ਨਵੰਬਰ 1984 ਦੀ ਸਿੱਖ ਨਸਲਕੁਸ਼ੀ ਤੋਂ ਵਾਅਦ ਸਿੱਖਾਂ ਨੇ ਇਹ ਪਹਿਲੀ ਵਾਰ ਸਿੱਦਤ ਨਾਲ ਮਹਿਸੂਸ ਕੀਤਾ ਕਿ ਇਹ ਮੁਲਕ ਸਾਡਾ ਆਪਣਾ ਨਹੀ ਹੋ ਸਕਦਾ

ਸਿੱਖ ਕੌਂਮ ਲਈ ਬਹੁਤ ਹੀ ਮੰਦਭਾਗਾ ਸਾਲ 1984 ਦੇ ਵੀਤ ਜਾਣ  ਤੋਂ ਵਾਅਦ ਜਦੋਂ ਵੀ ਮੁੜ ਨਵੰਬਰ ਦਾ ਮਹੀਨਾ ਆਇਆ, 84 ਦੇ ਕਤਲੇਆਮ ਪੀੜਤ ਸਿੱਖਾਂ ਦੇ ਡੂੰਘੇ ਜਖਮਾਂ ਨੂੰ ਕੁਦੇੜਦਾ ਰਿਹਾ ਹੈ। ਉਹ ਮਾਪੇ ਜਿੰਨਾਂ ਦੇ ਸਾਹਮਣੇ ਉਹਨਾਂ ਦੀਆਂ ਅੱਖਾਂ ਦੇ ਤਾਰੇ ਹਿੰਦੂਆਂ ਦੀ ਭੜਕੀ ਭੀੜ ਦਾ ਸਿਕਾਰ ਬਣ ਗਏ ਸਨ, ਜਿੰਨਾਂ ਦੀਆਂ ਨਾਬਾਲਗ ਬੱਚੀਆਂ ਦੀਆਂ ਇਜਤਾਂ ਸਰ੍ਹੇ ਬਜਾਰ ਰੁਲਦੀਆਂ ਤੱਕੀਆਂ, ਪਰ ਕਰ ਕੁੱਝ ਨਾ ਸਕੇ, ਅਖੀਰ ਗਮ ਨਾ ਸਹਾਰਦੇ ਅੰਨੇ ਹੋ ਗਏ,ਕਿੰਨੇ ਹੀ ਦਿਮਾਗੀ ਸੰਤੁਲਨ ਖੋ ਬੈਠੇ,ਸੈਕੜੇ ਬੀਬੀਆਂ ਦੇ ਸੁਹਾਗ ਉਹਨਾਂ ਦੀਆਂ ਅੱਖਾਂ ਸਾਹਵੇਂ ਗਲਾਂ ਵਿੱਚ ਟਾਇਰ ਪਾ ਕੇ ਸਾੜ ਦਿੱਤੇ ਗਏ। ਹਜਾਰਾਂ ਸਿੱਖ ਬੀਬੀਆਂ ਬੱਚੀਆਂ,ਬੁੱਢੀਆਂ ਆਪਣੇ ਹਸਦੇ ਵਸਦੇ ਪਰਿਵਾਰ ਗੁਆ ਕੇ ਅਖੀਰ ਵਿੱਚ ਆਪ ਵੀ ਹਲਕ ਚੁੱਕੀ ਭੀੜ ਦੀ ਹਵਸ ਦਾ ਸਿਕਾਰ ਬਣ ਗਈਆਂ। ਇਹ ਉਹ ਸਮਾ ਸੀ ਜਦੋਂ ਪੀੜਤ ਸਿੱਖਾਂ ਨੂੰ ਆਪਣੇ ਹੀ ਮੁਲਕ ਵਿੱਚ ਆਪਣੇ ਹੀ ਘਰਾਂ ਵਿੱਚ ਤੇ ਆਪਣੇ ਹੀ ਲੋਕਾਂ ਨੇ ਪਲਾਂ ਵਿੱਚ ਹੀ ਤਬਾਹ ਕਰ ਕੇ ਬੇ ਘਰ ਅਤੇ ਬੇਗਾਨੇ ਕਰ ਦਿੱਤਾ ਸੀ। ਸਿੱਖਾਂ ਦੇ ਵੱਡੇ ਵੱਡੇ ਕਾਰੋਵਾਰ ਪਲਾਂ ਵਿੱਚ ਹੀ ਜਲਾ ਕੇ ਰਾਖ ਕਰ ਦਿੱਤੇ ਗਏ ਸਨ। ਸਿੱਖ ਜਿੱਧਰ ਵੀ ਨਿਆ ਦੀ ਗੁਹਾਰ ਲਾਉਂਦੇ ਉਧਰੋਂ ਹੀ ਉਹਨਾਂ ਨੂੰ ਹੋਰ ਗਹਿਰੇ ਜਖਮ ਮਿਲਦੇ ਰਹੇ। ਇਸ ਤੋਂ ਵੱਡੀ ਅਕ੍ਰਿਤਘਣਤਾ ਹੋਰ ਕੀ ਹੋਵੇਗੀ ਕਿ ਉਹ ਸਿੱਖ ਕੌਮ ਜਿਸ ਦੇ ਪੁਰਖਿਆਂ ਨੇ ਹਿੰਦੂ ਧਰਮ ਦੀ ਰਾਖੀ ਆਪਣੇ ਬਲੀਦਾਨ ਦੇ ਕੇ ਕੀਤੀ ਅਤੇ ਜਿਹੜੀ ਕੌਂਮ ਟਕੇ ਟਕੇ ਨੂੰ ਗਜਨੀ ਦੇ ਬਜਾਰਾਂ ਵਿੱਚ ਨਿਲਾਮ ਹੋਣ ਵਾਲੀਆਂ ਹਿੰਦੂ ਬਹੂ ਬੇਟੀਆਂ ਨੂੰ ਉਹਨਾਂ ਦੀ ਪਤ ਰੁਲਣ ਤੋਂ ਪਹਿਲਾਂ ਆਪਣੀ ਜਾਨ ਦੀ ਵਾਜੀ ਲਾ ਕੇ ਛੁਡਵਾਉਂਦੀ ਰਹੀ ਤੇ ਬਾਇਜਤ ਘਰੋ ਘਰੀ ਪਹੁੰਚਾਉਂਦੀ ਰਹੀ, ਏਥੇ ਉਹਨਾਂ ਅਠਾਰਵੀਂ ਸਦੀ ਦੀਆਂ ਹਿੰਦੂ ਬਹੂ ਬੇਟੀਆਂ ਦੇ ਵਾਰਸਾਂ ਨੇ  ਸਿੱਖ ਬੀਬੀਆਂ ਦੀਆਂ ਇੱਜਤਾਂ ਰੋਲ ਕੇ ਖੁਸ਼ੀਆਂ ਮਨਾਈਆਂ। ਇਸ ਗੱਲ ਦਾ ਖੁਲਾਸਾ ਵੀ ਸਿੱਖ ਕਤਲੇਆਮ ਸਮੇ ਹੀ ਹੋਇਆ ਕਿ ਦੁਨੀਆਂ ਵਿੱਚ ਸਭ ਤੋਂ ਵੱਡੇ ਗਿਣੇ ਜਾਣ ਵਾਲੇ ਲੋਕਤੰਤਰ ਦੀ ਰਾਜਧਾਨੀ ਦਿੱਲੀ ਵਰਗੇ ਮਹਾ ਨਗਰ ਵਿੱਚ ਕੋਈ ਵੀ ਇਨਸਾਨ ਨਹੀ ਵਸਦਾ, ਬਲਕਿ ਹਕੂਮਤੀ ਸੈਤਾਨਾਂ ਨੇ ਆਪਣੀ ਨਸਲ ਪਾਲ ਰੱਖੀ ਹੈ, ਤਾਂ ਕਿ ਘੱਟ ਗਿਣਤੀ ਕੌਮਾਂ ਨੂੰ ਅਜਿਹੇ ਮੌਕੇ ਤੇ ਸਬਕ ਸਿਖਾਉਣ ਲਈ ਉਹਨਾਂ ਦੀ ਮਦਦ ਲਈ ਜਾ ਸਕੇ । ਪੂਰੇ ਦੇ ਪੂਰੇ ਅਖੌਤੀ ਭਾਰਤੀ ਲੋਕਤੰਤਰ ਨੇ ਆਪਣੀ ਸਾਰੀ ਸ਼ਕਤੀ ਪੂਰੇ ਮੁਲਕ ਦੇ ਵੱਖ ਵੱਖ ਸੂਬਿਆਂ ਦੇ ਵੱਖ ਵੱਖ ਸਹਿਰਾਂ ਵਿੱਚ ਜਿੱਥੇ ਵੀ ਸਿੱਖਾਂ ਦੀ ਸੰਘਣੀ ਅਵਾਦੀ ਨਜਰ ਆਈ ਉਥੇ ਹੀ ਸਿੱਖ ਨਸਲਕੁਸ਼ੀ ਲਈ ਝੋਕ ਦਿੱਤੀ।ਦੇਸ ਦਾ ਨਿਆਇਕ ਸਿਸਟਮ ਚਾਰ ਦਿਨਾਂ ਲਈ ਅੱਖਾਂ ਮੀਚ ਗਿਆ ਕੰਨਾਂ ਵਿੱਚ ਕੌੜਾ ਤੇਲ ਪਾਕੇ ਤਮਾਸਵੀਣ ਬਣ ਗਿਆ।ਸਿਵਲ ਤੇ ਪੁਲਿਸ ਪ੍ਰਸਾਸਨ ਸਿੱਖ ਵਿਰੋਧੀ ਹਮਲਾਵਰ ਹੋ ਨਿਬੜਿਆ। ਦੁਨੀਆਂ ਵਿੱਚ ਧਰਮ ਨਿਰਪੇਖਤਾ ਦੀ ਦੁਹਾਈ ਦੇਣ ਵਾਲੀ ਕਾਂਗਰਸ ਪਾਰਟੀ ਦੀ ਕੇਂਦਰ ਸਰਕਾਰ ਦਾ ਮੁਖੀ ਆਪਣੇ ਫਰਜਾਂ ਨੂੰ ਭੁੱਲ ਕੇ ਸਿੱਖਾਂ ਦੀ ਕਤਲੋਗਾਰਤ ਦਾ ਹੁਕਮ ਦੇ ਕੇ ਇਸ ਵਹਿਸੀ ਕਤਲੇਆਮ ਤੇ ਤਸੱਲੀ ਪ੍ਰਗਟਾਉਂਦਾ ਸੁਣਿਆ ਗਿਆ ਤੇ ਕਾਂਗਰਸ ਦੇ ਹੋਰ ਵੱਡੇ ਆਗੂ ਸਿੱਖਾਂ ਖਿਲਾਫ਼ ਬਹੁ ਗਿਣਤੀ ਫਿਰਕੇ ਦੇ ਹੁਲੜਵਾਜਾਂ ਦੀ ਭੀੜ ਇਕੱਠੀ ਕਰਕੇ ਉਹਨਾਂ ਨੂੰ ਉਕਸਾ ਕੇ ਸਿੱਖਾਂ ਤੇ ਸਰੇਆਮ ਹਮਲੇ ਕਰਵਾਉਂਦੇ ਦੇਖੇ ਗਏ। ਏਥੇ ਇਹ ਸਮਝਣਾ ਵੀ ਬੇਹੱਦ ਜਰੂਰੀ ਹੈ ਕਿ ਇਹ ਵਹਿਸੀ ਕਾਰਾ ਕਾਂਗਰਸ ਨੇ ਕੱਟੜਵਾਦੀ ਹਿੰਦੂ ਸੰਗਠਨ ਆਰ ਐਸ ਐਸ ਅਤੇ ਇਸ ਦੇ ਅਧੀਨ ਕੰਮ ਕਰਦੇ ਰਾਜਸ਼ੀ ਤੇ ਗੈਰ ਰਾਜਸ਼ੀ ਸਾਰੇ ਹੀ ਕੱਟੜ ਸੋਚ ਵਾਲੇ ਸੰਗਠਨਾਂ ਦੀ ਸਹਿ ਨਾਲ ਹੀ ਨੇਪਰੇ ਚਾੜਿਆ। ਇਹ ਕਹਿਰ ਓਨੀ ਦੇਰ ਲਗਾਤਾਰ ਜਾਰੀ ਰਿਹਾ ਜਿੰਨੀ ਦੇਰ ਸਿੱਖਾਂ ਨੂੰ ਮੁਕੰਮਲ ਰੂਪ ਵਿੱਚ ਉਜਾੜ ਨਹੀ ਦਿੱਤਾ ਗਿਆ।ਇਹ ਹਿੰਦੂ ਕੱਟੜਵਾਦ ਦੀ ਘੱਟ ਗਿਣਤੀ  ਸਿੱਖਾਂ ਤੇ ਜੁਲਮ ਦੀ ਸ਼ਿਖਰ ਕਹੀ ਜਾ ਸਕਦੀ ਹੈ ਕਿ ਜਿੰਨੀ ਦੇਰ ਚਾਰ ਨਵੰਬਰ ਤੱਕ ਦਿੱਲੀ ਵਿੱਚ ਸਿੱਖਾਂ ਦੇ ਜਿਸਮ ਅਤੇ ਜਾਇਦਾਦਾਂ ਭਾਂਵੜ ਬਣ ਕੇ ਬਲਦੀਆਂ ਰਹੀਆਂ ਓਨੀ ਦੇਰ ਨਾ ਉਸ ਦਾ ਸੇਕ ਕਨੂਨ ਨੂੰ ਮਹਿਸੂਸ ਹੋਇਆ ਤੇ ਨਾ ਹੀ ਭਾਰਤ ਦੇ ਕਲੰਕਤ ਸੋਚ ਦੇ ਧਾਰਨੀ ਹਿੰਦੂਵਾਦੀ ਮੀਡੀਏ ਨੂੰ, ਬਲਕਿ ਨੈਸਨਲ ਚੈਨਲ ਦੂਰਦਰਸਨ ਤੇ ਤਾਂ ਸਿੱਖਾਂ ਦੇ ਕਤਲੇਆਮ ਲਈ “ਖੂੰਨ ਦਾ ਬਦਲਾ ਖੂੰਨ” ਵਰਗੇ ਭੜਕਾਊ ਨਾਹਰੇ ਲਾਉਂਦੀਆਂ ਭੀੜਾਂ, ਲੁੱਟ ਮਾਰ ਕਰਦੀਆਂ ਟੋਲੀਆਂ ਅਤੇ ਸਿੱਖਾਂ ਤੇ ਹਮਲੇ ਕਰਦੀਆਂ ਭੀੜਾਂ ਨੂੰ ਵਾਰ ਵਾਰ ਦਿਖਾਇਆ ਜਾਂਦਾ ਰਿਹਾ ਤਾਂ ਕਿ ਬਹੁ ਗਿਣਤੀ ਲੋਕਾਂ ਚੋਂ ਸਿੱਖਾਂ ਪ੍ਰਤੀ ਨਫਰਤ ਦੀ ਅੱਗ ਦੀਆਂ ਲਪਟਾਂ ਹੋਰ ਪਰਚੰਡ ਹੋ ਕੇ ਓਨੀ ਦੇਰ ਮਚਦੀਆਂ ਰਹਿਣ ਜਿੰਨੀ ਦੇਰ ਸੈਤਾਨ ਹਾਕਮਾਂ ਦਾ ਮਕਸਦ ਪੂਰਾ ਨਹੀ ਹੋ ਜਾਂਦਾ। ਐਨੀ ਦਰਿੰਦਗੀ ਨਾਲ ਆਪਣੀ ਦੁਨੀਆ ਉਜੜਦੀ ਦੇਖ ਕੇ ਸਾਇਦ ਸੁਪਨੇ ਵਿੱਚ ਵੀ ਨਾ ਕਿਆਸਣ ਵਾਲੇ ਪੰਜਾਬੋਂ ਬਾਹਰਲੇ ਸਿੱਖਾਂ ਨੇ ਇਹ ਪਹਿਲੀ ਵਾਰ ਮਹਿਸੂਸ ਕੀਤਾ ਹੋਵੇਗਾ ਕਿ ਇਹ ਮੁਲਕ ਸਾਡਾ ਆਪਣਾ ਨਹੀ ਹੈ। ਉਹ ਮੁਲਕ ਸਾਡਾ ਹੋ ਵੀ ਕਿਵੇਂ ਸਕਦਾ ਹੈ ਜਿੱਥੇ ਸਾਡੇ ਪਵਿੱਤਰ ਸ੍ਰੀ ਅਕਾਲ ਤਖਤ ਸਹਿਬ ਨੂੰ  ਦੇਸ ਦੀ ਫੌਜ ਨੇ ਟੈਂਕਾਂ ਤੋਪਾਂ ਨਾਲ ਢਹਿ ਢਹਿ ਢੇਰੀ ਕਰ ਦਿੱਤਾ ਹੋਵੇ, ਤੇ ਲੱਖਾਂ ਦੀ ਗਿਣਤੀ ਵਿੱਚ ਆਪਣੇ ਗੁਰੂ ਦੇ ਸ਼ਹੀਦੀ ਦਿਹਾੜੇ ਤੇ ਪਹੁੰਚੀਆਂ ਸਿੱਖ ਸੰਗਤਾਂ ਨੂੰ ਕੋਹ ਕੋਹ ਕੇ ਸਿਰਫ ਇਸ ਲਈ ਮੌਤ ਦੇ ਘਾਟ ਉਤਾਰਿਆ ਤੇ ਜਬਰ ਜਨਾਹ ਕੀਤਾ ਹੋਵੇ ਕਿ ਉਹਨਾਂ ਦਾ ਸਿੱਖ ਹੋਣਾ ਹੀ ਸਭ ਤੋਂ ਵੱਡਾ ਗੁਨਾਹ ਸੀ,ਤੇ ਪਵਿੱਤਰ ਸ੍ਰੀ ਅਕਾਲ ਤਖਤ ਸਹਿਬ ਦੇ ਢਹਿ ਢੇਰੀ ਹੋਣ ਤੇ ਆਪਣੀਆਂ ਧਾਰਮਿਕ ਭਾਵਨਾਵਾਂ ਦੀ ਪੀੜਾ ਨਾ ਸਹਾਰਦਿਆਂ ਇਸ ਜਬਰ ਜੁਲਮ ਦੀ ਜੁੰਮੇਵਾਰ ਬੀਬੀ ਇੰਦਰਾ ਗਾਂਧੀ ਨੂੰ ਉਸ ਦੇ ਜਾਗਦੀ ਜ਼ਮੀਰ ਵਾਲੇ ਸਿੱਖ ਸੁਰਖਿਆ ਕਰਮੀਆਂ ਵੱਲੋਂ ਕਤਲ ਕਰਨ ਤੋਂ ਵਾਅਦ ਜਿਸ ਤਰਾਂ ਸਿੱਖ ਕਤਲੇਆਮ ਦੀ ਖੁੱਲ ਦੇ ਕੇ ਦਿੱਲੀ ਦੀ ਤਰਜ ਤੇ ਪੂਰੇ ਮੁਲਕ ਵਿੱਚ ਹੀ ਸਿੱਖਾਂ ਨੂੰ ਵੱਡੇ ਪੈਮਾਨੇ ਤੇ ਯੋਜਨਾਵੱਧ ਢੰਗ ਨਾਲ ਕਤਲ ਕੀਤਾ ਗਿਆ ਹੋਵੇ,ਜਿੱਥੇ ਦੇਸ ਦਾ ਕਨੂੰਨ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਦੀ ਵਜਾਏ ਸੁਰਖਿਆ ਸਤਰੀ ਪ੍ਰਦਾਨ ਕਰਕੇ ਰਾਜ ਸਤਾ ਦੀ ਕੁਰਸੀ ਤੱਕ ਪੁਜਦਾ ਕਰਦਾ ਹੋਵੇ ਤੇ, ਘੱਟ ਗਿਣਤੀਆਂ ਦੇ ਬੇ ਗੁਨਾਹਾਂ ਨੂੰ ਵੀ ਫਾਹੇ ਲਾਉਣ ਵਿੱਚ ਐਨੀ ਕਾਹਲ ਕਰੇ ਕਿ ਜਿੰਦਗੀ ਖੋਹ ਲੈਣ ਦੇ ਫੈਸਲੇ ਰਾਤੋ ਰਾਤ ਸੁਣਾ ਕੇ ਸਵੇਰ ਹੋਣ ਤੋਂ ਪਹਿਲਾਂ ਪਹਿਲਾਂ ਫਾਸੀਆਂ ਦੇ ਫੰਦੇ ਗਲੇ ਵਿੱਚ ਪਾ ਦੇਵੇ।ਇੱਕੋ ਕਨੂੰਨ ਆਪਣੇ ਹੀ ਵਿਧੀ ਵਿਧਾਨ ਦੇ ਖਿਲਾਫ਼ ਜਾ ਕੇ ਨਿਰਦੋਸ ਸਿੱਖਾਂ ਤੇ ਮੁਸਲਮਾਨਾਂ ਨੂੰ ਇੱਕੋ ਕੇਸ ਵਿੱਚ ਦੋ ਦੋ ਸਜਾਵਾਂ,ਉਮਰ ਕੈਦ ਤੋਂ ਵਾਅਦ ਫ਼ਾਸੀਆਂ ਤੇ ਲਟਕਾਉਣ ਦੇ ਹੁਕਮ ਸੁਣਾਵੇ ਅਤੇ ਚੌਦਾਂ ਸਾਲਾਂ ਵਾਲੀ ਸਜ਼ਾ ਪੱਚੀ ਪੱਚੀ,ਤੀਹ ਤੀਹ ਸਾਲ ਕੱਟ ਲੈਣ ਤੋਂ ਵਾਅਦ ਵੀ ਸੈਂਕੜੇ ਸਿੱਖ ਬੰਦੀਆਂ ਦੀ ਰਿਹਾਈ ਲਈ ਕੌਂਮ ਨੂੰ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇ ਪਰ ਸੁਣੇ ਫਿਰ ਵੀ ਕੋਈ ਨਾ, ਉਲਟਾ ਅਜਿਹੇ ਹੱਕੀ ਸੰਘਰਸ਼ਾਂ ਨੂੰ ਵੀ ਲਾਠੀ ਗੋਲੀ ਨਾਲ ਦਵਾਉਣ ਦੇ ਯਤਨ ਹੋਣ, ਸਭ ਤੋਂ ਦੁਖਦਾਈ ਤੇ ਮੰਦਭਾਗੀ ਗੱਲ ਇਹ ਕਿ ਸਿੱਖਾਂ ਦੇ ਪਵਿੱਤਰ ਸਬਦ ਗੁਰੂ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਦੀ ਬੇਅਦਬੀ ਦੇ ਦੋਸ਼ੀਆਂ ਦੀ ਗਿਰਫਤਾਰੀ ਦੀ ਮੰਗ ਕਰ ਰਹੇ ਸਾਂਤਮਈ ਸਿੱਖਾਂ ਨੂੰ ਹੀ ਅੰਨੇਵਾਹ ਗੋਲੀਆਂ ਚਲਾ ਕੇ ਭੁੰਨ ਸੁੱਟਿਆ ਹੋਵੇ। ਨਵੰਬਰ 1984 ਵਿੱਚ ਯੋਜਨਾਵੱਧ ਵਹਿਸੀ ਕਤਲੇਆਮ ਦਾ ਸਿਕਾਰ ਹੋਏ ਸਿੱਖ ਭਾਈਚਾਰੇ ਨੂੰ ਇਨਸਾਫ ਲੈਣ ਲਈ ਲਗਾਤਾਰ ਇਕੱਤੀ ਸਾਲ ਅਦਾਲਤਾਂ ਦੀ ਖਾਕ ਸਾਨਣ ਤੋਂ ਵਾਅਦ ਵੀ ਜੇ ਦੇਸ ਦਾ ਕਨੂੰਨ ਘੱਟ ਗਿਣਤੀ ਕੌਮਾਂ ਨੂੰ ਦੇਖਣ ਵਾਲੀ ਆਪਣੀ ਅੱਖ ਤੇ ਬੰਨੀ ਬੇ ਇਨਸਾਫੀ ਦੀ ਪੱਟੀ ਨਹੀ ਖੋਲਦਾ ਤਾਂ ਫਿਰ ਕਿਵੇਂ ਕਿਹਾ ਜਾ ਸਕਦਾ ਹੈ ਕਿ ਭਾਰਤ ਮਹਾਨ ਦੇ ਨਾਮ ਦਾ ਪਟਾ ਆਪਣੇ ਨਾਮ ਲਿਖਵਾਉਂਣ ਵਾਲਾ ਇਹ ਮੁਲਕ ਸਿੱਖਾਂ,ਮੁਸਲਮਾਨਾ,ਇਸਾਈਆਂ,ਬੋਧੀਆਂ ਦਾ ਵੀ ਆਪਣਾ ਵਤਨ ਹੈ।ਅਖੀਰ ਵਿੱਚ ਇਹ ਕਹਿਣਾ ਵੀ ਗਲਤ ਨਹੀ ਹੋਵੇਗਾ ਕਿ ਜਿੰਨੀ ਦੇਰ ਸਿੱਖ ਆਪਣੇ ਗੁਰੂ ਆਸ਼ੇ ਤੋਂ ਥਿੜਕੇ ਰਹਿਣਗੇ, ਸਿੱਖੀ ਭੇਸ ਵਿੱਚ ਬੈਠੇ ਕੌਂਮ ਦੋਖੀਆਂ ਤੋਂ ਪੂਰਨ ਨਿਖੇੜਾ ਕਰਕੇ ਇੱਕ ਜੁੱਟਤਾ ਨਾਲ ਸੰਘਰਸ਼ ਦੇ ਰਾਹ ਨਹੀ ਪੈਣਗੇ ਅਤੇ ਆਪਣੀ ਅਣਖ ਗੈਰਤ ਦਾ ਤਿਆਗ ਕਰਕੇ ਦੇਸ ਦੇ ਅਹਿਸਾਨ ਫਰਾਮੋਸ਼ ਹਾਕਮਾਂ ਤੋਂ ਇਨਸਾਫ ਦੀ ਝੂਠੀ ਉਮੀਦ ਲਾਈ ਬੈਠੇ ਰਹਿਣਗੇ ਓਨਾ ਚਿਰ ਕੁੱਝ ਵੀ ਪਰਾਪਤ ਹੋਣ ਵਾਲਾ ਨਹੀ ਹੈ। ਪਰੰਤੂ ਜਦੋਂ ਸਿੱਖ ਗੁਰੂ ਦੇ ਸਿਧਾਤ ਤੇ ਪਹਿਰਾ ਦੇਣ ਦੀ ਠਾਣ ਲੈਣਗੇ ਅਤੇ ਪੂਰਨ ਰੂਪ ਵਿੱਚ ਅਮਲ ਕਰਨਾ ਸਿੱਖ ਲੈਣਗੇ ਫਿਰ ਇਨਸਾਫ ਮੰਗਣ ਦੀ ਲੋੜ ਨਹੀ ਪਵੇਗੀ 

Install Punjabi Akhbar App

Install
×