ਸਿੱਖ/ਖਾਲਸਾ…..?

surinder kanwar 190728 1-KHALSA aa

ਸਿਆਣੇ ਲੋਕ ਆਖਦੇ ਹਨ ਕਿ ਜੇ ਕਿਸੇ ਗੱਲ ਦਾ ਸ਼ੰਕਾ ਹੋਵੇ, ਜਾਂ ਕਿਸੇ ਚੀਜ਼ ਦੀ ਸਮਝ ਨਾਂ ਹੋਵੇ ਤਾਂ ਉਹ ਕਿਸੇ ਵਿਦਵਾਨ ਪਾਸੋਂ ਪੁਛ ਕੇ ਸਮਝ ਲੈਣ ਵਿਚ ਕੋਈ ਬੁਰਾਈ ਨਹੀਂ ਹੁੰਦੀ। ਇਸੇ ਨੂੰ ਵਿਚਾਰਾਂ ਦੀ ਸਾਂਝ ਆਖਿਆ ਜਾਂਦਾ ਹੈ। ਗੁਰਬਾਣੀ ਵਿਚਾਰ ਸਾਂਝ ਕਰਨ ਲਈ ਉਤਸ਼ਹਿਤ ਕਰਦੀ ਹੈ। ਜਿਵੇਂ: ਜੇ ਗੁਣ ਹੋਵਨਿ੿ ਸਾਜਨਾ ਮਿਲਿ ਸਾਝ ਕਰੀਜੈ॥ ਸਾਝ ਕਰੀਜੈ ਗੁਣਹ ਕੇਰੀ ਛੋਡਿ ਅਵਗਣ ਚਲੀਐ॥ (ਗ:ਗ:ਸ: ਪੰਨਾ-੭੬੬) ਭਾਵ ਸਾਫ ਹਨ ਕਿ ਆਪਸ ਵਿਚ ਗੁਣਾਂ ਦੀ ਜਾਂ ਗਿਆਨ ਦੀ ਸਾਂਝ ਕਰਨ ਨਾਲ ਗੁਣਾਂ ਵਿਚ ਅਤੇ ਗਿਆਨ ਵਿਚ ਵਾਧਾ ਹੁੰਦਾ ਹੈ। ਇਸ ਤਰ੍ਹਾਂ ਆਪਣੇ ਔਗੁਣ ਛੱਡੇ ਜਾ ਸਕਦੇ ਹਨ, ਆਪਣੀ ਅਗਿਆਨਤਾ ਦੂਰ ਕੀਤੀ ਜਾ ਸਕਦੀ ਹੈ ਅਤੇ ਸੋਝੀ ਆ ਸਕਦੀ ਹੈ। ਇਸੇ ਸੋਝੀ ਨੂੰ ਪ੍ਰਾਪਤ ਕਰਨ ਲਈ ਅਤੇ ਆਪਣੀ ਅਗਿਆਨਤਾ ਦੂਰ ਕਰਨ ਲਈ ਸਿੱਖ ਅਤੇ ਖਾਲਸਾ ਸੰਬੰਧੀ ਇਕ ਪ੍ਰਸ਼ਨ ਕੀਤਾ ਜਾ ਰਿਹਾ ਹੈ।

ਗੁਰੂ ਨਾਨਕ ਸਾਹਿਬ ਦੇ ਸਮੇਂ ਮੁੱਖ ਤੌਰ ਤੇ ਦੋ ਧਰਮ ਪ੍ਰਚਲਤ ਸਨ: ਹਿੰਦੂ ਧਰਮ ਅਤੇ ਮੁਸਲਮਾਨ ਧਰਮ। ਬੁੱਧ ਮੱਤ, ਜੈਣ ਮੱਤ ਵਰਗੇ ਧਰਮਾਂ ਨੂੰ ਹਿੰਦੂ ਮੱਤ ਨਿਗਲ ਚੁਕਾ ਸੀ। ਦੋਵੇਂ ਪ੍ਰਚਲਤ ਧਰਮਾਂ ਦੇ ਪ੍ਰਚਾਰਕਾਂ ਨੇ ਆਮ ਲੋਕਾਈ ਨੂੰ ਬਹੁਤ ਵਹਿਮਾਂ ਭਰਮਾਂ ਅਤੇ ਕਰਮਕਾਂਡਾਂ ਦੇ ਚੱਕਰ ਵਿਚ ਫਸਾ ਰੱਖਿਆ ਸੀ ਅਤੇ ਭੋਲੀ ਭਾਲੀ ਜਨਤਾ ਦਾ ਹਰ ਤਰ੍ਹਾਂ ਦਾ ਸ਼ੌਸ਼ਣ ਕੀਤਾ ਜਾਂਦਾ ਸੀ; ਭੋਲੀ ਭਾਲੀ ਜਨਤਾ ਨੂੰ ਨਰਕ ਸਵਰਗ ਦਾ ਲਾਲਚ ਜਾਂ ਡਰਾਵਾ ਦੇ ਕੇ ਲੁਟਿਆ ਜਾ ਰਿਹਾ ਸੀ। (ਇਹ ਗਲ ਵਖਰੀ ਹੈ ਕਿ ਇਹ ਲੁਟ ਹਾਲੀ ਵੀ ਜਾਰੀ ਹੈ)। ਇਸ ਦੇ ਇਲਾਵਾ ਆਮ ਜਨਤਾ ਨੂੰ ਵਰਣਾਂ ਵਿਚ ਵੰਡ ਕੇ ਕਈ ਜਾਤੀਆਂ ਨਾਲ ਬੁਰਾ ਸਲੂਕ ਕੀਤਾ ਜਾਂਦਾ ਸੀ ਜੋ ਇਸ ਵਿਗਿਆਨਕ ਯੁੱਗ ਵਿਚ ਵੀ ਜਾਰੀ ਹੈ।

ਗੁਰੂ ਨਾਨਕ ਸਾਹਿਬ ਨੇ ਹਰ ਵਰਗ ਦੇ, ਅਤੇ ਹਰ ਧਰਮ ਦੇ ਭੁਲੇ ਭਟਕੇ ਲੋਕਾਂ ਨੂੰ ਸੋਝੀ ਦੇਣ ਦਾ ਬੀੜਾ ਚੁਕਿਆ ਅਤੇ ਇਕ ਸੁਚੱਜਾ ਸਮਾਜ ਉਸਾਰਣ ਲਈ ਹੰਭਲਾ ਮਾਰਿਆ। ਕਰਮਕਾਂਡੀ ਅਧਾਰ ਤੇ ਬਣਾਏ ਗਏ ਅਖੌਤੀ ਧਰਮਾਂ ਦੇ ਜਾਲ ਵਿਚੋਂ ਕੱਢਣ ਵਾਸਤੇ, ਇਕ ਨਵਾਂ ਫ਼ਲਸਫ਼ਾ ਦਿੱਤਾ ਅਤੇ ਪਰੈਕਟਿਕਲ, ਭਾਵ ਸਾਰਥਕ ਜੀਵਨ ਜੀਊਣ ਲਈ ਇਕ ਨਵਾਂ ਪੱਦਰਾ ਅਤੇ ਸੁਖਾਲਾ ਰਾਹ ਦੱਸਿਆ। ਉਨ੍ਹਾਂ ਦੇ ਗਿਆਨਮਈ ਪ੍ਰਚਾਰ ਨਾਲ ਹਰ ਧਰਮ ਦੇ, ਹਰ ਵਰਗ ਦੇ ਲੋਕ ਭਾਵੇਂ ਉਹ ਮੁਸਲਮਾਨ ਸਨ ਅਤੇ ਭਾਵੇ ਹਿੰਦੂ ਜਾਂ ਉਹ ਕਿਸੇ ਵੀ ਧਰਮ, ਜਾਤੀ ਜਾਂ ਫਿਰਕੇ ਨਾਲ ਸੰਬੰਧ ਰੱਖਦੇ ਹੋਣ ਉਹ ਸਾਰੇ ਲੋਕ ਗੁਰੂ ਨਾਨਕ ਸਾਹਿਬ ਦੇ ਪੈਰੋਕਾਰ ਬਨਣ ਲੱਗੇ ਅਤੇ ਉਨ੍ਹਾਂ ਸਭ ਨੂੰ ਸਿੱਖ ਆਖਿਆ ਜਾਣ ਲੱਗਾ। ਇਥੋਂ ਸ਼ੁਰੂ ਹੋਈ ਸਿੱਖਾਂ ਦੀ ਹੋਂਦ।

ਜਦੋਂ ਖਾਲਸੇ ਦੀ ਗੱਲ ਆਉਂਦੀ ਹੈ ਤਾਂ ਇਹ ਵਿਚਾਰ ਜ਼ਰੂਰ ਆਂਉਂਦੀ ਹੈ ਕਿ ਖਾਲਸਾ ਕਦੋਂ ਅਤੇ ਕਿਸ ਨੇ ਬਣਾਇਆ? ਸਭ ਵਿਦਵਾਨ ਇਹ ਹੀ ਕਹੀ ਜਾਂਦੇ ਹਨ ਕਿ ਗੁਰੂ ਗੋਬਿੰਦ ਸਿੰਗ ਜੀ ਨੇ ਖਾਲਸਾ ਪੰਥ ਸਾਜਿਆ, ਪਰ ਕੀ ਇਹ ਠੀਕ ਹੈ? ਜੇਕਰ ਕਦੀ ਕਿਸੇ ਵੀ ਲਿਖਾਰੀ ਨੂੰ ਇਹ ਪੁਛਿਆ ਜਾਂਦਾ ਹੈ ਤਾਂ ਉਹ ਇਹ ਹੀ ਆਖ ਦਿੰਦਾ ਹੈ ਕਿ ਕਿਉਂਕਿ ਸਾਰੇ ਵਿਦਵਾਨ ਇਹ ਹੀ ਆਖਦੇ ਹਨ ਇਸ ਲਈ ਮੈਂ ਵੀ ਲਿਖ ਦਿੱਤਾ ਜਾਂ ਕਹਿ ਦਿੱਤਾ ਹੈ ਪਰ ਇਸ ਦਾ ਠੀਕ ਉਤਰ ਨਹੀਂ ਦਿੱਤਾ ਜਾਂਦਾ। ਹੁਣ ਪ੍ਰਸ਼ਣ ਇਹ ਹੈ ਕਿ, ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ?

ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ ਬਾਟੇ ਦੀ ਪੋਹਲ ਛਕਾਈ (ਜਿਸ ਨੂੰ ਅੱਜ ”ਹੋਰ ਸਭ ਭੁਲੇਖਿਆਂ ਦੀ ਤਰ੍ਹਾਂ” ਅੰਮ੍ਰਿਤ ਕਿਹਾ ਜਾਂਦਾ ਹੈ)। ਜਿਹੜੇ ਸਿੱਖ ਆਪਣਾਂ ਸੀਸ ਭੇਂਟ ਕਰਨ ਵਾਸਤੇ ਨਿਤਰੇ ਉਨ੍ਹਾਂ ਨੂੰ ਪੰਜ ਪਿਆਰਿਆਂ ਦਾ ਖਿਤਾਬ ਦੇ ਕੇ ਸਨਮਾਨਿਤ ਕੀਤਾ ਅਤੇ ਉਨ੍ਹਾਂ ਨੂੰ ਸਿੰਘ ਬਣਾਇਆਂ ਜਾਂ ਸਿੰਘ ਹੋਣ ਦਾ ਰੁਤਬਾ ਦਿੱਤਾ। ਭਾਵ ਇਹ ਸੀ ਕਿ, ਰਾਮ, ਸ਼ਾਮ, ਦਾਸ, ਲਾਲ, ਦੇਵ ਆਦਿ ਆਦਿ ਦਾ ਭੇਦ ਮਿਟਾ ਦਿਤਾ ਜਾਵੇ। ਇਸ ਤਰ੍ਹਾਂ ਆਪ ਵੀ ਉਹ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣੇ ਅਤੇ ਉਨ੍ਹਾਂ ਦੀ ਕਤਾਰ ਵਿਚ ਖੜ੍ਹੇ ਹੋ ਗਏ। ਇਸ ਤਰ੍ਹਾਂ ਜਿਨ੍ਹਾਂ ਨੂੰ ਜੰਗ ਵਾਸਤੇ ਤਿਆਰ ਕੀਤਾ ਜਾਣਾਂ ਸੀ, ਉਨ੍ਹਾਂ ਨੂੰ ਸਿੰਘ ਬਣਾਇਆ ਗਿਆ। ਗੁਰੂ ਗੋਬਿੰਦ ਸਿੰਘ ਜੀ ਸਮੇਂ ਜਿਤਨੇਂ ਵੀ ਸ਼ਹੀਦ ਹੋਏ ਉਹ ਸਿੰਘ ਹੀ ਸਨ। ਚਾਲੀ ਮੁਕਤੇ ਵੀ ਸਿੰਘ ਹੀ ਸਨ। ਬੰਦਾ ਸਿੰਘ ਬਹਾਦਰ ਵੀ ਸਿੰਘ ਹੀ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਵੀ ਸਾਰੇ ਸਿੰਘ ਹੀ ਸਨ।

ਭੁਲੇਖਾ ਪਾਉਣ ਵਾਲਿਆਂ ਦਾ ਕਮਾਲ ਇਹ ਹੈ ਕਿ ਅੱਜ ਸਿੰਘ ਦੀ ਜਗ੍ਹਾ ਇਕ ਖਾਲਸਾ ਪੈਦਾ ਕਰ ਦਿੱਤਾ ਗਿਆ ਅਤੇ ਇਸ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਕੇ ਐਸਾ ਵਾਤਾਵਰਨ ਬਣਾਇਆ ਕਿ ਅੱਜ ਜਿਤਨੇ ਵੀ ਵਿਦਵਾਨ ਹਨ ਉਹ ਸਭ ਇਹ ਹੀ ਮੰਨਦੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਾਸਾ ਸਾਜਿਆ। ਇਹ ਖਾਲਸਾ ਕਦੋਂ ਤੇ ਕਿਸ ਨੇ ਬਣਾਇਆ? ਇਸ ਸੰਬੰਧ ਵਿਚ ਕਦੀ ਵਿਚਾਰ ਹੀ ਨਹੀਂ ਆਉਣ ਦਿੱਤੀ।

ਖਾਲਸਾ ਸ਼ਬਦ ਕੋਈ ਮਾੜਾ ਨਹੀਂ, ਇਹ ਚੰਗਾ ਲਗਦਾ ਹੈ, ਇਸ ਸ਼ਬਦ ਦੇ ਅਰਥ ਵੀ ਚੰਗੇ ਤੇ ਠੀਕ ਹਨ, ਪਰ ਇਸ ਨੂੰ ਗੁਰੂ ਗੋਬਿੰਦ ਸਿੰਘ ਨਾਲ ਜੋੜ ਕੇ ਭੁਲੇਖਾ ਪਾਉਣ ਵਾਲੀ ਗੱਲ ਹੈ। ਜਾਪਦਾ ਇੰਝ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਖਾਲਸਾ ਪੰਥ ਨਹੀਂ ਸਾਜਿਆ ਇਹ ਤਾਂ ਉਸ ਸਮੇਂ ਦੇ ਕਵੀਆਂ ਨੇ ਉਪਮਾਂ ਕਰਦੇ ਹੋਏ ਖਾਲਸਾ ਪੰਥ ਬਣਾ ਦਿੱਤਾ ਅਤੇ ਉਸ ਨੂੰ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜ ਦਿੱਤਾ। ਜਾਪਦਾ ਇੰਝ ਵੀ ਹੈ ਕਿ ਜਿਵੇਂ ਹੋਰ ਬਹੁਤ ਸਾਰੇ ਭੁਲੇਖੇ ਪਾ ਰੱਖੇ ਹਨ ਇਸੇ ਤਰ੍ਹਾਂ ਇਕ ਇਹ ਵੀ ਭੁਲੇਖਾ ਪਾ ਦਿੱਤਾ ਹੈ। ਅੱਜ ਸਾਰੇ ਵਿਦਵਾਨ ਇਹ ਹੀ ਕਹੀ ਜਾ ਰਹੇ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਸਾਜਿਆ। ਕੋਈ ਵੀ ਇਸ ਤੋਂ ਵਖਰੀ ਗੱਲ ਨਹੀਂ ਕਰ ਸਕਦਾ।

ਇਕ ਪਾਸੇ ਇਕ ਗੱਲ ਸਾਰੇ ਵਿਦਵਾਨ ਮੰਣਦੇ ਹਨ ਅਤੇ ਸਮਝਦੇ ਵੀ ਹਨ ਕਿ ਸਿੱਖ ਇਤਿਹਾਸ ਨੂੰ ਠੀਕ ਤਰ੍ਹਾਂ ਉਜਾਗਰ ਨਹੀਂ ਹੋਣ ਦਿੱਤਾ ਗਿਆ। ਗੁਰਬਾਣੀ ਅਤੇ ਗੁਰੂ ਸਾਹਿਬਾਨ ਦੀ ਜੀਵਨੀਂ ਸੰਬੰਧੀ ਇਤਨੇ ਭੁਲੇਖੇ ਪਾ ਰੱਖੇ ਹਨ ਕਿ ਇਤਿਹਾਸ ਨੂੰ ਮਿਥਿਹਾਸ ਬਣਾ ਕੇ ਰੱਖ ਦਿੱਤਾ ਹੈ। ਅੱਜ ਭਾਂਵੇ ਸਿੱਖ ਅਤੇ ਖਾਲਸਾ ਆਪਣੇ ਆਪ ਨੂੰ ਵੱਖ ਨਹੀਂ ਸਮਝਦੇ ਪਰ ਹਾਲਾਤ ਇਸ ਕਦਰ ਬਦਲ ਰਹੇ ਹਨ, ਇੰਝ ਮਹਿਸੂਸ ਹੁੰਦਾ ਹੈ ਕਿ ਉਹ ਵੇਲਾ ਦੂਰ ਨਹੀਂ ਜਦੋਂ ਸਿੱਖ ਅਤੇ ਖਾਲਸਾ ਦੋ ਵਖਰੀਆਂ ਕੌਮਾਂ ਬਣ ਜਾਣ ਗੀਆਂ ਅਤੇ ਜਾਂ ਫਿਰ ਖਾਲਸਾ ਆਪਣੇ ਆਪ ਨੂੰ ਉੱਚੀ ਸ਼੍ਰੇਣੀ ਦੇ ਸਮਝ ਕੇ ਸਿੱਖਾਂ ਨੂੰ ਸ਼ੂਦਰ ਬਣਾ ਦੇਣਗੇ। ਕਿਸੇ ਜਗ੍ਹਾਂ ਜਾਂ ਗੁਰਦੁਆਰੇ ਕੋਈ ਐਸੀ ਗੱਲ ਕੀਤੀ ਜਾਵੇ ਜੋ ਇਸ ਖਾਲਸਾ ਕੌਮ ਨੂੰ ਪਸੰਦ ਨਹੀਂ ਤਾਂ ਉਸ ਦਾ ਮੂੰਹ ਬੰਦ ਕਰ ਦਿੱਤਾ ਜਾਂਦਾ ਹੈ।ਆਮ ਸਿੱਖ ਇਨ੍ਹਾਂ ਪਾਸੋਂ ਡਰਦੇ ਵੇਖੇ ਗਏ ਹਨ। ਇਸ ਲਈ ਇਹ ਵਿਚਾਰ ਜ਼ਰੂਰੀ ਕਰਨੀਂ ਬਣਦੀ ਹੈ ਕਿ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਖਾਲਸਾ ਪੰਥ ਸਾਜਿਆ ਸੀ? ਜੇਕਰ ਹਾਂ- ਤਾਂ ਫਿਰ ਸਿੱਖ, ਸਿੰਘ ਅਤੇ ਖਾਲਸਾ ਇਕ ਬਰਾਬਰ ਇਕ ਕਿਤਾਰ ਵਿਚ ਖੜੇ ਹੋ ਸਕਦੇ ਹਨ?

ਨੋਟ: ਗਿਆਨਵਾਨ ਲੋਕ ਇਕ ਅਗਿਆਨੀ ਦੇ ਪ੍ਰਸ਼ਨ ਦਾ ਬੁਰਾ ਨਹੀਂ ਮਣਾਉਣਗੇ ਅਤੇ ਸਮਝਾਉਣ ਦੀ ਕ੍ਰਿਪਾਲਤਾ ਜ਼ਰੂਰ ਕਰਨਗੇ।

(ਐਡਵੋਕੇਟ ਸੁਰਿੰਦਰ ਸਿੰਘ ਕੰਵਰ)
+61-468432632
kanwar238@yahoo.com

Install Punjabi Akhbar App

Install
×