ਆਸਟ੍ਰੇਲੀਆ ਦੀਆਂ ਵੱਕਾਰੀ ਸਿੱਖ ਖੇਡਾਂ ਦਾ ਪਰਥ ਤੋਂ ਵੱਜਿਆ ਨਗਾੜਾ

Sikh khedan da perth ton vajia nagara 190317ਇੱਕ ਹੋਰ ਇਤਿਹਾਸਕ ਸ਼ੁਰੂਆਤ। ਉਲੰਪਿਕ ਖੇਡਾਂ ਦੌਰਾਨ ਜਗਾਈ ਜਾਂਦੀ ਮਸ਼ਾਲ ਦੀ ਤਰਜ਼ ਤੇ ਹੁਣ ਆਸਟ੍ਰੇਲੀਆ ਦੀਆਂ ਸਿੱਖ ਖੇਡਾਂ ਤੇ ਹਰ ਸਾਲ ਮਸ਼ਾਲ ਜਗਾ ਕੇ ਖੇਡ ਪ੍ਰੋਗਰਾਮਾਂ ਦਾ ਆਰੰਭ ਕੀਤਾ ਜਾਵੇਗਾ।/-2ਵੀਆਂ ਸਿੱਖ ਖੇਡਾਂ ਦੀ ਮਸ਼ਾਲ ਦੀ ਸ਼ੁਰੂਆਤ 16 ਮਾਰਚ ਨੂੰ ਪਰਥ ਸ਼ਹਿਰ ਦੇ ਅਡੀਨੀਆ ਪਾਰਕ ਵਿੱਚ ਬਣੇ ਹੋਏ ਸਿੱਖ ਹੈਰੀਟੇਜ ਟ੍ਰੈਲ ਤੋਂ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਫੈਡਰਲ ਲਿਬਰਲ ਦੇ ਐੱਮ ਪੀ ਮਿਸਟਰ ਬੈਨ ਮਾਰਟਨ,  ਜੈਂਡਾਕੋਟ ਦੇ ਐਮ ਐਲ ਏ ਮਿਸਟਰ ਜੈਜ਼ ਮੁਬਾਰਕਜਈ, ਸਿੱਖ ਖੇਡਾਂ ਨੈਸ਼ਨਲ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੱਧੂ ਅਤੇ  ਪ੍ਰਿੰਸੀਪਲ ਸੁਖਵੰਤ ਸਿੰਘ ਉਚੇਚੇ ਤੌਰ ਤੇ ਸ਼ਾਮਿਲ ਹੋਏ । ਇਸ ਤੋਂ ਇਲਾਵਾ ਸਿੱਖ ਐਸੋਸੀਏਸ਼ਨ ਆਫ਼ ਵੈਸਟਰਨ ਆਸਟ੍ਰੇਲੀਆ, ਗੁਰਦੁਆਰਾ ਪ੍ਰਬੰਧਕ ਕਮੇਟੀ ਬੈਨਿਟ ਸਪਰਿੰਗ, ਆਸਟਰੇਲੀਅਨ ਸਿੱਖ ਹੈਰੀਟੇਜ ਐਸੋਸੀਏਸ਼ਨ, ਪੰਜਾਬੀ ਸੱਥ ਪਰਥ ਐਸੋਸੀਏਸ਼ਨ, ਵਿਰਸਾ ਕਲੱਬ, ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਸਿੱਖ ਖੇਡਾਂ ਵਿੱਚ ਹਿੱਸਾ ਲੈਣ ਜਾ ਰਹੇ ਬਹੁਤ ਸਾਰੇ ਖਿਡਾਰੀਆਂ ਨੇ ਸ਼ਿਰਕਤ ਕੀਤੀ। ਇਹ ਮਸ਼ਾਲ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਦੀ ਹੁੰਦੀ ਹੋਈ 19 ਅਪ੍ਰੈਲ ਨੂੰ ਮੈਲਬਾਰਨ ਵਿੱਚ ਪਹੁੰਚੇਗੀ ਅਤੇ ਖੇਡਾਂ ਦੀ ਸ਼ੁਰੂਆਤ ਹੋਵੇਗੀ।

ਇਸ ਮਸ਼ਾਲ ਨੂੰ ਸ਼ੁਰੂਆਤ ਕਰਨ ਦਾ ਮਕਸਦ ਹੈ ਕਿ ਆਸਟ੍ਰੇਲੀਆ ਦੇ ਦੂਰ ਦੁਰੇਡੇ ਇਲਾਕਿਆਂ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਨੂੰ ਸਿੱਖ ਖੇਡਾਂ ਦੇ ਨਾਲ ਜੋੜਨਾ ਅਤੇ ਉਨ੍ਹਾਂ ਦੇ ਬੱਚਿਆਂ ਅੰਦਰ ਖੇਡਾਂ ਪ੍ਰਤੀ ਉਮੰਗ ਪੈਦਾ ਕਰਨਾ ਹੈ। ਤਕਰੀਬਨ 32 ਵਰ੍ਹੇ ਪਹਿਲਾਂ ਐਡੀਲੇਡ ਵਿੱਚ ਸ਼ੁਰੂ ਹੋਈਆਂ ਸਿੱਖ ਖੇਡਾਂ ਵਿੱਚ ਸਿੱਖ ਵਿਰਾਸਤ ਅਤੇ ਸਿੱਖ ਭਾਈਚਾਰੇ ਨੂੰ ਇੱਕਜੁੱਟ ਕਰਨ ਦੀਆਂ ਕੋਸ਼ਿਸ਼ਾਂ ਵਿੱਚ ਸਾਲ ਦਰ ਸਾਲ ਵਾਧਾ ਹੋ ਰਿਹਾ ਹੈ । ਪਿਛਲੇ ਸਾਲ ਸਿੱਖ ਖੇਡਾਂ ਵਿੱਚ 31 ਰਾਗਾਂ ਵਿੱਚ ਕੀਰਤਨ ਲੜੀ ਦੀ ਸ਼ੁਰੂਆਤ ਕੀਤੀ ਗਈ ਸੀ ਜੋ ਕਿ ਆਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਸੰਪੂਰਨ ਹੋਈ ਸੀ ।

ਇਸ ਵਾਰ 19 ਰਾਗਾਂ ਤੇ ਆਧਾਰਤ ਇਸ ਕੀਰਤਨ ਲੜੀ ਦਾ ਆਰੰਭ ਸ਼ਨੀਵਾਰ  ਸ਼ਾਮ 6 ਵਜੇ ਗੁਰਦੁਆਰਾ ਸਾਹਿਬ ਬੈਨਿਟ ਸਪ੍ਰਿੰਗ ਵਿੱਚ ਹੋਇਆ। ਕੀਰਤਨ ਦਰਬਾਰ ਦੀ ਸਮਾਪਤੀ ਤੋਂ ਬਾਅਦ “ਸਿਟੀ ਆਫ਼ ਸਵਾਨ” ਦੇ ਮੇਅਰ ਸੀ. ਆਰ. ਡੇਵਿਡ ਲੋਕਾਸ ਵੱਲੋਂ ਮਸ਼ਾਲ ਨੂੰ ਅਗਲੇ ਪੜਾਅ ਲਈ ਰਵਾਨਾ ਕੀਤਾ ਗਿਆ। ਕੀਰਤਨ ਲੜੀ ਦਾ ਅਗਲਾ ਪੜਾਅ ਗੁਰਦੁਆਰਾ ਸਾਹਿਬ ਕੈਨਿੰਗਵੇਲ ਵਿੱਚ ਐਤਵਾਰ ਦੁਪਹਿਰ ਦੇ ਸਮੇਂ ਹੋਇਆ। ਕੀਰਤਨ ਦਰਬਾਰ ਦੀ ਸਮਾਪਤੀ ਤੋਂ ਬਾਅਦ ਇਹ ਮਸ਼ਾਲ ਪਰਥ ਤੋਂ  ਡਾਰਵਿਨ, ਐਲੇਸਪਿ੍ਰੰਗ ਅਤੇ ਐਡੀਲੇਡ ਲਈ ਰਵਾਨਾ ਹੋਵੇਗੀ। ਇਹ ਮਸ਼ਾਲ ਹਰ ਸਾਲ ਨਵੀਂ ਬਣੇਗੀ  ਅਤੇ ਪੁਰਾਣੀ ਮਸ਼ਾਲ ਨੂੰ ਯਾਦਗਾਰੀ ਚਿੰਨ੍ਹ ਦੇ ਤੌਰ ਤੇ ਸੰਭਾਲਿਆ ਜਾਵੇਗਾ।

ਪ੍ਰਬੰਧਕਾਂ ਵੱਲੋਂ ਹਰ ਸਾਲ ਖੇਡਾਂ ਵਿੱਚ ਕੋਈ ਨਾ ਕੋਈ ਨਵਾਂ ਉਪਰਾਲਾ ਕੀਤਾ ਜਾਂਦਾ ਹੈ। ਪਿਛਲੀ ਵਾਰ ਸਿਡਨੀ ਵਿੱਚ ਹੋਈਆਂ ਸਿੱਖ ਖੇਡਾਂ ਦੌਰਾਨ ਪੰਜਾਬੀ ਸਭਿਆਚਾਰ ਅਤੇ ਵਿਰਾਸਤ ਨੂੰ ਦਰਸਾਉਂਦੀ ਹੋਈ ਪੰਜਾਬੀ ਸੱਥ ਦੀ ਪ੍ਰਦਰਸ਼ਨੀ ਲਗਾਈ ਗਈ ਸੀ । ਜ਼ਿਕਰਯੋਗ ਹੈ ਕਿ ਸੰਨ 2014 ਵਿੱਚ  ਪਰਥ ਵਿੱਚ ਹੋਈਆਂ ਸਿੱਖ ਖੇਡਾਂ ਦੌਰਾਨ ਪੰਜਾਬੀ ਸੱਥ ਪਰਥ ਵੱਲੋਂ  ਪੰਜਾਬੀ ਨੌਜਵਾਨ ਪੀੜ੍ਹੀ ਨੂੰ ਪੰਜਾਬੀ ਸਾਹਿਤ ਨਾਲ ਜੋੜਨ ਦੇ ਲਈ ਪੁਸਤਕ ਪ੍ਰਦਰਸ਼ਨੀ ਦੀ ਸ਼ੁਰੂਆਤ ਕੀਤੀ  ਗਈ ਸੀ। ਜੋ ਕਿ ਹੁਣ ਸਿੱਖ ਖੇਡਾਂ ਦਾ ਅਟੁੱਟ ਅੰਗ ਬਣ ਕੇ ਪੰਜਾਬੀ ਬੋਲੀ ਅਤੇ ਸਾਹਿਤ ਦੇ ਪ੍ਰਚਾਰ ਅਤੇ ਪਸਾਰ ਵਿੱਚ ਸਹਾਈ ਹੋ ਰਹੀ ਹੈ । ਇਸੇ ਲੜੀ ਨੂੰ ਅੱਗੇ ਤੋਰਦਿਆਂ ਇਸ ਵਾਰ ਮੈਲਬਾਰਨ ਵਿੱਚ ਹੋਣ ਜਾ ਰਹੀਆਂ ਸਿੱਖ ਖੇਡਾਂ ਦੌਰਾਨ ਪੰਜਾਬੀ ਸੱਥ ਦੀ ਪ੍ਰਦਰਸ਼ਨੀ ਨੂੰ ਪਿਛਲੇ ਵਰ੍ਹੇ ਦੀ ਸਿਡਨੀ ਦੀ ਪ੍ਰਦਰਸ਼ਨੀ ਨਾਲੋਂ ਦਸ ਗੁਣਾ ਵੱਡਾ ਕੀਤਾ ਗਿਆ ਹੈ।ਜਿਸ ਵਿੱਚ ਪੰਜਾਬੀ ਸਭਿਆਚਾਰ ,ਪੰਜਾਬੀ ਬੋਲੀ, ਸਾਹਿਤ ਅਤੇ  ਵਿਰਾਸਤੀ ਵਸਤਾਂ ਦੀ ਨੁਮਾਇਸ਼ ਲਗਾਈ ਜਾਵੇਗੀ। ਇਸੇ ਤਹਿਤ ਆਰਟ ਗੈਲਰੀ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਸੁਨਹਿਰੀ ਕਾਲ ਨੂੰ ਪੇਂਟਿੰਗਜ਼ ਜ਼ਰੀਏ ਪ੍ਰਦਰਸ਼ਿਤ ਕੀਤਾ ਜਾਵੇਗਾ। ਜੋ ਕਿ ਆਸਟ੍ਰੇਲੀਅਨ ਆਰਟਿਸਟ ਡੈਨੀਅਲ ਕੋਨਲ ਅਤੇ ਗੁਰਪ੍ਰੀਤ ਬਠਿੰਡਾ ਵੱਲੋਂ ਤਿਆਰ ਕੀਤੀਆਂ ਜਾਣਗੀਆਂ।

ਇਸ ਤੋਂ ਇਲਾਵਾ ਖੇਡਾਂ ਦੇ ਤਿੰਨੇ ਦਿਨ ਪੰਜਾਬੀ ਲੋਕ-ਧਾਰਾ ਦਾ ਨਿਰੰਤਰ ਪ੍ਰਵਾਹ ਚੱਲੇਗਾ ।ਜਿਸ ਵਿੱਚ ਖੁੱਲ੍ਹੀ ਸਟੇਜ ਤੋਂ ਲੋਕ ਕਲਾਵਾਂ,ਲੋਕ  ਗੀਤ ਲੋਕ ਬੋਲੀਆਂ, ਲੋਕ ਨਾਚਾਂ ਦੀ, ਪੰਜਾਬੀਆਂ ਦੀ ਨਵੀਂ ਪੀੜ੍ਹੀ ਨਾਲ ਸਾਂਝ ਪਵਾਉਣ ਦਾ ਯਤਨ ਕੀਤਾ ਜਾਵੇਗਾ । ਕੁੱਲ ਮਿਲਾ ਕੇ ਦਰਸ਼ਕਾਂ ਲਈ ਖੇਡਾਂ ਦੌਰਾਨ ਹਰ ਇੱਕ ਚੀਜ਼ ਖਿੱਚ ਦਾ ਕੇਂਦਰ ਬਣੇਗੀ।

ਸਿੱਖ ਖੇਡਾਂ ਦੀ ਨੈਸ਼ਨਲ ਕਮੇਟੀ ਦੇ ਪ੍ਰਧਾਨ ਅਮਨਦੀਪ ਸਿੰਘ ਸਿੱਧੂ ਜੀ ਨੇ ਗੱਲਬਾਤ ਦੌਰਾਨ ਸਿੱਖ ਖੇਡਾਂ ਦੇ ਹੁੰਦੇ ਪ੍ਰਤੀ ਸਾਲ ਵਾਧੇ ਬਾਰੇ ਦੱਸਿਆ ਕਿ ਕਿ 2015 ਵਿੱਚ ਵਲਗੂਲਗਾ ਵਿੱਚ ਹੋਈਆਂ ਸਿੱਖ ਖੇਡਾਂ ਵਿੱਚ ਤਕਰੀਬਨ 76 ਟੀਮਾਂ ਨੇ ਹਿੱਸਾ ਲਿਆ ਸੀ ।ਇਸੇ ਤਰ੍ਹਾਂ ਕ੍ਰਮਵਾਰ ਬ੍ਰਿਸਬੇਨ ਵਿੱਚ ਤਕਰੀਬਨ 95 ਟੀਮਾਂ, ਐਡੀਲੇਡ ਵਿੱਚ 112 ਅਤੇ ਪਿਛਲੇ ਸਾਲ 2018 ਵਿੱਚ ਸਿਡਨੀ ਵਿੱਚ ਹੋਈਆਂ ਸਿੱਖ ਖੇਡਾਂ ਦੌਰਾਨ ਤਕਰੀਬਨ 175 ਟੀਮਾਂ ਰਜਿਸਟਰਡ ਹੋਈਆਂ ਸਨ। ਇਸ ਵਾਰ ਮੈਲਬਾਰਨ ਵਿੱਚ ਹੋਣ ਜਾ ਰਹੀਆਂ ਸਿੱਖ ਖੇਡਾਂ ਵਿੱਚ 223 ਟੀਮਾਂ, ਖੇਡਾਂ ਵਿੱਚ ਹਿੱਸਾ ਲੈ ਰਹੀਆਂ ਹਨ। ਜਦਕਿ ਹੋਰ ਬਹੁਤ ਸਾਰੀਆਂ ਟੀਮਾਂ ਲਾਈਨ ਵਿੱਚ ਹਨ। ਖਿਡਾਰੀਆਂ ਦੀ ਗਿਣਤੀ ਤਕਰੀਬਨ 3500 ਤੋਂ ਉੱਪਰ ਹੈ ਜੋ ਕਿ ਔਸਤਨ 35 ਫ਼ੀਸਦੀ ਰਿਕਾਰਡ  ਵਾਧਾ ਹੋਇਆ ਹੈ। ਇਸ ਵਾਰ ਸਿੱਖ ਖੇਡਾਂ ਵਿੱਚ ਕਬੱਡੀ,ਸੌਕਰ,ਕ੍ਰਿਕਟ ,ਵਾਲੀਬਾਲ ,ਨੈੱਟਬਾਲ ਅਤੇ ਅਥਲੈਟਿਕਸ ਦੇ ਭਰਵੇਂ ਮੁਕਾਬਲੇ ਹੋਣਗੇ।

ਪਿਛਲੇ ਕੁਝ ਸਮੇਂ ਤੋਂ ਖੇਡ ਦਰਸ਼ਕਾਂ ਦੀ ਸ਼ਮੂਲੀਅਤ ਭਾਰੀ ਵਾਧਾ ਹੋਇਆ ਹੈ ਜਿੱਥੇ ਐਡੀਲੇਡ ਵਿੱਚ ਪਹਿਲਾਂ 3000 ਦਾ ਇਕੱਠ ਹੁੰਦਾ ਸੀ ਪਿਛਲੀ ਵਾਰ ਐਡੀਲੇਡ ਵਿੱਚ 15000 ਦੇ ਕਰੀਬ ਦਰਸ਼ਕਾਂ ਦਾ ਇਕੱਠ ਹੋਇਆ ਸੀ।

ਸਿਡਨੀ ਵਿੱਚ ਇਹ ਇਕੱਠ ਪਹਿਲਾਂ ਜਿੱਥੇ ਤਕਰੀਬਨ 10000 ਤੱਕ ਹੁੰਦਾ ਸੀ ਪਿਛਲੇ ਵਰ੍ਹੇ ਇਕੱਠ 95000 ਤੱਕ ਹੋਇਆ ।ਇਸ ਵਾਰ ਮੈਲਬਾਰਨ ਸਿੱਖ ਖੇਡਾਂ ਦੌਰਾਨ ਇਹ ਇਕੱਠ ਇੱਕ ਲੱਖ ਤੋਂ ਵੱਧ ਹੋਣ ਦੀ ਆਸ ਹੈ ਜਿਸ ਵਿੱਚ 2500 ਤੋਂ ਲੈ ਕੇ 3000 ਤੱਕ ਇੰਟਰਨੈਸ਼ਨਲ ਵਿਜ਼ਟਰ ਵੀ ਹੋਣਗੇ।

ਸਿੱਖ ਖੇਡਾਂ ਦੌਰਾਨ ਪੰਜਾਬੀ ਭਾਈਚਾਰੇ ਵੱਲੋਂ ਆਸਟ੍ਰੇਲੀਆ ਦੀ ਅਰਥ ਵਿਵਸਥਾ ਵਿੱਚ ਪਾਏ ਜਾਂਦੇ ਯੋਗਦਾਨ ਦੀ ਰਿਪੋਰਟ ਤਿਆਰ ਕਰਨ ਲਈ, ਸਰਕਾਰ ਵੱਲੋਂ ਪ੍ਰਮਾਣਿਤ  ਇੱਕ ਇੰਡੀਪੈਂਡਿਟ ਅਦਾਰਾ ਇਕਨਾਮਿਕ ਇੰਪੈਕਟ ਸਟੱਡੀ ਨੂੰ ਨਿਯੁਕਤ ਕੀਤਾ ਜਾਂਦਾ ਹੈ । ਜੋ ਕਿ ਖੇਡਾਂ ਦੌਰਾਨ ਆਏ ਹੋਏ ਲੋਕਾਂ ਤੋਂ ਸਰਵੇ ਫਾਰਮ ਭਰਵਾਉਂਦੇ ਹਨ ਕਿ ਖੇਡਾਂ ਦੌਰਾਨ ਉਨ੍ਹਾਂ ਵੱਲੋਂ ਕੁੱਲ ਕਿੰਨੇ ਡਾਲਰ ਖ਼ਰਚੇ ਗਏ ਅਤੇ ਬਦਲੇ ਵਿੱਚ ਮਿਲੀਆਂ ਸੇਵਾਵਾਂ ਤੋਂ ਕਿੰਨੇ ਕੁ ਸੰਤੁਸ਼ਟ ਹਨ  ਬਾਅਦ ਵਿੱਚ ਉਸ ਸਰਵੇ ਦਾ ਵਿਸ਼ਲੇਸ਼ਣ ਕਰਕੇ ਰਿਪੋਰਟ ਤਿਆਰ ਕਰਦੇ ਹਨ। ਇਸ ਰਿਪੋਰਟ ਦੇ ਆਧਾਰ ਤੇ ਆਸਟਰੇਲੀਅਨ ਸਰਕਾਰ ਵੱਲੋਂ ਖੇਡਾਂ ਲਈ ਸਹਿਯੋਗ ਲਿਆ ਜਾ ਸਕਦਾ ਹੈ ।

ਹੁਣ ਤੱਕ ਦੀਆਂ ਪਿਛਲੀਆਂ ਰਿਪੋਰਟਾਂ ਮੁਤਾਬਿਕ ਐਡੀਲੇਡ ਸਿੱਖ ਖੇਡਾਂ ਦੇ ਵਿੱਚ ਆਸਟ੍ਰੇਲੀਅਨ ਅਰਥ ਵਿਵਸਥਾ ਨੂੰ 7 ਮਿਲੀਅਨ ਡਾਲਰ ਦਾ ਫ਼ਾਇਦਾ ਹੋਇਆ ਸੀ। ਸਿਡਨੀ ਵਿੱਚ ਇਹ ਵਧ ਕੇ 25 ਮਿਲੀਅਨ ਡਾਲਰ ਦਾ ਤੱਕ ਪਹੁੰਚ ਗਿਆ। ਮੈਲਬਾਰਨ ਵਿੱਚ ਅੰਦਾਜ਼ਨ ਇਹ 45 ਮਿਲੀਅਨ ਡਾਲਰ ਦੇ ਕਰੀਬ ਹੋਵੇਗਾ।

ਇਸ ਸਮੇਂ ਆਸਟ੍ਰੇਲੀਅਨ ਸਿੱਖ ਖੇਡਾਂ ਦੁਨੀਆ ਭਰ ਵਿੱਚ ਸਭ ਤੋਂ ਵੱਡੀ ਸਿੱਖ ਖੇਡ ਸੰਸਥਾ ਬਣ ਚੁੱਕੀ ਹੈ ਇਸ ਸੰਸਥਾ ਨਾਲ 87 ਕਲੱਬਾਂ, 3500 ਖਿਡਾਰੀ ਅਤੇ ਲੱਖਾਂ ਦੀ ਗਿਣਤੀ ਵਿੱਚ ਦਰਸ਼ਕ ਜੁੜੇ ਹੋਏ ਹਨ। ਪ੍ਰਬੰਧਕਾਂ ਵੱਲੋਂ ਖੇਡਾਂ ਦੌਰਾਨ ਆਉਣ ਵਾਲ਼ੇ ਦਰਸ਼ਕਾਂ ਲਈ ਲੰਗਰ ਦੇ ਪੁਖ਼ਤਾ ਪ੍ਰਬੰਧ ਕੀਤੇ ਜਾ ਰਹੇ ਹਨ । ਖੇਡਾਂ ਦੌਰਾਨ ਮੀਡੀਆ ਕਵਰੇਜ ਲਈ ਦੁਨੀਆ ਭਰ ਦਾ ਮੀਡੀਆ ਪੱਬਾਂ ਭਾਰ ਹੋਇਆ ਪਿਆ ਹੈ।

ਕੁੱਲ ਮਿਲਾ ਕੇ ਇਸ ਵਾਰ ਦੀਆਂ ਸਿੱਖ ਖੇਡਾਂ ਇੱਕ ਨਵਾਂ ਮੀਲ ਪੱਥਰ ਸਥਾਪਤ ਕਰਨ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਜ਼ਰੀਏ ਆਸਟ੍ਰੇਲੀਆ ਦੀ ਅਰਥ ਵਿਵਸਥਾ ਵਿੱਚ ਸਿੱਖ ਭਾਈਚਾਰੇ ਵੱਲੋਂ ਪਾਏ ਜਾਂਦੇ ਆਰਥਿਕ ਸਹਿਯੋਗ ਸਦਕਾ ਸਿੱਖ ਭਾਈਚਾਰਾ ਆਸਟ੍ਰੇਲੀਆ ਵਿੱਚ ਇੱਕ ਮਜ਼ਬੂਤ ਧਿਰ ਵਜੋਂ ਪੇਸ਼ ਹੋ ਸਕੇਗਾ । ਅਰਦਾਸ ਕਰਦੇ ਹਾਂ ਕਿ ਸਿੱਖ ਖੇਡਾਂ ਆਸਟ੍ਰੇਲੀਆ ਦੇ ਸਿੱਖ ਭਾਈਚਾਰੇ ਵਿਚਲੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਉਨ੍ਹਾਂ ਵਿਚਲੇ ਆਪਸੀ ਪਿਆਰ, ਸਾਂਝ ਅਤੇ ਮੇਲ ਜੋਲ ਨੂੰ ਵਧਾਈ ਰੱਖਣ।

ਇੱਥੇ ਜ਼ਿਕਰਯੋਗ ਹੈ ਕਿ ਇਸ ਸਾਰੇ ਕੀਰਤਨ ਅਤੇ ਮਸ਼ਾਲ ਟੂਰ ਲਈ ਸਰਬਜੀਤ ਸਿੰਘ ਬਰਾੜ ਮੈਲਬਾਰਨ ਅਤੇ ਉਨ੍ਹਾਂ ਦੇ ਟੀਮ ਵੱਲੋਂ ਵਿੱਤੀ ਮਦਦ ਦਿੱਤੀ ਜਾਂ ਰਹੀ ਹੈ।

Welcome to Punjabi Akhbar

Install Punjabi Akhbar
×