ਸਿੱਖ ਸੋਚ ਅਤੇ ਅਭਿਆਸ ਵਿਦਿਆਲਿਆ……

ਅੱਜ ਜੋ ਹੋਸ਼ ਅਤੇ ਜੋਸ਼ ਦਿੱਲੀ ਮੋਰਚੇ ਵਿਚ ਪੰਜਾਬ ਅਤੇ ਹਰਿਆਣਾ(ਮਹਾ ਪੰਜਾਬ) ਦਿਖਾ ਰਿਹਾ ਹੈ, ਉਹ ਐਵੈਂ ਇੱਕ ਦੱਮ ਨਹੀਂ ਝਲਕਣ ਲੱਗਿਆ। ਇਸ ਨੂੰ 551 ਸਾਲ ਹੋ ਗਏ ਹਨ ਪਰਪੱਕ ਹੁੰਦੇ ਨੂੰ। ਪਹਿਲੇ ਗੁਰਾਂ ਦਾ ਬਾਬਰ ਨਾਲ ਜੋਸ਼ਿਲਾ ਤਲਖ਼ ਅਤੇ ਹੋਸ਼ ਭਰਿਆ ਵਿਰੋਧ ਆਧਾਰ ਬਣਦਾ ਹੈ ਇਸ ਸੋਚ ਦਾ। ਉਪਰੰਤ ਦਸਾਂ ਗੁਰੂ ਸਾਹਿਬਾਨ ਵਲੋਂ ਚਲਾਈ ਪਾਠਸ਼ਾਲਾ ਵਿੱਚ ਕਿਰਤ, ਸੰਗਤ, ਪੰਗਤ, ਲੰਗਰ, ਸੇਵਾ, ਦਾਨ, ਸੰਤ ਸਿਪਾਹੀ, ਕੁਰਬਾਨੀ, ਭਵਨ ਨਿਰਮਾਣ, ਸ਼ਹਿਰ ਨਿਰਮਾਣ, ਦੇਸ਼ ਕਲਿਆਣ, ਕੀਰਤਨ, ਰਾਗ, ਚਕਿਤਸਾ, ਜੰਗੀ ਸੂਝ ਅਤੇ ਹੋਰ ਕਿੰਨੇ ਪਾਠ ਸਿਖਾਏ ਗਏ, ਇਹ ਸਾਰੇ ਅੱਜ ਦੇ ਮੋਰਚੇ ਵਿੱਚ ਦੁਨੀਆ ਨੂੰ ਪ੍ਰੱਤਖ ਦੇਖਣ ਨੂੰ ਮਿਲ ਰਹੇ ਹਨ। ਜੋਸ਼ ਅੱਗੇ ਪੱਥਰ ਉੱਡ ਰਹੇ ਹਨ, ਹੋਸ਼ ਅੱਗੇ ਸਰਕਾਰਾਂ ਅਤੇ ਅੇਜੰਸੀਆਂ ਫੇਲ ਹਨ, ਸੇਵਾ ਨੇ ਦੇਸ਼ ਦਾ ਦਿੱਲ ਜਿੱਤ ਲਿਆ, ਝਾੜੂ ਲੈ ਕੇ ਸੜਕਾਂ ਦੀ ਸਫਾਈ, ਕੋਈ ਗੰਦੀ ਭਾਸ਼ਾ ਨਹੀਂ, ਕੋਈ ਭੰਨਤੋੜ ਨਹੀਂ। ਇਉਂ ਲੱਗ ਰਿਹਾ ਹੈ ਕਿ ਬਹੁਤ ਦੇਰ ਤੋਂ ਹਰਿਆਣੇ ਅਤੇ ਦਿੱਲੀ ਦੇ ਆਮ ਲੋਕਾਂ ਨੂੰ ਪੰਜਾਬੀਆਂ ਦੇ ਇਸ ਰੂਪ ਦੇ ਦਰਸ਼ਨ ਕਰਨ ਦੀ ਤਾਂਘ ਸੀ। ਉਹ ਚਾਹਾਂ, ਚੌਲ, ਮੱਠੀਆਂ, ਲੰਗਰ, ਕੰਬਲ ਅਤੇ ਦਵਾਈਆਂ ਦੇ ਰਹੇ ਹਨ।
ਹੁਣ ਉਹ ਲੋਕ ਧਿਆਨ ਕਰਨ ਜੋ ਹਰ ਰੋਜ਼ ਸਵੇਰੇ ਮੂੰਹ ਧੋ ਕੇ ਸਿੱਖੀ ਸਿਧਾਂਤਾਂ ਅਤੇ ਗੁਰਦੁਆਰਿਆਂ ਨੂੰ ਭੰਡਣ ਲੱਗ ਜਾਂਦੇ ਹਨ। ਲੰਗਰ ਬੰਦ ਕਰ ਦਿਉ, ਐਂਵੇ ਧੱਕੇ ਨਾਲ ਖੁਆਈ ਜਾਦੇ ਆ, ਝਾੜੂ ਫੇਰੀ ਜਾਂਦੇ ਆ, ਗੋਲਕ ‘ਚ ਮਾਇਆ ਨਾ ਪਾਉ, ਹੋਰ ਕੀ ਕੀ। ਗੁਰੂ ਗਰੰਥ ਸਾਹਿਬ ਸਾਡੇ ਗੁਰੂ ਹਨ, ਸਾਡੀ ਸੋਚ ਹੈ। ਗੁਰੁਦਵਾਰਾ ਸਾਡਾ ਸਕੂਲ ਹੈ, ਸਾਡੀ ਪਰੈਕਟਿਸ ਹੈ ਅਭਿਆਸ ਹੈ ਅਤੇ ਦੁਨੀਆ ਸਾਡਾ ਖੇਤ। ਇੱਕਲੇ ਸਿੱਖ ਹੀ ਨਹੀਂ, ਜੋ ਕੋਈ ਵੀ ਗੁਰਦਆਰਾ ਸਾਹਿਬ ਵਿਚ ਇਹ ਸਭ ਅਨੁਭਵ ਕਰ ਗਿਆ, ਉਹ ਕਦੇ ਨਾ ਕਦੇ, ਕਿਤੇ ਨਾ ਕਿਤੇ ਇਸ ਤੇ ਅਮਲ ਕਰ ਲਵੇਗਾ। ਬਹੁਤਾਤ ਦੁਨੀਆ ਨੂੰ ਇਹ ਚੰਗਾ ਲਗਦਾ ਹੈ ਅਤੇ ਸੁਕੂਨ ਮਿਲਦਾ ਹੈ।

Install Punjabi Akhbar App

Install
×