ਸਿੱਖੀ ਪਰੰਪਰਾ ਵਿਰਾਸਤ ਅਤੇ ਸਿਧਾਂਤਾਂ ਤੋ ਅਸਲੋਂ ਹੀ ਮੁਨਕਰ ਹੋ ਚੁੱਕੀ ਹੈ ਸਿੱਖ ਲੀਡਰਸ਼ਿਪ

ਸਿੱਖਾਂ ਦੀ ਲੀਡਰਸ਼ਿਪ ਕਿੰਨੀ ਬੇਗ਼ੈਰਤ, ਖ਼ੁਦਗ਼ਰਜ਼ ਅਤੇ ਚਾਪਲੂਸ ਹੋ ਚੁੱਕੀ ਹੈ, ਇਹ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਨੇ ਹੋਰ ਵੀ ਸਪਸ਼ਟ ਕਰ ਦਿੱਤਾ ਹੈ, ਜਿੱਥੇ ਅਕਾਲੀਆਂ ਦੇ ਵੱਖ ਵੱਖ ਧੜਿਆਂ ਨੇ ਭਾਜਪਾ ਨੂੰ ਬਗੈਰ ਮੰਗੇ, ਉਨ੍ਹਾਂ ਦੇ ਘਰ ਜਾ ਕੇ ਭਾਜਪਾ ਮੁਖੀ ਦੇ ਪੈਰਾਂ ਚ ਬੈਠ ਕੇ ਸਮਰਥਨ ਦਿੱਤਾ ਹੈ, ਭਾਵੇਂ ਅਕਾਲੀ ਦਲ ਬਾਦਲ ਤੋ ਵੱਖ ਹੋਇਆ ਦਿੱਲੀ ਯੂਨਿਟ ਅਤੇ ਦਿੱਲੀ ਗੁਰਦੁਆਰਾ ਮੈਨੇਜਮੈਂਟ ਕਮੇਟੀ ਦਾ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ ਕੇ ਹੋਵੇ, ਦਿੱਲੀ ਅਕਾਲੀ ਦਲ ਦਾ ਪ੍ਰਧਾਨ ਸਰਨਾ ਹੋਵੇ, ਸੁਖਦੇਵ ਸਿੰਘ ਢੀਂਡਸਾ ਹੋਵੇ ਜਾਂ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਹੋਣ, ਸਭਨਾਂ ਨੇ ਜੁੱਤੀਆਂ ਖਾ ਕੇ ਵੀ ਭਾਰਤੀ ਜਨਤਾ ਪਾਰਟੀ ਨੂੰ ਸਮਰਥਨ ਦੇਣ ਚ ਖ਼ੁਸ਼ੀ ਅਤੇ ਸਕੂਨ ਮਹਿਸੂਸ ਕੀਤਾ ਹੈ। ਸਾਰਾ ਭਾਰਤ ਹੀ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦੀਆਂ ਫ਼ਿਰਕੂ ਨੀਤੀਆਂ ਕਾਰਨ ਉਨ੍ਹਾਂ ਦੇ ਵਿਰੋਧ ਵਿਚ ਸੜਕਾਂ ਤੇ ਆਇਆ ਹੋਇਆ ਹੈ। ਪੰਜਾਬ ਦੇ ਲੋਕ ਵੀ ਬਾਕੀ ਇਨਸਾਫ਼ ਪਸੰਦ ਭਾਰਤੀਆਂ ਦੀ ਤਰਾਂ ਹੀ ਭਾਜਪਾ ਦੇ ਮੁਸਲਿਮ ਵਿਰੋਧੀ ਕਾਨੂੰਨ ਤੋ ਚਿੰਤਤ ਹਨ, ਖ਼ਾਸ ਕਰਕੇ ਸਿੱਖ ਇਹ ਮਹਿਸੂਸ ਕਰਦੇ ਹਨ ਕਿ ਜਿਹੜੇ ਕਾਨੂੰਨ ਅੱਜ ਮੁਸਲਿਮ ਘੱਟ ਗਿਣਤੀ ਦੇ ਖ਼ਾਤਮੇ ਲਈ ਬਣਾਏ ਜਾ ਰਹੇ ਹਨ, ਕੱਲ੍ਹ ਉਹ ਸਾਡੇ ਲਈ ਵੀ ਬਣਨਗੇ।
ਜੋ ਹਾਲ ਅੱਜ ਕਸ਼ਮੀਰੀਆਂ ਦਾ ਹੋ ਰਿਹਾ ਹੈ, ਉਹ ਹੀ ਹਾਲ ਇੱਕ ਨਾ ਇੱਕ ਦਿਨ ਸਾਡਾ ਵੀ ਹੋਣ ਵਾਲਾ ਹੈ। ਜਿਸ ਤਰਾਂ ਉਤਰ ਪ੍ਰਦੇਸ ਅਤੇ ਦਿੱਲੀ ਵਿਚ ਮੁਸਲਮਾਨਾਂ ਨੂੰ ਬੇਰਹਿਮੀ ਨਾਲ ਮਾਰਿਆ ਕੁੱਟਿਆ ਜਾ ਰਿਹਾ ਹੈ, ਸਿੱਖਾਂ ਨੂੰ ਪਹਿਲਾਂ ਹੀ ਕੁੱਟਿਆ ਮਾਰਿਆ ਜਾ ਚੁੱਕਾ ਹੈ ਤੇ ਆਉਣ ਵਾਲੇ ਸਮੇਂ ਵਿਚ ਹੋਰ ਵੀ ਖ਼ਤਰੇ ਦਰਪੇਸ਼ ਹਨ, ਕਿਉਂਕਿ ਭਾਰਤ ਦੀ ਬਹੁਤ ਹੀ ਸ਼ਕਤੀਸ਼ਾਲੀ ਏਜੰਸੀ/ਸੰਸਥਾ ਆਰ ਐਸ ਐਸ 2070 ਤੱਕ ਸਿੱਖੀ ਨੂੰ ਖ਼ਤਮ ਕਰਨ ਦਾ ਟੀਚਾ ਵੀ ਮਿੱਥ ਕੇ ਬੈਠੀ ਹੋਈ ਹੈ, ਇਸ ਸਭ ਦੇ ਬਾਵਜੂਦ ਵੀ ਸਿੱਖਾਂ ਦੀ ਲੀਡਰਸ਼ਿਪ ਆਪਣੀਆਂ ਕਮਜ਼ੋਰੀਆਂ ਕਾਰਨ ਆਰ ਐਸ ਐਸ ਅਤੇ ਭਾਰਤੀ ਜਨਤਾ ਪਾਰਟੀ ਨਾਲ ਸਾਂਝਾਂ ਬਣਾਈ ਰੱਖਦੀ ਹੈ, ਤਾਂ ਇਸ ਦਾ ਮਤਲਬ ਹੈ ਕਿ ਸਿੱਖਾਂ ਦੀ ਲੀਡਰਸ਼ਿਪ ਆਪਣੇ ਵਿਰਸੇ ਨੂੰ ਭੁੱਲ ਚੁੱਕੀ ਹੈ, ਆਪਣੀ ਵਿਰਾਸਤ ਨੂੰ ਛੱਡ ਚੁੱਕੀ ਹੈ, ਆਪਣੇ ਸਿੱਖੀ ਸਿਧਾਂਤਾਂ ਤੋ ਅਸਲੋਂ ਹੀ ਮੁਨਕਰ ਹੋ ਚੁੱਕੀ ਹੈ, ਸਿਰਫ਼ ਤੇ ਸਿਰਫ਼ ਆਪਣੀਆਂ ਨਿੱਜੀ ਗ਼ਰਜ਼ਾਂ ਖ਼ਾਤਰ ਸਿੱਖ ਦੁਸ਼ਮਣ ਜਮਾਤ ਸਾਹਮਣੇ ਆਤਮ ਸਮਰਪਣ ਕਰ ਚੁੱਕੀ ਹੈ। ਅਕਾਲੀਆਂ ਦੀ ਇਸ ਸਮਰਪਣ ਭਾਵਨਾ ਨੇ ਸਿੱਧ ਕਰ ਦਿੱਤਾ ਹੈ ਕਿ ਲੀਡਰਸ਼ਿਪ ਬੇਗ਼ੈਰਤ, ਚਾਪਲੂਸ ਕੌਮ ਧਰੋਹੀ ਅਤੇ ਨਖਿੱਧ ਹੈ, ਜਿਸ ਨੇ ਆਪਣੀ ਹੀ ਕੌਮ ਦੇ ਖ਼ਾਤਮੇ ਦੀ ਸ਼ਰਤ ਤੇ ਕੇਂਦਰ ਨਾਲ ਸਾਂਝ ਬਣਾਈ ਹੋਈ ਹੈ। ਇਹ ਭਵਿੱਖੀ ਸੱਚ ਹੈ ਕਿ ਦਿੱਲੀ ਵਿਚ ਅਕਾਲੀ ਦਲ (ਬਾਦਲ) ਨੇ ਭਾਰਤੀ ਜਨਤਾ ਪਾਰਟੀ ਵੱਲੋਂ ਉਨ੍ਹਾਂ ਨੂੰ ਇੱਕ ਵੀ ਸ਼ੀਟ ਨਾ ਦੇਣ ਦੇ ਬਾਵਜੂਦ ਵੀ ਜੋ ਬਗੈਰ ਮੰਗਿਆਂ ਸਮਰਥਨ ਦਿੱਤਾ ਹੈ, ਉਹ ਸਿੱਖਾਂ ਲਈ ਬੇਹੱਦ ਹੀ ਨਿਰਾਸ਼ਾਜਨਕ ਅਤੇ ਖ਼ਤਰਨਾਕ ਸਾਬਤ ਹੋਵੇਗਾ।

ਅਕਾਲੀ ਦਲ (ਬਾਦਲ) ਦੇ ਪ੍ਰਧਾਨ ਦੀ ਗਰਦਨ ਮਰੋੜ ਕੇ ਲਈ ਗਈ ਹਮਾਇਤ ਨੇ ਇਹ ਵੀ ਸਾਬਤ ਕਰ ਦਿੱਤਾ ਹੈ ਕਿ ਬਹੁਤ ਕੁਰਬਾਨੀਆਂ ਤੋਂ ਬਾਅਦ ਹੋਂਦ ਵਿਚ ਆਈ ਸਿੱਖਾਂ ਦੀ ਨੁਮਾਇੰਦਾ ਪਾਰਟੀ ਅਖਵਾਉਣ ਵਾਲੀ ਪਾਰਟੀ ਸ਼ਰੋਮਣੀ ਅਕਾਲੀ ਦਲ ਦਾ ਪ੍ਰਧਾਨ ਮੌਜੂਦਾ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਰਗਾ ਤਾਂ ਹਰਗਿਜ਼ ਨਹੀਂ ਹੋ ਸਕਦਾ, ਜਿਹੜਾ ਸਿੱਖੀ ਸਿਧਾਂਤਾਂ ਤੋ ਦੂਰ, ਇਤਿਹਾਸ ਤੋ ਬੇਸਮਝ ਅਤੇ ਪਰਿਵਾਰਿਕ ਲੋਭ ਲਾਲਸਾ ‘ਚ ਗ੍ਰਸਿਆ ਹੋਇਆ, ਆਪਣੀਆਂ ਕਮਜ਼ੋਰੀਆਂ, ਘਾਟਾਂ ਤੋ ਡਰਦਾ ਅਜਿਹੀ ਫ਼ਿਰਕੂ ਪਾਰਟੀ ਨਾਲ ਗੈਰ ਸਿਧਾਂਤਕ ਸਮਝੌਤੇ ਨੂੰ ਛੱਡ ਸਕਣ ਦੇ ਵੀ ਸਮਰੱਥ ਨਾ ਹੋਵੇ, ਜਿਹੜੀ ਅਕਾਲੀ ਦਲ ਨੂੰ ਖ਼ਤਮ ਕਰਨ ਲਈ ਹਿੱਕ ਠੋਕ ਠੋਕ ਕੇ ਕਹਿ ਹੀ ਨਹੀਂ ਰਹੀ ਬਲਕਿ ਆਪਣੇ ਕਹੇ ਹੋਏ ਤੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਅਕਾਲੀ ਦਲ ਨੂੰ ਅੰਗੂਠਾ ਦਿਖਾ ਕੇ ਅਮਲ ਵੀ ਸ਼ੁਰੂ ਕਰ ਦਿੱਤਾ ਹੈ, ਇੱਥੇ ਹੀ ਬੱਸ ਨਹੀਂ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ੫੯ ਸੀਟਾਂ ਤੇ ਚੋਣ ਲੜਕੇ ਨਿਰੋਲ ਭਾਜਪਾ ਦੀ ਸਰਕਾਰ ਬਣਾਉਣ ਲਈ ਐਲਾਨ ਕਰ ਚੁੱਕੀ ਹੈ। ਆਪਣੀਆਂ ਪਰੰਪਰਾਵਾਂ ਗੁਆ ਚੁੱਕਾ ਅਕਾਲੀ ਦਲ ਦਾ ਪ੍ਰਧਾਨ ਫਿਰ ਵੀ ਉਸੇ ਹੀ ਪਾਰਟੀ ਨੂੰ ਘਰ ਜਾ ਕੇ ਸਮਰਥਨ ਦਿੰਦਾ ਹੈ।
ਭਾਵੇਂ ਸ੍ਰ ਸੁਖਬੀਰ ਸਿੰਘ ਬਾਦਲ ਨੇ ਬੀਤੇ ਕੱਲ੍ਹ ਦਿੱਲੀ ਵਿਚ ਪ੍ਰੈੱਸ ਕਾਨਫ਼ਰੰਸ ਕਰਕੇ ਭਾਜਪਾ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ, ਪ੍ਰੰਤੂ ਜਾਣਕਾਰ ਤਾਂ ਇਹ ਦੱਸਦੇ ਹਨ ਕਿ ਜਿਸ ਦਿਨ ਦਿੱਲੀ ਵਿਚ ਸੀਟਾਂ ਦੀ ਵੰਡ ਸਬੰਧੀ ਮੀਟਿੰਗ ਹੋਈ ਸੀ ਜਦੋਂ ਭਾਜਪਾ ਨੇ ਅਕਾਲੀ ਦਲ ਨੂੰ ਕੋਈ ਵੀ ਸ਼ੀਟ ਨਾ ਦਿੱਤੀ ਤਾਂ ਅਕਾਲੀ ਹਾਈਕਮਾਂਡ ਨੇ ਆਪਣੇ ਦਿੱਲੀ ਵਾਲੇ ਆਗੂਆਂ ਨੂੰ ਸਾਰੀਆਂ ਸੀਟਾਂ ਤੇ ਆਪਣੇ ਬੰਦੇ ਖੜੇ ਕਰਨ ਲਈ ਕਿਹਾ, ਪ੍ਰੰਤੂ ਦਿੱਲੀ ਵਾਲਿਆਂ ਨੇ ਭਾਜਪਾ ਖ਼ਿਲਾਫ਼ ਚੋਣਾਂ ਲੜਨ ਤੋ ਅਕਾਲੀ ਦਲ ਦੀ ਹਾਈਕਮਾਂਡ ਨੂੰ ਕੋਰਾ ਜਵਾਬ ਦੇ ਦਿੱਤਾ, ਜਿਸ ਕਰਕੇ ਅਕਾਲੀ ਦਲ ਨੂੰ ਇਹ ਐਲਾਨ ਕਰਨਾ ਪਿਆ ਕਿ ਸੀ ਏ ਏ ਵਿਚ ਮੁਸਲਮਾਨ ਭਾਈਚਾਰੇ ਨੂੰ ਸ਼ਾਮਲ ਨਾ ਕਰਨ ਦੇ ਵਿਰੋਧ ਵਿਚ ਅਕਾਲੀ ਦਲ ਦਿੱਲੀ ਚੋਣਾਂ ਨਹੀਂ ਲੜੇਗਾ, ਪਰ ਸਚਾਈ ਜੋ ਉਪਰ ਦੱਸੀ ਗਈ ਹੈ ਉਹ ਸੀ, ਇਹ ਬਿਆਨ ਦੇਣਾ ਅਕਾਲੀ ਦਲ ਦੀ ਮਜਬੂਰੀ ਬਣ ਗਈ, ਪ੍ਰੰਤੂ ਸਿਆਸੀ ਮਾਹਰਾਂ ਦਾ ਉਸ ਸਮੇਂ ਤੋ ਹੀ ਇਹ ਦਾਅਵਾ ਸੀ ਕਿ ਅਕਾਲੀ ਦਲ ਭਾਜਪਾ ਦੀ ਹੀ ਹਮਾਇਤ ਕਰੇਗਾ, ਕਿਉਂਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸ੍ਰ ਪ੍ਰਕਾਸ਼ ਸਿੰਘ ਬਾਦਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਸਮੇਤ ਦੋ ਨੌਜਵਾਨਾਂ ਦੇ ਕਤਲਾਂ ਵਰਗੇ ਬਹੁਤ ਸਾਰੇ ਮਾਮਲਿਆਂ ਵਿਚ ਉਲਝੇ ਹੋਏ ਹਨ, ਜਿਨ੍ਹਾਂ ਤੋ ਉਨ੍ਹਾਂ ਨੂੰ ਹੁਣ ਤੱਕ ਕੇਂਦਰ ਦੀ ਭਾਜਪਾ ਸਰਕਾਰ ਨੇ ਹੀ ਬਚਾ ਕੇ ਰੱਖਿਆ ਹੈ।
ਹੁਣ ਜੇਕਰ ਅਕਾਲੀ ਦਲ ਭਾਜਪਾ ਦੀ ਹਮਾਇਤ ਨਹੀਂ ਕਰੇਗਾ ਤਾਂ ਕੇਂਦਰ ਵਿਚ ਬੀਬੀ ਹਰਸਿਮਰਤ ਕੌਰ ਬਾਦਲ ਦੀ ਕੁਰਸੀ ਖਿਸਕਣ ਦੇ ਨਾਲ ਨਾਲ ਬਾਦਲ ਪਿਉ ਪੁੱਤ ਦੀਆਂ ਮੁਸੀਬਤਾਂ ਵਿਚ ਵੀ ਵਾਧਾ ਹੋਣਾ ਸੁਭਾਵਿਕ ਹੈ, ਜਿਸ ਤੋ ਡਰਦੇ ਸ੍ਰ ਸੁਖਬੀਰ ਸਿੰਘ ਬਾਦਲ ਨੇ ਦਿੱਲੀ ਦੀਆਂ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਵੱਲੋਂ ਅਕਾਲੀ ਦਲ ਨੂੰ ਨਕਾਰ ਦੇਣ ਦੇ ਬਾਵਜੂਦ ਹਮਾਇਤ ਦਿੱਤੀ ਹੈ। ਇਸ ਤੋ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੀ ਬੇਅਦਬੀ ਇਨਸਾਫ਼ ਦੇ ਮਾਮਲੇ ਵਿਚ ਕੇਂਦਰ ਦੀ ਭਾਜਪਾ ਸਰਕਾਰ ਅੱਗੇ ਗੋਡੇ ਟੇਕ ਚੁੱਕੇ ਹਨ। 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਦੇ ਲੋਕਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਇਹਨਾਂ ਵਾਅਦਿਆਂ ਤੇ ਹੀ ਜਿਤਾਇਆ ਸੀ ਕਿ ਉਹ ਸਰਕਾਰ ਬਣਦਿਆਂ ਹੀ ਪੰਜਾਬ ਚੋ ਨਸ਼ਿਆਂ ਦਾ ਖ਼ਾਤਮਾ ਕਰ ਦੇਣਗੇ, ਅਤੇ ਬੇਅਦਬੀ ਤੇ ਦੋ ਸਿੱਖ ਨੌਜਵਾਨਾਂ ਦੇ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਜ਼ਾ ਦਿਵਾਉਣਗੇ, ਪ੍ਰੰਤੂ ਸਰਕਾਰ ਬਣਨ ਤੋ ਬਾਅਦ ਕੈਪਟਨ ਆਪਣੇ ਵਾਅਦਿਆਂ ਤੇ ਪੂਰੇ ਨਾ ਉੱਤਰ ਸਕੇ, ਇਸ ਦਾ ਵੀ ਮੁੱਖ ਕਾਰਨ ਇਹ ਹੀ ਸੀ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਉਨ੍ਹਾਂ ਦੀਆਂ ਕਮਜ਼ੋਰੀਆਂ ਨੇ ਕੇਂਦਰ ਦੀ ਘੁਰਕੀ ਅੱਗੇ ਡਟੇ ਰਹਿਣ ਦੇ ਸਮਰੱਥ ਨਾ ਰਹਿਣ ਦਿੱਤਾ, ਜਿਸ ਕਰਕੇ ਨਾਂ ਹੀ ਬੇਅਦਬੀ ਦਾ ਸਹੀ ਇਨਸਾਫ਼ ਮਿਲ ਸਕਿਆ ਅਤੇ ਨਾਂ ਹੀ ਦੋ ਸਿੱਖ ਨੌਜਵਾਨਾਂ ਦੇ ਕਾਤਲਾਂ ਨੂੰ ਜੇਲ੍ਹਾਂ ਵਿਚ ਡੱਕਿਆ ਜਾ ਸਕਿਆ।
ਇੱਥੇ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਕੀ ਪੰਜਾਬ ਦੇ ਆਗੂ ਆਪਣੀਆਂ ਕਮਜ਼ੋਰੀਆਂ ਤੋ ਡਰਦੇ ਇਸ ਤਰਾਂ ਹੀ ਪੰਜਾਬ ਦੇ ਲੋਕਾਂ ਨਾਲ ਵਾਅਦਾ ਖ਼ਿਲਾਫੀਆਂ ਕਰਕੇ ਪੰਜਾਬ ਦੇ ਹਿਤਾਂ ਨੂੰ ਦਾਅ ਤੇ ਲਾਉਂਦੇ ਰਹਿਣਗੇ ? ਕੀ ਪੰਜਾਬ ਨੂੰ ਬਚਾਉਣ ਵਾਲਾ ਕੋਈ ਸਾਫ਼ ਸੁਥਰੇ ਅਕਸ ਵਾਲਾ ਅਜਿਹਾ ਆਗੂ ਪੰਜਾਬ ਕੋਲ ਨਹੀਂ ਹੈ, ਜਿਹੜਾ ਪੱਛਮੀ ਬੰਗਾਲ ਦੀ ਮਮਤਾ ਬੈਨਰਜੀ ਵਾਂਗ ਕੇਂਦਰ ਨਾਲ ਲਕੀਰ ਖਿੱਚਣ ਦੇ ਸਮਰੱਥ ਹੋਵੇ ? ਅਕਾਲੀ ਦਲ ਨੇ ਭਾਜਪਾ ਨੂੰ ਮੁੜ ਤੋ ਹਮਾਇਤ ਦੇ ਕੇ ਆਪਣੀ ਕੌਮ ਧਰੋਹੀ ਪੰਜਾਬ ਵਿਰੋਧੀ ਕਮਜ਼ੋਰ ਮਾਨਸਿਕਤਾ ਦਾ ਸਬੂਤ ਦਿੱਤਾ ਹੈ, ਓਥੇ ਬਾਦਲ ਵਿਰੋਧੀ ਧੜਿਆਂ ਵੱਲੋਂ ਵੀ ਅਪਣਾਈ ਪਹੁੰਚ ਬੇਹੱਦ ਸ਼ਰਮਨਾਕ ਹੈ। ਸੂਬੇ ਦੀ ਹੋਣੀ ਦੇ ਮਾਲਕ ਕੌਣ ਲੋਕ ਹੋਣੇ ਚਾਹੀਦੇ ਹਨ, ਦਿੱਲੀ ਨਾਲ ਸਾਂਝ ਰੱਖਣ ਵਾਲੇ ਜਾਂ ਸੂਬੇ ਦੇ ਹਿਤਾਂ ਦੇ ਪਹਿਰੇਦਾਰ, ਇਹ ਫ਼ੈਸਲਾ ਆਉਣ ਵਾਲੇ ਸਮੇਂ ਚ ਲੋਕਾਂ ਨੇ ਕਰਨਾ ਹੋਵੇਗਾ।

Install Punjabi Akhbar App

Install
×