ਏਤੀ ਮਾਰ ਪਈ ਕੁਰਲਾਣੇ…..

ਅੱਜ ਪੂਰੇ ਸੰਸਾਰ ਤੇ ਹਾਹਾਕਾਰ ਮੱਚੀ ਹੋਈ ਹੈ।ਮਹਾਮਾਰੀ ਕਰੋਨਾ ਵਾਇਰਸ ਦੀ ਬਿਮਾਰੀ ਦੀ ਦਹਿਸ਼ਤ ਦੇ ਸਾਏ ਹੇਠ ਦੁਨੀਆ ਜੀਅ ਰਹੀ ਹੈ।ਜਿੱਥੇ ਸਾਰੇ ਦੇਸ਼ਾਂ ਵਿੱਚ ਇਹਤਿਆਤ ਵਰਤੀ ਜਾ ਰਹੀ ਹੈ ਉੱਥੇ ਸਾਡਾ ਭਾਰਤ ਦੇਸ਼ ਲੌਕ ਡਾਉਨ ਕੀਤਾ ਗਿਆ ਹੈ।ਬੰਦੇ ਨੂੰ ਜਾਨ ਦੇ ਲਾਲੇ ਪਏ ਨੇ।ਦੁਨੀਆਂ ਤਰਾਹ ਤਰਾਹ ਕਰ ਰਹੀ ਹੈ।ਜਿੱਥੇ ਚੀਨ ਤੇ ਮਹਾਮਾਰੀ ਦਾ ਬਹੁਤ ਅਸਰ ਹੋਇਆ ਉਥੇ ਹੋਰ ਵਿਕਸਤ ਦੇਸ਼ਾ ਨੂੰ ਇਸ ਦਾ ਖਮਿਆਜਾ ਝੇਲਣਾ ਪੈ ਰਿਹਾ ਹੈ।ਇਹ ਸਭ ਉਸ ਕੁਦਰਤ ਨਾਲ ਜੋ ਅਸੀ ਖਿਲਵਾੜ ਕੀਤਾ ਹੈ ਉਹਦਾ ਹੀ ਨਤੀਜਾ ਭੁਗਤ ਰਹੇ।ਪਰ ਫਿਰ ਵੀ ਕੁਝ ਸ਼ਰਾਰਤੀ ਦਿਮਾਗ ਖੌਰੇ ਕਿਉ ਨੀ ਰੱਬ ਦਾ ਖੌਫ ਖਾਂਦੇ।

ਇਹ ਉਹ ਕਿਹੜੇ ਲੋਕ ਨੇ ਜਿੰਨਾ ਦਾ ਦਿਮਾਗ ਸਾਜਸ਼ਾਂ ਕਰ ਰਿਹਾ ਹੈ। ਇਸ ਭਿਆਨਕ ਦੌਰ ਵਿੱਚ ਕਿਸੇ ਇੱਕ ਤਬਕੇ ਦੇ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦੇਣਾ ਗਿਣੀ ਮਿਥੀ ਸ਼ਾਜਿਸ਼ ਹੀ ਹੋ ਸਕਦੀ ਹੈ।ਅਫਗਾਨਿਸਤਾਨ ਦੀ ਘਟਨਾ ਨੇ ਫਿਰ ਇੱਕ ਵਾਰ ਸਿੱਖ ਹਿਰਦਿਆ ਨੂੰ ਵਲੂੰਦਰ ਕੇ ਰੱਖ ਦਿੱਤਾ ਹੈ।ਕਦੋਂ ਤੱਕ? ਆਖਰ ਕਦੋਂ ਤੱਕ ਬਲਦੀ ਦਾ ਬੁੱਥੇ ਇਸ ਨਿੱਧੜਕ ਕੌਮ ਨੂੰ ਦਿੱਤਾ ਜਾਵੇਗਾ?ਜਿੱਥੇ ਅੱਜ ਦੁਨੀਆਂ ਦੇ ਕਿਸੇ ਕੋਨੇ ਤੇ ਕੋਈ ਮੁਸੀਬਤ ਆਉਦੀ ਹੈ ਤਾ ਮੂਹਰਲੀਆਂ ਚ ਖਾਲਸਾ ਅੱਗੇ ਵੱਧ ਚੜ ਕੇ ਮਦਦ ਲਈ ਆਉਦਾ ਹੈ।ਚਾਹੇ ਹੜ ਮਾਰੂ ਇਲਾਕੇ ਹੋਣ,ਚਾਹੇ ਸੰਸਾਰ ਦੇ ਕਿਸੇ ਵੀ ਕੋਨੇ ਚ ਕੋਈ ਆਫਤ ਆਉਦੀ ਹੈ ਤਾਂ ਇਹ ਕੌਮ ਮੌਤ ਦੀ ਪ੍ਰਵਾਹ ਕੀਤੇ ਬਗੈਰ ਉੱਥੇ ਪਹੁੰਚ ਜਾਂਦੀ ਹੈ।ਚਲਦੀ ਮੌਜੂਦਾ ਘਾਤਕ ਬਿਮਾਰੀ ਕਰੋਨਾ ਤੋ ਪ੍ਰਭਾਵਿਤ ਇਲਾਕਿਆਂ ਚ ਜਾ ਕੇ ਖਾਲਸਾ ਘਰੋ ਘਰੀ ਮਦਦ ਪਹੁੰਚਾ ਰਿਹਾ ਹੈ।ਇਹ ਲੋਕ ਆਪਣੀ ਜਾਨ ਦੀ ਪਰਵਾਹ ਕੀਤੇ ਬਗੈਰ ਲੋੜਵੰਦਾਂ ਦੀ ਮਦਦ ਕਰਦੇ ਨੇ।

ਪਰ ਕੌਣ ਕਰਦੈ ਸ਼ਾਜਸ਼ਾ।ਕੌਣ ਜਹਿਰਾਂ ਘੋਲ ਰਿਹਾ ਆਪਸੀ ਭਾਈਚਾਰਕ ਸਾਂਝਾਂ ‘ਚ।ਲਾਘਾ ਖੁਲਣ ਨਾਲ ਕੁਝ ਮਿਠਾਸ ਘੁਲੀ ਸੀ ਦੋਹਾਂ ਪੰਜਾਬਾਂ ਦਰਮਿਆਨ।ਚੰਗਾ ਲੱਗਿਆ ਆਪਣਿਆ ਨੂੰ ਆਪਣੇ ਮਿਲੇ।ਪਰ ਇਹ ਦਹਿਸ਼ਤ ਦੀ ਅੱਗ ਨੇ ਸਭ ਨੂੰ ਝੁੱਲਸ ਕੇ ਰੱਖਿਆ ਹੈ।ਦਹਿਸ਼ਤਗਰਦ ਦਾ ਕੋਈ ਧਰਮ ਨੀ ਹੁੰਦਾ ਕੋਈ ਜਾਤ ਨੀ ਹੁੰਦੀ।ਉਹ ਤਾਂ ਘਾਣ ਕਰਨਾ ਜਾਣਦੇ ਨੇ ਰਿਸ਼ਤਿਆਂ ਦਾ ਮੁਹੱਬਤਾਂ ਦਾ ਤੇ ਅਮਨ ਦਾ।ਜਿਸ ISISIਨੇ ਇਸ ਘਟਨਾ ਜੂੰਮੇਵਾਰੀ ਲਈ ਹੈ।ਉਹ ਨੇ ਆਪਣੇ ਮਜ਼ਹਬ ਦਾ ਖੂਨ ਬਹਾਇਆ ਹੈ।ਜੇ ਕਹਿ ਲਈਏ ਕਿ ਅੱਤਵਾਦੀ ਦਾ ਕੋਈ ਧਰਮ ਨਹੀ ਹੁੰਦਾ ਕੋਈ ਅਤਿ ਕਥਨੀ ਨਹੀ ਹੋਏਗੀ। ਇਤਹਾਸ ਗਵਾਹ ਹੈ ਕਿ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਵੀ ਇਸ ਸ਼ਾਜਿਸ਼ ਤਹਿਤ ਸ਼ਹੀਦ ਕੀਤਾ ਗਿਆ ਸੀ ਕਿ ਉਹਨਾ ਫਲਸਫੇ ਤੋ ਵਿਰੋਧੀ ਧਿਰਾ ਨੂੰ ਖਤਰਾ ਸੀ।ਉਹ ਜਾਣਦੇ ਸਨ ਕਿ ਗੁਰੂ ਸਹਿਬ ਜੁਲਮ,ਜਬਰ ਦਾ ਡਟਵਾਂ ਵਿਰੋਧ ਕਰਦੇ ਸਨ।ਤੇ ਗਉ ਗਰੀਬ ਦੀ ਰੱਖਿਆ ਕਰਦੇ ਸਨ।ਕਿਤੇ ਨਾ ਕਿਤੇ ਅੱਜ ਵੀ ਇਹੀ ਡਰ ਸਤਾਉਦਾ ਹੈ ਮੌਜੂਦਾ ਹਾਕਮਾ ਨੂੰ ਜੇ ਇਹ ਸਿੱਖੀ ਦੇ ਵਾਰਸ ਇੱਕ ਹੋ ਗਏ ਤਾਂ ਉਹਨਾਂ ਸੱਤਾ ਚ ਵਿਘਨ ਪੈ ਸਕਦਾ।

ਇੱਕ ਹੀ ਤਬਕੇ ਨੂੰ ਕਿਉ ਟਾਰਗਟ ਕੀਤਾ ਜਾਦਾ।ਚਾਹੇ 1978 ਹੋਏ ਚਾਹੇ 1984। ਕਾਬਲ ਅਫਗਾਨਿਸਤਾਨ ਚ 1992 ਚ ਸਿੱਖਾਂ ਦੀ ਗਿਣਤੀ ਦੋ ਲੱਖ ਤੋ ਵਧੇਰੇ ਸੀ ਜੋ ਘਟ ਕੇ ਸਿਰਫ 70-75 ਪਰਿਵਾਰ ਰਹਿ ਗਏ ਹਨ।ਇਤਹਾਸ ਕਿਉ ਦੁਹਰਾਇਆ ਜਾਂਦਾ ਬਾਰ ਬਾਰ।20 ਮਾਰਚ 2000 ਨੂੰ ਛਿਤ ਸਿੰਘ ਪੁਰ ਕਸਮੀਰ ਚ ਸਿੱਖਾਂ ਨੂੰ ਸ਼ਹੀਦ ਕੀਤਾ ਗਿਆ।2018 ਚ ਕਾਬਲ ਸਿੱਖਾਂ ਕਤਲੇਆਮ ਤੇ ਆਹ ਹੁਣ ਨਿਹੱਥਿਆ ਤੇ ਵਾਰ ਦੁੱਧ ਚੰਘਦੇ ਬੱਚਿਆ ਨੂੰ ਵੀ ਨਹੀ ਬਖਸ਼ਿਆ ਗਿਆ।

ਕੀ ਕਸੂਰ ਸੀ ਇਹਨਾ ਮਸੂਮਾਂ ਦਾ। ਜੋ ਇਹਨਾਂ ਤੋਂ ਇਹਨਾ ਦੇ ਮਾਂ ਬਾਪ ਖੋਹ ਲਏ! ਹੋਰ ਅਨੇਕਾਂ ਸਿੱਖਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਕੀ ਇਹਨਾਂ ਨਿਰਦੋਸ਼ ਸਿੱਖਾਂ ਨੂੰ ਕਦੇ ਇਨਸਾਫ ਮਿਲ ਪਾਏਗਾ।ਕੀ ਇਸ ਡੁੱਲੇ ਹੋਏ ਖੂਨ ਦੀ ਕਦੇ ਭਰਪਾਈ ਹੋ ਸਕੇਗੀ।ਇਸ ਦਿਲ ਕਬਾਉ ਘਟਨਾ ਦਾ ਮਨ ਤੇ ਇਸ ਕਦਰ ਅਸਰ ਹੋਇਆ ਕਿ ਉਹ ਕਾਲੀ ਰਾਤ 84 ਵਾਲੀ ਅੱਖਾਂ ਅੱਗੇ ਆ ਗਈ।ਜਦੋ ਮੇਰੇ ਬਾਪੂ ਦੀ ਉਂਗਲ ਫੜੀ ਮੇਰਾ ਸੱਤ ਦਾ ਵੀਰ ਗੇਟ ਤੱਕ ਆਇਆ ਤਾਂ ਵਹਿਸ਼ੀ ਦਰਿੰਦਿਆ ਨੇ ਬਾਪੂ ਨੂੰ ਗੇਟ ਚ ਹੀ ਢੇਰੀ ਕਰ ਦਿੱਤਾ ਤੇ ਵੀਰ ਉਂਗਲ ਛੁਡਾ ਕੇ ਰੋਂਦਾ ਚੀਕਦਾ ਅੰਦਰ ਦੌੜ ਆਇਆ ਸੀ।ਤੇ ਮੈ ਬਾਹਰ ਫਿਰਨੀ ਨੂੰ ਦੌੜ ਗਈ ਸੀ ਰਾਤ ਦੇ ਹਨੇਰੇ ‘ਚ।

ਕਿਉ ਨੀ ਕੌਮ ਦੀ ਚੜਤ ਬਰਦਾਸ਼ਤ ਹੁੰਦੀ?ਜੋ ਹਰੇਕ ਦਾ ਦਰਦੀ ਬਣ ਅੱਗੇ ਆਉਦਾ।ਕਿਉ ਉਸ ਨੂੰ ਇਨਸਾਫ ਨੀ ਮਿਲਦਾ?ਕੀ ਅਸੀਂ ਆਪਣੇ ਦੇਸ਼ ਚ ਰਹਿ ਕੇ ਵੀ ਪਰਾਏ ਹਾਂ?ਕੀ ਸਾਡੀ ਆਪਣੀ ਹੋਂਦ ਨਹੀ?ਮੈਨੂੰ ਜੋ ਲੱਗਦੇ ਕਿਤੇ ਸਾਡੀਆਂ ਆਪਸੀ ਧੜੇਬੰਧੀਆਂ ਦੇ ਨਤੀਜੇ ਤਾਂ ਨਹੀ।ਸਾਨੂੰ ਸੰਭਲਣਾ ਹੋਏਗਾ ਇਹਨਾ ਹਨੇਰਿਆ ਚੋਂ ਨਿਕਲ ਇੱਕ ਨਵਾ ਸੂਰਜ ਉਗਾਉਣਾ ਪਵੇਗਾ।

ਜਦੋਂ ਵੀ ਕੋਈ ਅਜਿਹਾ ਹਾਂਦਸਾ ਵਾਪਰਦੈ ਤਾਂ ਰੂਹ ਸੱਚਿਓ ਕੰਬ ਜਾਂਦੀ ਹੈ।ਅਜਿਹੇ ਅਣਮਨੁੱਖੀ ਵਰਤਾਰੇ ਸਮਾਜ ਚ ਕੁੜੱਤਣ ਤਾਂ ਪੈਦਾ ਕਰਦੇ ਹੀ ਨੇ ਦਹਿਸ਼ਤ ਦਾ ਮਹੌਲ ਵੀ ਸਿਰਜਦੇ ਨੇ।ਅੰਤ ਵਿੱਚ ਮੈ ਇਹੀ ਕਹਾਗੀ ਕਿ “ਏਤੀ ਮਾਰ ਪਈ ਕੁਰਲਾਣੇ ਤੈ ਕੀ ਦਰਦ ਨਾ ਆਇਆ” ਹੁਣ ਤਾ ਸਰਕਾਰ ਨੂੰ ਜਾਗਣਾ ਚਾਹੀਦਾ ਹੈ।ਇਨਸਾਫ ਦਿਵਾਉਣਾ ਚਾਹੀਦਾ ਹੈ। ਉੱਥੇ ਲੋੜ ਹੈ ਸਿੱਖ ਕੌਮ ਨੂੰ ਇੱਕਮੁਠ ਹੋਣ ਦੀ ਤੇ ਇੱਕ ਝੰਡੇ ਹੇਠ ਕੰਮ ਕਰਨ ਦੀ।ਆਪਸੀ ਰੰਜਿਸ਼ਾਂ ਨੂੰ ਛੱਡ ਉਸ ਵਾਕਿਆ ਦੀ ਤਹਿ ਤੱਕ ਜਾਣ ਦੀ ਜੋ ਅਜਿਹੇ ਵਾਕਿਆ ਕਰਦੇ ਜਾ ਕਰਵਾਉਂਦੇ ਨੇ।ਅਤੇ ਜੋ ਕਾਬਲ ਚ ਜੋ ਸਿੱਖ ਬਚੇ ਹਨ ਉਹਨਾਂ ਨੂੰ ਜਲਦੀ ਤੋਂ ਜਲਦੀ ਉੱਥੋਂ ਸੁਰੱਖਿਅਤ ਬਾਹਰ ਕੱਢਣ ਦੇ ਯਤਨ ਕੀਤੇ ਜਾਣ।

(ਨਿਰਮਲ ਕੌਰ ਕੋਟਲਾ)
nirmalkotla98766@gmail.com

Install Punjabi Akhbar App

Install
×