ਗਾਇਕ ਹਸਰਤ ਦਾ ਨਵਾਂ ਗੀਤ ‘ਬਾਬਾ ਨਾਨਕ ਪੀਰ ਵਲੀ ਮੇਰੇ ਅੰਦਰ ਵਸਦਾ’ ਹੋਇਆ ਰਿਲੀਜ਼,ਬਣਿਆ ਦਰਸ਼ਕਾਂ ਦੀ ਪਸੰਦ

ਗੁਰੂ ਨਾਨਕ ਦੇਵ ਜੀ ਦਾ ਸੰਬੰਧ ਕਿਸੇ ਇੱਕ ਧਰਮ ਨਾਲ ਨਹੀਂ ਹੈ। ਸਿੱਖ ਧਰਮ ਵਿੱਚ ਓਹਨਾ ਨੂੰ “ਗੁਰੂ” ਦਾ ਦਰਜਾ ਦਿੱਤਾ ਗਿਆ ਹੈ ਮੁਸਲਿਮ ਧਰਮ ਵਿੱਚ ਓਹਨਾ ਨੂੰ “ਪੀਰ ਵਲੀ” ਆਖਿਆ ਗਿਆ ਹੈ। ਧਰਮ ਕੋਈ ਵੀ ਹੋਵੇ ਜੋ ਲੋਕ ਸੱਚੇ ਮਨ ਨਾਲ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਨ, ਉਹ ਓਨਾ ਨੂੰ ਆਪਣੇ ਅੰਗ ਸੰਗ ਮੰਨਦੇ ਹਨ।ਸਾਜ਼ ਨਵਾਜ਼ ਵੱਲੋਂ ਗੁਰੂ ਨਾਨਕ ਦੇਵ ਜੀ ਨੂੰ ਸਮਰਪਿਤ ਇੱਕ ਗੀਤ ਜਾਰੀ ਕੀਤਾ ਗਿਆ ਹੈ। ਗੀਤ ਦੇ ਬੋਲ ਹਨ “ਬਾਬਾ ਨਾਨਕ ਪੀਰ ਵਲੀ ਮੇਰੇ ਅੰਦਰ ਵਸਦਾ”। ਗੀਤ ਦੇ ਬੋਲ ਸੁਣ ਕੇ ਹੀ ਇੱਕ ਪਵਿੱਤਰਤਾ ਦੀ ਲਹਿਰ ਹਿਲੋਰੇ ਲੈਣ ਲੱਗ ਜਾਂਦੀ ਹੈ। “ਹਸਰਤ” ਨੇ ਆਪਣੀ ਬਹੁਤ ਮਿੱਠੀ ਜਿਹੀ ਆਵਾਜ਼ ਨਾਲ ਗੀਤ ਨੂੰ ਹੋਰ ਕਮਾਲ ਬਣਾ ਦਿੱਤਾ ਹੈ। ਇਸ ਗੀਤ ਦੇ ਸਿਰਜਣਹਾਰ “ਮਨੀ ਮਨਜੋਤ” ਹਨ। ਉਹ ਪਹਿਲਾ ਵੀ ਆਪਣੀ ਬਾ ਕਮਾਲ ਕਲਮ ਨਾਲ ਰੂਹਾਨੀਅਤ ਨੂੰ ਪੇਸ਼ ਕਰਦੇ ਗੀਤ ਲਿਖ ਚੁੱਕੇ ਹਨ। ਹਸਰਤ ਅਤੇ ਨਵਨੀਤ ਜੌੜਾ ਨੇ ਰਬਾਬ ਅਤੇ ਸਾਰੰਗੀ ਨਾਲ ਸੰਗੀਤ ਨੂੰ ਸ਼ਿਗਾਰਿਆ ਹੈ। ਹਰਜਿੰਦਰ ਜੋਹਲ ਦੇ ਨਿਰਦੇਸ਼ਨ ਵਿੱਚ ਗੀਤ ਦੀ ਵੀਡੀਓ ਨੂੰ ਆਸਟ੍ਰੇਲੀਆ ਅਤੇ ਪੰਜਾਬ ਵਿੱਚ ਸ਼ੂਟ ਕੀਤਾ ਗਿਆ ਹੈ।
“ਨਾਨਕ ਗਾਈਏ, ਨਾਨਕ ਸੁਣੀਏ,
ਨਾਨਕ ਪੜ੍ਹੀਏ, ਅੰਗ ਸੰਗ ਤੁਰੀਏ”
ਗੀਤ ਦੀ ਕਹਾਣੀ ਇੱਕ ਕੁੜੀ ਦੇ ਆਸਟ੍ਰੇਲੀਆ ਪਹੁੰਚਣ ਤੋਂ ਤੁਰਦੀ ਹੈ। ਬੇਗਾਨੇ ਦੇਸ਼ ਜਾ ਕੇ ਉੱਥੇ ਉਸਨੂੰ ਕਿਸ ਕਿਸ ਤਰਾਂ ਦੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਗੀਤ ਵਿਚ ਦਿਖਾਇਆ ਗਿਆ ਹੈ। ਉਸ ਕੋਲ ਇੱਕ ਮੌਕਾ ਆਉਂਦਾ ਹੈ ਕਿ ਉਹ ਬੇਈਮਾਨੀ ਕਰਕੇ ਆਪਣੀ ਜ਼ਿੰਦਗੀ ਨੂੰ ਸੰਵਾਰ ਸਕਦੀ ਹੈ ਪਰ ਉਹ ਬਾਬੇ ਨਾਨਕ ਦੇ ਦਿਖਾਏ ਰਾਹ ਤੇ ਤੁਰਨ ਦਾ ਫੈਸਲਾ ਕਰਦੀ ਹੈ ਅਤੇ ਮਿਹਨਤ ਨਾਲ ਇੱਕ ਚੰਗੇ ਮੁਕਾਮ ਤੇ ਪਹੁੰਚ ਜਾਂਦੀ ਹੈ। ਸਾਰੀ ਜ਼ਿੰਦਗੀ ਉਸਨੂੰ ਇਸ ਗੱਲ ਦੀ ਤੱਸਲੀ ਰਹਿੰਦੀ ਹੈ ਕਿ ਉਸਨੇ ਗੁਰੂ ਨਾਨਕ ਦੇ ਰਾਹ ਤੋਂ ਉਲਟ ਜਾਣ ਦਾ ਫੈਸਲਾ ਨਹੀਂ ਚੁਣਿਆ। ਉਸਦੇ ਇਹੀ ਸੰਸਕਾਰ ਉਸਦੀ ਬੇਟੀ ਚ ਵੀ ਝਲਕਦੇ ਹਨ, ਜਿਸ ਨੂੰ ਦੇਖ ਕੇ ਉਹ ਆਪਣਾ ਪਿਛੋਕੜ ਯਾਦ ਕਰਦੀ ਹੈ ਕਿ ਕਿਸ ਤਰਾਂ ਉਸਨੇ ਆਪਣੇ ਛੋਟੇ ਹੁੰਦੇ ਇੱਕ “ਫ਼ਕੀਰ” ਨੂੰ ਰੋਟੀ ਦਿੱਤੀ ਸੀ ਅਤੇ ਬਦਲੇ ‘ਚ ਉਸ ਫ਼ਕੀਰ ਨੇ ਉਸਨੂੰ ਦੁਆਵਾਂ ਦਿੱਤੀਆਂ ਸਨ ਅਤੇ ਇੱਕ “ਇੱਕ ਓਂਕਾਰ” ਦਾ ਲੋਕੇਟ ਦਿੱਤਾ ਸੀ ਜੋ ਉਸਨੇ ਹੁਣ ਤੱਕ ਸਾਂਭ ਕੇ ਰੱਖਿਆ ਹੁੰਦਾ ਹੈ। ਇਹ ਉਸਦੇ ਜ਼ਿੰਦਗੀ ਦੇ ਚੰਗੇ ਮਾੜੇ ਦੌਰ ਵਿੱਚ ਉਸਦੇ ਨਾਲ ਰਿਹਾ ਅਤੇ ਉਹ ਇਸਦੀ ਸ਼ੁਕਰਗੁਜ਼ਾਰ ਹੈ।ਵਿਸਾਖੀ ਦੇ ਮੌਕੇ ਤੇ ਰਿਲੀਜ਼ ਕੀਤੇ ਗਏ ਇਸ ਗੀਤ ਤੋਂ ਸਮਾਜ ਨੂੰ ਇੱਕ ਬਹੁਤ ਚੰਗਾ ਸੰਦੇਸ਼ ਮਿਲਦਾ ਹੈ। ਸੁੱਖ ਵੇਲੇ ਦੁੱਖ ਵੇਲੇ ਉਸ ਪ੍ਰਮਾਤਮਾ ਨੂੰ ਹਮੇਸ਼ਾ ਆਪਣੇ “ਅੰਗ ਸੰਗ” ਸਮਝਣਾ ਚਾਹੀਦਾ ਹੈ, ਕਿਓਂਕਿ ਉਹ ਹਮੇਸ਼ਾ ਤੁਹਾਡੇ ਨਾਲ ਹੁੰਦਾ ਹੈ ਪਰ ਅਸੀਂ ਆਪ ਹੀ ਮੰਨਣਾ ਨਹੀਂ ਚਾਹੁੰਦੇ। ਉਮੀਦ ਹੈ ਕਿ ਆਉਣ ਵਾਲੇ ਸਮੇਂ ਚ ਇਸ ਤਰਾਂ ਦੇ ਰੂਹਾਨੀਅਤ ਭਰੇ ਗੀਤ ਹੋਰ ਵੀ ਦੇਖਣ ਸੁਨਣ ਨੂੰ ਮਿਲਣਗੇ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਨੂੰ ਇਸ ਗੀਤ ਤੋਂ ਪਹਿਲਾਂ ਇਸ ਰੂਪ ਵਿੱਚ ਕਿਸੇ ਨੇ ਪਰਿਭਾਸ਼ਿਤ ਨਹੀਂ ਕੀਤਾ। ਇਸ ਵਿਲੱਖਣਤਾ ਨੂੰ ਲੋਕਾਂ ਦੇ ਸਹਿਯੋਗ ਦੀ ਲੋੜ ਹੈ ਤਾਂ ਜੋ ਸਮਾਜ ਨੂੰ ਇੱਕ ਚੰਗੀ ਸਿਹਤ ਦਿੱਤੀ ਜਾ ਸਕੇ।

(ਹਰਜਿੰਦਰ ਸਿੰਘ ਜਵੰਦਾ) 9463828000

Install Punjabi Akhbar App

Install
×