ਸਿੱਖਸ ਆਫ ਅਮਰੀਕਾ ਨੇ ਕਿਸਾਨੀ ਅੰਦੋਲਨ ਦਾ ਕੀਤਾ ਡੱਟ ਕੇ ਸਮਰਥਨ, ਮੋਦੀ ਸਰਕਾਰ ਨੂੰ ਕਿਸਾਨਾਂ ਨਾਲ ਨਰਮੀ ਵਾਲਾ ਰਵੱਈਆ ਅਪਣਾਉਣਾ ਚਾਹੀਦਾ ਹੈ —ਚੇਅਰਮੈਨ ਜੱਸੀ

ਵਾਸ਼ਿੰਗਟਨ ਡੀ.ਸੀ. — ਪੰਜਾਬ ਦੇ ਕਿਸਾਨਾਂ ਵਲੋਂ ਸ਼ੁਰੂ ਕੀਤੇ ਗਏ ਕਿਸਾਨੀ ਅੰਦੋਲਨ ਭਾਰਤ ਵਿਚ ਤਾਂ ਹਰਿਆਣਾ, ਯੂ.ਪੀ., ਰਾਜਸਥਾਨ ਅਤੇ ਮੱਧ ਪ੍ਰਦੇਸ਼ ਆਦਿ ਸੂਬਿਆਂ ਵਲੋਂ ਸਮਰਥਨ ਮਿਲ ਹੀ ਰਿਹਾ ਹੈ ਪਰ ਹੁਣ ਵਿਦੇਸ਼ਾਂ ਤੋਂ ਵੀ ਸਹਿਯੋਗ ਮਿਲਣਾ ਸ਼ੁਰੂ ਹੋ ਗਿਆ ਹੈ। ਅਮਰੀਕਾ ਦੇ ਸਿੱਖਾਂ ਦੇ ਅਧਿਕਾਰਾਂ ਦੀ ਗੱਲ ਕਰਦੀ ਸਿੱਖਸ ਫਾਰ ਅਮੈਰਿਕਾ ਸੰਸਥਾ ਵਲੋਂ ਖੁੱਲ ਕੇ ਕਿਸਾਨੀ ਅੰਦੋਲਨ ਦਾ ਸਮਰਥਨ ਕੀਤਾ ਗਿਆ ਹੈ। ਇਸ ਸੰਸਥਾ ਦੇ ਅਹੁਦੇਦਾਰਾਂ ਦੀ ਬੀਤੇ ਦਿਨ ਇਕ ਮੀਟਿੰਗ ਹੋਈ ਜਿਸ ਵਿਚ ਜਸਦੀਪ ਸਿੰਘ ਜੈਸੀ ਚੇਅਰਮੈਨ, ਬਲਜਿੰਦਰ ਸਿੰਘ ਸ਼ੰਮੀ, ਕਮਲਜੀਤ ਸਿੰਘ ਸੋਨੀ, ਦਲਵੀਰ ਸਿੰਘ ਬੀਰਾ, ਗੁਰਚਰਨ ਸਿੰਘ ਵਰਲਡ ਬੈਂਕ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਸਰਬਸੰਮਤੀ ਨਾਲ ਇਹ ਫੈਸਲਾ ਲਿਆ ਗਿਆ ਕਿ ਸਿੱਖਸ ਆਫ ਅਮੈਰਿਕਾ ਵਲੋਂ ਇਸ ਹਫਤੇ ’ਚ ਇੰਡੀਅਨ ਕੌਂਸਲੇਟ ਨੂੰ ਮੈਮੋਰੰਡਮ ਦਿੱਤਾ ਜਾਵੇਗਾ ਜਿਸ ਵਿਚ ਮੋਦੀ ਸਰਕਾਰ ਨੂੰ ਕਿਸਾਨਾਂ ਦੀਆਂ ਮੰਗਾਂ ਮੰਨਣ ਅਤੇ ਉਨਾਂ ਨੂੰ ਬਣਦੀਆਂ ਸਹੂਲਤਾਂ ਦੇਣ ਦਾ ਜ਼ਿਕਰ ਹੋਵੇਗਾ। ਸਿੱਖ ਫਾਰ ਅਮੈਰਿਕਾ ਦੇ ਚੇਅਰਮੈਨ ਸ. ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਪੰਜਾਬ ਦੇ ਕਿਸਾਨ ਆਪਣੀਆਂ ਮੰਗਾਂ ਲਈ ਇਸ ਠੰਡ ਦੇ ਮੌਸਮ ਵਿਚ ਸੜਕਾਂ ਉੱਤੇ ਬੈਠੇ ਪ੍ਰਦਰਸ਼ਨ ਕਰ ਰਹੇ ਹਨ। ਸਰਕਾਰਾਂ ਦੇਸ਼ ਦੀਆਂ ਮਾਈ ਬਾਪ ਹੁੰਦੀਆਂ ਹਨ ਅਤੇ ਪਰਜਾ ਉਨਾਂ ਦੇ ਬੱਚੇ। ਇਸ ਲਈ ਮਾਈ ਬਾਪ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਖਿਆਲ ਰੱਖੇ ਅਤੇ ਉਨਾਂ ਨੂੰ ਹਰ ਬਣਦੀ ਸਹੂਲਤ ਦੇਵੇ।ਚੇਅਰਮੈਨ ਸ: ਜਸਦੀਪ ਸਿੰਘ ਜੱਸੀ ਨੇ ਕਿਹਾ ਕਿ ਮੋਦੀ ਸਰਕਾਰ ਨੂੰ ਅੜੀਅਲ ਰਵੱਈਆ ਛੱਡ ਕੇ ਕਿਸਾਨਾਂ ਨਾਲ ਗੱਲਬਾਤ ਕਰਨੀ ਚਾਹੀਦੀ ਹੈ ਤੇ ਮਸਲੇ ਨੂੰ ਹੱਲ ਕਰਕੇ ਦੇਸ਼ ਵਿਚ ਸ਼ਾਂਤੀ ਵਰਤਾਉਣੀ ਚਾਹੀਦੀ ਹੈ। ਉਨਾਂ ਕਿਹਾ ਕਿ ਅਸੀਂ ਅੱਜ ਸਿੱਖਸ ਫਾਰ ਅਮੈਰਿਕਾ ਵਲੋਂ ਕਿਸਾਨੀ ਸੰਘਰਸ਼ ਦਾ ਮੁਕੰਮਲ ਰੂਪ ਵਿੱਚ ਪੂਰਾ  ਸਮਰਥਨ ਕਰਨ ਦਾ ਐਲਾਨ ਕਰਦੇ ਹਾਂ।

Install Punjabi Akhbar App

Install
×