ਸਿੱਖੀ ਸਿਧਾਂਤ ਬਨਾਮ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਦੀ ਅਫਸੋਸਨਾਕ ਘਟਨਾ

ਬੀਤੇ ਦਿਨੀ ਸ੍ਰੀ ਗੁਰੂ ਰਾਮ ਦਾਸ ਮੈਡੀਕਲ ਕਾਲਜ ਸ੍ਰੀ ਅਮ੍ਰਿਤਸਰ ਸਾਹਿਬ ਵਿਖੇ ਇੱਕ ਬੇਹੱਦ ਮੰਦਭਾਗੀ ਘਟਨਾ ਵਾਪਰੀ ਹੈ,ਜਿਸ ਨੇ ਹਰ ਸੱਚੇ ਸਿੱਖ ਨੂੰ ਸ਼ਰਮਸ਼ਾਰ ਕੀਤਾ ਅਤੇ ਹਰ ਜਾਗਦੀ ਆਤਮਾ ਵਾਲੇ ਮਨੁੱਖੀ ਹਿਰਦੇ ਨੂੰ ਬੁਰੀ ਤਰਾਂ ਝੰਜੋੜਿਆ ਹੈ। ਹੋਣਹਾਰ ਬੱਚੀ ਡਾ ਪੰਪੋਸ ਦੀ ਜਾਤੀ ਵਿਤਕਰੇ ਕਾਰਨ ਹੋਈ ਮੌਤ ਨੇ ਬਹੁਤ ਸਾਰੇ ਅਜਿਹੇ ਸਵਾਲ ਪੈਦਾ ਕਰ ਦਿੱਤੇ ਹਨ,ਜਿੰਨਾਂ ਤੇ ਗੰਭੀਰਤਾ ਨਾਲ ਸੋਚਣਾ ਬਣਦਾ ਹੈ।ਇਸ ਤੋ ਪਹਿਲਾਂ ਅਜਿਹੀਆਂ ਘਟਨਾਵਾਂ ਪੰਜਾਬ ਤੋ ਬਾਹਰ ਦੂਜੇ ਸੂਬਿਆਂ ਵਿੱਚ ਵਾਪਰਦੀਆਂ ਰਹੀਆਂ ਹਨ। ਭਾਂਵੇਂ  ਪੰਜਾਬ ਤੋ ਬਾਹਰਲੇ ਸੂਬਿਆਂ ਚ ਇਹ ਘਟਨਾਵਾਂ ਅਕਸਰ ਹੀ ਵਾਪਰਦੀਆਂ ਰਹਿੰਦੀਆਂ ਹਨ,ਇਸ ਦੇ ਬਾਵਜੂਦ ਵੀ ਹੈਦਰਾਵਾਦ ਯੂਨੀਵਰਸਿਟੀ ਚ 17 ਜਨਵਰੀ 2016 ਨੂੰ ਜਾਤੀ ਵਿਤਕਰੇ ਕਾਰਨ ਹੋਈ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਵਾਲੀ ਘਟਨਾ ਨੇ ਵੀ ਦੁਨੀਆਂ ਦਾ ਧਿਆਨ ਖਿੱਚਿਆ ਸੀ,ਪੰਤੂ ਪੰਜਾਬ ਅੰਦਰ ਉਹ ਵੀ ਗੁਰੂ ਰਾਮ ਦਾਸ ਸਾਹਿਬ ਦੀ ਨਗਰੀ ਅੰਦਰ ਅਤੇ ਗੁਰੂ ਰਾਮ ਦਾਸ ਸਾਹਿਬ ਦੇ ਨਾਮ ਤੇ ਚੱਲ ਰਹੇ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠਲੇ ਕਾਲਜ ਵਿੱਚ ਅਜਿਹਾ ਘਿਨਾਉਣਾ ਕਾਰਾ ਬੇਹੱਦ ਮੰਦਭਾਗਾ,ਸ਼ਰਮਨਾਕ ਅਤੇ ਸਿੱਖ ਸਮਾਜ ਦੇ ਮੱਥੇ ਤੇ ਨਾ ਮਿਟਣਯੋਗ ਕਾਲਾ ਧੱਬਾ ਹੈ,ਜਿਸ ਨੇ ਸਿੱਖੀ ਦੇ ਜਾਤ ਪਾਤ ਰਹਿਤ, ਬਰਾਬਰਤਾ ਵਾਲੇ ਸਮਾਜ ਦੇ ਸੰਕਲਪ ‘ਤੇ ਸਵਾਲੀਆ ਨਿਸਾਨ ਲਾ ਦਿੱਤੇ ਹਨ।ਇਸ ਹਿਰਦੇ  ਵੇਧਕ ਘਟਨਾ ਤੋ ਇਹ ਅੰਦਾਜਾ ਲਾਉਣਾ ਕੋਈ ਮੁਸ਼ਕਲ ਨਹੀ ਕਿ ਅਜੋਕੀ ਸਿੱਖੀ ਮੁੜ ਮੰਨੂਵਾਦ ਤੋ ਪ੍ਰਭਾਵਤ ਹੋ ਕੇ ਗੁਰੂ ਨਾਨਕ ਸਾਹਬ ਦੇ ਗਾਡੀ ਰਾਹ ਤੋ ਥਿੜਕ ਚੁੱਕੀ ਹੈ ਅਤੇ ਆਪਣੀ ਨਿਆਰੀ,ਨਿਰਾਲੀ ਹੋਂਦ ਨੂੰ ਗਵਾਉਣ ਦੀ ਕਾਗਾਰ ਤੇ ਖੜੀ ਹੈ।

ਜੋ ਕੁੱਝ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਵਾਪਰਿਆ,ਉਹ ਸਿੱਖੀ ਅਸੂਲਾਂ ਤੋ ਹਜਾਰਾਂ ਕੋਹਾਂ ਦੂਰ ਨਿਰੋਲ ਮੰਨੂਵਾਦੀ ਸੋਚ ਦਾ ਭਿਆਨਕ ਵਰਤਾਰਾ ਹੈ।ਅਜੋਕੇ ਦੌਰ ਚ ਸਿੱਖੀ ਕਿਸ ਪਾਸੇ ਵੱਲ ਜਾ ਰਹੀ ਹੈ,ਇਹ ਸੋਚਣ ਦਾ ਵਿਸ਼ਾ ਹੈ। ਬੱਚੀ ਪੰਪੋਸ ਦੀ ਮੌਤ ਕਿਵੇਂ ਹੋਈ ,ਇਹ ਅਜੇ ਸਪੱਸਟ ਨਹੀ,ਪਰ ਇੱਕ ਗੱਲ ਚਿੱਟੇ ਦਿਨ ਵਾਂਗ ਸਪੱਸਟ ਹੈ ਕਿ ਭਾਵੇਂ ਮਰਨ ਲਈ ਮਜਬੂਰ ਕੀਤਾ ਗਿਆ,ਜਾਂ ਮਾਰਿਆ ਗਿਆ,ਗੱਲ ਇੱਕੋ ਹੀ ਹੈ। ਦੋਸ਼ੀ ਫੜੇ ਗਏ ਜਾਂ ਨਹੀ ਇਹ ਵੀ  ਓਨਾਂ ਮਹੱਤਵਪੂਰਨ ਨਹੀ, ਜਿੰਨਾਂ ਮਹੱਤਵਪੂਰਨ ਇਹ ਹੈ ਕਿ ਇਸ ਜਾਤੀਵਾਦ ਦੇ ਕੋਹੜ ਨੇ ਇਸ ਹੋਣਹਾਰ ਬੱਚੀ ਪੰਪੋਸ ਨੂੰ ਉਸ ਖਿੱਤੇ (ਪੰਜਾਬ)ਵਿੱਚ  ਨਿਗਲਿਆ ਹੈ,ਜਿੱਥੋ ਕਦੇ ਪੰਦਰਵੀ ਸਦੀ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਨੇ ਅਜਿਹੇ ਸਮਾਜਿਕ ਨਾ ਬਰਾਬਰੀ,ਊਚ ਨੀਚ ਅਤੇ ਜਾਤ ਪਾਤੀ ਵਰਤਾਰੇ ਦੇ ਖਿਲਾਫ ਦੇ ਲੜਾਈ ਵਿੱਢੀ ਅਤੇ ਬਰਾਬਰਤਾ ਵਾਲੇ ਸਮਾਜ ਦੀ ਸਿਰਜਣਾ ਦਾ ਸੰਕਲਪ ਲਿਆ ਸੀ। ਦਸਵੇਂ ਨਾਨਕ,ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਸਤਾਰਵੀਂ ਸਦੀ ਵਿੱਚ ਇਸ ਲੜਾਈ ਨੂੰ ਸਫਲਤਾ ਨਾਲ ਅੰਜਾਮ ਤੱਕ ਪਹੁੰਚਾਉਂਦਿਆਂ ਦੁਨੀਆ ਦੇ ਨਕਸ਼ੇ ‘ਤੇ  ਅਖੌਤੀ ਉੱਚ ਜਾਤੀਏ ਸਮਾਜ ਦੇ ਦੁਰਕਾਰੇ,ਦੱਬੇ ਕੁਚਲੇ ਲੋਕਾਂ ਦੀ ਇੱਕ ਅਜਿਹੀ ਬਹਾਦਰ ਕੌਮ ਪ੍ਰਗਟ ਕੀਤੀ ਸੀ,ਜਿਸ ਨੇ ਤਖਤਾਂ ਨੂੰ ਬਖਤ ਪਾਏ ਸਨ।

ਦਸਵੇਂ ਪਾਤਸ਼ਾਹ ਨੇ ਤਾਂ ਅਖੌਤੀ ਨੀਵੀਆਂ ਜਾਤਾਂ ਦੇ ਸਿੱਖਾਂ ਨੂੰ ਸਿਰਦਾਰੀਆਂ ਦੀ ਬਖਸ਼ਿਸ਼ ਕੀਤੀ ਸੀ,ਅਖੌਤੀ ਉੱਚ ਜਾਤੀਏ ਸਮਾਜ ਦੇ ਲਤਾੜੇ ਨਿਤਾਣਿਆਂ ਨੂੰ ਤਾਜਾਂ ਤਖਤਾਂ ਦੇ ਮਾਲਕ ਬਣਾਇਆ ਸੀ,ਪਰ ਅਫਸੋਸ ! ਕਿ ਅਜੋਕੇ ਦੌਰ ਤੱਕ ਪਹੁੰਚਦਿਆਂ ਪਹੁੰਚਦਿਆਂ ਗੁਰੂ ਕੇ ਸਿੱਖਾਂ ਨੇ ਸਿੱਖੀ ਸਿਧਾਤਾਂ ਤੋ ਅਸਲੋਂ ਹੀ ਮੂੰਹ ਮੋੜ ਲਿਆ ਹੈ ਅਤੇ ਮੁੜ ਬ੍ਰਾਹਮਣਵਾਦ ਦੀ ਵਿਤਕਰੇ ਭਰਪੂਰ ਨਾਂ-ਬਰਾਬਰੀ ਅੱਗੇ ਸਮੱਰਪਣ ਕਰ ਦਿੱਤਾ ਹੈ।ਉਪਰੋਕਤ ਦਿਲ ਕੰਬਾਊ ਘਟਨਾ ਅੰਮ੍ਰਿਤਸਰ ਦੇ ਸ਼੍ਰੀ ਗੁਰੂ ਰਾਮ ਦਾਸ ਕਾਲਜ ਦੇ ਹੋਸਟਲ ਵਿੱਚ ਮਿਤੀ 8 ਮਾਰਚ 2023 ਦਿਨ  ਬੁੱਧਵਾਰ ਤੇ ਵੀਰਵਾਰ ਦੀ ਦਰਮਿਆਨੀ ਰਾਤ ਦੀ ਦੱਸੀ ਜਾ ਰਹੀ ਹੈ। ਇਤਫਾਕ ਬੱਸ ਇਹ ਘਟਨਾ ਔਰਤ ਦਿਵਸ ਵਾਲੇ ਦਿਨ ਵਾਪਰਦੀ ਹੈ,ਜਦੋ ਸਾਡੇ ਨੇਤਾ ਔਰਤ ਦੀ ਮਹਾਨਤਾ ਦੇ ਦਮਗਜੇ ਮਾਰਦੇ ਹਨ,ਪਰ ਦੂਜੇ ਪਾਸੇ ਇਕ ਔਰਤ ਦੀ ਜਾਈ ਬਦਕਿਸਮਤ ਧੀ ਨੂੰ ਮਰਨ ਲਈ ਇਸ ਕਰਕੇ ਮਜਬੂਰ ਹੋਣਾ ਪੈ ਰਿਹਾ ਹੈ,ਕਿਉਂਕਿ ਉਹ ਅਭਾਗੀ ਧੀ ਮੰਨੂਵਾਦੀ ਵਰਣ ਵੰਡ ਦੇ ਅਨੁਸਾਰ ਉੱਚ ਜਾਤ ਚ ਨਹੀ ਸੀ ਜਨਮੀ।ਇਹ ਅਖੌਤੀ ਸਭਿੱਅਕ ਸਮਾਜ ਅਤੇ ਸਿਸਟਮ ਦੇ ਮੂੰਹ ਤੇ ਚਪੇੜ ਹੈ।

ਮਰਹੂਮ ਡਾਕਟਰ ਪੰਪੋਸ਼ (26) ਦੀ ਮਾਂ ਕਮਲੇਸ਼ ਰਾਣੀ ਦੇ ਬਿਆਨਾਂ ਦੇ ਆਧਾਰ ਉਪਰ ਦਰਜ ਕੀਤੀ ਗਈ ਪੁਲਿਸ ਰਿਪੋਰਟ (ਐਫ ਆਈ ਆਰ) ਮੁਤਾਬਿਕ ਪੁਲਿਸ ਨੇ 10 ਲੋਕਾਂ ਖਿਲਾਫ਼ 306 (ਮਰਨ ਲਈ ਮਜਬੂਰ ਕਰਨ ) ਅਤੇ ਐੱਸਸੀ/ ਐੱਸਟੀ ਐਕਟ 1989 ਤਹਿਤ ਕੇਸ ਦਰਜ ਕੀਤਾ ਹੈ।ਕਮਲੇਸ਼ ਰਾਣੀ ਨੇ ਪੁਲਿਸ ਨੂੰ ਆਪਣੇ ਬਿਆਨ ਵਿੱਚ ਕਿਹਾ ਕਿ ਮੁਲਜ਼ਮ ਉਸ ਦੀ ਧੀ ਬਾਰੇ ਜਾਤੀ ਸੂਚਕ ਸ਼ਬਦ ਵਰਤਦੇ ਸਨ ਅਤੇ ਕਹਿੰਦੇ ਸਨ ਕਿ ‘ਅਸੀਂ ਤੈਨੂੰ ਡਾਕਟਰ ਨਹੀਂ ਬਣਨ ਦੇਣਾ’। ਐਫ ਆਈ ਆਰ ਮੁਤਾਬਕ ਕਮਲੇਸ਼ ਰਾਣੀ ਨੇ ਕਿਹਾ, “ਇਸ ਸਬੰਧੀ ਮੈਂ ਅਤੇ ਮੇਰੇ ਪਿਤਾ (ਪੰਪੋਸ ਦੇ ਨਾਨਾ ਜੀ) ਨੇ ਕਈ ਵਾਰ ਕਾਲਜ ਦੇ ਪ੍ਰਿੰਸੀਪਲ ਅਤੇ ਡੀਨ ਸਾਹਿਬ ਨੂੰ ਸ਼ਿਕਾਇਤਾਂ ਕੀਤੀਆਂ ਸਨ ਪਰ ਕੋਈ ਐਕਸ਼ਨ ਨਹੀਂ ਲਿਆ ਗਿਆ।”ਐੱਫ਼ਆਈਆਰ ਮੁਤਾਬਕ ਮ੍ਰਿਤਕ ਡਾਕਟਰ ਪੰਪੋਸ਼ ਨੇ ਸਾਲ 2017 ਵਿੱਚ ਐੱਮਬੀਬੀਐੱਸ ਵਿੱਚ ਦਾਖਲਾ ਲਿਆ ਸੀ ਅਤੇ ਉਹ ਕਥਿਤ ਜਾਤੀ ਵਿਤਕਰੇ ਕਾਰਨ ਪਰੇਸ਼ਾਨ ਰਹਿੰਦੀ ਸੀ।ਮ੍ਰਿਤਕ ਪੰਪੋਸ ਜਲੰਧਰ ਦੇ ਰਾਮਾ ਮੰਡੀ ਦੀ ਵਸਨੀਕ ਸੀ।

ਪੁਲਿਸ ਨੇ ਇਸ ਮਾਮਲੇ ਵਿੱਚ 10 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ ਜਿੰਨ੍ਹਾਂ ਵਿੱਚ ਕਾਲਜ ਦੇ ਪ੍ਰੋਫੈਸਰ ਅਤੇ ਵਿਦਿਆਰਥੀਆਂ ਦੇ ਨਾਮ ਸ਼ਾਮਿਲ ਹਨ। ਪਰ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਕਿਸੇ ਸਿੱਖ ਜਥੇਬੰਦੀ ਨੇ ਇਸ ਮਾਮਲੇ ਪ੍ਰਤੀ ਗੰਭੀਰਤਾ ਨਹੀ ਦਿਖਾਈ ਹੈ।ਸਵਾਲ ਇਹ ਨਹੀ ਕਿ ਦੋਸ਼ੀ ਫੜੇ ਗਏ ਹਨ ਜਾਂ ਨਹੀ,ਬਲਕਿ ਸਵਾਲ ਤਾਂ ਇਹ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਸਮੇਤ ਪੰਥਕ ਧਿਰਾਂ ਇਸ ਮਾਮਲੇ ਵਿੱਚ ਚੁੱਪ ਕਿਉਂ ਹਨ। ਅਜੋਕੇ ਦੌਰ ਚ ਸਿੱਖੀ ਸਿਧਾਂਤਾਂ ਤੇ ਬ੍ਰਾਹਮਣਵਾਦ ਦੇ ਹੋ ਰਹੇ ਅਦਿੱਖ ਹਮਲਿਆਂ ਕਾਰਨ  ਸਿੱਖੀ ਚ ਆ ਰਹੇ ਜਾਤੀਵਾਦੀ ਨਿਘਾਰ ਨੂੰ ਰੋਕਣ ਲਈ ਜਿੱਥੇ ਸਿੱਖ ਸੋਚ ਨੂੰ ਜਿਉਂਦਾ ਰੱਖਣ ਦੀਆਂ ਮੁਦੱਈ ਧਿਰਾਂ ਨੂੰ ਗੰਭੀਰਤਾ ਨਾਲ ਹੱਲ ਲੱਭਣ ਦੇ ਉਪਰਾਲੇ ਕਰਨੇ ਚਾਹੀਦੇ ਹਨ,ਓਥੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਵੀ ਪੁਰਾਤਨ ਸਿੱਖ ਰਵਾਇਤਾਂ ਅਨੁਸਾਰ ਸਿੱਖੀ ਸਿਧਾਂਤਾਂ ਦੀ ਰਾਖੀ ਲਈ ਡੱਟ ਕੇ ਪਹਿਰੇਦਾਰੀ ਕਰਨ ਦੀ ਹਿੰਮਤ ਜੁਟਾਉਣੀ ਚਾਹੀਦੀ ਹੈ।