40 ਸਾਲਾ ਜਸ਼ਨ ‘ਤੇ ਤਸਵੀਰਾਂ ਜਾਰੀ: ਸਿੰਗਾਪੁਰ ਏਅਰ ਲਾਈਨ ਨੂੰ ਨਿਊਜ਼ੀਲੈਂਡ ਉਤਰਦਿਆਂ ਹੋ ਗਏ 40 ਸਾਲ-ਪਹਿਲੀ ਫਲਾਈਟ ‘ਚ ਵੀ ਪੁੱਜੇ ਸਨ ਸਰਦਾਰ

NZ PIC 6 May-1
ਸਿੰਗਾਪੁਰ ਏਅਰ ਲਾਈਨ ਦੇ ਜ਼ਹਾਜ਼ਾਂ ਨੂੰ ਨਿਊਜ਼ੀਲੈਂਡ ਉਤਰਦਿਆਂ (ਲੈਂਡ ਹੁੰਦਿਆਂ) 40 ਸਾਲ ਹੋ ਗਏ ਹਨ। ਸਿੰਗਾਪੁਰ ਏਅਰ ਲਾਈਨ ਨੇ 40 ਸਾਲ ਪਹਿਲਾਂ ਦੀਆਂ ਇਤਿਹਾਸਕ ਤਸਵੀਰਾਂ ਜਾਰੀ ਕੀਤੀਆਂ ਹਨ। ਪਹਿਲੀ ਫਲਾਈਟ ਆਕਲੈਂਡ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਸੰਨ 1976 ਦੇ ਵਿਚ ਉਤਰੀ ਸੀ।  ਇਨ੍ਹਾਂ ਤਸਵੀਰਾਂ ਨੂੰ ਵੇਖ ਕੇ ਭਾਰਤੀਆਂ ਦੀ ਖੁਸ਼ੀ ਹੋਰ ਵੀ ਉਦੋਂ ਦੁੱਗਣੀ ਹੋ ਜਾਂਦੀ ਹੈ ਜਦੋਂ ਇਨ੍ਹਾਂ ਦੇ ਵਿਚ ਇਕ ਸਰਦਾਰ ਜੀ ਅਤੇ ਇਕ ਮਹਿਲਾ ਸਾੜੀ ਦੇ ਵਿਚ ਖੜ੍ਹੀ ਦਿਖਾਈ ਦਿੰਦੀ ਹੈ। ਇਨ੍ਹਾਂ ਤੋਂ ਸਿੱਧ ਹੁੰਦਾ ਹੈ ਕਿ 40 ਸਾਲ ਪਹਿਲਾਂ ਆਈ ਪਹਿਲੀ ਫਲਾਈਟ ਦੇ ਵਿਚ ਭਾਰਤੀਆਂ ਦੀ ਗਿਣਤੀ ਵੀ ਹਾਜ਼ਿਰ ਸੀ। ਸਰਦਾਰ ਜੀ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਪੰਜਾਬੀ ਹੋਣਗੇ। ਹੋ ਸਕਦਾ ਹੈ ਉਹ ਹੁਣ ਵੀ ਨਿਊਜ਼ੀਲੈਂਡ ਹੋਣ ਪਰ ਸ਼ਾਇਦ ਬਾਅਦ ਵਿਚ ਪਤਾ ਲੱਗ ਜਾਵੇ। ਉਸ ਸਮੇਂ ਸਿੰਗਾਪੁਰ ਦੇ ਏਅਰ ਸਟਾਫ ਨੂੰ ਇਥੇ ਦੇ ਪਰੰਪਰਾਗਤ ਤਰੀਕੇ ਨਾਲ ਮਾਓਰੀ ਹਾਕਾ ਕਰਕੇ ‘ਜੀ ਆਇਆਂ ਆਖਿਆ’ ਗਿਆ ਸੀ। ਸਿੰਗਾਪੁਰ ਏਅਰ ਲਾਈਨ 69 ਸਾਲ ਪਹਿਲਾਂ ਮਈ 1947 ਦੇ ਵਿਚ ਮਾਲਾਇਨ ਏਅਰਵੇਜ਼ ਲਿਮਟਡ ਦੇ ਨਾਂਅ ਤੇ ਸੀ ਅਤੇ 1972 ਦੇ ਵਿਚ ਸਿੰਗਾਪੁਰ ਏਅਰ ਲਾਈਨ ਬਣੀ ਸੀ। ਇਸ ਤਰ੍ਹਾਂ 43 ਸਾਲ ਹੋ ਗਏ ਹਨ ਇਸ ਦੇ ਜ਼ਹਾਜਾਂ ਨੂੰ ਹਵਾਈ ਸਵਾਰੀਆਂ ਨੂੰ ਸਫਰ ਕਰਵਾਉਂਦਿਆਂ। 23963 ਇਸਦੇ ਕਾਮੇ ਹਨ ਅਤੇ ਕੰਪਨੀ ਦਾ ਕੁੱਲ ਲਾਭ 15.565 ਬਿਲੀਅਨ ਸਿੰਗਾਪੁਰ ਡਾਲਰ ਦੇ ਬਰਾਬਰ ਹੈ। ਇਸ ਵੇਲੇ ਕੰਪਨੀ ਕੋਲ 102 ਜਹਾਜ਼ ਹਨ। ਏਅਰ ਹੋਸਟੈਸ ਦੀ ਵਰਦੀ ਵੀ ਹੁਣ ਤੱਕ 1972 ਵਾਲੀ ਰੱਖੀ ਗਈ ਹੈ ਅਤੇ ਇਸ ਨੂੰ ਸਾਰੋਂਗ ਕੀਬਾਇਆ ਆਖਿਆ ਜਾਂਦਾ ਹੈ।