ਸਿੱਖਸ ਆਫ ਅਮਰੀਕਾ ਦਾ ਵਫਦ ਨਵਜੋਤ ਸਿੰਘ ਸਿੱਧੂ ਨੂੰ ਮਿਲਿਆ

ਨਵਜੋਤ ਸਿੱਧੂ ਨੂੰ ਅਮਰੀਕਾ ਦੀ ਧਰਤੀ ਤੇ ਕੀਤਾ ਜਾਵੇਗਾ ਸੋਨ ਤਮਗੇ ਨਾਲ ਸਨਮਾਨਿਤ : ਜੱਸੀ

ਨਿਊਯਾਰਕ/ਅੰਮ੍ਰਿਤਸਰ 12 ਨਵੰਬਰ – ਭਾਰਤ ਦੇ ਰਾਜਨੀਤਿਕ ਪਿਤਾਮਾ ਅਤੇ ਕਰਤਾਰਪੁਰ ਕੋਰੀਡੋਰ ਦੇ ਮੁੱਖ ਨਾਇਕ ਨਵਜੋਤ ਸਿੰਘ ਸਿੱਧੂ ਦੇ ਸੱਦੇ ਤੇ ਸਿੱਖਸ ਆਫ ਅਮਰੀਕਾ ਦਾ ਤਿੰਨ ਮੈਂਬਰੀ ਵਫਦ ਸਿੱਧੂ ਸਾਹਿਬ ਦੀ ਰਿਹਾਇਸ਼ ਤੇ ਮਿਲਿਆ।ਇਸ ਵਫਦ ਦੀ ਅਗਵਾਈ ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕੀਤੀ। ਉਨ੍ਹਾਂ ਦੇ ਨਾਲ ਬਲਜਿੰਦਰ ਸਿੰਘ ਸ਼ੰਮੀ ਅਤੇ ਡਾ. ਸੁਰਿੰਦਰ ਸਿੰਘ ਗਿੱਲ ਡਾਇਰੈਕਟਰ ਸਿੱਖਸ ਆਫ ਅਮਰੀਕਾ ਵੀ ਹਾਜ਼ਰ ਹੋਏ।
 ਨਵਜੋਤ ਸਿੰਘ ਸਿੱਧੂ ਵਲੋਂ ਵਫਦ ਨੂੰ ਨਿੱਘਾ ਜੀ ਆਇਆਂ ਕਿਹਾ ਅਤੇ ਪੰਜਾਬ ਲਈ ਕੁਝ ਕਰਨ ਗੁਜ਼ਰਨ ਲਈ ਵਿਚਾਰਾਂ ਦੀ ਸਾਂਝ ਪਾਈ। ਜਿੱਥੇ ਉਨ੍ਹਾਂ ਦਾ ਕਰਤਾਰਪੁਰ ਕੋਰੀਡੋਰ ਖੁਲ੍ਹਵਾਉਣ ਵਿੱਚ ਨਿਭਾਈਆਂ ਸੇਵਾਵਾਂ ਦੀ ਜਸਦੀਪ ਸਿੰਘ ਜੱਸੀ ਨੇ ਖੂਬ ਸ਼ਲਾਘਾ ਕੀਤੀ। ਉਨ੍ਹਾਂ ਨੂੰ ਅਮਰੀਕਾ ਵਿਖੇ ਸਿੱਖਸ ਆਫ ਅਮਰੀਕਾ ਦੇ ਉਤਸਵ (ਗਾਲਾ) ਵਿੱਚ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਣ ਦਾ ਸੱਦਾ ਵੀ ਦਿੱਤਾ ਗਿਆ।ਜਸਦੀਪ ਸਿੰਘ ਜੱਸੀ ਚੇਅਰਮੈਨ ਸਿੱਖਸ ਆਫ ਅਮਰੀਕਾ ਨੇ ਕਿਹਾ ਕਿ ਤੁਹਾਡੇ ਸਨਮਾਨ ਦੇ ਅਸੀਂ ਕਰਜਾਈ ਹਾਂ। ਜਿਸ ਦਾ ਐਲਾਨ ਅਸੀਂ ਪਹਿਲੀ ਜੱਫੀ ਤੇ ਹੀ ਕਰ ਦਿੱਤਾ ਸੀ। ਜਿਸਨੂੰ ਅਮਰੀਕਾ ਦੀਆਂ ਸੰਗਤਾਂ ਦੀ ਹਾਜ਼ਰੀ ਵਿੱਚ ਗੋਲਡ ਮੈਡਲ ਦੇ ਰੂਪ ਵਿੱਚ ਤੁਹਾਡੇ ਸਨਮੁਖ ਕਰਾਂਗੇ। 
 ਸਿੱਧੂ ਸਾਹਿਬ ਨੇ ਕਿਹਾ ਕਿ ਮੈਂ ਪੰਜਾਬ ਨੂੰ ਅਜਿਹਾ ਸੂਬਾ ਬਣਾ ਦਿਆਂਗੇ ਜਿਸ ਦੀ ਪੰਜਾਬ ਦੇ ਵਾਸੀ ਸ਼ਾਇਦ ਕਲਪਨਾ ਵੀ ਨਾ ਕਰਦੇ ਹੋਣ। ਲੋੜ ਹੈ ਇਕੱਠੇ ਹੋਣ ਦੀ ਅਤੇ ਹੰਭਲਾ ਮਾਰਨ ਦੀ। ਜਿਸ ਲਈ ਸਮਾਂ ਢੁਕਵਾਂ ਹੈ। ਜੱਸੀ ਨੇ ਕਿਹਾ ਕਿ ਅਮਰੀਕਾ ਲਈ ਸੰਗਤਾਂ ਤੁਹਾਡੇ ਦੀਦਾਰੇ ਤੇਤੁਹਾਨੂੰ ਸੁਣਨ ਲਈ ਇੰਤਜ਼ਾਰ ਕਰ ਰਹੀਆਂ ਹਨ। ਸੋ ਖੁਲ੍ਹਾ ਸਮਾਂ ਕੱਢ ਕੇ ਆਉ। ਡਾ. ਸੁਰਿੰਦਰ ਸਿੰਘ ਗਿੱਲ ਨੇ ਕਿਹਾ ਕਿ ਸਿੱਖਸ ਆਫ ਅਮਰੀਕਾ ਪੰਜਾਬ ਲਈ ਕੁਝ ਕਰਨ ਗੁਜ਼ਰਨ ਲਈ ਉਤਾਵਲੀ ਹੈ। ਜਿਸ ਲਈ ਨਵਜੋਤ ਸਿੰਘ ਸਿੱਧੂ ਦੀਆਂ ਸੇਵਾਵਾਂ ਦੀ ਲੋੜ ਹੈ। ਬਲਜਿੰਦਰ ਸਿੰਘ ਸ਼ੰਮੀ ਨੇ ਡਰੱਗ ਮੁਕਤ ਅਧੁਨਿਕ ਸੈਂਟਰ ਦੀ ਗੱਲ ਕੀਤੀ।
 ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੱਕਾ ਮਨ ਬਣਾ ਕੇ ਆਉ। ਸਾਡੇ ਦਰਵਾਜ਼ੇ ਹਰ ਸਖਸ਼ੀਅਤ ਲਈ ਖੁਲ੍ਹੇ ਹਨ, ਜੋ ਪੰਜਾਬ ਦੀ ਬਿਹਤਰੀ ਲਈ ਕੁਝ ਕਰਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਗਲੀ ਮੀਟਿੰਗ 27 ਨਵੰਬਰ ਤੋਂ ਪਹਿਲਾਂ ਮੁੜ ਮੇਰੇ ਨਾਲ ਕਰੋ ਅਤੇ ਬਜਟ ਨੂੰ ਅਵਾਮ ਦੇ ਸਾਹਮਣੇ ਪੇਸ਼ ਕਰੋ।
 ਜਸਦੀਪ ਸਿੰਘ ਜੱਸੀ ਵਲੋਂ ਧੰਨਵਾਦ ਕਰਨ ਉਪਰੰਤ ਬਜਟ ਭੇਜਣ ਦੀ ਸਹਿਮਤੀ ਪ੍ਰਗਟਾਈ ਗਈ। ਕੌਫੀ ਦੇ ਕੱਪ ਦੀ ਸਾਂਝ ਨਾਲ ਮੀਟਿੰਗ ਆਪਣਾ ਮੁਕਾਮ ਹਾਸਲ ਕਰ ਗਈ। ਇਸ ਮੀਟਿੰਗ ਨੂੰ ਆਯੋਜਿਤ ਕਰਨ ਵਿੱਚ ਡਾਕਟਰ ਜਤਿੰਦਰ ਸਿੰਘ ਪੰਨੂ , ਰਣਜੀਤ ਸਿੰਘ ਰਾਣਾ ਅਤੇ ਪ੍ਰਿਸੀਪਲ ਸਵਿੰਦਰ ਸਿੰਘ ਪੰਨੂ ਦਾ ਅਹਿਮ ਯੋਗਦਾਨ ਰਿਹਾ, ਜੋ ਕਿ ਧੰਨਵਾਦ ਦੇ ਪਾਤਰ ਹਨ।