ਸਲਾਹੁਣਯੋਗ ਹੈ ਸਿੱਖਿਆ ਵਿਭਾਗ ਦਾ ਬੱਚਿਆਂ ਦੀ ਨਿੱਤ ਨਵੇਂ ਸ਼ਬਦਾਂ ਨਾਲ ਸਾਂਝ ਪਾਉਣ ਦਾ ਉਪਰਾਲਾ 

ਸਮਾਜ ਨੂੰ ਸੋਹਣਾ ਦੇਖਣ ਦੀ ਚਾਹਤ ਹਰ  ਸੰਵੇਦਨਸ਼ੀਲ ਇਨਸਾਨ ਦੀ ਹੁੰਦੀ ਹੈ ਪਰ ਇਕੱਲਾ ਇਨਸਾਨ ਕੁੱਝ ਨਹੀਂ ਕਰ ਸਕਦਾ, ਇਹ ਸਮੂਹਿਕ ਯਤਨਾਂ ਨਾਲ ਹੀ ਸੰਭਵ ਹੁੰਦਾ ਹੈ। ਕਿਸੇ ਚੰਗੀ ਸੋਚ ਨੂੰ ਜੇਕਰ ਕੋਈ ਰਾਜਸੀ ਹੁਲਾਰਾ ਮਿਲ ਜਾਵੇ ਤਾਂ ਵਰਿੵਆਂ ਦਾ ਕੰਮ ਦਿਨਾਂ ‘ਚ, ਦਿਨਾਂ ਦਾ ਘੰਟਿਆਂ ‘ਚ ਅਤੇ ਘੰਟਿਆਂ ਦਾ ਕੰਮ ਮਿੰਟਾਂ ਵਿੱਚ ਹੋ ਨਿਬੜਦਾ ਹੈ।
       ਪੰਜਾਬ ਸਰਕਾਰ ਦੇ ਸਕੂਲਾਂ ਵਿੱਚ ਪੜੵਦੇ ਵਿਦਿਆਰਥੀਆਂ ਨੂੰ ਬੇਸ਼ੱਕ ਕੁਇੱਜ ਮੁਕਾਬਲੇ, ਭਾਸ਼ਣ ਪੑਤੀਯੋਗਤਾ, ਉਡਾਨ ਦੇ ਪੑਸ਼ਨ ਅਤੇ ਵੱਖ – ਵੱਖ ਕਿਰਿਆਤਮਕ ਗਤੀਵਿਧੀਆਂ ਜ਼ਰੀਏ ਨਿੱਤ ਨਵੀਆਂ ਨਿਆਮਤਾਂ ਮਿਲ ਰਹੀਆਂ ਹਨ, ਜਿਨ੍ਹਾਂ ਦੀ ਚਰਚਾ ਅਖ਼ਬਾਰਾਂ ਵਿੱਚ ਅਤੇ ਟੀ. ਵੀ. ਚੈਨਲਾਂ ‘ਤੇ ਅਕਸਰ ਹੁੰਦੀ ਰਹਿੰਦੀ ਹੈ ਪਰੰਤੂ ਸਭ ਤੋਂ ਵੱਧ ਸਲਾਹੁਣਯੋਗ ਉਪਰਾਲਾ ਜੋ ਵਿਭਾਗ ਵੱਲੋਂ ਹਾਲ ਹੀ ਕੀਤਾ ਗਿਆ ਹੈ, ਉਹ ਹੈ ਵਿਦਿਆਰਥੀਆਂ ਦੀ ਪੰਜਾਬੀ ਸੱਭਿਆਚਾਰ ਦੇ ਉਹ ਸ਼ਬਦ ਜੋ ਸਾਡੇ ਆਮ ਲੋਕਾਂ ਦੇ ਚੇਤਿਆਂ ‘ਚੋਂ ਵਿਸਰਦੇ ਜਾ ਰਹੇ ਹਨ, ਉਨ੍ਹਾਂ ਨਾਲ ਸਾਂਝ ਪੁਆਉਣੀ ਅਤੇ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਵੀ ਬੱਚਿਆਂ ਨੂੰ ਮੂਲ ਸ਼ਬਦ ਦੱਸਣ ਨਾਲ ਓਪਰੀ ਭਾਸ਼ਾ ਨਹੀਂ ਸਗੋਂ ਸਗੋਂ ਆਪਣੇਪਣ ਦਾ ਅਹਿਸਾਸ ਕਰਵਾਉਂਦੇ ਹਨ ਅਤੇ ਉਨ੍ਹਾਂ ਨੂੰ ਇੰਝ ਸਿੱਖਣਾ ਸੁਖਾਲਾ ਵੀ ਲਗਦਾ ਹੈ।
 ਸਵੇਰ ਦੀ ਸਭਾ ਵਿੱਚ ਜਦੋਂ ਵਿਦਿਆਰਥੀਆਂ ਨੂੰ ਸਾਡੇ ਪੁਰਖਿਆਂ ਦੀ ਅਮੁੱਲ ਦੌਲਤ ‘ਚੋਂ ਇੱਕ ਕਿਰਦਾ ਹੋਇਆ ਹੋਇਆ ਫੁੱਲ (ਵਿਰਾਸਤੀ ਸ਼ਬਦ) ਉਨ੍ਹਾਂ ਦੇ ਕੋਮਲ ਦਿਲਾਂ ਦੀ ਝੋਲ਼ੀ ਵਿੱਚ ਆ  ਡਿੱਗਦਾ ਹੈ ਤਾਂ ਚਿਹਰਿਆਂ ਤੋਂ ਸੱਚੀ ਖ਼ੁਸ਼ੀ ਦੀ ਝਲਕ ਦੇਖਣ ਨੂੰ ਮਿਲਦੀ ਹੈ। ਮੈਂ ਪੰਜਾਬੀ ਭਾਸ਼ਾ ਦਾ ਅਧਿਆਪਕ ਹੋਣ ਅਤੇ ਪੰਜਾਬੀ ਸਾਹਿਤ ਨਾਲ ਕੁੱਝ ਨਜ਼ਦੀਕੀਆਂ ਹੋਣ ਕਾਰਨ ਮਹਿਸੂਸ ਕਰਦਾ ਹਾਂ ਕਿ ਇਹ ਇੱਕ ਚੰਗੀ ਪਿਰਤ ਹੈ, ਇਸ ਨਾਲ ਨਾ ਸਿਰਫ਼ ਬੱਚਿਆਂ ਦੇ ਸ਼ਬਦ ਭੰਡਾਰ ਵਿੱਚ ਵਾਧਾ ਹੋਵੇਗਾ ਸਗੋਂ ਚਿਰ-ਸਥਾਈ ਸਿੱਖਿਆ ਪੈਦਾ ਹੋਵੇਗੀ।
ਬੱਚਿਆਂ ਵਿੱਚ ਹਰ-ਰੋਜ਼ ਨਵੇਂ ਸ਼ਬਦ ਨੂੰ ਜਾਣਨ ਦੀ ਉਤਸੁਕਤਾ ਇਸ ਸੁਚੱਜੀ ਸੋਚ ਨੂੰ ਹੋਰ ਹੁਲਾਰਾ ਦਿੰਦੀ ਜਾਪਦੀ ਹੈ। ਵਿਦਿਆਰਥੀਆਂ ਵਿੱਚ ਇੱਕ ਵੱਖਰੀ ਹੀ ਕਿਸਮ ਦਾ ਚਾਅ ਹੁੰਦਾ ਹੈ, ਸਕੂਲ ਵੜਦਿਆਂ ਹੀ ਰੋਕ-ਰੋਕ ਕੇ ਪੁੱਛਣ ਲੱਗ ਜਾਂਦੇ ਹਨ, “ਦੱਸੋ ਸਰ ਜੀ! ਅੱਜ ਕੀ ਸ਼ਬਦ ਆਇਆ ਹੈ ਸਾਡੇ ਲਈ ?” ਕਈ ਵਾਰ ਤਾਂ ਉਨਾਂ ਨੂੰ ਦੁਆ ਸਲਾਮ ਦਾ ਚੇਤਾ ਵੀ ਬਾਅਦ ਵਿੱਚ ਹੀ ਆਉਂਦੈ, ਪਹਿਲਾਂ ਸ਼ਬਦ ਜਾਣਨ ਦੀ ਬਿਹਬਲਤਾ ਭਾਰੂ ਹੋ ਜਾਂਦੀ ਹੈ। ਬਹੁਤ ਚੰਗਾ ਲਗਦਾ ਹੈ, ਜਦੋਂ ਉਨ੍ਹਾਂ ਵਿੱਚ ਪੑਬਲ ਇੱਛਾ ਦੇਖਣ ਲਈ ਮਿਲਦੀ ਹੈਂ, ਸ਼ਬਦ ਜਾਨਣ ਲਈ ਉਨ੍ਹਾਂ ਤੋਂ ਸਵੇਰ ਦੀ ਪੑਾਰਥਨਾ ਸਭਾ ਦੀ ਉਡੀਕ ਵੀ ਨਹੀਂ ਹੁੰਦੀ।
ਰੋਜ਼ਾਨਾ ਮਿਲਦੇ ਨਵੇਂ ਪੰਜਾਬੀ ਅਤੇ ਅੰਗਰੇਜ਼ੀ ਦੇ ਸ਼ਬਦਾਂ ਨੂੰ ਲਿਖਣ ਲਈ ਉਨ੍ਹਾਂ ਵਿਦਿਆਰਥੀਆਂ ਨੇ ਵੀ ਨਵੀਆਂ ਲੈ ਕੇ ਕਾਪੀਆਂ ਲਗਾਈਆਂ, ਜਿੰਨਾ ਨੇ ਕਦੇ ਕੋਈ ਸਿਲੇਬਸ ਦੀ ਕਾਪੀ ਲਗਾਈ ਹੀ ਨਹੀਂ ਹੁੰਦੀ। ਵਿਦਿਆਰਥੀ ਬਹੁਤ ਹੀ ਸ਼ੌਕ ਨਾਲ ਸ਼ਬਦ ਲਿਖ ਕੇ ਕਾਪੀਆਂ ਉੱਪਰ ਸਜਾਵਟ ਕਰਦੇ ਦੇਖੇ ਜਾਂਦੇ ਹਨ।
  ਬੇਸ਼ੱਕ ਸਵੇਰ ਤੋਂ ਸਕੂਲੋਂ ਛੁੱਟੀ ਹੋਣ ਤੱਕ ਉਨ੍ਹਾਂ ਨੂੰ ਸ਼ਬਦ ਹੀ ਤਾਂ  ਪੜਾਏ ਜਾਂਦੇ ਹਨ ਪਰ ਨਿੱਤ ਨਵੇਂ ਮਹਿਮਾਨ (ਸ਼ਬਦ ) ਆਉਣ ਦਾ ਚਾਅ ਵਿਦਿਆਰਥੀਆਂ ਦੇ ਦਿਲਾਂ ‘ਚ ਵੱਖਰੀ ਹੀ ਕਿਸਮ ਦਾ ਹੁੰਦਾ ਹੈ। ਪੰਜਾਬੀ ਵਿਰਾਸਤ ਦੇ ਅਮੀਰ ਲਫ਼ਜ਼ ਸੱਗ਼ੀ ਫੁੱਲ, ਕਸੀਦਾ, ਛਮਾਸ, ਪੰਜਾਲ਼ੀ, ਝਲਾਨੀ, ਘਰਾਟ, ਲਟੈਣ,ਗੋਪੀਆ ਤੇ ਜਾਂ ਫਿਰ ਲੋਕ-ਸਾਜਾਂ ਵਿੱਚ ਬੁੱਘਦੂ, ਅਲਗੋਜ਼ੇ, ਕਾਟੋ ਵਰਗੇ ਸ਼ਬਦ ਉਨ੍ਹਾਂ ਨੂੰ  ਆਪਣੇ ਪੁਰਖਿਆਂ ਦੇ ਵਡੱਪਣ ਦਾ ਸੁਨੇਹਾ ਦਿੰਦੇ ਹਨ ਅਤੇ ਦੱਸਦੇ ਹਨ ਕਿ ਉਸ ਸਮੇਂ ਸੀਮਿਤ ਸਾਧਨਾਂ ਦੇ ਹੁੰਦੇ ਹੋਏ ਵੀ ਭਰੇ- ਭਰੇ ਹੋਣ ਦਾ ਅਹਿਸਾਸ ਹੁੰਦਾ ਸੀ ਅਤੇ ਅੱਜ ਕੱਲ ੵ ਸਾਰੇ ਸਾਧਨਾਂ ਦੇ ਹੁੰਦੇ ਹੋਇਆਂ ਵੀ ਸੱਖਣੇਪਣ ਜਿਹਾ ਲਗਦਾ ਹੈ। ਇੰਝ ਅੰਗਰੇਜ਼ੀ ਭਾਸ਼ਾ ਦੇ ਸ਼ਬਦ ਵੀ ਕੋਈ ਘੱਟ ਨਹੀਂ ਸਤਿਕਾਰੇ ਜਾਂਦੇ, ਲਗਨ ਅਤੇ ਖਿੱਚ ਉਨ੍ਹਾਂ ਦਾ ਵੀ ਸੁਆਗਤ ਕਰਦੀ ਹੈ।
 ਸੋ ਅਜਿਹੇ ਸਾਰਥਕ ਅਤੇ ਉਸਾਰੂ ਕਾਰਜ ਕਦੇ ਕਦਾਈਂ ਹੀ ਹੁੰਦੇ ਹਨ, ਜਿੰਨਾ ਵਿੱਚ ਸਮਾਜ ਨੂੰ ਕੋਈ ਨਵੀਂ ਦਿਸ਼ਾ ਅਤੇ ਦਸਾ ਦੇਣ ਦੀ ਸਮਰੱਥਾ ਹੁੰਦੀ ਹੈ, ਉਮੀਦ ਹੈ ਕਿ ਵਿਭਾਗ ਅਨੁਭਵੀ ਅਧਿਆਪਕਾਂ ਅਤੇ ਬੁੱਧੀ ਜੀਵੀਆਂ ਦੀ ਅਗਵਾਈ ਲੈ ਕੇ ਭਵਿੱਖ ਵਿੱਚ ਵੀ ਕੁਝ ਚੰਗੇ ਉੱਦਮ ਕਰਦਾ ਰਹੇਗਾ ਜੋ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਜ਼ਰੂਰੀ ਹੁੰਦੇ ਹਨ।
 ਲੇਖਕ : ਬਲਕਰਨ ‘ਕੋਟ ਸ਼ਮੀਰ
ਪੰਜਾਬੀ ਅਧਿਆਪਕ, ਸਰਕਾਰੀ ਮਿਡਲ ਸਕੂਲ,
ਖੇੜਾ (ਫਗਵਾੜਾ) ਜ਼ਿਲ੍ਹਾ ਕਪੂਰਥਲਾ। ਫੋਨ: 6283964386
IMG_20190921_180024

Install Punjabi Akhbar App

Install
×