ਸਿੱਖੀ ਦੀ ਪਹਿਚਾਣ ਕਾਰਨ ਸਥਾਨਕ ਭਾਈਚਾਰੇ ਵਿੱਚ ਪਹਿਚਾਣ ਅਤੇ ਪਿਆਰ ਵਧਿਆ

ਕਹਿੰਦੇ ਹਨ ਕਿ ਸਿੱਖ ਜਿੱਥੇ ਵੀ ਜਾਂਦੇ ਹਨ ਤਾਂ ਆਪਣੀ ਨਵੇਕਲੀ ਪਹਿਚਾਣ ਆਪਣੇ ਨਾਲ ਹੀ ਲੈ ਕੇ ਜਾਂਦੇ ਹਨ ਅਤੇ ਜਿੱਥੇ ਜਾਂਦੇ ਹਨ ਉਥੇ ਦੇ ਲੋਕਾਂ ਨੂੰ ਆਪਣਾ ਮਾਣ-ਮੱਤਾ ਇਤਿਹਾਸ ਦੱਸਣਾ ਕਦੇ ਵੀ ਨਹੀਂ ਭੁੱਲਦੇ ਅਤੇ ਆਪਣੇ ਸਭਿਆਚਾਰ ਨੂੰ ਵੀ ਉਚੇਚੇ ਤੌਰ ਤੇ ਨਾਲ ਹੀ ਰੱਖਦੇ ਹਨ। ਅਜਿਹਾ ਹੀ ਆਸਨਟ੍ਰੇੇਲੀਆ ਦੇ ਇੱਕ ਰਾਜ ਅਤੇ ਦੀਪ ਤਸਮਾਨੀਆ ਵਿਖੇ ਵੀ ਦੇਖਣ ਵਿੱਚ ਮਿਲ ਰਿਹਾ ਹੈ ਕਿ ਕੁੱਝ ਪੰਜਾਬੀ ਨੌਜਵਾਨ ਜਦੋਂ ਇੱਥੇ ਇੱਕ ਟਰੱਕਿੰਗ ਕੰਪਨੀ (ਐਸ.ਆਰ.ਟੀ. ਲੋਜਿਸਟਿਕਸ) ਵਿੱਚ ਆਪਣਾ ਰੌਜ਼ਗਾਰ ਸਾਂਭਣ ਆਏ ਤਾਂ ਉਨ੍ਹਾਂ ਨੇ ਮਹਿਸੂਸ ਕੀਤਾ ਕਿ ਇੱਥੇ ਦੇ ਸਥਾਨਕ ਲੋਕ ਸਿੱਖਾਂ ਬਾਰੇ ਕੁੱਝ ਵੀ ਨਹੀਂ ਜਾਣਦੇ ਅਤੇ ਪਹਿਚਾਣ ਨਾ ਹੋਣ ਕਾਰਨ ਕਈ ਵਾਰੀ ਤਾਂ ਉਨ੍ਹਾਂ ਨੂੰ ਨਾ ਸਿਰਫ ਸ਼ੱਕੀ ਨਿਗਾਹਾਂ ਨਾਲ ਹੀ ਦੇਖਦੇ ਸਗੋਂ ਉਨ੍ਹਾਂ ਨਾਲ ਵਖਰੇਵੇਂ ਵਾਲਾ ਵਰਤਾਉ ਵੀ ਕਰਦੇ ਹਨ। ਕਈ ਵਾਰੀ ਕਾਫੀ ਤਲਖਬਾਜ਼ੀ ਵੀ ਹੋ ਜਾਂਦੀ ਸੀ। ਨੌਜਵਾਨਾਂ ਵੱਲੋਂ ਜਦੋਂ ਬੈਠ ਕੇ ਵਿਚਾਰ ਵਟਾਂਦਰੇ ਕੀਤੇ ਗਏ ਤਾਂ ਗੱਲ ਇਹੋ ਸਾਹਮਣੇ ਆਈ ਕਿ ਇਨ੍ਹਾਂ ਲੋਕਾਂ ਨਾਲ ਲੜਣ ਦੀ ਬਜਾਏ ਇਨ੍ਹਾਂ ਨੂੰ ਸਿੱਖਾਂ ਅੰਦਰ ਵਸਦੀ ਭਾਈਚਾਰਕ ਸਾਂਝ ਪ੍ਰਤੀ ਜਾਗਰੂਕ ਕਰਵਾਇਆ ਜਾਵੇ ਭਾਵ ਜੋਸ਼ ਦੇ ਨਾਲ ਨਾਲ ਹੋਸ਼ ਦੀ ਵੀ ਵਰਤੋਂ ਕੀਤੀ ਜਾਵੇ। ਨੌਜਵਾਨਾਂ ਨੇ ਆਹ ਗੱਲ ਆਪਣੀ ਕੰਪਨੀ ਨੂੰ ਦੱਸੀ ਤਾਂ ਕੰਪਨੀ ਦੇ ਡਾਇਰੈਕਟਰ ਰੋਬ ਮਿਲਰ, ਮੈਨੇਜਰ -ਨੈਥਨ ਅਤੇ ਹੋਰ ਉਘੇ ਕਰਮਚਾਰੀ ਜਿਵੇਂ ਕਿ ਬਰੈਂਡਨ ਡਨਿੰਗ ਅਤੇ ਜੋਇਨ ਨੂੰ ਕਾਫੀ ਪਸੰਦ ਆਈ ਅਤੇ ਸਾਰਿਆਂ ਨੇ ਮਿਲ ਕੇ ਸਥਾਨਕ ਲੋਕਾਂ ਨਾਲ ਜਾਣ ਪਹਿਚਾਣ ਵਧਾਉਣ ਬਾਰੇ ਮਨ ਬਣਾ ਲਿਆ। ਸਿਲਸਿਲਾ ਲੰਗਰ ਅਤੇ ਦਸਤਾਰ ਬੰਦੀ ਤੋਂ ਅਜਿਹਾ ਸ਼ੁਰੂ ਹੋਇਆ ਕਿ ਜਦੋਂ ਇਥੇ ਦੇ ਲੋਕਾਂ ਨੂੰ ਸਿੱਖ ਕੌਮ ਦੀ ਅਸਲ ਵਿਚਾਰਧਾਰਾ ਬਾਰੇ ਵਿੱਚ ਪਤਾ ਲੱਗਾ ਲੋਕ ਇਨ੍ਹਾਂ ਨੌਜਵਾਨਾਂ ਦੇ ਹੀ ਦਿਵਾਨੇ ਹੋ ਗਏ। ਇਨ੍ਹਾਂ ਨੌਜਵਾਨਾਂ ਨੇ ਉਨ੍ਹਾਂ ਨੂੰ ਐਲ.ਈ.ਡੀ. ਨਾਲ ਇੰਟਰਨੈਟ ਦੇ ਮਾਧਿਅਮਾਂ ਰਾਹੀਂ ਸਿੱਖ ਸਭਿਆਚਾਰ ਤੋਂ ਵਾਕਿਫ ਕਰਵਾਇਆ ਅਤੇ ਉਨ੍ਹਾਂ ਨੂੰ ਸਿੱਖ ਇਤਿਹਾਸ ਅਤੇ ਧਾਰਮਿਕ ਸਥਾਨਾਂ ਦੇ ਦਰਸ਼ਨ ਵੀ ਕਰਵਾਏ ਅਤੇ ਅਜਿਹੀਆਂ ਛੋਟੀਆਂ ਛੋਟੀਆਂ ਪਰ ਮਹੱਤਵਪੂਰਨ, ਕਾਰਵਾਈਆਂ ਕਾਰਨ ਮਿੱਤਰਤਾ ਪੈਣੀ ਸ਼ੁਰੂ ਹੋ ਗਈ। ਬਸ, ਇਸ ਤੋਂ ਬਾਅਦ ਤਾਂ ਫੇਰ ਕੁੱਝ ਸਮਾਂ ਪਾ ਕੇ ਥੋੜ੍ਹੀ ਜਿਹੀ ਪਈ ਮਿੱਤਰਤਾ ਇੰਝ ਗੂੜ੍ਹੀ ਹੋਈ ਕਿ ਲੋਕ ਸਿੱਖਾਂ ਦੀਆਂ ਦਸਤਾਰਾਂ ਦੇ ਹੀ ਦਿਵਾਨੇ ਹੋ ਗਏ ਅਤੇ ਹੁਣ ਹਰ ਸਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪਰਵ ਉਪਰ ਇੱਕ ਸਮਾਗਮ ਕੀਤਾ ਜਾਂਦਾ ਹੈ ਅਤੇ ਸਥਾਨਕ ਲੋਕਾਂ ਅਤੇ ਗੋਰਿਆਂ ਦੇ ਵੀ ਦਸਤਾਰਾਂ ਸਜਾਈਆਂ ਜਾਂਦੀਆਂ ਹਨ ਅਤੇ ਇਹ ਲੋਕ ਵੀ ਸਾਰਾ ਸਾਰਾ ਦਿਨ ਆਪਣੇ ਸਿਰਾਂ ਉਪਰ ਦਸਤਾਰਾਂ ਸਜਾ ਕੇ ਆਪਣੇ ਸਾਰੇ ਕੰਮ ਕਰਦੇ ਹਨ ਅਤੇ ਇਸ ਵਾਸਤੇ ਉਹ ਕਿਸੇ ਕੋਲੋਂ ਕੋਈ ਪੈਸਾ ਧੇਲਾ ਵੀ ਨਹੀਂ ਮੰਗਦੇ ਸਗੋਂ ਆਪਸ ਵਿੱਚ ਹੀ ਦਸਵੰਦ ਕੱਢ ਕੇ ਗੁਰੂ ਦੀ ਸੇਵਾ ਵਿੱਚ ਅਰਪਣ ਕਰਦੇ ਹਨ।
ਇਸ ਉਤਮ ਕਾਰਜ ਵਿੱਚ ਲੱਗੇ ਨੌਜਵਾਨਾ ਦੇ ਨਾਮਾਂ ਦਾ ਜ਼ਿਕਰ ਕਰਨਾ ਵੀ ਇੱਥੇ ਬਣਦਾ ਹੈ ਅਤੇ ਇਹ ਨੌਜਵਾਨ -ਪਾਲ ਸਿੰਘ, ਹਰਪ੍ਰੀਤ ਸਿੰਘ ਹੁੰਦਲ, ਮਨਦੀਪ ਸਿੰਘ ਹੁੰਦਲ, ਅਰਸ਼ਪ੍ਰੀਤ ਸਿੰਘ ਮੱਲ੍ਹੀ, ਜਸਪ੍ਰੀਤ ਸਿੰਘ ਜੱਸੀ, ਦਵਿੰਦਰ ਸਿੰਘ ਬੁੱਟਰ, ਹਰਮਨਦੀਪ ਸਿੰਘ, ਗੁਰਕਮਲ ਸਿੰਘ ਥਾਂਬੀ, ਗੁਰਸਿਮਰਨ ਸਿੰਘ ਬਾਜਵਾ, ਜਸਪ੍ਰੀਤ ਸਿੰਘ, ਸ਼ਗਨਦੀਪ ਸਿੰਘ, ਨਵਪ੍ਰੀਤ ਸਿੰਘ, ਹਨ ਜਿਹੜੇ ਕਿ ਆਪਣੇ ਤਨ-ਮਨ ਅਤੇ ਧਨ ਨਾਲ ਆਪਣੇ ਆਪਣੇ ਰੌਜ਼ਗਾਰਾਂ ਨੂੰ ਕਰਦਿਆਂ ਸਿੱਖੀ ਦਾ ਪ੍ਰਚਾਰ ਕਰਨ ਵਿੱਚ ਲੱਗੇ ਹੋਏ ਹਨ ਅਤੇ ਸਥਾਨਕ ਲੋਕਾਂ ਨਾਲ ਮਿੱਤਰਤਾ ਪਾ ਰਹੇ ਹਨ।
ਸ਼ਾਲਾ ਇਹ ਦੋਸਤੀ ਇੰਝ ਹੀ ਗੂੜੀ ਹੁੰਦੀ ਰਹੇ ਅਤੇ ਸਿੱਖ ਨੌਜਵਾਨੀ ਇਦਾਂ ਹੀ ਜੋਸ਼ ਦੇ ਹੋਸ਼ ਲਾ ਕੇ ਲੋਕਾਂ ਨੂੰ ਆਪਣੀ ਪਹਿਚਾਣ ਬਾਰੇ ਦੱਸਦੀ ਰਹੇ ਆਪਣੇ ਇਤਿਹਾਸ ਅਤੇ ਸਭਿਅਚਾਰ ਤੋਂ ਜਾਣੂ ਕਰਵਾਉਂਦੀ ਰਹੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖੀ ਦਾ ਸੁਨੇਹਾ ‘ਏਕ ਪਿਤਾ ਏਕਸ ਕੇ ਹਮ ਬਾਰਿਕ’ ਸੱਚ ਹੋਵੇਗਾ ਅਤੇ ਗੁਰੂ ਨਾਨਕ ਦੀ ਸਿੱਖੀ ਦੁਨੀਆ ਦੇ ਕੋਨੇ ਵਿੱਚ ਨਾ ਸਿਰਫ ਫੈਲੇਗੀ ਹੀ ਬਲਕਿ ਆਪਣੀ ਪੂਰੀ ਚੜ੍ਹਤ ਨਾਲ ਇਸ ਦੀ ‘ਚੜ੍ਹਦੀ ਕਲਾ’ ਵੀ ਕਾਇਮ ਰਹੇਗੀ।