ਸਿੱਖ ਕੌਮ ਲਈ ਪੁਰਾਣੇ ਸਾਲ ਦੇ ਸਬਕ ਅਤੇ ਨਵੇਂ ਸਾਲ ਦੀਆਂ ਚਣੌਤੀਆਂ

bagel-singh-dhaliwal-170101-maluka-officeਬੀਤਿਆ ਸਾਲ 2016 ਵੀ ਉਸ ਤੋਂ ਪਿਛਲੇ ਸਾਲ 2015 ਤੋਂ ਕੋਈ ਬਹੁਤੇ ਅੰਤਰ ਵਾਲਾ ਨਹੀਂ ਰਿਹਾ। 2015 ਵਿਚ ਸ਼ੁਰੂ ਹੋਈਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਜਾਰੀ ਹੀ ਨਹੀਂ ਰਹੀਆਂ ਬਲਕਿ ਉਸ ਤੋਂ ਵੀ ਅੱਗੇ ਜਾ ਕੇ ਕੁੱਝ ਅਜਿਹੀਆਂ ਘਟਨਾਵਾਂ ਵੀ ਇਸ ਬੀਤੇ ਵਰ੍ਹੇ ਦੌਰਾਨ ਵਾਪਰੀਆਂ ਹਨ ਜਿਨ੍ਹਾਂ ਦਾ ਸਿੱਧਾ ਸਬੰਧ ਸਿੱਖੀ ਸਿਧਾਂਤਾਂ ਨਾਲ, ਸਿੱਖ ਕੌਮ ਦੀ ਆਜ਼ਾਦੀ ਅਤੇ ਮੁੱਢਲੇ ਅਧਿਕਾਰਾਂ ਨਾਲ ਜੁੜਿਆ ਹੋਇਆ ਹੈ। ਬੇਅਦਬੀ ਦੀਆਂ ਘਟਨਾਵਾਂ ਵਾਰੇ ਬਹੁਤ ਕੁੱਝ ਲਿਖਿਆ ਵੀ ਗਿਆ ਹੈ ਕਿ ਇਹ ਘਟਨਾਵਾਂ ਇਤਫ਼ਾਕੀਆ ਨਹੀਂ ਬਲਕਿ ਕਿਸੇ ਬਹੁਤ ਹੀ ਖ਼ਤਰਨਾਕ ਸਾਜ਼ਿਸ਼ ਤਹਿਤ ਵਾਪਰਦੀਆਂ ਰਹੀਆਂ ਹਨ। ਬੇਅਦਬੀ ਦੇ ਦਰਦ ਚੋਂ ਉਪਜੀ ਸਰਬੱਤ ਖ਼ਾਲਸਾ ਦੀ ਪੁਨਰ ਸੁਰਜੀਤੀ ਦੀ ਭਾਵਨਾ ਅਤੇ ਸਰਬੱਤ ਖ਼ਾਲਸਾ ਦੇ ਸੰਕਲਪ ਤੋਂ ਤ੍ਰਭਕਿਆ ਭਾਰਤੀ ਤੰਤਰ ਕਦੇ ਵੀ ਸਿੱਖਾਂ ਨੂੰ ਅਜਿਹੇ ਸਮਾਗਮਾਂ ਦੀ ઠਇਜਾਜ਼ਤ ਨਹੀਂ ਦਿੰਦਾ ਜਿਹੜੇ ਸਿੱਖਾਂ ਅੰਦਰ ਆਜ਼ਾਦੀ ਦੀ ਇੱਛਾ ਨੂੰ ਪ੍ਰਬਲ ਕਰਦੇ ਹੋਣ । ਭਾਰਤੀ ਤੰਤਰ ਸਿੱਖ ਕੌਮ ਨੂੰ ਗ਼ੁਲਾਮੀ ਦਾ ਉਹ ਹਰ ઠਦਰਦ ਦੇਣ ਲਈ ਯਤਨਸ਼ੀਲ ਰਿਹਾ ਹੈ, ਜਿਹੜਾ ਸਿੱਖ ਨੂੰ ਹਰ ਸਾਹ ਦੇ ਨਾਲ ਗ਼ੁਲਾਮੀ ਦਾ ਅਹਿਸਾਸ ਕਰਵਾਉਂਦਾ ਹੋਵੇ। ਜਦੋਂ ਇਸ ਸੰਦਰਭ ਵਿਚ ਗੰਭੀਰਤਾ ਨਾਲ ਬੈਠ ਕੇ ਸੋਚਿਆ ਜਾਂਦਾ ਹੈ ਤਾਂ ਇੰਞ ਲੱਗਦਾ ਹੈ ਕਿ ਅਸੀਂ ਭਟਕ ਗਏ ਹਾਂ, ਬੇ ਗ਼ੈਰਤ ਹੋ ਗਏ ਹਾਂ, ਅਸੀਂ ਆਪਣੇ ਗੁਰੂ ਦੀ ਹੁੰਦੀ ਬੇਅਦਬੀ, ਅਧਿਕਾਰਾਂ ਦੀ ਅਣਦੇਖੀ ਅਤੇ ਸਿੱਖੀ ਸਿਧਾਂਤਾਂ ਦੇ ਹੋ ਰਹੇ ਘਾਣ ਨੂੰ ਕੁੱਝ ਦਿਨਾਂ ਵਿਚ ਹੀ ਵਿਸਾਰ ਚੁੱਕੇ ਹਾਂ।

ਜਦੋਂ ਮਨ ਇਹਨਾਂ ਸੋਚਾਂ ਦੇ ਗਹਿਰੇ ਸਮੁੰਦਰ ਵਿਚ ਡੂੰਘਾ ਉਤਰ ਜਾਂਦਾ ਹੈ ਤਾਂ ਆਪਣੇ ਆਪ ਤੋ ਸ਼ਰਮ ਮਹਿਸੂਸ ਹੋਣ ਲੱਗ ਜਾਂਦੀ ਹੈ, ਇੰਞ ਲੱਗਦਾ ਹੈ ਕਿ ਅਸੀਂ ਗੁਰੂ ਦੇ ਸਿੱਖ ਅਖਵਾਉਣ ਦੇ ਹੱਕਦਾਰ ਹੀ ਨਹੀਂ ਹਾਂ। ਸਾਡਾ ਸਭਿਆਚਾਰ ਤਾਂ ਦੂਸਰੇ ਦੇ ਦੁੱਖ ਦਰਦ ਨੂੰ ਵੀ ਆਪਣਾ ਸਮਝ ਕੇ ਵੰਡ ਲੈਂਦਾ ਰਿਹਾ ਹੈ ਫਿਰ ਇਹ ਕੀ ਭਾਣਾ ਵਰਤ ਗਿਆ ਕਿ ਸਿੱਖੀ ਸਿਧਾਂਤਾਂ ਦੀ ਰਾਖੀ ਲਈ ਬੰਦ ਬੰਦ ਕਟਵਾ ਜਾਣ ਵਾਲੀ ਕੌਮ ਅੱਜ ਆਪਣੇ ਸਿਧਾਂਤਾਂ ਨੂੰ ਆਪਣੀਆਂ ਅੱਖਾਂ ਸਾਹਮਣੇ ਲੱਗ ਰਹੀ ਢਾਹ ਨੂੰ ਰੋਕਣ ਲਈ ਸਿੱਖੀ ਅਸੂਲਾਂ ਅਨੁਸਾਰ ਚੱਲਣ ਦੀ ਬਜਾਇ ਫੋਕੀ ਅਖ਼ਬਾਰੀ ਬਿਆਨਬਾਜ਼ੀ ਨਾਲ ਡੰਗ ਟਪਾਉਣ ਵਾਲੇ ਰਾਹ ਤੁਰ ਪਈ ਹੈ। ਹੁਣ ਬੇਸ਼ੱਕ ਹਾਲਾਤ ਬਦਲ ਰਹੇ ਹਨ ਲੋਕ ਫੁੱਟ ਪਾਊ ਤਾਕਤਾਂ ਨੂੰ ਪਛਾਣਨ ਦਾ ਹੌਸਲਾ ਵੀ ਕਰਨ ਲੱਗ ਪਏ ਹਨ ਪਰੰਤੂ ਇਸ ਦੇ ਬਾਵਜੂਦ ਵੀ ਕਿਤੇ ਨਾ ਕਿਤੇ ਅਜਿਹੀ ਲਕੀਰ ਖਿੱਚੀ ਜਾ ਚੁੱਕੀ ਹੈ ਜਿਸ ਨੂੰ ਮਿਟਾਉਣਾ ਹੁਣ ਆਮ ਬੰਦੇ ਦੇ ਵੱਸ ਤੋਂ ਵਾਹਰ ਦੀ ਗੱਲ ਬਣ ਗਈ ਹੈ।

ਉੱਚ ਪੱਧਰ ਤੇ ਸਿਆਸੀ ਲੋਕਾਂ ਲਈ ਕੰਮ ਕਰਦੀਆਂ ਅਜੰਸੀਆਂ ਇਸ ਅਮਿੱਟ ਲੀਕ ਦਾ ਹੀ ਖ਼ੂਬ ਲਾਹਾ ਲੈਣਾ ਚਾਹੁੰਦੀਆਂ ਹਨ । ਇੱਕ ਤੀਰ ਨਾਲ ਦੋ ਦੋ ਨਿਸ਼ਾਨੇ ਫੁੰਡਣ ਦੀ ਤਾਕ ਵਿਚ ਬੈਠੀਆਂ ਇਹ ਕੱਟੜਵਾਦੀ ਤਾਕਤਾਂ ਅਤੇ ਉਨ੍ਹਾਂ ਦਾ ਮੁੱਖ ਮੋਹਰਾ ઠਸ੍ਰ ਬਾਦਲ ਜਿਸ ਦਾ ਰਿਮੋਟ ਪਹਿਲਾਂ ਹੀ ਇਹਨਾਂ ਤਾਕਤਾਂ ਦੇ ਕੇਂਦਰ ਨਾਗਪੁਰ ਕੋਲ ਮੌਜੂਦ ਹੈ, ਜਿਸ ਨੇઠਪੰਜਾਬ ਦੀ ਜੁਆਨੀ ਨੂੰ ਸਿੱਖੀ ਤੋਂ ਦੂਰ ਕਰਨ ਲਈ ਨਸ਼ਿਆਂ ਵੱਲ ਧੱਕ ਦਿੱਤਾ ਹੈ । ਸ੍ਰ ਬਾਦਲ ਨੇઠਨਾਂ ਤਾਂ ਕੌਮ ਵਿਰੋਧੀ ਰੋਲ ਨਿਭਾਉਣ ਵਿਚ ਪਹਿਲਾਂ ਕੋਈ ਕਸਰ ਛੱਡੀ ਹੈ ਤੇ ਨਾ ਹੀ ਭਵਿੱਖ ਵਿਚ ਉਨ੍ਹਾਂ ਤੋਂ ਕੋਈ ਆਸ ਹੀ ਕੀਤੀ ਜਾ ਸਕਦੀ ਹੈ। ਸਿੱਖ ਕੌਮ ਦੀ ਆਪਸੀ ਪਾਟੋਧਾੜ, ਪੰਥਕ ਜਥੇਬੰਦੀਆਂ ਅਤੇ ਪ੍ਰਚਾਰਕਾਂ ਚ ਪਈ ਦੂਰੀ , ਦਮਦਮੀ ਟਕਸਾਲ ਵਰਗੀ ਸਿਰਮੌਰ ਸਿੱਖ ਸੰਸਥਾ ਨਾਲ ਪੰਥਕ ਧਿਰਾਂ ਦਾ ਪਿਆ ਬਖੇੜਾ ਆਦਿ ਵਰਗੇ ਬਹੁਤ ਸਾਰੇ ਅਜਿਹੇ ਕਾਰਨ ਹਨ ਜਿਨ੍ਹਾਂ ਨੂੰ ਗਹੁ ਨਾਲ ਵਾਚਣ ਤੋਂ ਬਾਅਦ ਜਾਪਦਾ ਹੈ ਕਿ ਕੌਮ ਨੇ ਬੀਤੇ ਤੋਂ ਕੋਈ ਸਬਕ ਨਹੀਂ ઠਲਿਆ, ਇਸ ਲਈ ਇਹ ਨਵਾਂ ਸਾਲ 2017 ਵੀ ਸਿੱਖ ਕੌਮ ਲਈ ਚੁਣੌਤੀਆਂ ਭਰਪੂਰ ਹੀ ਰਹੇਗਾ। ਪਿਛਲੇ ਸਾਲ ਵਿਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਲਈ ਜ਼ੁੰਮੇਵਾਰ ਤਾਕਤਾਂ ਨੂੰ ਨੰਗਿਆਂ ਕਰਨ ਵਿਚ ਅਸਫਲ ਰਹਿਣਾ, ਬਹਿਵਲ ਕਲਾਂ ਗੋਲੀ ਕਾਂਡ ਵਿਚ ਦੋਸ਼ੀ ਪੁਲਿਸ ਅਫ਼ਸਰਾਂ ਤੇ ਕੋਈ ਵੀ ਕਾਰਵਾਈ ਕਰਨ ਤੋਂ ਪਾਸਾ ਵਟਣਾ, ਸਿੱਖ ਕੌਮ ਦਾ ਨਿਰਾਸ ਹੋ ਕੇ ਘਰੀਂ ਬੈਠ ਜਾਣਾ ਅਤੇ ਸਰਬੱਤ ਖ਼ਾਲਸਾ 2016 ਨੂੰ ਗੈਰ ਕਾਨੂੰਨੀ ਤਰੀਕੇ ਨਾਲ ਰੋਕਣ ਲਈ ਪ੍ਰਬੰਧਕਾਂ ਅਤੇ ਸਰਬੱਤ ਖ਼ਾਲਸਾ ਵਿਚ ਸ਼ਾਮਲ ਹੋਣ ਵਾਲੇ ਪੰਥਕ ਆਗੂਆਂ ਤੇ ਝੂਠੇ ਪਰਚੇ ਦਰਜ ਕਰ ਕੇ ਜੇਲ੍ਹਾਂ ਵਿਚ ਬੰਦ ਕਰ ਦੇਣ ਵਰਗੇ ਕਿੰਨੇ ਹੀ ਧੱਕੇ ਲਗਾਤਾਰ ਹੁੰਦੇ ਆਏ ਹਨ ਪਰ ਸਿੱਖ ਇਨਸਾਫ਼ ਲੈਣ ਤੋਂ ਪਛੜਦੇ ਰਹੇ ਹਨ। ਸਰਕਾਰ ਖ਼ਿਲਾਫ਼ ਉੱਠੇ ਸਿੱਖ ਰੋਹ ਨੂੰ ਜਿਸ ਹੁਸ਼ਿਆਰੀ ਨਾਲ ਠੰਢਾ ਕੀਤਾ ਗਿਆ ਉਹ ਵੀ ਕੌਮ ਲਈ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ।

ਫ਼ੈਸਲਾਕੁਨ ਸੰਘਰਸ਼ ਦੇ ਰਾਹ ਪਈ ਕੌਮ ਨੂੰ ਮੁੜ ਪਿੱਛੇ ਧੱਕਣ ਅਤੇ ਸੰਘਰਸ਼ ਤੋਂ ਮੋੜ ਦੇਣ ਵਾਲੇ ਲੋਕਾਂ ਦੀ ਅਸਲ ਮਨਸਾ ਕੀ ਸੀ ? ਕਿਉਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਕਸ਼ੇ ਕਦਮਾਂ ਤੇ ਚੱਲਣ ਦਾ ਦਾਅਵਾ ਕਰਨ ਵਾਲੇ ਲੋਕ ਉਨ੍ਹਾਂ ਦੀ ਸੋਚ ਨੂੰ ਖ਼ਤਮ ਕਰਨ ਵਾਲੇ ਲੋਕਾਂ ਨਾਲ ਜਾ ਮਿਲੇ ?, ਇਹ ਸਾਰੇ ਅਣਸੁਲਝੇ ਸਵਾਲ ਓਨਾ ਚਿਰ ਹੱਲ ਨਹੀਂ ਹੋਣਗੇ ਜਦੋਂ ਤੱਕ ਚਲਾਕ ਮੱਕਾਰ ਸਿੱਖੀ ਭੇਸ ਵਿਚ ਬੈਠੇ ਪਹਾੜਾ ਸਿੰਘ ਹੋਰਾਂ ਦੇ ਵਾਰਸਾਂ ਦੀ ਪਾਟੋਧਾੜ ਕੀਤੀ ਸਿੱਖ ਕੌਮ ਇੱਕ ਕੇਸਰੀ ਨਿਸ਼ਾਨ ਥੱਲੇ ਇਕੱਤਰ ਹੋਣ ਲਈ ਪੰਥਕ ਆਗੂਆਂ ਨੂੰ ਮਜਬੂਰ ਨਹੀਂ ਕਰਦੀ। ਪਿਛਲੇ ਦਿਨੀਂ ਨਾਗਪੁਰੀ ਰਿਮੋਟ ਨਾਲ ਚੱਲਦੇ ਬਾਦਲਕਿਆਂ ਦੇ ਕੈਬਿਨਿਟ ਮੰਤਰੀ ਦੇ ਸਮਾਗਮ ਵਿਚ ਜਿਸ ਤਰ੍ਹਾਂ ਅਰਦਾਸ ਨਾਲ ਤੋੜ ਮਰੋੜ ਕਰਨ ਵਾਲੀ ਬੱਜਰ ਗੁਸਤਾਖ਼ੀ ਕੀਤੀ ਹੈ ઠਉਹ ਵੀ ਹੁਣ ਕੌਮ ਦੀ ਗ਼ੈਰਤ ਦਾ ਸਵਾਲ ਬਣ ਗਈ ਹੈ ਕਿਉਂ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹਮਲਿਆਂ ਤੋਂ ਬਾਅਦ ਬਾਦਲ ਪਰਿਵਾਰ ਦੇ ਹੁਕਮਾਂ ਤੇ ਸਿੱਖੀ ਸਿਧਾਂਤਾਂ ਤੇ ਕੀਤਾ ਗਿਆ ਇਹ ਬੀਤੇ ਸਾਲ ਦਾ ਸਭ ਤੋਂ ਵੱਡਾ ਹਮਲਾ ਹੈ। ਅਜਿਹਾ ਕਰਨ ਪਿੱਛੇ ਵੀ ਬਹੁਤ ਵੱਡੀਆਂ ਸਾਜਸ਼ਾਂ ਛੁਪੀਆਂ ਹੋਈਆਂ ਹਨ ਜਿਨ੍ਹਾਂ ਨੂੰ ਅਣਗੌਲਿਆ ਕਰਨ ਦਾ ਮਤਲਬ ਸਿੱਖੀ ਸਿਧਾਂਤਾਂ ਦੇ ਕਾਤਲਾਂ ਨੂੰ ਸ਼ਹਿ ਦੇਣਾ ਹੈ।

ਜਿਸ ਤਰਾਂ ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਤੋਂ ਮਨ ਮਰਜ਼ੀ ਦੇ ਇੱਕ ਤਰਫ਼ੇ ਅਤੇ ਕੌਮ ਵਿਰੋਧੀ ਫ਼ੈਸਲੇ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਆਣ ਸ਼ਾਨ ਨੂੰ ਢਾਹ ਲਾ ਕੇ ਮਰਯਾਦਾ ਦਾ ਘਾਣ ਕੀਤਾ ਗਿਆ ਹੈ ਇਹ ਵੀ ਉਸੇ ਕੜੀ ਦਾ ਅਗਲਾ ਕਦਮ ਹੀ ਸਮਝਣਾ ਚਾਹੀਦਾ ਹੈ। ਪਹਿਲਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬ ਉੱਚਤਾ ਨੂੰ ਢਾਹ, ਫਿਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸਿੱਖ ਦੁਸ਼ਮਣ ਤਾਕਤਾਂ ਦਾ ਅਗਲਾ ਕਦਮ ਪੰਜ ਪਿਆਰਿਆਂ ਤੇ ਕੀਤਾ ਹਮਲਾ ਹੈ, , ਉਸ ਤੋਂ ਬਾਅਦ ਅਰਦਾਸ ਨਾਲ ਛੇੜ ਛਾੜ , ਇਹ ਸਭ ਕੁੱਝ ਸਾਜ਼ਿਸ਼ ਤਹਿਤ ਮਰਯਾਦਾ ਨੂੰ ਢਾਹ ਲਾਉਣ ਲਈ ਬਹੁਤ ਸੋਚ ਸਮਝ ਕੇ ਕੀਤਾ ਜਾਂਦਾ ਰਿਹਾ ਹੈ ਤਾਂ ਕਿ ਭਵਿੱਖ ਵਿਚ ਕੌਮ ਨੂੰ ਹਰ ਪਾਸੇ ਤੋਂ ਨਿਹੱਥਾ ਕਰ ਕੇ ਸਿੱਖਾਂ ਤੇ ਨਾਗਪੁਰੀ ਸੋਚ ਨੂੰ ਮੜ੍ਹਿਆ ਜਾ ਸਕੇ।

ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਦੇ ਮੱਦੇਨਜ਼ਰ ਇਸ ਨਵੇਂ ਸਾਲ ਸਿੱਖ ਕੌਮ ਅੱਗੇ ਉਪਰੋਕਤ ਚੁਣੌਤੀਆਂ ਦਰਪੇਸ਼ ਹਨ ਜਿਨ੍ਹਾਂ ਨੂੰ ਕਬੂਲ ਕਰ ਕੇ ਸਿੱਖ ਕੌਮ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਵਿਚ ਠੋਸ ਰਣਨੀਤੀ ਤਿਆਰ ਕਰ ਲੈਣੀ ਚਾਹੀਦੀ ਹੈ ਤਾਂ ਕਿ ਸਿੱਖ ਦੁਸ਼ਮਣ ਤਾਕਤਾਂ ਦੇ ਸਿੱਖ ਸਿਧਾਂਤਾਂ ਨੂੰ ਤਹਿਸ ਨਹਿਸ ਕਰਨ ਲਈ ਗੁਰਦੁਆਰਾ ਪ੍ਰਬੰਧ ਤੇ ਕੀਤੇ ਨਜਾਇਜ਼ ਕਬਜ਼ੇ ਨੂੰ ਤੋੜਿਆ ਜਾ ਸਕੇ, ਇਹ ਤਾਂ ਹੀ ਸੰਭਵ ਹੋ ਸਕੇਗਾ ਜੇਕਰ ਸਮੁੱਚੀਆਂ ਪੰਥਕ ਧਿਰਾਂ, ਸਿੱਖ ਸੰਸਥਾਵਾਂ, ਸਿੱਖ ਸੰਪਰਦਾਵਾਂ ਅਤੇ ਕੌਮ ਨੂੰ ਸਹੀ ਸੇਧ ਦੇਣ ਵਾਲੇ ਪ੍ਰਚਾਰਕ ਆਪਣੀ ਆਪਣੀ ਹਉਮੈ ਦਾ ਤਿਆਗ ਕਰ ਕੇ, ਆਪਣੇ ਗਿਲੇ ਸ਼ਿਕਵੇ ਮਿਲ ਬੈਠ ਕੇ ਦੂਰ ਕਰਨ ਲਈ ਈਰਖਾ ਨੂੰ ਛੱਡ ਦੇਣ।

ਜਿੰਨੀ ਦੇਰ ਸਿੱਖ ਕੌਮ ਬੀਤੇ ਤੋਂ ਸਬਕ ਲੈ ਕੇ ਇੱਕਜੁੱਟਤਾ ਨਾਲ ਭਵਿੱਖ ਦੀ ਰਣਨੀਤੀ ਤਹਿ ਨਹੀਂ ਕਰਦੀ ਓਨੀ ਦੇਰ ਦਰਪੇਸ਼ ਸਿਧਾਂਤਕ ਚਣੌਤੀਆਂ ਦਾ ਟਾਕਰਾ ਕਰਨ ਵਿਚ ਮੁਸ਼ਕਲਾਂ ਦਾ ਆਉਣਾ ਸੁਭਾਵਕ ਹੈ।

Install Punjabi Akhbar App

Install
×