ਇੱਕ ਚੁੱਪ ਸੋ ਸੁੱਖ

Ramesh Sethi Badal 171026 IKK CHUPP SO SUKHhhh
ਸਿਆਣੇ ਕਹਿੰਦੇ ਹਨ। ਇੱਕ ਚੁੱਪ ਸੋ ਸੁੱਖ। ਇਹ ਗੱਲ ਬਹੁਤ ਹੱਦ ਤੱਕ ਸਹੀ ਵੀ ਹੈ।ਚੁੱਪ ਕਰਨ ਨਾਲ ਬਹੁਤੀਆਂ ਸਮੱਸਿਆਵਾਂ ਦਾ ਹੱਲ ਆਪਣੇ ਆਪ ਹੀ ਹੋ ਜਾਂਦਾ ਹੈ। ਆਪਣੀ ਗੱਲ ਅਤੇ ਆਪਣੇ ਤਰਕ ਨੂੰ ਸਹੀ ਠਹਿਰਾਉਣ ਦੇ ਮਕਸਦ ਨਾਲ ਅਸੀਂ ਜ਼ਿਆਦਾ ਬੋਲਦੇ ਹਾਂ। ਕਈ ਵਾਰੀ ਤਾਂ ਉੱਚੀ ਵੀ ਬੋਲਦੇ ਹਾਂ। ਇਸ ਤਰਾਂ ਕਰਨ ਨਾਲ ਬਹੁਤੇ ਵਾਰੀ ਗੱਲ ਵੱਧ ਜਾਂਦੀ ਹੈ। ਤੇ ਨੌਬਤ ਲੜਾਈ ਝਗੜੇ ਤੱਕ ਪਹੁੰਚ ਜਾਂਦੀ ਹੈ। ਬਹਿਸ਼ਬਾਜੀ ਵੀ ਬੋਲਣ ਦੀ ਸ਼ੁਰੂਆਤ ਹੁੰਦੀ ਹੈ। ਜੇ ਇੱਕ ਜਣਾ ਚੁੱਪ ਕਰ ਜਾਵੇ ਤਾਂ ਗੱਲ ਅੱਗੇ ਨਹੀਂ ਵਧਦੀ। ਗੰਭੀਰ ਮਸਲਾ ਵੀ ਸ਼ਾਂਤ ਹੋ ਜਾਂਦਾ ਹੈ। ਪਰ ਇਹ ਹੁੰਦਾ ਨਹੀਂ ਹੈ। ਚੁੱਪ ਕਰਨ ਨੂੰ ਕੋਈ ਤਿਆਰ ਨਹੀਂ ਹੁੰਦਾ। ਚੁੱਪ ਕਰਨਾ ਤੇ ਚੁੱਪ ਰਹਿਣਾ ਸੁਖਾਲਾ ਨਹੀਂ। ਚੁੱਪ ਰਹਿਣ ਲਈ ਵੀ ਬਹੁਤ ਜਿਗਰੇ ਅਤੇ ਸਿਆਣਪ ਦੀ ਲੋੜ ਹੁੰਦੀ ਹੈ।

ਕਈ ਵਾਰੀ ਚੁੱਪ ਬਹੁਤ ਖ਼ਤਰਨਾਕ ਵੀ ਹੁੰਦੀ ਹੈ। ਜੱਦੋ ਕੋਈ ਚੁੱਪ ਕਰ ਜਾਂਦਾ ਹੈ ਤਾਂ ਉਸ ਨੂੰ ਬਰਦਾਸ਼ਤ ਕਰਨਾ ਵੀ ਔਖਾ ਹੁੰਦਾ ਹੈ। ਮੇਰੀ ਮਾਂ ਕਈ ਵਾਰੀ ਘਰੇ ਗ਼ੁੱਸੇ ਹੋ ਜਾਂਦੀ। ਜਾ ਉਹ ਕਿਸੇ ਮਸਲੇ ਤੇ ਸਹਿਮਤ ਨਾ ਹੁੰਦੀ। ਜਾ ਕਈ ਵਾਰੀ ਉਸ ਨੂੰ ਲੱਗਦਾ ਕਿ ਇਹ ਕੰਮ ਉਸ ਦੀ ਇੱਛਾ ਦੇ ਉਲਟ ਹੋਇਆ ਹੈ। ਤਾਂ ਉਹ ਚੁੱਪ ਵੱਟ ਲੈਂਦੀ। ਉਸ ਦੀ ਚੁੱਪ ਤੋ ਅਸੀਂ ਸਮਝ ਜਾਂਦੇ ਕਿ ਕਿਤੇ ਨਾ ਕਿਤੇ ਮਾਮਲਾ ਗੜਬੜ ਹੈ। ਪਰ ਮੁੱਦਾ ਕੀ ਹੈ ।ਉਹ ਕੀ ਚਾਹੁੰਦੀ ਹੈ। ਉਸ ਦੀ ਇੱਛਾ ਕੀ ਹੈ। ਸਾਡੇ ਪੱਲੇ ਕੱਖ ਨਾ ਪੈਂਦਾ। ਅਸੀਂ ਬਹੁਤ ਕੋਸ਼ਿਸ਼ ਕਰਦੇ ਕਿ ਉਹ ਕੁੱਝ ਬੋਲੇ। ਆਪਣਾ ਗ਼ੁੱਸਾ ਨਾਰਾਜ਼ਗੀ ਜ਼ਾਹਿਰ ਕਰੇ। ਪਰ ਉਹ ਚੁੱਪ ਹੀ ਰਹਿੰਦੀ। ਜੋ ਸਾਡੇ ਬਰਦਾਸ਼ਤ ਤੋ ਬਾਹਰ ਹੋ ਜਾਂਦਾ। ਮਾਤਾ ਕੁੱਝ ਬੋਲੋ ਵੀ।ਸਾਨੂੰ ਸਮਝ ਨਾ ਆਉਂਦੀ ਅਸੀਂ ਕੀ ਕਰੀਏ। ਉਸ ਦੀ ਚੁੱਪ ਸਾਡੇ ਤੇ ਭਾਰੀ ਪੈਂਦੀ। ਉਸ ਚੁੱਪ ਦੀ ਸਜ਼ਾ ਸਾਨੂੰ ਉਸ ਦੀਆਂ ਦਿੱਤੀਆਂ ਗਾਲ਼ਾਂ ਅਤੇ ਲੜਾਈ ਨਾਲੋਂ ਵੀ ਜ਼ਿਆਦਾ ਦੁੱਖ ਦਿੰਦੀ।ਉਸ ਚੁੱਪ ਦੀ ਸਜਾ ਦੀ ਤਕਲੀਫ਼ ਅਸੀਂ ਹੀ ਜਾਣਦੇ ਹਾਂ।ਫਿਰ ਜੱਦੋ ਉਹ ਬੋਲਦੀ ਤਾਂ ਸਾਡੇ ਚ ਜਾਨ ਪੈਂਦੀ।

ਸਾਡੇ ਸਾਬਕਾ ਪ੍ਰਧਾਨ ਮੰਤਰੀ ਸ਼੍ਰੀ ਪੀ ਵੀ ਨਰਸਿਮ੍ਹਾ ਰਾਵ ਨੂੰ ਉਹਨਾ ਦੀ ਚੁੱਪ ਕਾਰਨ ਵਿਰੋਧੀ ਧਿਰ ਦੇ ਲੋਕਾਂ ਵੱਲੋਂ ਮੋਨੀ ਬਾਬਾ ਆਖਿਆ ਜਾਂਦਾ ਸੀ। ਉਹ ਹਰ ਗੱਲ ਦੇਖਦੇ ਸੁਣਦੇ ਤੇ ਸਮਝਦੇ ਸਨ ਪਰ ਪ੍ਰਤੀਕਿਰਿਆ ਬਹੁਤ ਘੱਟ ਦਿੰਦੇ ਸਨ। ਉਹਨਾ ਦੀ ਚੁੱਪ ਇੱਕ ਵੱਖਰਾ ਅੰਦਾਜ਼ ਸੀ। ਇਸ ਦੇ ਨਾਲ ਹੀ ਪ੍ਰਸਿੱਧ ਅਰਥਸ਼ਾਸਤਰੀ ਅਤੇ ਭਾਰਤ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਵੀ ਬਹੁਤਾ ਚੁੱਪ ਹੀ ਰਹਿੰਦੇ ਸਨ। ਪਰ ਜੱਦੋ ਬੋਲਦੇ ਸਨ ਤਾਂ ਉਹਨਾ ਦੀ ਗੱਲ ਵਿਚ ਦਮ ਹੁੰਦਾ ਸੀ। ਸੌ ਗੱਲਾਂ ਦਾ ਨਿਚੋੜ ਹੁੰਦਾ ਸੀ। ਪਰ ਇਸ ਦੇ ਉਲਟ ਸਾਡੇ ਮੌਜੂਦਾ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਕੁੱਝ ਜ਼ਿਆਦਾ ਬੋਲਦੇ ਹਨ। ਆਮ ਆਦਮੀ ਜ਼ਿਆਦਾ ਬੋਲਣ ਵਾਲੇ ਨੂੰ ਘੱਟ ਹੀ ਪਸੰਦ ਕਰਦੇ ਹਨ। ਕਈ ਵਾਰੀ ਇਹ ਨੇਤਾ ਲੋਕ ਹਰ ਮਸਲੇ ਤੇ ਬੋਲ ਕੇ ਕੋਈ ਨਾ ਕੋਈ ਵਿਵਾਦ ਖੜ੍ਹਾ ਕਰ ਲੈਂਦੇ ਹਨ।ਰਾਜਨੀਤਿਕ ਲੋਕਾਂ ਦੇ ਬਹੁਤੇ ਵਿਵਾਦਾਂ ਦਾ ਕਾਰਨ ਉਨ੍ਹਾਂ ਦੇ ਹਰ ਵਿਸ਼ੇ ਤੇ ਬਿਨਾ ਮੰਗਿਆ ਬਿਆਨ ਦੇਣਾ ਹੁੰਦਾ ਹੈ। ਕਈ ਨੇਤਾ ਆਪਣੀ ਗੱਲ ਬੜੇ ਸੀਮਤ ਸ਼ਬਦਾਂ ਵਿਚ ਵੱਖਰੇ ਅੰਦਾਜ਼ ਵਿਚ ਕਹਿੰਦੇ ਹਨ। ਗੋਲ ਮੋਲ ਸ਼ਬਦਾਂ ਨਾਲ ਵੀ ਉਹ ਬਹੁਤ ਵੱਡੀ ਗੱਲ ਕਹਿ ਦਿੰਦੇ ਹਨ। ਬੜਬੋਲੇ ਨੇਤਾ ਕਿਸੇ ਨਾ ਕਿਸੇ ਵਿਵਾਦ ਵਿਚ ਫਸੇ ਹੀ ਰਹਿੰਦੇ ਹਨ। ਪਤਾ ਨਹੀਂ ਚਰਚਾ ਵਿਚ ਰਹਿਣ ਲਈ ਇਸ ਤਰਾਂ ਦੇ ਬਿਆਨ ਉਹ ਜਾਣਬੁੱਝ ਕੇ ਚਰਚਾ ਵਿਚ ਰਹਿਣ ਲਈ ਹੀ ਦਿੰਦੇ ਹਨ।

ਗੱਲ ਇੱਕ ਚੁੱਪ ਦੀ ਹੈ। ਇੱਕ ਵਾਰੀ ਚੁੱਪ ਕਰਨ ਨਾਲ ਵੱਡੀ ਤੋ ਵੱਡੀ ਮੁਸੀਬਤ ਤੋ ਬਚਿਆ ਜਾ ਸਕਦਾ ਹੈ। ਲੜਾਈ ਅਤੇ ਬਹਿਸ ਦਾ ਆਧਾਰ ਬੋਲਣਾ ਹੀ ਹੁੰਦਾ ਹੈ। ਤੇ ਜੱਦੋ ਕੋਈ ਇੱਕ ਧਿਰ ਚੁੱਪ ਕਰ ਜਾਵੇ ਤਾਂ ਉਹ ਲੜਾਈ ਝਗੜਾ ਉੱਥੇ ਹੀ ਸਮਾਪਤ ਹੋ ਜਾਂਦਾ ਹੈ।ਪਰ ਬਹੁਤੇ ਵਾਰੀ ਚੁੱਪ ਨੂੰ ਕਮਜ਼ੋਰੀ ਸਮਝਿਆ ਜਾਂਦਾ ਹੈ। ਲੋਕ ਧਾਰਨਾ ਅਨੁਸਾਰ ਝੂਠਾ ਤੇ ਕਮਜ਼ੋਰ ਬੰਦਾ ਹੀ ਚੁੱਪ ਕਰਦਾ ਹੈ। ਪਰ ਇਹ ਹਰ ਕੇਸ ਵਿਚ ਜ਼ਰੂਰੀ ਨਹੀਂ ਹੁੰਦਾ। ਉਂਜ ਚੁੱਪ ਰਹਿਣ ਨੂੰ ਸਿਆਣਪ ਦੀ ਨਿਸ਼ਾਨੀ ਵੀ ਮੰਨਿਆ ਗਿਆ ਹੈ। ਚੁੱਪ ਨੂੰ ਆਮ ਕਰਕੇ ਮੋਨ ਰਹਿਣਾ ਵੀ ਕਹਿੰਦੇ ਹਨ। ਕੋਈ ਕਿਉਂ ਮੋਨ ਰਹਿੰਦਾ ਹੈ।ਇਸ ਦਾ ਕਾਰਨ ਜਾਣੇ ਬਿਨਾ ਉਸਦੇ ਮੋਨ ਰਹਿਣ ਨੂੰ ਉਸਦੀ ਰਜ਼ਾਮੰਦੀ ਮੰਨ ਲਿਆ ਜਾਂਦਾ ਹੈ। ਲੜਕੀਆਂ ਦੇ ਕੇਸ ਵਿਚ ਅਜਿਹਾ ਹੋ ਜਾਂਦਾ ਹੈ। ਫਿਰ ਇੱਥੇ ਮੋਨ ਨੂੰ ਰਜ਼ਾਮੰਦੀ ਸਮਝ ਕੇ ਕਾਫ਼ੀ ਨੁਕਸਾਨ ਉਠਾਉਣਾ ਪੈ ਸਕਦਾ ਹੈ।ਜੋ ਵੀ ਹੋਵੇ ਇੱਕ ਚੁੱਪ ਦਾ ਅਲੱਗ ਹੀ ਮਜ਼ਾ ਹੈ ਤੇ ਇੱਕ ਚੁੱਪ ਸੋ ਸੁੱਖ ਵੀ ਜ਼ਰੂਰ ਦਿੰਦੀ ਹੈ।

ਰਮੇਸ਼ ਸੇਠੀ ਬਾਦਲ
+91 98 766 27 233

Install Punjabi Akhbar App

Install
×