ਸੰਧੂਰੀ ਅੰਬ!

ਪਾਲੋ ਨੂੰ ਹਸਪਤਾਲ 'ਚ ਮੰਜੇ 'ਤੇ ਪਿਆਂ ਤੇਰ੍ਹਵਾਂ ਦਿਨ ਸੀ। ਉਸਦੀ ਬਿਮਾਰੀ ਦਾ ਕਿਸੇ ਵੀ ਡਾਕਟਰ ਨੂੰ ਹਾਲੇ ਤੀਕ ਪਤਾ ਨਹੀਂ ਸੀ ਲੱਗ ਸਕਿਆ। ਭਾਵੇਂ ਉਹਨੂੰ ਪਿਛਲੇ ਡੇਢ ਕੁ ਮਹੀਨੇ ਤੋਂ ਹੀ ਕਦ-ਕਦਾਈਂ ਬੁਖਾਰ ਦੀ ਸ਼ਿਕਾਇਤ ਰਹਿਣ ਲੱਗੀ ਸੀ। ਕੋਈ ਸਿਆਣਾ ਵੈਦ ਉਹਨੂੰ ਵੱਡੀ ਮਾਤਾ ਦੀ ਕਰੋਪੀ ਦੱਸਦਾ ਤੇ ਕੋਈ ਟੀ.ਬੀ. ਦੱਸਦਾ ਪਰ ਕਿਸੇ ਵੀ ਪੂਰਾ ਭੇਤ ਨਾ ਪਾਇਆ।
ਪਹਿਲਾਂ-ਪਹਿਲ ਤਾਂ ਪੰਜੀਂ-ਸੱਤੀਂ ਦਿਨੀਂ ਪੇਟ ਦਰਦ ਹੁੰਦਾ ਪਰ ਹੁਣ ਤਾਂ ਲਗਾਤਾਰ ਪਿਛਲੇ ਕਈ ਦਿਨਾਂ ਤੋਂ ਉਹਨੂੰ ਪੇਟ ਦਰਦ ਤੇ ਨਾਲ-ਨਾਲ ਤੇਜ਼ ਬੁਖਾਰ ਵੀ ਹੋ ਰਿਹਾ ਸੀ। ਬੁਖਾਰ ਸੀ ਜਾਂ ਕੋਈ ਦੈਂਤ। ਉਤਰਨ ਦਾ ਨਾਂ ਹੀ ਨਹੀਂ ਸੀ ਲੈਂਦਾ। ਪਿੰਡ ਦੇ ਵੈਦਾਂ ਬਥੇਰੀਆਂ ਦਵਾਈਆਂ-ਬੂਟੀਆਂ ਬਦਲ-ਬਦਲ ਦਿੱਤੀਆਂ ਪਰ ਉਹਨੂੰ ਕੋਈ ਫ਼ਰਕ ਨਾ ਪਿਆ ਤੇ ਆਖ਼ਰ ਉਹਨੂੰ ਨੇੜੇ ਦੇ ਸਰਕਾਰੀ ਹਸਪਤਾਲ 'ਚ ਦਾਖ਼ਲ ਹੀ ਕਰਾ ਦਿੱਤਾ।
ਜਨਾਨਾ ਵਾਰਡ ਦੇ ਬੈੱਡ ਨੰਬਰ ਦੋ 'ਤੇ ਪਈ ਪਾਲੋ ਸੋਚ ਰਹੀ ਸੀ-
ਪੰਜ ਵਰ੍ਹੇ ਪਹਿਲਾਂ ਉਹਦਾ ਬਾਪੂ ਦਿਆਲਾ ਸਰਦਾਰਾਂ ਨਾਲ ਸੀਰੀ ਸੀ। ਕਈ ਵਰ੍ਹਿਆਂ ਤੋਂ ਉਹ ਸਰਦਾਰਾਂ ਦੇ ਹੀ ਕੰਮ ਕਰਦਾ ਚਲਿਆ ਆ ਰਿਹਾ ਸੀ। ਸਰਦਾਰ ਅਰਗਾ ਨੇਕ ਬੰਦਾ ਪਿੰਡ 'ਚ ਕੋਈ ਨਹੀਂ ਸੀ। ਦਿਆਲੇ ਦਾ ਵੀ ਸਰਦਾਰ ਨਾਲ ਮਨ ਮਿਲ ਗਿਆ ਸੀ। ਏਸੇ ਕਰਕੇ ਹੀ ਸਰਦਾਰ ਦਿਆਲੇ ਨੂੰ ਨਾ ਛੰਡਦਾ ਤੇ ਦਿਆਲਾ ਸਰਦਾਰ ਨੂੰ।
ਸਰਦਾਰ ਦਾ ਵੱਡਾ ਮੁੰਡਾ ਰਵੀ ਇੰਦਰ ਸਿੰਘ ਕਈ ਵਾਰ ਕਾਲਜੋਂ ਫੇਲ੍ਹ ਹੋ ਕੇ ਹਟ ਗਿਆ ਸੀ ਤੇ ਹੁਣ ਉਹ ਪਿੰਡ ਹੀ ਕਦ-ਕਦਾਈਂ ਟਰੈਕਟਰ ਨਾਲ ਹਲ਼ ਵਾਹ ਜੱਕੜ ਮਾਰ ਛੱਡਦਾ। ਸਰਦਾਰ ਨੂੰ ਉਹਦੀਆਂ ਆਦਤਾਂ ਨਾ ਭੌਂਦੀਆਂ ਪਰ ਉਹ ਕੀ ਕਰਦਾ? ਉਹਦਾ ਇੱਕੋ-ਇੱਕ ਮੁੰਡਾ ਸੀ ਤੇ ਬਾਕੀ ਚਾਰ ਕੁੜੀਆਂ ਹੀ ਕੁੜੀਆਂ। ਉਹਨੇ ਰਵੀ 'ਤੇ ਪੰਜਾਹ-ਸੱਠ ਹਜ਼ਾਰ ਰੁਪਈਆ ਵੀ ਕਾਲਜ 'ਚ ਪੱਟਿਆ ਪਈ ਸ਼ਾਇਦ ਇਹ ਬੰਦਾ ਬਣਜੇ ਪਰ ਉਹ ਤਾਂ ਛੇਆਂ ਸਾਲਾਂ 'ਚ ਪਹਿਲਾ ਸਾਲ ਵੀ ਨਾ ਕਰ ਸਕਿਆ ਤੇ ਆਖ਼ਰ ਉਹਨੂੰ ਘਰ ਹੀ ਮੰਗਾ ਲਿਆ। ਸਰਦਾਰ ਦੇ ਫਾਰਮਾਂ 'ਚ ਇੱਕ ਛੋਟਾ ਜਿਹਾ ਅੰਬਾਂ ਦਾ ਬਾਗ ਸੀ।
''ਚੱਲ ਹੋਰ ਨੀ ਤੂੰ ਰਵੀ ਬਾਗ ਦੀ ਹੀ ਬਿੜਕ-ਛਿੜਕ ਲੈ ਆਇਆ ਕਰ। ਪੜ੍ਹਨਾ ਤਾਂ ਕਿਹੜਾ ਤੂੰ ਸੀਗਾ ਪੜ੍ਹ ਲਿਆ।'' ਭਾਵੇਂ ਸਰਦਾਰ ਨੇ ਮਾਲੀ ਰੱਖਿਆ ਹੋਇਆ ਸੀ ਪਰ ਉਹਨੇ ਰਵੀ ਦੀ ਸੰਗਤ ਬਦਲਣ ਲਈ ਥੋੜ੍ਹੀ-ਬਹੁਤੀ ਜ਼ਿੰਮੇਵਾਰੀ ਉਹਦੀ ਲਾ ਦਿੱਤੀ।
ਰਵੀ ਕਦੇ-ਕਦੇ ਖੇਤਾਂ ਵੱਲ ਗੇੜਾ ਮਾਰਨ ਜਾਂਦਾ ਤਾਂ ਮਾਲੀ ਕੋਲ ਕੁਝ ਚਿਰ ਜਾ ਬਹਿੰਦਾ ਪਰ ਬੱਝਾ-ਰੁੱਧਾ। ਅੰਬ ਪੱਕ ਚੁੱਕੇ ਸਨ ਤੇ ਹੁਣ ਉਹਨੂੰ ਨਿੱਤ ਹੀ ਗੇੜਾ ਮਾਰਨਾ ਪੈਂਦਾ। ਗੇੜਾ ਮਾਰਦੇ ਰਵੀ ਦੇ ਇੱਕ ਦਿਨ ਪਾਲੋ ਨਜ਼ਰੀਂ ਪਈ। ਉਹ ਹਲ਼ ਵਾਹੁਣ ਆਏ ਦਿਆਲੇ ਕੋਲ ਸ਼ਾਇਦ ਕਿਸੇ ਕੰਮ ਆਈ ਸੀ। ਰਵੀ ਦੀ ਨਿਗ੍ਹਾ ਅੱਜ ਪਹਿਲੀ ਵਾਰ ਪਾਲੋ ਵੱਲ ਗਈ ਤੇ ਫਿਰ ਬਾਗ ਦੇ ਪੱਕ ਚੁੱਕੇ ਅੰਬਾਂ ਵੱਲ। ਉਹਨੂੰ ਨਸ਼ਾ ਜਿਹਾ ਹੋ ਗਿਆ। ਉਸ ਪਹਿਲਾਂ ਵੀ ਪਾਲੋ ਨੂੰ ਕਈ ਵਾਰ ਤੱਕਿਆ ਸੀ ਪਰ ਅੱਜ ਦੀ ਤੱਕਣੀ 'ਚ ਉਹਨੂੰ ਫ਼ਰਕ ਜਿਹਾ ਜਾਪਿਆ। ਉਸ ਪਾਲੋ ਨੂੰ ਭੱਜ ਜੱਫੀ 'ਚ ਲੈਣਾ ਚਾਹਿਆ ਪਰ ਫਿਰ ਅੰਬਾਂ ਦੀ ਰਾਖੀ ਫਿਰਦੇ ਮਾਲੀ ਦਾ ਖ਼ਿਆਲ ਆਇਆ।
ਰਵੀ ਦੀਆਂ ਲਾਲ਼ਾਂ ਵਹਿ ਤੁਰੀਆਂ। ਉਹਤੋਂ ਰਹਿ ਨਾ ਹੋਇਆ, ''ਪਾਲੋ ਅੰਬ ਨੀ ਚੂਪਣੇ?'' ਪਾਲੋ ਨੀਵੀਂ ਜਿਹੀ ਪਾ ਕੋਲ ਦੀ ਲੰਘ ਗਈ ਤੇ ਬੋਲੀ ਕੁਝ ਨਾ।
ਉਹਨੂੰ ਆਪਣੇ ਆਪ 'ਤੇ ਗੁੱਸਾ ਜਿਹਾ ਆਇਆ ਤੇ ਭਰਿਆ-ਪੀਤਾ ਮਾਲੀ 'ਤੇ ਜਾ ਵਰ੍ਹਿਆ, ''ਤੈਨੂੰ ਕਿੰਨੀ ਵਾਰ ਕਿਹਾ ਪਈ ਅੰਬ ਤੁੜਵਾ ਕੇ ਮੰਡੀ ਭਿਜਵਾ ਦੇ ਪਰ ਤੇਰੇ 'ਤੇ ਅਸਰ ਈ ਨੀ ਹੁੰਦਾ ਕੋਈ। ਕਿੰਨਾ ਕੁ ਚਿਰ ਰਾਖੀ ਰੱਖਾਂਗੇ ਇਹਨਾਂ ਦੀ? ਆਖ਼ਰ ਇੱਕ ਦਿਨ ਤਾਂ ਮੰਡੀ ਜਾਣੇ ਹੀ ਨੇ ਤੇ ਨਾਲੇ ਹੁਣ ਤਾਂ ਜਮਾਂ ਈ ਪੱਕਗੇ ਨੇ।''
ਮਾਲੀ ਕੁੱਝ ਨਾ ਬੋਲਿਆ ਤੇ ਤੁਰਦਾ-ਤੁਰਦਾ ਬਾਗ ਦੀ ਦੂਜੀ ਨੁੱਕਰੇ ਬਣੀ ਝੁੱਗੀ ਵੱਲ ਨੂੰ ਹੋ ਤੁਰਿਆ। ਰਵੀ ਬੁੜ-ਬੁੜਾਉਂਦਾ ਰਿਹਾ, ''ਏਹਨੂੰ ਬੁੱਢੜੇ ਨੂੰ ਟੇਕ ਨੀ ਆਉਂਦੀ। ਭਲਾ ਏਹਦਾ ਕੀ ਕੰਮ ਸੀ ਏਧਰ ਆਉਣ ਦਾ....।''
ਰਵੀ ਨੂੰ ਦੂਰੋਂ ਤੁਰੀ ਆਉਂਦੀ ਪਾਲੋ ਦਿਸੀ। ਜਾਣੋ ਰਵੀ ਦਾ ਅੰਦਰ ਫਿਰ ਖਿੜ ਗਿਆ। ਉਹ ਪਹਿਲਾ ਗੁੱਸਾ ਭੁੱਲ ਗਿਆ-
''ਮਖੈ ਅੰਬ 'ਨੀ ਚੂਪਣੇ, ਹੁਣ ਤਾਂ ਰਸਣ ਲੱਗ ਗਏ ਨੇ, ਫੇਰ 'ਨੀ ਵੇਲ਼ਾ ਆਉਣਾ।'' ਨੇੜੇ ਆਈ ਪਾਲੋ ਨੂੰ ਦੇਖ ਰਵੀ ਨੇ ਲਲਚਾਈਆਂ ਅੱਖਾਂ ਨਾਲ ਦੇਖਦੇ ਕਿਹਾ।
ਪਾਲੋ ਤਾਂ ਪਹਿਲਾਂ ਹੀ ਅੰਦਰੇ-ਅੰਦਰ ਰਵੀ ਨੂੰ ਚਾਹੁੰਦੀ ਸੀ ਪਰ ਰਵੀ ਨੇ ਤਾਂ ਅੱਜ ਤੱਕ ਪਾਲੋ ਵੱਲ ਦੇਖਿਆ ਤੱਕ ਨਹੀਂ ਸੀ ਤੇ ਅੱਜ ਅਚਾਨਕ ਰਵੀ ਦੇ ਬੁਲਾਉਣ 'ਤੇ ਉਹਤੋਂ ਵੀ ਰਿਹਾ ਨਾ ਗਿਆ। ਮਸੀਂ ਮੌਕਾ ਮਿਲਿਆ ਸੀ ਰਵੀ ਨਾਲ ਗੱਲ ਕਰਨ ਦਾ। ਪਾਲੋ ਤਾਂ ਉਹਨੂੰ ਦਿਲੋਂ ਚਾਹੁੰਦੀ ਸੀ ਪਰ ਉਹਦੇ 'ਚ ਹੀਂਆ 'ਨੀ ਪੈਂਦਾ ਸੀ ਕਿ ਉਹ ਸਰਦਾਰਾਂ ਦੇ ਮੁੰਡੇ ਨਾਲ ਗੱਲ ਵੀ ਕਰੇ ਤੇ ਅੱਜ ਮੌਕਾ ਪਾ ਕੇ ਉਹਨੇ ਪੈਂਤਰਾ ਵਾਹ ਦਿੱਤਾ, ''ਸਰਦਾਰਾ, ਤੂੰ ਕਾਹਨੂੰ ਸਾਨੂੰ ਗਰੀਬਾਂ ਨੂੰ ਅੰਬ ਚੁਪਾਉਣੇ ਨੇ। ਐਵੇਂ ਈ ਉੱਤੋਂ-ਉੱਤੋਂ ਕਹਿੰਦਾਂ।'' ਪਾਲੋ ਨੇ ਝੁੱਗੀ ਅੰਦਰ ਵੜ ਰਹੇ ਮਾਲੀ ਤੋਂ ਅੱਖ ਬਚਾਉਂਦੀ ਨੇ ਕਿਹਾ।
''ਤੂੰ ਇੱਕ ਵਾਰ ਆ ਕੇ ਤੇ ਦੇਖ, ਅੰਬ ਕੀ ਜੋ ਆਖੇਂ....।''
''ਬੱਸ....ਬੱਸ ਸਰਦਾਰਾ, ਐਮੇ ਨਾ ਫੜ੍ਹਾਂ ਮਾਰ....।''
''ਫੜ੍ਹਾਂ ਕੀ, ਤੂੰ ਅਜ਼ਮਾ ਕੇ ਦੇਖ ਲੈ।'' ਰਵੀ ਨੇ ਬੁੱਲ੍ਹਾਂ 'ਤੇ ਜੀਭ ਫੇਰਦੇ ਨੇ ਪਾਲੋ ਦੀ ਬਾਂਹ ਫੜ ਲਈ।
''ਨਾ....ਨਾ....ਰਵੀ ਕੋਈ ਦੇਖਲੂਗਾ।'' ਪਾਲੋ ਨੇ ਬਾਂਹ ਛੁਡਾਉਣੀ ਚਾਹੀ।
''ਹੁਣ ਕਿੱਥੇ....।'' ਕਹਿੰਦਾ ਰਵੀ ਜੱਟ-ਜੱਫਾ ਭਰ ਪਾਲੋ ਨੂੰ ਅੰਬਾਂ ਦੇ ਸੰਘਣੇ ਝੁੰਡ 'ਚ ਲੈ ਗਿਆ। ਹਵਾ ਦਾ ਬੁੱਲਾ ਆਇਆ ਤੇ ਫੇਰ ਹਨ੍ਹੇਰੀ। ਮੁੜ੍ਹਕੇ ਨਾਲ ਭਿੱਜੀ ਸਾਹੋ-ਸਾਹ ਹੋਈ ਪਾਲੋ ਕੁੱਝ ਕੁ ਮਿੰਟਾਂ ਬਾਅਦ ਬਾਹਰ ਨਿਕਲੀ ਤੇ ਏਧਰ-ਉੱਧਰ ਦੇਖਦੀ ਪਿੰਡ ਵੱਲ ਨੂੰ ਤੁਰ ਗਈ।
ਦੂਰ ਪਰ੍ਹੇ ਮਾਲੀ ਹਨ੍ਹੇਰੀ ਨਾਲ ਡਿੱਗ ਚੁੱਕੇ ਅੰਬਾਂ ਨੂੰ 'ਕੱਠੇ ਕਰ ਟੋਕਰੀ 'ਚ ਪਾ ਰਿਹਾ ਸੀ। ਅੰਬਾਂ ਦਾ ਰਸ ਨਿਕਲ-ਨਿਕਲ ਟੋਕਰੀ ਨਾਲ ਲੱਗ ਚੁੱਕਾ ਸੀ। ਰਵੀ ਖੰਘੂਰਾ ਜਿਹਾ ਮਾਰ ਸਰਦਾਰੀ ਰੋਅਬ ਨਾਲ ਕੋਲ ਦੀ ਲੰਘ ਕੇ ਰਾਹ ਵੱਲ ਜਾਂਦੀ ਪਹੀ ਪੈ ਗਿਆ। ਮਾਲੀ ਚੁੱਪ-ਚਾਪ ਅੰਬ 'ਕੱਠੇ ਕਰਦਾ ਰਿਹਾ।
ਹੁਣ ਜਦ ਕਦੇ ਪਾਲੋ ਖੇਤਾਂ ਵੱਲ ਬਾਪੂ ਕੋਲ ਆਉਂਦੀ ਤਾਂ ਉਹਦੀ ਨਿਗ੍ਹਾ ਹਮੇਸ਼ਾ ਬਾਗ ਵੱਲ ਜਾਂਦੀ ਤੇ ਉਦੋਂ ਤੋਂ ਰਵੀ ਵੀ ਲਗਾਤਾਰ ਖੇਤਾਂ ਦਾ ਗੇੜਾ ਮਾਰਨ ਲੱਗ ਪਿਆ। ਪਾਲੋ ਤੇ ਰਵੀ ਅਕਸਰ 'ਕੱਠੇ ਹੋਣ ਲੱਗ ਪਏ।
ਗੱਲਾਂ-ਗੱਲਾਂ 'ਚ ਰਵੀ ਪਾਲੋ ਨਾਲ ਵਿਆਹ ਦੇ ਹਵਾਈ ਕਿਲੇ ਬਣਾਉਂਦਾ ਰਿਹਾ ਪਰ ਇਹ ਕਿਵੇਂ ਹੋ ਸਕਦਾ ਏ? ਪਾਲੋ ਦਾ ਦਿਲ ਨਾ ਮੰਨਦਾ। ਉਹ ਕੰਮੀਆਂ ਦੀ ਕੁੜੀ ਸੀ ਤੇ ਉਹ ਸਰਦਾਰਾਂ ਦਾ ਮੁੰਡਾ। ਸੱਚੇ-ਝੂਠੇ ਲਾਰਿਆਂ ਨਾਲ ਪੰਜ ਵਰ੍ਹੇ ਲੰਘ ਗਏ। ਪਾਲੋ ਦਾ ਦਿਲ ਨਾ ਮੰਨਦਾ ਪਰ ਰਵੀ ਉਹਨੂੰ ਏਧਰ ਉੱਧਰ ਦੀਆਂ ਮਾਰ ਛੱਡਦਾ। ਪਾਲੋ ਨੂੰ ਯਕੀਨ ਨਾ ਆਇਆ, ਜਦ ਉਹਨੇ ਆਪਣੀ ਸਹੇਲੀ ਤੋਂ ਰਵੀ ਦੇ ਹੋ ਰਹੇ ਮੰਗਣੇ ਅਤੇ ਚੜ੍ਹਦੇ ਅੱਸੂ ਦੇ ਵਿਆਹ ਦੀ ਖ਼ਬਰ ਸੁਣੀ। ਉਹ ਥਾਈਂ ਨਿੱਘਰ ਗਈ। ਧਾਹੀਂ ਰੋਈ ਪਰ ਕਿਸੇ ਨੂੰ ਕੀ ਪਤਾ ਸੀ ਉਹਦੇ ਰੋਗ ਦਾ ਤੇ ਉਦੋਂ ਤੋਂ ਉਹ ਢਿੱਡ ਦੁਖਣ ਦੇ ਬਹਾਨੇ ਨਾਲ ਮੰਜੇ 'ਤੇ ਪਈ ਰਹਿਣ ਲੱਗੀ। ਰਵੀ ਦਾ ਵਿਆਹ ਹੋ ਗਿਆ। ਉਹ ਹਾਲੀਂ ਵੀ ਨਾ ਮੰਨਦੀ....ਉਹਦਾ ਦਿਲ ਨਾ ਮੰਨਦਾ ਪਰ ਹੋ ਚੁੱਕੇ ਨੂੰ ਮੇਟਿਆ ਥੋੜ੍ਹੀ ਜਾ ਸਕਦਾ ਸੀ।
ਰਵੀ ਦੇ ਵਿਆਹ ਮਗਰੋਂ ਹੀ ਉਹਨੂੰ ਪੇਟ ਦਰਦ ਤੇ ਬੁਖਾਰ ਰਹਿਣ ਲੱਗਾ ਸੀ। ਉਹ ਦਿਨੋ-ਦਿਨ ਘਟਦੀ ਗਈ ਤੇ ਹੁਣ ਤਾਂ ਤੇਰਾਂ ਦਿਨਾਂ ਤੋਂ ਉਹਨੂੰ ਪੇਟ ਦਰਦ ਦੇ ਨਾਲ-ਨਾਲ ਲੱਕ ਤੋੜਵਾਂ ਬੁਖਾਰ ਵੀ ਹੋ ਗਿਆ ਸੀ। ਕੋਈ ਵੀ ਦਵਾਈ ਕਾਟ ਨਾ ਕਰਦੀ।
ਪਾਲੋ ਨਾ ਕੁਝ ਖਾਂਦੀ, ਨਾ ਪੀਂਦੀ ਤੇ ਨਾ ਹੀ ਮੂੰਹੋਂ ਕੁਝ ਬੋਲਦੀ। ਰਾਊਂਡ 'ਤੇ ਆਇਆ ਡਾਕਟਰ ਉਹਨੂੰ ਨਿੱਤ ਖਾਣ-ਪੀਣ ਬਾਰੇ ਪੁੱਛਦਾ ਪਰ ਉਹ ਚੁੱਪ ਸੀ। ਕਿਸੇ ਚੀਜ਼ ਨੂੰ ਦਿਲ ਮੰਨੇ ਤਾਂ ਉਹ ਆਖੇ। ਚਾਹ ਦੀਆਂ ਦੋ-ਾਰ ਘੁੱਟਾਂ ਜਾਂ ਭੋਰਾ ਦੁੱਧ ਤੋਂ ਬਿਨਾਂ ਪਾਲੋ ਦੇ ਕੁਝ ਨਾ ਲੰਘਦਾ। ਉਹਦੇ ਖਾਣ-ਪੀਣ 'ਤੇ ਡਾਕਟਰ ਵੱਲੋਂ ਪ੍ਰਹੇਜ਼ ਲਾਇਆ ਹੋਇਆ ਸੀ।
ਅਗਲੇ ਦਿਨ ਜਦੋਂ ਰਾਊਂਡ ਕਰਦਾ ਡਾਕਟਰ ਪਾਲੋ ਦੇ ਮੰਜੇ ਕੋਲ ਆਇਆ ਤਾਂ ਉਹਨੇ ਦਿਆਲੇ ਕੋਲ ਇੱਕ ਓਪਰੇ ਆਦਮੀ ਨੂੰ ਦੇਖਦੇ ਕਿਹਾ, ''ਦਿਆਲ ਸਿਆਂ, ਅਸੀਂ ਕੁੜੀ ਦੇ ਖਾਣ-ਪੀਣ 'ਤੇ ਬਥੇਰਾ ਪ੍ਰਹੇਜ਼ ਲਾਇਆ ਪਰ ਫੇਰ ਵੀ ਮੋੜ ਨਾ ਪਿਆ। ਅੱਜ ਅਸੀਂ ਨਵੀਂ ਅਜ਼ਮਾਇਸ਼ ਕਰਨ ਲੱਗੇ ਆਂ। ਏਹਨੂੰ ਕੋਈ ਪ੍ਰਹੇਜ਼ ਨਹੀਂ, ਜੋ ਜੀਅ ਆਵੇ, ਖਾ ਸਕਦੀ ਏ। ਹੋ ਸਕੇ ਤਾਂ ਜ਼ਿਆਦਾ ਸੰਤਰਾ, ਮਾਲਟਾ ਜਾਂ ਕੋਈ ਫਲ-ਫਰੂਟ ਈ ਦਿਉ।''
''ਹੱਛਾ ਡਾਕਟਰ ਸਾਬ੍ਹ, ਮੈਂ ਪੁੱਛਦਾ ਵਾਂ ਕੁੜੀ ਤੋਂ।''
ਕਹਿੰਦੇ ਦਿਆਲੇ ਨੇ ਪਾਲੋ ਦੇ ਸਿਰ 'ਤੇ ਹੱਥ ਫੇਰਦਿਆਂ ਪੁੱਛਿਆ, ''ਪੁੱਤ ਤੂੰ ਕੀ ਖਾਣਾ, ਜੋ ਜੀਅ ਕਰਦੈ ਦੱਸ, ਮੈਂ ਉਹੀ ਤੈਨੂੰ ਲਿਆ ਕੇ ਦੇਊਂ।''
ਪਾਲੋ ਨੇ ਮੋਹ ਭਿੱਜੀਆਂ ਅੱਖਾਂ ਨਾਲ ਬੁੱਢੇ ਦਿਆਲੇ ਵੱਲ ਤੇ ਫੇਰ ਕੋਲ ਖੜ੍ਹੇ ਮਾਲੀ ਵੱਲ ਦੇਖਦਿਆਂ ਸਿਰਫ਼ ਏਨਾ ਕਿਹਾ, ''ਸੰਧੂਰੀ ਅੰਬ।'' ਤੇ ਫੇਰ ਪਾਲੋ ਨੂੰ ਦੌਰਾ ਪੈ ਚੁੱਕਾ ਸੀ। ਉਹਦੀਆਂ ਅੱਖਾਂ ਬੰਦ ਤੇ ਬੁੱਲ੍ਹ ਖ਼ਾਮੋਸ਼ ਸਨ। ਕੋਲ ਖੜ੍ਹਾ ਮਾਲੀ ਵੀ ਚੁੱਪ ਸੀ।

(ਅਮਨਪ੍ਰੀਤ ‘ਬੱਲੀ’)