ਨਾਨਕ ਤਿਨ ਕੇ ਸੰਗ ਸਾਥ………

ਕਿਰਤ ਸੱਭਿਆਚਾਰ ਨੂੰ ਬਚਾਉਣ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਕਿਰਤੀ ਸਿੱਖਾਂ ਦੀ ਲੋੜ

baghel singh dhaliwal 180212 ਨਾਨਕ ਤਿਨ ਕੇ ਸੰਗ ਸ਼ਾਥeee

 

ਸਿੱਖ ਧਰਮ ਦੀ ਬੁਨਿਆਦ ਕਿਰਤ ਦੇ ਸਿਧਾਂਤ ਤੇ ਟਿਕੀ ਹੋਈ ਹੈ। ਸਿੱਖ ਕੌਮ ਮੂਲ ਰੂਪ ਵਿੱਚ ਕਿਰਤੀ ਲੋਕਾਂ ਦੀ ਕੌਮ ਕਹੀ ਜਾ ਸਕਦੀ ਹੈ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸ ਗੁਰੂ ਸਹਿਬਾਨਾਂ ਨੇ ਹੀ ਕਿਰਤ ਕਰਨ ਅਤੇ ਕਿਰਤੀ ਲੋਕਾਂ ਨੂੰ ਤਰਜੀਹ ਦਿੱਤੀ।ਕਿਰਤ ਕਰੋ,ਨਾਮ ਜਪੋ, ਵੰਡ ਛਕੋ ਦਾ ਸੰਦੇਸ਼ ਦੇਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ ਕਿਰਤੀ ਲੋਕਾਂ ਨੂੰ ਮਾਣ ਦਿੰਦਿਆਂ ਕਿਹਾ ਸੀ, “ ਨੀਚਾਂ ਅੰਦਰ ਨੀਚ ਜਾਤਿ ਨੀਚੀ ਹੂੰ ਅਤਿ ਨੀਚ, ਨਾਨਕ ਤਿਨ ਕੇ ਸੰਗ ਸ਼ਾਥ ਵੱਡਿਆਂ ਸਾਂ ਕਿਆ ਰੀਸ” ਸੋ ਇਸ ਤੋ ਵੱਧ ਵਡਿਆਈ ਗੁਰੂ ਸਾਹਿਬ ਪਿਛੜੇ, ਲਿਤਾੜੇ, ਨਿਮਾਣੇ ਲੋਕਾਂ ਨੂੰ ਕੀ ਦੇ ਸਕਦੇ ਹਨ।ਉਹਨਾਂ ਭਾਗੋ ਦੇ ਮਹਿਲ ਮੁਨਾਰਿਆਂ ਨੂੰ ਦੁਰਕਾਰ ਕੇ ਕਿਰਤੀ ਲਾਲੋ ਦੀ ਕੁੱਲੀ ਚ ਜਾਣਾ ਪਸੰਦ ਕੀਤਾ। ਗੁਰੂ ਨਾਨਕ ਸਾਹਿਬ ਵੱਲੋਂ ਸਰਮਾਏਦਾਰੀ ਨੂੰ ਠੋਕਰ ਮਾਰਨ ਵਾਲੇ ਲਏ ਗਏ ਅਜਿਹੇ ਨਿੱਡਰ ਫੈਸਲੇ ਸਿੱਖੀ ਦਾ ਮੂਲ ਸਿਧਾਂਤ ਹੋ ਨਿਬੜੇ।

ਗੁਰੂ ਸਹਿਬਾਨਾਂ ਦੇ ਮਨੁਖਤਾ ਦੀ ਬਿਹਤਰੀ ਲਈ ਗਾਏ ਗੀਤ ਗੁਰਬਾਣੀ ਬਣ ਕੇ ਸਿੱਖ ਹੀ ਨਹੀ ਬਲਕਿ ਪੂਰੀ ਦੁਨੀਆ ਲਈ ਮਾਰਗ ਦਰਸ਼ਕ ਬਣ ਗਏ ਹਨ। ਗੁਰੂ ਗੋਬਿੰਦ ਸਿੰਘ ਜੀ ਵੱਲੋਂ 1699 ਦੀ ਵਿਸਾਖੀ ਮੌਕੇ ਲਿਆਂਦੀ ਗਈ ਵੱਡੀ ਤਬਦੀਲੀ ਲਈ ਧਨੀ ਲੋਕਾਂ ਨੂੰ ਨਹੀ ਸਗੋਂ  ਅਖੌਤੀ ਉੱਚ ਜਾਤੀਏ ਲੋਕਾਂ ਦੇ ਸਤਾਏ, ਲਿਤਾੜੇ ਤੇ ਜਿੰਦਗੀ ਜਿਉਣ ਦੇ ਨਾਮ ਤੇ ਨਰਕ ਭੋਗ ਰਹੇ ਕਿਰਤੀ ਲੋਕਾਂ ਨੂੰ ਪਾਤਸ਼ਾਹੀਆਂ ਦੀ ਬਖਸ਼ਿਸ਼ ਕਰਕੇ ਦੁਨੀਆਂ ਦੇ ਨਕਸ਼ੇ ਤੇ ਇੱਕ ਨਵੀ ਕੌਮ ਦਾ ਨਾਮ ਦਰਜ ਕਰਵਾਇਆ ਗਿਆ। ਜਿਸ ਨੂੰ ਦੁਨੀਆ ਦਾ ਪਹਿਲਾ ਤੇ ਅਲੋਕਿਕ ਇਨਕਲਾਬ ਕਿਹਾ ਜਾਣਾ ਅਤਿਕਥਨੀ ਨਹੀ। ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਇਹਨਾਂ ਨੀਵੀਆਂ ਜਾਤਾਂ ਚੋਂ ਉੱਠ ਕੇ ਸਿਰਦਾਰ ਬਣੇ ਲੋਕਾਂ ਨੇ ਤਖਤਾਂ ਨੂੰ ਬਖਤ ਪਾ ਦਿੱਤੇ। ਸਿੱਖ ਰਾਜ ਦੇ ਝੰਡੇ ਬੁਲੰਦ ਕੀਤੇ।ਸਮਾ ਬੀਤਣ ਦੇ ਨਾਲ ਨਾਲ ਸਿੱਖ ਧਰਮ ਵਿੱਚ ਮੁੜ ਉਹ ਪਰਵਿਰਤੀਆਂ  ਨੇ ਜਨਮ ਲਿਆ ਜਿਹੜੀਆਂ ਗੁਰੂ ਨਾਨਕ ਦੇਵ ਜੀ ਦੇ ਸਮੇ ਤੋਂ ਪਹਿਲਾਂ ਸਮਾਜ ਵਿੱਚ ਪਰਚੱਲਿਤ ਸਨ। ਹਰ ਪਾਸੇ ਪਖੰਡ ਦਾ ਬੋਲਬਾਲਾ ਹੋ ਗਿਆ। ਸਿੱਖ ਧਰਮ ਨੂੰ ਮੁੜ ਜਾਤੀਵਾਦੀ ਅਲਾਮਤਾਂ ਦਾ ਗ੍ਰਹਿਣ ਲੱਗ ਗਿਆ। ਸਿੱਖੀ ਦੀ ਵਾਗਡੋਰ ਕਿਰਤੀ ਹੱਥਾਂ ਚੋ ਨਿਕਲ ਕੇ ਸਰਮਾਏਦਾਰ ਸਿੱਖ ਕੋਲ ਚਲੀ ਗਈ। ਕੌਮ ਦੀ ਅਗਵਾਈ ਉਹਨਾਂ ਸਿੱਖਾਂ ਦੇ ਹੱਥਾਂ ਵਿੱਚ ਚਲੀ ਗਈ, ਜਿਹੜੇ ਨਾਮ ਤੋਂ ਤਾਂ ਸਿੱਖ ਹਨ, ਪਹਿਰਾਵੇ ਤੋਂ ਵੀ ਸਿੱਖ ਦਿਖਾਈ ਦਿੰਦੇ ਹਨ ਪਰੰਤੂ ਸਿੱਖੀ ਅਤੇ ਸਿੱਖੀ ਸਿਧਾਤਾਂ ਤੋਂ ਕੋਹਾਂ ਦੂਰ ਹਨ।

ਗੁਰਬਾਣੀ ਦੇ ਮਹਾਂਨ ਫਲਸਫੇ ਅਤੇ ਸਿੱਖੀ ਸਿਧਾਤਾਂ ਤੋਂ ਦੂਰ ਹੋਣ ਕਰਕੇ ਉਹਨਾਂ ਦੇ ਅੰਦਰ ਮਨਮੱਤਾਂ ਦਾ ਵਾਸਾ ਹੋ ਗਿਆ।ਮਨਮੱਤਾਂ ਵਿੱਚ ਗੁਆਚਿਆ ਬ੍ਰਹਾਮਣਵਾਦੀ ਸਿੱਖ ਅਪਣੇ ਅਪਣੇ ਕਾਰੋਬਾਰਾਂ ਨੂੰ ਵਧਾਉਣ ਦੇ ਲਾਲਚ ਵਿੱਚ ਸਿੱਖੀ ਤੋਂ ਮੂਲੋਂ ਹੀ ਦੂਰ ਹੋ ਗਿਆ। ਇਹੋ ਕਾਰਨ ਸੀ ਕਿ ਦੁਨੀਆਂ ਨੂੰ ਮਿਸ਼ਾਲੀ ਰਾਜ ਪਰਬੰਧ ਦੇਣ ਵਾਲੀ ਕੌਮ ਅੰਦਰ ਅਪਣਾ ਰਾਜ ਭਾਗ ਖੁੱਸ ਜਾਣ ਤੋ ਬਾਅਦ ਕਦੇ ਵੀ ਉਹ ਉਨੀਵੀ ਸਦੀ ਦਾ ਖਾਲਸਾ ਰਾਜ ਮੁੜ ਸਥਾਪਤ ਕਰਨ ਲਈ ਇੱਛਾ ਪਰਬਲ  ਨਹੀ ਹੋਈ। ਸਿੱਖ ਕੌਂਮ ਦੀ ਇਹ ਤਰਾਸਦੀ ਹੀ ਸਮਝੀ ਜਾ ਸਕਦੀ ਹੈ ਕਿ ਤਕਰੀਬਨ 98 ਕੁ ਸਾਲ ਦੀ ਗੁਲਾਮੀ ਨੇ ਸਿੱਖ ਨੂੰ ਅਮੀਰ ਤੇ ਗਰੀਬ ਦੋ ਜਮਾਤਾਂ ਵਿੱਚ ਬੁਰੀ ਤਰਾਂ ਵੰਡ ਦਿੱਤਾ। ਅਮੀਰ ਵਰਗ ਨੇ ਜਾਤੀ ਪਰਥਾ ਦਾ ਪੱਲਾ ਘੁੱਟ ਕੇ ਫੜ ਲਿਆ ਤੇ ਗਰੀਬ ਜਮਾਤ ਮੁੜ ਉੱਚ ਜਾਤੀਏ ਸਿੱਖਾਂ ਦੀ ਗੁਲਾਮ ਹੋ ਕੇ ਰਹਿ ਗਈ। ਇਹ ਪਾੜਾ ਖਤਰਨਾਕ ਹੱਦ ਤੱਕ ਵਧ ਗਿਆ, ਜਿਸ ਦਾ ਸਿੱਧਾ ਸਿੱਧਾ ਲਾਭ ਉੱਚ ਜਾਤੀਏ ਸਿੱਖ ਅਪਣੀ ਨਿੱਜੀ ਲੋਭ ਲਾਲਸਾ ਦੀ ਪੂਰਤੀ ਲਈ ਉਠਾਉਂਦੇ ਆ ਰਹੇ ਹਨ। ਦੇ

ਸ਼ ਦੀ ਅਜਾਦੀ ਵੇਲੇ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਕੌਮ ਦਾ ਅਪਣੇ ਮੁਢਲੇ ਅਧਿਕਾਰਾਂ ਤੋਂ ਵੀ ਵਾਂਝੇ ਰਹਿਣ ਦਾ ਇਹ ਇੱਕੋ ਇੱਕ ਕਾਰਨ ਹੈ ਕਿ ਸਰਮਾਏਦਾਰ ਸਿੱਖ ਨੇ ਅਪਣੇ ਮੁਫਾਦਾਂ ਲਈ ਕੌਂਮ ਨਾਲ ਧਰੋਹ ਕਮਾਉਣ ਦਾ ਗੁਨਾਹ ਕੀਤਾ ਸੀ। ਉਸ ਮੌਕੇ ਦੇ ਸਿੱਖ ਆਗੂਆਂ ਨੇ ਦੇਸ਼ ਦੇ ਦੂਰ ਦੁਰਾਡੇ ਸੂਬਿਆਂ ਤੱਕ ਫੈਲੇ ਅਪਣੇ ਕਾਰਖਾਨਿਆਂ ਨੂੰ ਹੋਰ ਵੱਡੇ ਕਰਨ ਲਈ, ਅਪਣੇ ਕਾਰੋਬਾਰਾਂ ਨੂੰ ਨੁਕਸਾਨ ਹੋਣ ਦੇ ਡਰੋਂ ਸਮੁੱਚੀ ਸਿੱਖ ਕੌਂਮ ਨੂੰ ਗਹਿਣੇ ਪਾ ਦਿੱਤਾ। ਦੂਰਅੰਦੇਸ਼ ਮੁਸਲਮ  ਤੇ ਹਿੰਦੂ ਨੇ ਅਪਣਾ ਅਪਣਾ ਮੁਲਕ ਬਣਾ ਲਿਆ,ਜਦੋ ਕਿ ਦੁਨੀਆਂ ਤੇ ਰਾਜ ਕਰਨ ਦੇ ਗੁਣਾਂ ਨੂੰ ਅਪਣੇ ਅੰਦਰ ਸਮਾਈ ਬੈਠੀ ਸਿੱਖ ਕੌਮ, ਅਪਣੇ ਸਰਮਾਏਦਾਰ ਸਿੱਖ ਆਗੂਆਂ ਦੀ ਬਦੌਲਤ ਇੱਕ ਵਾਰ ਮੁੜ ਗੁਲਾਮ ਹੋ ਗਈ। ਅੱਜ ਦੇ ਹਾਲਾਤਾਂ ਦੇ ਸੰਦਰਭ ਵਿੱਚ ਇਹ ਨਿਰਣਾ ਜਰੂਰ ਕਰਨਾ ਬਣਦਾ ਹੈ ਕਿ ਕੌਮ ਨੇ ਮਲਕ ਭਾਗੋਆਂ ਨੂੰ ਅਪਣੇ ਆਗੂ ਮੰਨਣਾ ਹੈ ਜਾਂ ਕਿਰਤੀ ਲਾਲੋ ਦੇ ਵਾਰਸਾਂ ਨੂੰ ਉਹਨਾਂ ਦੇ ਹੱਕਾਂ ਹਕੂਕਾਂ ਪ੍ਰਤੀ ਜਾਗਰੂਕ ਕਰਕੇ ਸਿੱਖੀ ਦੀ ਡੁੱਬ ਚੱਲੀ ਕਿਸ਼ਤੀ ਨੂੰ ਪਾਰ ਲਗਾਉਣਾ ਹੈ।

ਅੱਜ ਹਾਲਾਤ ਇਹ ਬਣੇ ਹੋਏ ਹਨ ਕਿ ਜਿਹੜੇ ਗੁਰੂ ਦੇ ਸੱਚੇ ਸਿੱਖ ਹਨ, ਸਿੱਖੀ ਨਾਲ ਪਿਆਰ ਕਰਦੇ ਹਨ ਤੇ ਗੁਰਬਾਣੀ ਦਾ ਓਟ ਆਸਰਾ ਲੈ ਕੇ ਜੀਵਨ ਜਿਉਦੇ ਹਨ, ਉਹ ਨਪੀੜੇ, ਲਿਤਾੜੇ, ਦਲਿਤ ਕਹੇ ਜਾਣ ਵਾਲੇ ਸਿੱਖ ਅਤੇ ਗਰੀਬ ਕਿਸਾਨ ਵਰਗ ਦੇ ਲੋਕ ਹੀ ਹਨ ਜਿੰਨਾਂ ਅੰਦਰ ਅੱਜ ਵੀ ਗ੍ਰੰਥ ਅਤੇ ਪੰਥ ਦੀ ਚੜ੍ਹਦੀ ਕਲਾ ਲਈ ਲੜਨ ਮਰਨ ਦਾ ਜਜ਼ਬਾ ਉਬਾਲੇ ਮਾਰ ਰਿਹਾ ਹੈ, ਮੌਜੂਦਾ ਦੌਰ ਵਿੱਚ ਵੀ ਪੰਥ ਦੀ ਆਣ ਸ਼ਾਨ ਦੀ ਬਹਾਲੀ ਲਈ ਕੁਰਬਾਨ ਹੋਣ ਵਾਲੇ ਗੁਰੂ ਦੇ ਉਹ ਗਰੀਬੜੇ ਸਿੱਖ ਹੀ ਹਨ, ਪਰ ਅਫਸੋਸ ! ਕਿ ਕੌਂਮ ਦੀ ਅਗਵਾਈ ਅੱਜ ਵੀ ਉਹਨਾਂ ਹੱਥਾਂ ਵਿੱਚ ਹੀ ਹੈ, ਜਿੰਨਾਂ ਨੇ ਪਹਿਲਾਂ ਹੀ ਅਪਣੇ ਨਿੱਜੀ ਹਿਤਾਂ ਬਦਲੇ ਕੌਮ ਦੇ ਹਿਤ ਕੇਂਦਰ ਕੋਲ ਵੇਚ ਦੇਣ ਦੇ ਗੁਨਾਹਗਾਰ ਹਨ। ਜਦੋਂ ਅਸੀ ਇੰਗਲੈਂਡ, ਕਨੇਡਾ, ਅਮਰੀਕਾ, ਆਸਟਰੇਲੀਆ ਅਤੇ ਸਿੰਗਾਪੁਰ ਆਦਿ ਵਰਗੇ ਮੁਲਕਾਂ ਵਿੱਚ ਸਿੱਖੀ ਦੇ ਨਿਸਾਨ ਝੂਲਦੇ ਦੇਖਦੇ ਸੁਣਦੇ ਹਾਂ, ਉਥੋਂ ਦੇ ਸਿੱਖਾਂ ਦਾ ਉਹਨਾਂ ਮੁਲਕਾਂ ਦੀਆਂ ਸਰਕਾਰਾਂ ਚ ਬੋਲਬਾਲਾ ਦੇਖਦੇ ਹਾਂ ਤਾਂ ਇਹ ਅੰਦਾਜਾ ਲਾਉਣਾ ਹੋਰ ਵੀ ਸੌਖਾ ਹੋ ਜਾਂਦਾ ਹੈ ਕਿ ਜੇਕਰ ਕੌਮ ਦੀ ਅਗਵਾਈ ਗੁਰੂ ਦੇ ਸੱਚੇ ਸਿੱਖਾਂ ਕੋਲ ਹੁੰਦੀ ਤਾਂ ਅੱਜ ਪੂਰੀ ਦੁਨੀਆਂ ਤੇ ਹੀ ਸਿੱਖ ਕੌਮ ਦੀ ਮੁਕੰਮਲ ਸਰਦਾਰੀ ਸਥਾਪਤ  ਹੋ ਚੁੱਕੀ ਹੁੰਦੀ। ਸੋ ਹੁਣ ਲੋੜ ਹੈ ਕੌਮ ਨੂੰ ਇਹ ਸਵੈ ਨਿਰਣਾ ਕਰਨ ਦੀ ਕਿ ਕੌਮ ਦਾ ਆਗੂ ਮਹਿਲਾਂ ਚੋ ਬਣ ਫਬ ਕੇ ਨਿਕਲਣ ਵਾਲਾ ਮਾਇਆਧਾਰੀ ਸਿੱਖ ਹੋਣਾ ਚਾਹੀਦਾ ਹੈ, ਜਿਹੜਾ ਜਿੰਦਗੀ ਦੀਆਂ ਸਾਰੀਆਂ ਸੱੁਖ ਸਹੂਲਤਾਂ ਚ ਗੁਆਚਿਆ ਗੁਰੂ ਘਰਾਂ ਨੂੰ ਅਪਣੇ ਸਿਆਸੀ ਮੰਤਵਾਂ ਖਾਤਰ ਵਰਤ ਕੇ ਸਿੱਖੀ ਸਿਧਾਤਾਂ ਦਾ ਘਾਣ ਕਰਨ ਦਾ ਪਿਛਲੇ ਲੰਮੇ ਅਰਸੇ ਤੋ ਗੁਨਾਹਗਾਰ ਹੈ,ਜਾਂ ਉਹ ਕਿਰਤੀ ਸਿੱਖ ਜਿਹੜਾ ਗੁਰੂ ਦੀ ਆਣ ਸ਼ਾਨ ਲਈ ਅਪਣਾ ਸਭ ਕੁੱਝ ਨਿਸਾਵਰ ਕਰ ਸਕਦਾ ਹੈ, ਜਿਸ ਨੂੰ ਅਪਣੇ ਗੁਰ ਸਿਧਾਂਤ ਦੇ ਸਾਹਮਣੇ ਦੁਨਿਆਵੀ ਸੁਖ ਸਹੂਲਤਾਂ ਤੁੱਸ ਜਾਪਦੀਆਂ ਹਨ।

ਜਿੰਨੀ ਦੇਰ ਕੌਮ ਇਹ ਫੈਸਲਾ ਨਹੀ ਕਰ ਲੈਂਦੀ ਓਨੀ ਦੇਰ ਦੁਬਿਧਾ ਬਣੀ ਰਹੇਗੀ। ਜਿੰਨੀ ਦੇਰ ਦੁਬਿਧਾ ਦੂਰ ਨਹੀ ਹੁੰਦੀ ਓਨੀ ਦੇਰ ਕੋਈ ਵੀ ਪਰਾਪਤੀ ਅਸੰਭਵ ਹੈ।ਸੋ ਅੱਜ ਗੁਰੂ ਦੇ ਸੱਚੇ ਕਿਰਤੀ ਸਿੱਖਾਂ ਨੂੰ ਕੌਂਮ ਦੀ ਚੜਦੀ ਕਲਾ ਲਈ, ਅਤੇ ਅਪਣੇ ਕਿਰਤ ਸੱਭਿਆਚਾਰ ਦੀ ਰਾਖੀ ਲਈ, “ਅਪਣਾ ਮੂਲ ਪਛਾਣ” ਕੇ ਇੱਕ ਜੁੱਟ ਹੋਣ ਦੀ ਲੋੜ ਹੈ।

Install Punjabi Akhbar App

Install
×