ਬੀਬੀ ਹਰਪ੍ਰੀਤ ਕੌਰ ਅਤੇ ਕਾਕਾ ਜਤਿੰਦਰ ਸਿੰਘ ਦਾ ਵਿਆਹ ਸਿੱਖ ਸਮਾਜ ਲਈ ਚੰਗਾ ਸੁਨੇਹਾ  

simple marriage

ਅੱਜ ਕੱਲ੍ਹ ਵਿਆਹਾਂ ਉੱਪਰ ਬਹੁਤ ਜ਼ਿਆਦਾ ਖਰਚ ਅਤੇ ਫਜ਼ੂਲ ਦੀਆਂ ਨਵੀਆਂ ਰਸਮਾਂ ਕਰਕੇ ਸਮਾਜ ਅੰਦਰ ਨਵੀਂ ਪਿਰਤ ਪੈ ਚੁੱਕੀ ਹੈ।ਪਰ ਫਿਰ ਵੀ ਸਾਦੇ ਵਿਆਹ ਉਹ ਵੀ ਪੂਰਨ ਗੁਰਮਰਿਆਦਾ ਅਨੁਸਾਰ ਕਰਵਾਉਣ ਵਾਲੇ ਲੜਕੇ ਅਤੇ ਲੜਕੀ ਦਾ ਵਿਆਹ ਵੇਖਣ ਨੂੰ ਮਿਲਦਾ ਹੈ ਤਾਂ ਮਨ ਨੂੰ ਬਹੁਤ ਸਕੂਨ ਮਿਲਦਾ ਹੈ। ਜਿਨ੍ਹਾਂ ਮਾਪਿਆਂ ਨੇ ਸਮਾਜ ਦੇ ਫੋਕੇ ਰੀਤੀ ਰਿਵਾਜ਼ਾਂ ਨੂੰ ਦਰਕਿਨਾਰ ਕਰਕੇ ਆਪਣੇ ਬੱਚਿਆਂ ਨੂੰ ਇਨ੍ਹਾਂ ਸਾਦੇ ਪੂਰਨ ਗੁਰਮਰਿਆਦਾ ਵਾਲੇ ਵਿਆਹਾਂ ਦੀ ਲੜੀ ‘ਚ ਪਰੋਇਆ ਹੈ, ਉਹ ਸੱਚਮੁੱਚ ਭਾਗਾਂ ਵਾਲੇ ਹਨ।ਇਸੇ ਤਰ੍ਹਾਂ ਹੀ ਨਾਭਾ ਦੇ ਸਰਦਾਰਨੀ ਨਰਿੰਦਰ ਕੌਰ ਅਤੇ ਸ੍ਰ. ਸੁਭਾਸ਼ ਸਿੰਘ ਦੀ ਸਪੁੱਤਰੀ ਹਰਪ੍ਰੀਤ ਕੌਰ ਦਾ ਵਿਆਹ ਸਮਾਨੇ ਦੇ ਸਰਦਾਰਨੀ ਦਰਸ਼ਨ ਕੌਰ ਅਤੇ ਸ੍ਰ. ਗੁਰਤੇਜ ਸਿੰਘ ਦੇ ਸਪੁੱਤਰ ਜਤਿੰਦਰ ਸਿੰਘ ਨਾਲ ਸਾਦੇ ਅਤੇ ਪੂਰਨ ਸਿੱਖ ਗੁਰਮਰਿਆਦਾ ਨਾਲ ਹੋਈ।ਆਨੰਦ ਕਾਰਜ ਦੀ ਰਸਮ ਗੁਰਦੁਆਰਾ ਸਾਹਿਬ ਘੋੜਿਆਂ ਵਾਲਾ ਨਾਭਾ ਵਿਖੇ ਹੋਈ।

ਲਾੜੇ ਅਤੇ ਲਾੜੀ ਨੇ ਗੁਰਸਿੱਖੀ ਸਰੂਪ ਵਾਲਾ ਦਿਲਖਿਚਵਾਂ ਸਾਦਾ ਪਹਿਰਾਵਾ ਪਾਇਆ ਹੋਇਆ ਸੀ।ਅਹਿਮ ਗੱਲ ਇਹ ਹੈ ਕਿ ਲੜਕੇ ਅਤੇ ਲੜਕੀ ਨੇ ਸੰਗੀਤ ਵਿਦਿਆ ਪ੍ਰਾਪਤ ਕੀਤੀ ਹੋਈ ਹੈ ਅਤੇ ਦੋਵਾਂ ਨੂੰ ਕੀਰਤਨ ਕਰਨ ਦੀ ਦਾਤ ਦੀ ਬਖਸ਼ਿਸ਼ ਵੀ ਪ੍ਰਾਪਤ ਹੈ।ਦਰਬਾਰ ਸਾਹਿਬ ਸ਼੍ਰੀ ਅੰਮ੍ਰਿਤਸਰ ਦੇ ਹਜੂਰੀ ਰਾਗੀ ਭਾਈ ਸਤਿੰਦਰਪਾਲ ਸਿੰਘ ਦੇ ਜੱਥੇ ਨੇ ਆਨੰਦ ਕਾਰਜ ਦੀ ਰਸਮ ਸਮੇਂ ਰਸਭਿੰਨਾ ਕੀਰਤਨ ਕਰਕੇ ਹਾਜ਼ਰੀ ਲਵਾਈ।ਸੁਭਾਗੀ ਜੋੜੀ ਨੂੰ ਨਾਮਵਰ ਸਖਸ਼ੀਅਤਾਂ ਅਤੇ ਰਿਸਤੇਦਾਰਾਂ,ਸੁਨੇਹੀਆਂ ਵਲੋਂ ਵਧਾਈਆਂ ਅਤੇ ਆਸ਼ੀਰਵਾਦ ਦਿੱਤਾ ਗਿਆ।ਇਸ ਸਮੇਂ ਵਿਲੱਖਣਤਾ ਵਾਲੀ ਗੱਲ ਇਹ ਸੀ ਕਿ ਅੱਜਕੱਲ੍ਹ ਦੇ ਵਿਆਹਾਂ ਵਾਲੀ ਚਮਕ ਦਮਕ ਕਿਤੇ ਦਿਖਾਈ ਨਹੀਂ ਦਿੱਤੀ ।ਫਾਲਤੂ ਦੀਆਂ ਰਸਮਾਂ ਨੂੰ ਤਿਲਾਂਜਲੀ ਦੇ ਕੇ ਦੋਨਾਂ ਪਰਿਵਾਰਾਂ ਨੇ ਨਵੀਂ ਪਿਰਤ ਪਾ ਕੇ ਸਮਾਜ ਲਈ ਚੰਗਾ ਸੁਨੇਹਾ ਦਿੱਤਾ ਹੈ।ਇਸ ਤਰ੍ਹਾਂ ਜਿਥੇ ਪੈਸੇ ਦੀ ਫਜੂਲ ਬਰਬਾਦੀ ਤੋਂ ਬਚਾਅ ਹੁੰਦਾ ਹੈ ਉਥੇ ਹੀ ਸਾਡੇ ਬੱਚਿਆਂ ਨੂੰ ਵਿਆਹਾਂ ਅੰਦਰ ਕਈ ਕੁਝ ਦੇ ਨਾਂ ਤੇ ਪਰੋਸੀ ਜਾਂਦੀ ਲੱਚਰਤਾ ਤੋਂ ਵੀ ਨਿਜਾਤ ਮਿਲੇਗੀ । ਸਿੱਖ ਸਮਾਜ ਨੂੰ ਗੁਰੂ ਸਾਹਿਬਾਨ ਵਲੋਂ ਦਰਸਾਏ ਮਾਰਗ ਅਨੁਸਾਰ ਵਿਆਹ ਕਰਨਾ ਸਮੇਂ ਦੀ ਮੰਗ ਬਣਦੀ ਜਾ ਰਹੀ ਹੈ।ਸਾਨੂੰ ਇਹੋ ਜਿਹੇ ਪਰਿਵਾਰਾਂ ਦੀ ਸੋਚ ਤੋਂ ਸੇਧ ਲੈਣੀ ਚਾਹੀਦੀ ਹੈ।ਬੱਚਿਆਂ ਦੇ ਮਨਾਂ ਅੰਦਰ ਸ਼ੁਰੂ ਤੋਂ ਹੀ ਸਾਦੇ ਵਿਆਹਾਂ ਦੀ ਸੋਚ ਨੂੰ ਪਰੋਣਾ ਚਾਹੀਦਾ ਹੈ। ਵਾਹਿਗੁਰੂ ਜੀ ਇਸ ਸੁਭਾਗੀ ਜੌੜੀ ਨੂੰ ਹਮੇਸ਼ਾਂ ਚੜ੍ਹਦੀਕਲਾ ਬਖਸ਼ਣ।

(ਮੇਜਰ ਸਿੰਘ ਨਾਭਾ)

majorsnabha@gmail.com

Install Punjabi Akhbar App

Install
×