ਫਰਡਿਊਸ ਪ੍ਰੋਡਕਸ਼ਨ ਵੱਲੋਂ ਕਲੋਵਸ ਵਿਖੇ ਸਤਿੰਦਰ ਸਰਤਾਜ਼ ਦਾ ਸ਼ੋਅ ਯਾਦਗਾਰੀ ਹੋ ਨਿਬੜਿਆ

 

image1 (1)

ਫਰਿਜਨੋ, ਕੈਲੀਫੋਰਨੀਆਂ 20 ਅਗਸਤ  —ਫਰਡਿਊਸ ਪ੍ਰੋਡਕਸ਼ਨ ਦੇ ਨਾਜ਼ਰ ਸਿੰਘ ਸਹੋਤਾ, ਅਮਰਜੀਤ ਸਿੰਘ ਦੌਧਰ, ਗੁਰਿੰਦਰਜੀਤ ਨੀਟਾ ਮਾਛੀਕੇ ਅਤੇ ਕਿੱਟੀ ਗਿੱਲ ਫਰਿਜਨੋ ਦੇ ਨਜ਼ਦੀਕੀ ਸ਼ਹਿਰ ਕਲੋਵਸ ਦੇ ਹਾਈ ਸਕੂਲ ਦੇ ਨੌਰਥ ਪਰਫੌਰਮਿੰਗ ਆਰਟਸ ਸੈਂਟਰ ਵਿੱਚ ਉੱਘੇ ਸੂਫ਼ੀ ਗਾਇਕ ਸਤਿੰਦਰ ਸਰਤਾਜ ਦਾ ਸ਼ਾਨਦਾਰ ਸ਼ੋਅ ਕਰਵਾਇਆ ਗਿਆ। ਸਟੇਜ ਸੰਚਾਲਨ ਦੀ ਭੂਮਿਕਾ ਨਿਭਾਉਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਪੱਤਰਕਾਰ ਨੀਟਾ ਮਾਛੀਕੇ ਨੇ ਸਭਨਾਂ ਨੂੰ ਨਿੱਘੀ ‘ਜੀ ਆਇਆ’ ਕਹਿੰਦੇ ਹੋਏ ਸ਼ਾਇਰਾਨਾ ਅੰਦਾਜ ਨਾਲ ਕੀਤੀ।  ਇਸ ਮੌਕੇ ਦਰਸ਼ਕਾਂ ਨਾਲ ਖਚਾ-ਖਚ ਭਰੇ ਹਾਲ ਅੰਦਰ ਸਤਿੰਦਰ ਸਰਤਾਜ ਦਾ ਤਾੜੀਆਂ ਦੀ ਗੂੰਜ ਵਿੱਚ ਸੁਆਗਤ ਹੋਇਆ। ਸਤਿੰਦਰ ਸਰਤਾਜ ਨੇ ਆਪਣੇ ਨਵੇਂ ਪੁਰਾਣੇ ਗੀਤਾ ਦੀ ਲੜੀਵਾਰ ਅਜਿਹੀ ਛਹਿਬਰ ਲਾਈ ਕਿ ਹਰ ਇੱਕ ਪੱਬ ਢੋਲ ਦੇ ਡੱਗੇ ਤੇ ਥਿਰਕਨ ਲਈ ਕਾਹਲਾ ਪੈ ਰਿਹਾ ਸੀ।

image3

ਸਤਿੰਦਰ ਸਰਤਾਜ ਨੇ ‘ਸਾਂਈ ਵੇ ਸਾਡੀ ਫ਼ਰਿਆਦ ਤੇਰੇ ਤਾਈ’ ਤੋਂ ਪ੍ਰੋਗਰਾਮ ਸ਼ੁਰੂ ਕਰਦਿਆਂ ‘ਦੁਸ਼ਮਣ ਵੀ ਹੋਵੇ ਭਾਵੇਂ ਦਸਤਾਰ ਕਦੇ ਨੀ ਲਾਹੀਦੀ’,  ‘ਜਿੱਤ ਦੇ ਨਿਸ਼ਾਨ ਸਦਾ ਲਾਏ ਜਾਂਦੇ ਝੰਡੇ ਨਾਲ ਪਹਿਲਾ ਵਾਰ ਕਲਮਾਂ ਦਾ ਪਿੱਛੋਂ ਵਾਰ ਖੰਡੇ ਨਾਲ’,  ‘ਚਾਰ ਹੀ ਤਰੀਕਿਆਂ ਨਾਂ ਬੰਦਾ ਕਰੇ ਕੰਮ ਸ਼ੌਕ ਨਾਲ’,  ‘ਪਿਆਰ ਨਾਲ, ਲਾਲਚ ਜਾ ਡੰਡੇ ਨਾਲ’,  ‘ਹੋਰ ਦੱਸ ਕੀ ਭਾਲਦੀ ਅੱਧੀ ਕਿੱਕ ਤੇ ਸਟਾਰਟ ਮੇਰਾ ਜਾਮਾ’,  ‘ਅਜੇ ਘੜਾ ਅੰਕਲ ਦਾ ਊਣਾ ਏ ਜਦ ਭਰਕੇ ਡੁਲੂ  ਵੇਖਾਂਗੇ’,  ‘ਹੁਣ ਦੇਰ ਨਹੀਂ ਦਿਨਾਂ ‘ਚ ਰੱਬ ਛੇਤੀ ਹੀ ਕਰਾਊ ਬੱਲੇ ਬੱਲੇ ਲਾ ਲੈ ਢੋਲਕੀ ਨੂੰ ਆਟਾ ਪਾ ਲੈ ਪੰਜੇ ਉਂਗਲਾਂ ‘ਚ ਛੱਲੇ’,  ਆਦਿਕ ਬਹੁਤ ਸਾਰੇ ਮਕਬੂਲ ਗੀਤਾਂ  ਰਾਹੀ ਦਰਸ਼ਕਾਂ ਦਾ ਖ਼ੂਬ ਮਨੋਰੰਜਨ ਕੀਤਾ। ਜਦੋਂ ਸਰਤਾਜ ਨੇ ‘ਮੈਂ ਗੁਰਮੁਖੀ ਦਾ ਬੇਟਾ ਮੈਨੂੰ ਤੋਰਦੇ ਨੇ ਅੱਖਰ’  ਗਾਇਆ ਤਾਂ ਜਿਵੇਂ ਸਾਰਾ ਹਾਲ ਹੀ ਉਸਦੇ ਨਾਲ ਗੌਣ ਲੱਗ ਪਿਆ। ਇਸ ਸਮੇਂ ਛੋਟੇ ਬੱਚੇ ਗੁਰਮੁੱਖੀ ਲਿਖੀਆਂ ਟੀ ਸ਼ਰਟਾਂ ਪਹਿਨੇ ਹੋਏ ਸਟੇਜ ਤੇ ਪਹੁੰਚੇ ਤਾਂ ਪ੍ਰੋਗਰਾਮ ਇੱਕ ਤਰਾਂ ਨਾਲ ਚਰਮ ਸੀਮਾਂ ਤੇ ਪਹੁੰਚ ਗਿਆ। ਇਸ ਸ਼ੋਅ ਦੌਰਾਨ ਫਰਿਜ਼ਨੋ ਦੀਆਂ ਸਿਰਕੱਢ ਸ਼ਖ਼ਸੀਅਤਾਂ ਨੇ ਸ਼ਿਰਕਤ ਕਰਕੇ ਪ੍ਰੋਗਰਾਮ ਨੂੰ ਹੋਰ ਚਾਰ ਚੰਨ ਲਾਏ।  ਪ੍ਰੋਗਰਾਮ ਦੇ ਅੰਤ ਵਿੱਚ ਪੱਤਰਕਾਰ ਨੀਟਾ ਮਾਛੀਕੇ ਨੇ ਸਮੂੰਹ ਸਪਾਂਸਰ ਤੇ ਦਰਸ਼ਕ ਵੀਰਾਂ ਦਾ ਧੰਨਵਾਦ ਕੀਤਾ। ਸਾਹਿੱਤਕ ਰੰਗ ਵਿੱਚ ਰੰਗਿਆ ਇਹ ਪ੍ਰੋਗਰਾਮ ਅਮਿੱਟ ਪੈੜਾਂ ਛੱਡਦਾ ਯਾਦਗਾਰੀ ਹੋ ਨਿਬੜਿਆ।  ਪ੍ਰੋਗਰਾਮ ਦੀ ਸਮਾਪਤੀ ਤੋਂ ਬਾਅਦ ਐਨ ਕੇ ਆਰ ਐਸ ਟਰੱਕਿੰਗ ਵਾਲੇ ਅਮੋਲਕ ਸਿੱਧੂ (ਭੋਲੇ) ਨੇ ਸ਼ਾਨਦਾਰ ਰਾਤਰੀ ਦੇ ਭੋਜਨ ਦਾ ਪ੍ਰਬੰਧ ਇੰਡੀਆ ਕਬਾਬ ਰੈਸਟੋਰਿੰਟ ਵਿੱਚ ਕੀਤਾ। ਬਿਨਾਂ ਕਿਸੇ ਅੜਚਨ ਦੇ ਇਹ ਪ੍ਰੋਗਰਾਮ ਦਰਸ਼ਕਾਂ ਦੇ ਭਾਰੀ ਇਕੱਠ ਦਰਮਿਆਨ ਬੇਹੱਦ ਕਾਮਯਾਬ ਰਿਹਾ ਅਤੇ ਇਸ ਕਾਮਯਾਬੀ ਦਾ ਸਿਹਰਾ ਪ੍ਰਮੋਟਰ ਵੀਰਾ ਸਿਰ ਜਾਂਦਾ ਹੈ।

Install Punjabi Akhbar App

Install
×