ਸਿੱਖਾਂ ਦਾ ਅਮਰੀਕੀ ਅਰਥਚਾਰੇ ‘ਚ ਅਹਿਮ ਯੋਗਦਾਨ : ਲੈਫਟੀਨੈਂਟ ਗਵਰਨਰ

Lt Gov
– ਗੁਰਜਤਿੰਦਰ ਰੰਧਾਵਾ ਵੱਲੋਂ ਲੈਫਟੀਨੈਂਟ ਗਵਰਨਰ ਨਾਲ ਕੀਤੀ ਗਈ ਮੀਟਿੰਗ
ਸੈਕਰਾਮੈਂਟੋ, ()- ਸੈਕਟਰੀ ਆਫ ਸਟੇਟ ਕੈਲੀਫੋਰਨੀਆ ਦੀ ਐਡਵਾਇਜ਼ਰੀ ਕਮੇਟੀ ਦੇ ਮੈਂਬਰ ਗੁਰਜਤਿੰਦਰ ਸਿੰਘ ਰੰਧਾਵਾ ਨੇ ਕੈਲੀਫੋਰਨੀਆ ਦੀ ਲੈਫਟੀਨੈਂਟ ਗਵਰਨਰ ਐਲੀਨੀ ਕੋਕਾਲਾਕੀਸ ਨਾਲ ਇਕ ਅਹਿਮ ਮੀਟਿੰਗ ਕੀਤੀ। ਲੈਫਟੀਨੈਂਟ ਗਵਰਨਰ ਦੇ ਦਫਤਰ ਵਿਖੇ 25 ਮਿੰਟ ਦੇ ਕਰੀਬ ਚੱਲੀ ਇਸ ਮੀਟਿੰਗ ਦੌਰਾਨ ਸ. ਰੰਧਾਵਾ ਨੇ ਉਨ੍ਹਾਂ ਨੂੰ ਕੈਲੀਫੋਰਨੀਆ ਵਿਚ ਸਿੱਖਾਂ ਦੇ ਪਿਛੋਕੜ ਅਤੇ ਮੌਜੂਦਾ ਸਥਿਤੀ ਬਾਰੇ ਜਾਣਕਾਰੀ ਦਿੱਤੀ। ਸ. ਰੰਧਾਵਾ ਨੇ ਪਿਛਲੇ ਦਿਨੀਂ ਕੈਲੀਫੋਰਨੀਆ ਵਿਚ ਸਿੱਖਾਂ ਨਾਲ ਵਾਪਰੀਆਂ ਨਸਲੀ ਵਾਰਦਾਤਾਂ ਬਾਰੇ ਵੀ ਉਨ੍ਹਾਂ ਨੂੰ ਜਾਣੂੰ ਕਰਵਾਇਆ ਅਤੇ ਇਸ ਦੇ ਨਾਲ-ਨਾਲ ਹਿਊਸਟਨ ਵਿਖੇ ਸੰਦੀਪ ਸਿੰਘ ਧਾਲੀਵਾਲ ਨੂੰ ਗੋਲੀ ਮਾਰ ਕੇ ਮਾਰੇ ਜਾਣ ਬਾਰੇ ਵੀ ਦੱਸਿਆ।
ਇਸ ‘ਤੇ ਮੈਡਮ ਐਲੀਨੀ ਨੇ ਬਹੁਤ ਅਫਸੋਸ ਜ਼ਾਹਿਰ ਕੀਤਾ ਤੇ ਕਿਹਾ ਕਿ ਮੈਂ ਸਿੱਖ ਕੌਮ ਦੀ ਬਹੁਤ ਕਦਰ ਕਰਦੀ ਹਾਂ। ਉਨ੍ਹਾਂ ਕਿਹਾ ਕਿ ਸਿੱਖ ਇਕ ਮਿਹਨਤਕਸ਼ ਕੌਮ ਹੈ ਅਤੇ ਅਮਰੀਕੀ ਅਰਥਚਾਰੇ ‘ਚ ਇਸ ਦਾ ਵੱਡਮੁੱਲਾ ਯੋਗਦਾਨ ਹੈ। ਮੈਡਮ ਐਲੀਨੀ ਨੇ ਕਿਹਾ ਕਿ ਮੇਰਾ ਪਿਛੋਕੜ ਗਰੀਕ ਨਾਲ ਸੰਬੰਧਤ ਹੈ ਅਤੇ ਸਿੱਖ ਅਤੇ ਗਰੀਕ ਲੋਕਾਂ ਵਿਚ ਬਹੁਤ ਸਮਾਨਤਾ ਹੈ।
ਮੈਡਮ ਐਲੀਨੀ ਨੇ ਸੰਦੀਪ ਸਿੰਘ ਧਾਲੀਵਾਲ ਦੀ ਮੌਤ ‘ਤੇ ਵਿਸ਼ੇਸ਼ ਤੌਰ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਇਸ ਸੰਬੰਧੀ ਸ. ਰੰਧਾਵਾ ਨੂੰ ਇਕ ਸ਼ੋਕ ਸੰਦੇਸ਼ ਵੀ ਈਮੇਲ ਰਾਹੀਂ ਭੇਜਿਆ।
ਮੈਡਮ ਐਲੀਨੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਗੁਰਪੁਰਬ ਦੀ ਸਮੂਹ ਸੰਗਤ ਨੂੰ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਐਲੀਨੀ ਕੋਕਾਲਾਕੀਸ ਕੈਲੀਫੋਰਨੀਆ ਦੀ 50ਵੀਂ ਚੁਣੀ ਹੋਈ ਲੈਫਟੀਨੈਂਟ ਗਵਰਨਰ ਹੈ। ਇਸ ਤੋਂ ਪਹਿਲਾਂ ਉਹ ਓਬਾਮਾ ਪ੍ਰਸ਼ਾਸਨ ਵੇਲੇ ਹੰਗਰੀ (ਯੂਰਪ) ਵਿਖੇ ਅਮਰੀਕਾ ਦੀ ਅੰਬੈਸਡਰ ਵੀ ਰਹਿ ਚੁੱਕੀ ਹੈ।

Install Punjabi Akhbar App

Install
×