ਸੇਵ ਹਿਊਮੈਨਿਟੀ ਫਾਊਂਡੇਸ਼ਨ ਨੇ ਬੂਟੇ ਲਗਾ ਕੇ ਮਨਾਇਆ ‘ਸਿੱਖ ਵਾਤਾਵਰਨ ਦਿਹਾੜਾ’

(ਬੂਟੇ ਲਗਾਉਣ ਸਮੇਂ ਹਾਜਰ ਦੋਹਾਂ ਸੰਸਥਾਂਵਾਂ ਦੇ ਸੇਵਾਦਾਰ)

ਫਰੀਦਕੋਟ -ਸਿੱਖਾਂ ਦੇ 7ਵੇਂ ਗੁਰੂ, ਗੁਰੂ ਹਰਰਾਇ ਸਾਹਿਬ ਜੀ ਦਾ ਗੁਰਤਾਗੱਦੀ ਦਿਹਾੜਾ ਵਾਤਾਵਰਨ ਨੂੰ ਸਮਰਪਿਤ ਕਰਦਿਆਂ ‘ਸਿੱਖ ਵਾਤਾਵਰਨ ਦਿਹਾੜੇ’ ਵਜੋਂ ਮਨਾਇਆ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵ ਹਿਊਮੈਨਿਟੀ ਫਾਊਂਡੇਸ਼ਨ ਦੇ ਸੇਵਾਦਾਰਾਂ ਭਾਈ ਸ਼ਿਵਜੀਤ ਸਿੰਘ ਸੰਘਾ ਅਤੇ ਵਿੱਕੀ ਗਰੋਵਰ ਨੇ ਦੱਸਿਆ ਕਿ ਵਾਤਾਵਰਨ ਦੀ ਸੇਵਾ ਨੂੰ ਪ੍ਰਣਾਈ ਸੰਸਥਾ ‘ਸੀਰ’ ਦੇ ਸਹਿਯੋਗ ਨਾਲ ਫਾਊਂਡੇਸ਼ਨ ਵੱਲੋਂ ਸਥਾਨਕ ਮਚਾਕੀ ਮੱਲ ਸਿੰਘ ਸੜਕ ਉੱਪਰ ਨਹਿਰ ਕਿਨਾਰੇ, ਜ਼ਾਮਨ ਦੇ 5 ਬੂਟੇ ਲਗਾਏ ਗਏ ਅਤੇ ਇਹਨਾਂ ਨੂੰ ਪਾਲਣ ਅਤੇ ਸੰਭਾਲਣ ਦੀ ਜੁੰਮੇਵਾਰੀ ‘ਸੀਰ ਫਰੀਦਕੋਟ’ ਵੱਲੋਂ ਲਈ ਗਈ।ਉਹਨਾਂ ਕਿਹਾ ਕਿ ਸਾਨੂੰ ਕੁਦਰਤ ਦੀਆਂ ਦਾਤਾਂ ਹਵਾ, ਪਾਣੀ ਅਤੇ ਮਿੱਟੀ ਦੀ ਸੰਭਾਲ ਲਈ ਜਾਗਰੂਕ ਹੋਣ ਦੀ ਲੋੜ ਹੈ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਆਪਣੇ ਬੱਚਿਆਂ ਲਈ ਧਨ-ਦੌਲਤ ਤੇ ਹੋਰ ਸਹੂਲਤਾਂ ਤਾਂ ਜੋੜ ਲਵਾਂਗੇ ਪਰ ਉਹਨਾਂ ਦੇ ਜਿਉਣ ਲਈ ਚੰਗੀ ਹਵਾ, ਚੰਗੇ ਪਾਣੀ ਅਤੇ ਸਿਹਤਮੰਦ ਭੋਜਨ ਲਈ ਤਰਸਾਂਗੇ।ਉਹਨਾਂ ਲੰਗਰਾਂ ਵਿੱਚ ਆਰਗੈਨਿਕ ਭੋਜਨ ਦੀ ਲੋੜ ‘ਤੇ ਜ਼ੋਰ ਦਿੰਦਿਆਂ ਲੰਗਰਾਂ ਵਿੱਚੋਂ ਪਲਾਸਟਿਕ ਅਤੇ ਡਿਸਪੋਜੇਬਲ ਭਾਂਡੇ ਬੰਦ ਕਰਨ ਦੀ ਅਪੀਲ ਵੀ ਕੀਤੀ।’ਸੀਰ’ ਦੇ ਪ੍ਰਧਾਨ ਗੁਰਮੀਤ ਸਿੰਘ ਸੰਧੂ ਅਤੇ ਸੰਦੀਪ ਅਰੋੜਾ ਨੇ ਕਿਹਾ ਕਿ ਸਾਨੂੰ ਆਪਣੇ ਘਰਾਂ ਵਿੱਚ ਵੀ ਬੂਟੇ-ਵੇਲਾਂ ਲਗਾਉਣੀਆਂ ਚਾਹੀਦੀਆਂ ਹਨ ਜਿਸ ਨਾਲ ਵਾਤਾਵਰਨ ਨੂੰ ਲਾਭ ਤਾਂ ਪਹੁੰਚਦਾ ਹੀ ਹੈ, ਨਾਲ ਹੀ ਸਾਡਾ ਘਰ ਵੀ ਸ਼ਿੰਗਾਰਿਆ ਜਾਂਦਾ ਹੈ।ਉਹਨਾਂ ਕਿਹਾ ਕਿ ਸਾਨੂੰ ਲੋੜ ਅਨੁਸਾਰ ਹੀ ਬਿਜਲੀ ਉਪਕਰਨ ਵਰਤਣੇ ਚਾਹੀਦੇ ਹਨ ਅਤੇ ਬਿਜਲੀ ਦੀ ਵਰਤੋਂ ਸਜਾਵਟ ਆਦਿ ਵਿੱਚ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।ਉਹਨਾਂ ਗੁਰਪੁਰਬ ਸਾਦੇ ਅਤੇ ਪਟਾਕੇ ਰਹਿਤ ਮਨਾਉਣ ਦੀ ਅਪੀਲ ਵੀ ਕੀਤੀ।ਪ੍ਰਧਾਨ ਜਸਪ੍ਰੀਤ ਸਿੰਘ ਅਤੇ ਹਰਪ੍ਰੀਤ ਸਿੰਘ ਭਿੰਡਰ ਨੇ ਫਾਊਂਡੇਸ਼ਨ ਨੂੰ ਸਹਿਯੋਗ ਕਰਨ ਲਈ ‘ਸੀਰ’ ਦੇ ਸਮੂਹ ਸੇਵਾਦਾਰਾਂ ਅਤੇ ਸਹਿਯੋਗੀ ਸੱਜਣਾ ਦਾ ਧੰਨਵਾਦ ਕੀਤਾ।ਇਸ ਮੌਕੇ ‘ਤੇ ਸਲਿੰਦਰ ਸਿੰਘ, ਗੁਰਮੇਲ ਸਿੰਘ ਕੈਂਥ, ਗੁਰਦਰਸ਼ਨ ਸਿੰਘ ਲੂੰਬਾ, ਪਰਦਮਨਪਾਲ ਸਿੰਘ, ਗੋਲਡੀ ਪੁਰਬਾ, ਪ੍ਰਤੀਕ ਸੇਠੀ, ਤਰਨਜੋਤ ਕੋਹਲੀ, ਭੁਵੇਸ਼ ਕੁਮਾਰ, ਗੁਰਪ੍ਰੀਤ ਸਿੰਘ ਅਤੇ ਨੀਰਜ ਛਾਬੜਾ ਵਿਸ਼ੇਸ਼ ਤੌਰ ‘ਤੇ ਹਾਜਰ ਸਨ।

Install Punjabi Akhbar App

Install
×