ਸਿੱਖਸ ਆਫ ਅਮਰੀਕਾ ਦੋਹਾਂ ਮੁਲਕਾਂ ਲਈ ਕੜੀ ਵਜੋਂ ਵਿਚਰੇਗਾ- ਜਸਦੀਪ ਸਿੰਘ ਜੱਸੀ

image1 (4)
ਵਾਸ਼ਿੰਗਟਨ ਡੀ. ਸੀ.  —ਸਿੱਖਸ ਆਫ ਅਮਰੀਕਾ ਅਜਿਹੀ ਜਾਣੀ ਪਹਿਚਾਣੀ ਜਥੇਬੰਦੀ ਹੈ ਜੋ ਪੰਜਾਬੀਆਂ ਅਤੇ ਖਾਸ ਕਰਕੇ ਭਾਰਤੀਆਂ ਦੇ ਮਸਲਿਆਂ ਨੂੰ ਸਰਕਾਰੇ ਦਰਬਾਰੇ ਪੇਸ਼ ਕਰਦੀ ਹੈ। ਜਿੱਥੇ ਇਹ ਸੰਸਥਾ ਦਾ ਪਸਾਰਾ ਦੂਜੀਆਂ ਸਟੇਟਾਂ ਵਿੱਚ ਵੀ ਹੋ ਰਿਹਾ ਹੈ, ਉੱਥੇ ਹੁਣ ਇਹ ਦੋਹਾਂ ਮੁਲਕਾਂ ਅਮਰੀਕਾ-ਭਾਰਤ ਨੂੰ ਮਜ਼ਬੂਤੀ ਨਾਲ ਜੋੜਨ ਦਾ ਕਾਰਜ ਵੀ ਕਰ ਰਹੀ ਹੈ। ਜਿਸਦੇ ਸਿੱਟੇ ਵਜੋਂ ਇਸ ਸੰਸਥਾ ਵਲੋਂ ਸਲਾਨਾ ਵਿਸਾਖੀ ਸਮਾਗਮ ਦਾ ਅਯੋਜਨ ਵੱਡੇ ਪੱਧਰ ਤੇ ਮੈਰੀਲੈਂਡ ਸਟੇਟ ਵਿੱਚ ਕੀਤਾ ਜਾ ਰਿਹਾ ਹੈ। ਜਿਸ ਵਿੱਚ ਭਾਰਤ ਅਤੇ ਅਮਰੀਕਾ ਦੀਆਂ ਉੱਘੀਆਂ ਸਖਸ਼ੀਅਤਾਂ ਮਿਲ ਬੈਠਣਗੀਆਂ।
 ਸਿੱਖਸ ਆਫ ਅਮਰੀਕਾ ਦੇ ਚੇਅਰਮੈਨ ਜਸਦੀਪ ਸਿੰਘ ਜੱਸੀ ਨੇ ਦੱਸਿਆ ਕਿ ਹੋਮਲੈਂਡ ਸਕਿਓਰਿਟੀ ਦੀ ਉੱਪ ਸੈਕਟਰੀ ਵਾਈਟ ਹਾਊਸ ਵਲੋਂ ਆਪਣੀ ਹਾਜ਼ਰੀ ਲਗਵਾਏਗੀ। ਮੈਰੀਲੈਂਡ ਸਟੇਟ ਤੋਂ ਸਟੇਟ ਸੈਕਟਰੀ ਅਤੇ ਡਾਇਰੈਕਟਰ ਕਮਿਊਨਿਟੀ ਸਟੀਵ ਮਕੈਡਮ ਵੀ ਸ਼ਾਮਲ ਹੋਣਗੇ। ਭਾਰਤ ਤੋਂ ਕੇਂਦਰੀ ਪੱਧਰ ਦੇ ਆਫੀਸ਼ਲਾਂ ਤੋਂ ਇਲਾਵਾ ਵਾਸ਼ਿੰਗਟਨ ਸਥਿਤ ਅੰਬੈਸਡਰ ਨਵਤੇਜ ਸਿੰਘ ਸਰਨਾ ਹਾਜ਼ਰ ਹੋਣਗੇ। ਉਨ੍ਹਾਂ ਅੱਗੇ ਦੱਸਿਆ ਕਿ ਇਸ ਈਵੈਂਟ ਵਿੱਚ ਕੇਵਲ ਰੁਤਬੇ ਵਾਲੀਆਂ ਸ਼ਖਸ਼ੀਅਤਾਂ ਸ਼ਾਮਲ ਹੋ ਰਹੀਆਂ ਹਨ ਜੋ ਕਮਿਊਨਿਟੀ ਦੀਆਂ ਮੁਸ਼ਕਲਾਂ ਅਤੇ ਉਨ੍ਹਾਂ ਦੇ ਹੱਲ ਬਾਰੇ ਵਿਚਾਰ ਕਰਨਗੀਆਂ।
 ਆਸ ਹੈ ਕਿ ਸਿੱਖਸ ਆਫ ਅਮਰੀਕਾ ਜਿੱਥੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੇਗਾ, ਉੱਥੇ ਸੱਭਿਆਚਾਰਕ ਪ੍ਰੋਗਰਾਮ ਰਾਹੀਂ ਦੋਹਾਂ ਮੁਲਕਾਂ ਦੀਆਂ ਸਖਸ਼ੀਅਤਾਂ ਅਤੇ ਹਾਜ਼ਰੀਨ ਦਾ ਮਨੋਰੰਜਨ ਵੀ ਕਰੇਗਾ। ਸਿੱਖਸ ਆਫ ਅਮਰੀਕਾ ਇਸ ਮੁਲਕ ਦੀ ਅਜ਼ਾਦੀ ਤੇ ਆਪਣੀ ਪਹਿਚਾਣ ਦਾ ਪ੍ਰਗਟਾਵਾ ਵੀ ਕਰਦਾ ਹੈ ਅਤੇ ਸਿੱਖਾਂ ਦੀਆਂ ਕਾਰਗੁਜ਼ਾਰੀਆਂ ਨੂੰ ਉਜਾਗਰ ਕਰਕੇ ਸਿੱਖਾਂ ਦੀ ਹਾਜ਼ਰੀ ਰਾਸ਼ਟਰੀ ਪੱਧਰ ਤੇ ਵੀ ਲਗਵਾਉਂਦਾ ਹੈ। ਇਸ ਵਿਸਾਖੀ ਸਮਾਗਮ ਨੂੰ ਲੈ ਕੇ ਬਹੁਤ ਉਤਸ਼ਾਹ ਹੈ ਜਿਸ ਕਰਕੇ ਇਹ ਈਵੈਂਟ ਦੀਆਂ ਪੂਰੀਆਂ ਸੀਟਾਂ ਖਚਾਖਚ ਭਰ ਗਈਆਂ ਹਨ।

Install Punjabi Akhbar App

Install
×