਅ ਤੋਂ ਜਾਂ ਆਖਰੀ ਨਾਂਅ ਤੋਂ ਜਾਨਣ ਲੱਗ ਜਾਵੇ ਤਾਂ ਇਹ ਇਕ ਬਹੁਤ ਮਹੱਤਵਪੂਰਨ ਅਤੇ ਇਜੱਤ ਵਾਲੀ ਗੱਲ ਹੁੰਦੀ ਹੈ। ਇਹ ਸਿੱਖ ਭਾਈਚਾਰੇ ਲਈ ਉਦੋਂ ਹੋਰ ਵੀ ਮਹੱਤਵਪੂਰਨ ਗੱਲ ਹੋ ਜਾਂਦੀ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਦੇ ਵਿਚ ਦਿੱਤਾ ਗਿਆ ਨਾਂਅ ‘ਸਿੰਘ’ ਕਿਸੇ ਦੀ ਯਾਦ ਵਿਚ ਰਹਿ ਜਾਂਦਾ ਹੈ ਅਤੇ ਲੋਕ ਮਿਸਟਰ ‘ਸਿੰਘ’ ਕਰਕੇ ਯਾਦ ਕਰਦੇ ਹਨ।
ਨਿਊਜ਼ੀਲੈਂਡ ਵਸਦੇ ਸਿੱਖ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਇਥੇ ਸਾਲ 2020 ਦੇ ਵਿਚ ਪੈਦਾ ਹੋਏ ਬੱਚਿਆਂ ਦੇ ਨਾਵਾਂ ਦੀ ਰਜਿਸਟ੍ਰੇਸ਼ਨ ਬਾਅਦ ਸਾਹਮਣੇ ਆਇਆ ਹੈ ਕਿ ਜੋ ਸਾਰਿਆਂ ਤੋਂ ਵੱਧ ਨਾਂਅ ਬੱਚਿਆਂ ਦਾ ਰੱਖਿਆ ਗਿਆ ਉਹ ਹੈ ‘ਸਿੰਘ’। ਸਾਲ 2020 ਦੇ ਵਿਚ 58,500 ਦੇ ਕਰੀਬ ਬੱਚੇ ਪੈਦਾ ਹੋਏ ਜਿਨ੍ਹਾਂ ਵਿਚੋਂ 26,549 ਬੱਚਿਆਂ ਦੇ ਨਾਂਅ ਦੇ ਪਿੱਛੇ ਪਰਿਵਾਰਕ ਨਾਂਅ ਜਾਂ ਆਖਰੀ ਨਾਂਅ ਵਜੋਂ ਲਿਖਵਾ ਕੇ ਰਜਿਟ੍ਰੇਸ਼ਨ ਕਰਵਾਈ ਗਈ। ਇਨ੍ਹਾਂ ਵਿਚੋਂ 398 ਬੱਚਿਆਂ ਦੇ ਨਾਂਅ ਪਿੱਛੇ ‘ਸਿੰਘ’ ਸ਼ਬਦ ਲਿਖਵਾਇਆ ਗਿਆ ਜੋ ਕਿ ਨਿਊਜ਼ੀਲੈਂਡ ਦੇ ਵਿਚ ਸਭ ਤੋਂ ਜਿਆਦਾ ਗਿਣਤੀ ਦੇ ਵਿਚ ਰਿਹਾ। ਇਸ ਤੋਂ ਬਾਅਦ ਦੂਜੇ ਨੰਬਰ ਉਤੇ ‘ਸਮਿੱਥ’ ਨਾਂਅ ਰਿਹਾ ਜਿਸ ਦੇ ਨਾਂਅ ਨਾਲ 319 ਬੱਚੇ ਰਜਿਟਰਡ ਹੋਏ। ਤੀਜੇ ਨੰਬਰ ਉਤੇ ਬੱਚਿਆਂ ਦੇ ਨਾਂਅ ਪਿੱਛੇ ‘ਕੌਰ’ ਸ਼ਬਦ ਆਇਆ ਜਿਨ੍ਹਾਂ ਦੀ ਗਿਣਤੀ 274 ਰਹੀ। ਨਾਵਾਂ ਦੇ ਪਿੱਛੇ ‘ਪਟੇਲ’ ਸ਼ਬਦ ਚੌਥੇ ਨੰਬਰ ਉਤੇ ਆਇਆ। ਭਾਰਤੀ ਬੱਚਿਆਂ ਦੀ ਗਿਣਤੀ ਇਸ ਤੋਂ ਵੱਧ ਹੋ ਸਕਦੀ ਹੈ ਪਰ ਨਾਵਾਂ ਦੇ ਹਿਸਾਬ ਨਾਲ ਇਹ ਤਿੰਨ ਨਾਂਅ ਟਾਪ-10 ਦੇ ਵਿਚ ਆਏ ਹਨ।  ‘ਸਿੰਘ’ ਨਾਂਅ ਜਿਆਦਾਤਰ ਔਕਲੈਂਡ ਅਤੇ ਬੇਅ ਆਫ ਪਲੈਂਟੀ ਦੇ ਵਿਚ ਰੱਖਿਆ ਗਿਆ ਅਤੇ ਪਟੇਲ ਨਾਂਅ ਵਲਿੰਗਟਨ ਦੇ ਵਿਚ। ਏਥਨਿਕ ਦਫਤਰ ਤੋਂ ਇਸ ਸਬੰਧੀ ਖੁਸ਼ੀ ਪ੍ਰਗਟ ਕਰਦਿਆਂ ਆਖਿਆ ਗਿਆ ਹੈ ਕਿ ਨਿਊਜ਼ੀਲੈਂਡ ਬਹੁ-ਕੌਮੀਅਤ ਵਾਲਾ ਦੇਸ਼ ਹੈ ਅਤੇ ਇਹ ਖੁਸ਼ੀ ਭਰੀ ਖਬਰ ਹੈ ਕਿ ਇਹ ਦੇਸ਼ ਬਹੁ ਸਭਿਆਚਾਰ ਦੇ ਨਾਲ ਅਮੀਰ ਹੋ ਰਿਹਾ ਹੈ, ਨਵੀਨਤਾ ਆ ਰਹੀ ਹੈ ਅਤੇ ਲੋਕ ਇਕ ਦੂਜੇ ਨਾਲ ਜੁੜ ਰਹੇ ਹਨ।
ਵਰਨਣਯੋਗ ਹੈ ਕਿ ਨਿਊਜ਼ੀਲੈਂਡ ਦੇ ਜਨਮ ਅਤੇ ਮੌਤ ਵਿਭਾਗ ਵੱਲੋਂ ਕਈ ਵਾਰ ਕੁਝ ਨਾਂਅ ਰੱਖਣ ਦੀ ਮਨਾਹੀ ਵੀ ਕੀਤੀ ਜਾਂਦੀ ਹੈ। ਸਾਲ 2020 ਦੇ ਵਿਚ 44 ਨਾਵਾਂ ਦੀ ਰਜਿਟ੍ਰੇਸ਼ਨ ਵਾਸਤੇ ਨਾਂਹ ਕੀਤੀ ਗਈ ਜਿਨ੍ਹਾਂ ਵਿਚ 34 ਨਾਂਅ ਵਿਅਕਤੀਗਤ ਸ਼ਬਦ ਵਾਲੇ ਸਨ। ਜਿਵੇਂ ਬਿਸ਼ਪ, ਕੈਯਸ ਮੇਜਰ, ਕਮੋਡੋਰ, ਕਾਂਸਟੇਬਲ, ਡਿਊਕਸ, ਜਸਟਿਸ, ਕਿੰਗ, ਮਜੈਸਟੀ ਫੇਥ, ਮੇਜਰ, ਮਾਸਟਰ, ਪਿ੍ਰੰਸ, ਮਾਈ ਆਨਰ, ਸੇਂਟ, ਕੂਈਨ ਤੇ ਰਾਇਲ ਆਦਿ।
ਸੋ ਅੰਤ ਕਹਿ ਸਕਦੇ ਹਾਂ ਕਿ ਅੱਜ ਦੇ ਆਧੁਨਿਕ ਯੁੱਗ ਦੇ ਵਿਚ ਬੱਚਿਆਂ ਦੇ ਨਾਂਅ ਪਿੱਛੇ ਸਿੰਘ ਸ਼ਬਦ ਲਿਖਵਾਉਣਾ ਸਿੱਖ ਗੁਰੂਆਂ ਵੱਲੋਂ ਵਰੋਸਾਈ ਪ੍ਰੰਪਰਾਂ ਨਾਲ ਸੱਚੇ ਦਿਲੋਂ ਜੁੜੇ ਹੋਣਾ ਹੈ ਅਤੇ ਬੱਚਿਆਂ ਦੇ ਅੰਦਰ ਵੀ ਗੁਰੂਆਂ ਦਾ ਸਤਿਕਾਰ ਅਤੇ ਆਪਣੇ ਧਰਮ ਦੀ ਪਹਿਚਾਣ ਦਾ ਬੀਜ ਬੀਜਣ ਦੇ ਬਰਾਬਰ ਹੈ। ਇਹ ਗੱਲ ਵੱਖਰੀ ਹੈ ਕਿ ਸਮੇਂ ਅਤੇ ਬਦਲਦੀ ਮਿੱਟੀ ਦੇ ਵਿਚ ਕਈ ਵਾਰ ਇਹ ਬੂਟੇ ਤਪਦੀਆਂ ਧੁੱਪਾਂ ਦਾ ਅਸਰ ਕਬੂਲ ਜਾਂਦੇ ਹਨ ਸਿੱਖੀ ਦਾ ਬੂਟਾ ਜਿਸ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਾਇਆ ਸੀ, ਕਦੇ ਵੀ ਸੁੱਕਦਾ ਨਹੀਂ। ਮਿਸ ਪੂਜਾ ਦਾ ਇਕ ਗੀਤ ਹੈ ‘ਗੁਰੂ ਗੋਬਿੰਦ ਸਿੰਘ ਵਿਚ ਅਨੰਦਪੁਰ ਅੰਮਿ੍ਰਤ ਪਾਨ ਕਰਾ ਚੱਲਿਆ, ਰਹੂ ਖਾਲਸਾ ਖਾਲਸ ਬਣ ਸਿੱਖੀ ਦਾ ਬੂਟਾ ਲਾ ਚੱਲਿਆ’। ਕੁਲਦੀਪ ਮਾਣਕ ਨੇ ਵੀ ਇਕ ਬਹੁਤ ਸੋਹਣਾ ਗੀਤ ਗਾਇਆ ਸੀ ‘ਉਹ ਕਿਹੜਾ ਬੂਟਾ ਏ, ਜੋ ਹਰ ਥਾਂ ਪਲਦਾ ਏ, ਉਹ ਸਿੱਖੀ ਦਾ ਬੂਟਾ ਏ ਜੋ ਹਰ ਥਾਂ ਪਲਦਾ ਏ’।

Install Punjabi Akhbar App

Install
×