ਆਸਟ੍ਰੇਲੀਆਈ ਡਿਫੈਂਸ ਫੋਰਸ ਵੱਲੋਂ ਸਿੱਖ ਪਲਟੂਨ ਬਣਾਉਣ ਦਾ ਐਲਾਨ: ਦੋ ਗੁਰੂਦਵਾਰਿਆਂ ਵਿੱਚ ਲਗਾਏ ਗਏ ਪੋਸਟਰ

ਆਸਟ੍ਰੇਲੀਆਈ ਡਿਫੈਂਸ ਫੋਰਸ ਵੱਲੋਂ ਆਰਮੀ ਦੀ 13ਵੀਂ ਬਟਾਲੀਅਨ ਵਿੱਚ ਇੱਕ ਸਿੱਖ ਪਲਟੂਨ ਬਣਾਉਣ ਦਾ ਐਲਾਨ ਕੀਤਾ ਗਿਆ ਹੈ ਜੋ ਕਿ ਦੁਨੀਆਂ ਭਰ ਦੇ ਸਿੱਖਾਂ ਲਈ ਮਾਣ ਦੀ ਗੱਲ ਹੈ।
ਇਹ ਵੀ ਸੱਚ ਹੈ ਕਿ ਸਿੱਖ ਹਮੇਸ਼ਾ ਹੀ ਬਹਾਦਰੀ ਲਈ ਪਹਿਚਾਣੇ ਜਾਂਦੇ ਹਨ ਅਤੇ ਸੈਨਾਵਾਂ ਵਿੱਚ ਉਨ੍ਹਾਂ ਦਾ ਬਹੁਤ ਹੀ ਮਾਣਮੱਤਾ ਅਤੇ ਕੁਰਬਾਨੀਆਂ ਭਰਿਆ ਇਤਿਹਾਸ ਰਿਹਾ ਹੈ।
ਦੁਨੀਆਂ ਦੇ ਹੋਰ ਦੂਸਰੇ ਦੇਸ਼ਾਂ ਦੀ ਤਰ੍ਹਾਂ ਹੀ ਆਸਟ੍ਰੇਲੀਆ ਵਿੱਚ ਵੀ ਸਿੱਖ ਫੌਜੀਆਂ ਦਾ ਨਾਮ ਕਾਫੀ ਉਚਾ ਬੋਲਦਾ ਹੈ ਅਤੇ ਪਹਿਲੀ ਸੰਸਾਰ ਜੰਗ ਦੇ ਦੌਰਾਨ ਵੀ ਆਸਟ੍ਰੇਲੀਆ ਦੀ ਆਰਮੀ ਵਿੱਚ ਸਿੱਖ ਫੌਜੀ ਆਪਣੇ ਦੁਸ਼ਮਣਾਂ ਨਾਲ ਬੜੀ ਹੀ ਬਹਾਦਰੀ ਨਾਲ ਲੜੇ ਸਨ ਅਤੇ ਦੁਸ਼ਮਣ ਨੂੰ ਭਾਰੀ ਨੁਕਸਾਨ ਪਹੁੰਚਾਉਣ ਤੋਂ ਬਾਅਦ ਸ਼ਹੀਦੀਆਂ ਦੇ ਜਾਮ ਪੀ ਗਏ ਸਨ।
ਉਨ੍ਹਾਂ ਸ਼ਹੀਦਾਂ ਦਾ ਨਾਮ ਆਸਟ੍ਰੇਲੀਆ ਦੇ ਇਤਿਹਾਸ ਵਿੱਚ ਬਹੁਤ ਉਚਾ ਸਥਾਨ ਰੱਖਦਾ ਹੈ।

ਇਸੇ ਇਤਿਹਾਸ ਦੇ ਮੱਦੇਨਜ਼ਰ, ਆਸਟ੍ਰੇਲੀਆਈ ਡਿਫੈਂਸ ਫੋਰਸ ਵੱਲੋਂ ਉਕਤ ਫੈਸਲਾ ਲਿਆ ਗਿਆ ਕਿ ਆਸਟ੍ਰੇਲੀਆਈ ਆਰਮੀ ਦੀ 13ਵੀਂ ਬਟਾਲੀਅਨ ਵਿੱਚ ਖਾਸ ਕਰਕੇ ਸਿੱਖ ਨੌਜਵਾਨਾਂ ਨੂੰ ਭਰਤੀ ਕੀਤਾ ਜਾਵੇ ਅਤੇ ਇਸੇ ਵਾਸਤੇ ਇੱਕ ਨਵੀਂ ਸਿੱਖ ਪਲਟੂਨ ਦਾ ਕਾਰਜ ਅਰੰਭਿਆ ਗਿਆ ਹੈ।
ਕਿਉਂਕਿ ਸਿੱਖਾਂ ਦੀ ਪਹਿਚਾਣ ਉਨ੍ਹਾਂ ਦੇ ਪੰਜ ਕਕਾਰਾਂ ਕਰਕੇ ਵਿਸ਼ੇਸ਼ ਮੰਨੀ ਜਾਂਦੀ ਹੈ ਅਤੇ ਸਿਰ ਤੇ ਪਗੜੀ ਹੋਣਾ ਇੱਕ ਸਿੱਖ ਲਈ ਉਸਦੇ ਗੁਰੂਆਂ ਦਾ ਹੁਕਮ ਹੈ ਅਤੇ ਹਰ ਸਿੱਖ ਆਪਣੇ ਗੁਰੂ ਦੇ ਹੁਕਮ ਨੂੰ ਮੰਨਣ ਖਾਤਰ ਆਪਣੀ ਜਾਨ ਦੀ ਬਾਜ਼ੀ ਵੀ ਲਗਾ ਦਿੰਦਾ ਹੈ। ਆਸਟ੍ਰੇਲੀਆਈ ਆਰਮੀ ਵਿੱਚ ਆਮ ਤੌਰ ਤੇ ਹੈਟ ਪਾਇਆ ਜਾਂਦਾ ਹੈ। ਸਿੱਖਾਂ ਦੀ ਪਹਿਚਾਣ ਨੂੰ ਸਲਾਮਤ ਅਤੇ ਮਾਣ ਯੁਕਤ ਰੱਖਣ ਵਾਸਤੇ ਸਿੱਖ ਫੌਜੀਆਂ ਵਾਸਤੇ ਪੱਗੜੀ ਬੰਨਣ ਨੂੰ ਮਾਨਤਾ ਦਿੱਤੀ ਗਈ ਹੈ ਅਤੇ ਪਗੜੀ ਉਪਰ ਆਰਮੀ ਦਾ ਚਿੰਨ੍ਹ (ਉਗਦਾ ਸੂਰਜ) ਲਗਾਇਆ ਜਾਂਦਾ ਹੈ।
ਦੇਸ਼ ਦੇ ਦੋ ਵੱਡੇ ਗੁਰੂਦਵਾਰਿਆਂ (ਕੇਨਿੰਗ ਵੇਲ ਅਤੇ ਬੈਨੇਟ ਸਪ੍ਰਿੰਗਸ) ਅੰਦਰ ਪੋਸਟਰ ਲਗਾਏ ਗਏ ਹਨ ਅਤੇ ਇਨ੍ਹਾਂ ਵਿੱਚ ਦਰਸਾਇਆ ਗਿਆ ਹੈ ਕਿ ਕੇਨਿੰਗ ਵੇਲ ਵਿਖੇ 13 ਨਵੰਬਰ 2022 ਨੂੰ ਸਵੇਰ ਦੇ 9:30 ਵਜੇ ਇਸ ਕਾਰਜ ਵਾਸਤੇ ਇੱਕ ਸੂਚਨਾ ਸੈਸ਼ਨ ਬੁਲਾਇਆ ਗਿਆ ਹੈ ਅਤੇ ਇਸੇ ਤਰਾ੍ਹਂ ਦਾ ਹੀ ਸੈਸ਼ਨ ਬੈਨੇਟ ਸਪਿੰਗਸ ਗੁਰੂਦਵਾਰਾ ਸਾਹਿਬ ਵਿਖੇ 20 ਨਵੰਬਰ 2022 ਨੂੰ ਸਵੇਰੇ 9:30 ਵਜੇ ਰੱਖਿਆ ਗਿਆ ਹੈ।
ਦੇਸ਼ ਦਾ ਹਰ ਉਹ ਸਿੱਖ ਨਾਗਰਿਕ ਜਿਸ ਕੋਲ ਇੱਥੇ ਦੀ ਸਥਾਈ ਨਾਗਰਿਕਤਾ ਹੈ, ਇਸ ਫੌਜ ਵਿੱਚ ਭਰਤੀ ਹੋਣ ਵਾਸਤੇ ਅਰਜ਼ੀ ਦੇ ਸਕਦਾ ਹੈ।