‘ਸਿੱਖ ਚਿਲਡਰਨ ਡੇਅ’ ਦੌਰਾਨ ਟੌਰੰਗਾ ਦੇ ਅੱਵਲ ਆਏ ਬੱਚਿਆਂ ਦਾ ‘ਗੁਰਦੁਆਰਾ ਸਿੱਖ ਸੰਗਤ’ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ

NZ PIC 7 Oct-1
ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਸਮਾਪਤ ਹੋਏ ਦੋ ਦਿਨਾਂ ‘ਸਿੱਖ ਚਿਲਡਰਨ ਡੇਅ-2014’ ਦੌਰਾਨ ਹੋਏ ਗੁਰਮਿਤ ਮੁਕਾਬਲਿਆਂ ਵਿਚ ਟੌਰੰਗਾ ਸ਼ਹਿਰ ਤੋਂ ਅੱਵਲ ਰਹੇ ਬੱਚਿਆਂ ਨੂੰ ‘ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ’ ਦੀ ਪ੍ਰਬੰਧਕ ਕਮੇਟੀ ਵੱਲੋਂ ਸਨਮਾਨ ਕਰਕੇ ਹੌਂਸਲਾ ਅਫ਼ਜਾਈ ਕੀਤੀ ਗਈ। ਕਵੀਸ਼ਰੀ ਜੱਥੇ ਦੇ ਵਿਚ ਅੱਵਲ ਆਏ ਬੱਚੇ ਜਸਕਰਨ ਸਿੰਘ ਤੇ ਪ੍ਰੀਤ ਸਿੰਘ, ਬੱਚੀ ਸੁਖਪ੍ਰੀਤ ਕੌਰ ਨੇ ਸੋਹਿਲਾ ਸਾਹਿਬ ਦੀ ਬਾਣੀ ਜ਼ੁਬਾਨੀ ਸੁਣਾ ਕੇ ਪਹਿਲਾ ਸਥਾਨ ਹਾਸਿਲ ਕੀਤਾ ਤੇ  ਬੱਚੀ ਜਸਨੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਾਕਾ ਮਨਕਰਨ ਸਿੰਘ ਤੇ ਕਾਕਾ ਜਸਕਰਨ ਸਿੰਘ ਨੇ ਵਧੀਆ ਤਬਲਾ ਵਜਾਉਣ ਵਿਚ ਵਿਸ਼ੇਸ਼ ਇਨਾਮ ਹਾਸਿਲ ਕੀਤਾ, ਬੱਚੀ ਇੰਦਰਪ੍ਰੀਤ ਕੌਰ ਨੇ ਜ਼ੁਬਾਨੀ ਗੁਰਬਾਣੀ ਸੁਣਾ ਕੇ ਵਿਸ਼ੇਸ਼ ਇਨਾਮ ਹਾਸਿਲ ਕੀਤਾ। ਇਨ੍ਹਾਂ ਸਾਰੇ ਜੇਤੂ ਉਪ ਜੇਤੂ ਬੱਚਿਆਂ ਨੇ ਗੁਰਦੁਆਰਾ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਮਲਕੀਤ ਸਿੰਘ ਸੁੱਜੋਂ ਵਾਲੇ, ਭਾਈ ਮੇਜਰ ਸਿੰਘ ਸੁੱਜੋਂ ਵਾਲੇ ਅਤੇ ਭਾਈ ਪਰਮਜੀਤ ਸਿੰਘ ਨੌਰਾ ਵਾਲਿਆਂ ਦਾ ਬਹੁਤ ਧੰਨਵਾਦ ਕਰਦਿਆਂ ਆਪਣੇ ਸਾਰੇ ਜਿੱਤੇ ਇਨਾਮ ਉਨ੍ਹਾਂ ਨੂੰ ਸਮਰਪਿਤ ਕੀਤੇ ਕਿਉਂਕਿ ਉਨ੍ਹਾਂ ਵੱਲੋਂ ਹੀ ਪਿਛਲੇ ਪੰਜ ਮਹੀਨਿਆਂ ਦੀ ਦਿੱਤੀ ਸਿਖਲਾਈ ਸਦਕਾ ਇਹ ਬੱਚੇ ਇਨਾਮ ਹਾਸਿਲ ਕਰਨ ਵਿਚ ਕਾਮਯਾਬ ਰਹੇ। ਬੱਚਿਆਂ ਦੇ ਮਾਪਿਆਂ ਵੱਲੋਂ ਹਜ਼ੂਰੀ ਰਾਗੀ ਜੱਥੇ ਅਤੇ ਗੁਰਦੁਆਰਾ ਪ੍ਰਬੰਧਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਜੁੜੀ ਸੰਗਤ ਨੇ ਵੀ ਬੱਚਿਆਂ ਅਤੇ ਰਾਗੀ ਜੱਥੇ ਨੂੰ ਵਧਾਈ ਦਿੱਤੀ।