ਸਿੱਖ ਕੌਮ, ਗੁਰਦੁਆਰਾ ਪ੍ਰਬੰਧ ਤੇ ਕਾਬਜ਼ ਭੇਖਧਾਰੀ ਸਿੱਖ ਅਤੇ ਚਿੱਟ ਚੋਲੀਏ ਧਾੜਵੀਆਂ ਦਾ ਮੁਕਾਬਲਾ ਕਰਨ ਲਈ ਸੁਹਿਰਦ ਹੋਵੇ

bagel singh dhaliwal 190405 ਸਿੱਖ ਕੌਂਮmm

ਜਾਗਦੀਆਂ ਕੌਮਾਂ ਹਮੇਸ਼ਾ ਅਪਣਾ ਇਤਿਹਾਸ ਸਾਂਭ ਕੇ ਰੱਖਦੀਆਂ ਹਨ, ਖ਼ਾਸ ਕਰਕੇ ਲੜਾਕੂ ਕੌਮਾਂ ਆਪਣੇ ਪੁਰਖਿਆਂ ਦੀਆਂ ਯਾਦਾਂ ਨੂੰ ਆਪਣੇ ਸੀਨੇ ਵਿਚ ਹਰ ਸਮੇਂ ਤਾਜ਼ਾ ਰੱਖਣ ਲਈ ਅਤੇ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਆਪਣੇ ਸ਼ਾਨਾਂਮੱਤੇ ਇਤਿਹਾਸ ਨਾਲ ਜੋੜ ਕੇ ਰੱਖਣ ਲਈ, ਆਪਣੇ ਵਡੇਰਿਆਂ ਦੀਆਂ ਉਹ ਨਿਸ਼ਾਨੀਆਂ ਵੀ ਸਾਂਭ ਕੇ ਰੱਖਦੀਆਂ ਹਨ, ਜਿਹੜੀਆਂ ਉਨ੍ਹਾਂ ਦੇ ਪੁਰਖਿਆਂ ਦੀ ਬਹਾਦਰੀ ਦਾ ਸੁਨੇਹਾ ਦਿੰਦੀਆਂ ਹਨ। ਅਜਿਹਾ ਕਰਨ ਦਾ ਮਕਸਦ ਇਹ ਵੀ ਹੁੰਦਾ ਹੈ ਕਿ ਉਨ੍ਹਾਂ ਦੀ ਗ਼ੈਰਤ ਜਿੰਦਾ ਹੈ, ਉਨ੍ਹਾਂ ਦਾ ਸਵੈਮਾਨ ਮਰਿਆ ਨਹੀਂ, ਉਨ੍ਹਾਂ ਦੀਆਂ ਰਗਾਂ ਚ ਵਗਦਾ ਖ਼ੂਨ ਆਪਣੇ ਪੁਰਖਿਆਂ ਦਾ ਹੀ ਸੁਰਖ਼ ਲਾਲ ਖ਼ੂਨ ਹੈ। ਅਜਿਹੀਆਂ ਕੌਮਾਂ ਹੀ ਭਵਿੱਖ ਦੇ ਨਵੇਂ ਮੀਲ ਪੱਥਰ ਗੱਡਣ ਦੇ ਸਮਰੱਥ ਹੁੰਦੀਆਂ ਹਨ। ਦੁਨੀਆ ਦੇ ਨਕਸ਼ੇ ਤੇ ਗ਼ੈਰਤਮੰਦ, ਬਹਾਦਰ, ਦਲੇਰ ਕੌਮਾਂ ਵਿਚ ਜੇ ਕਿਸੇ ਕੌਮ ਦਾ ਜ਼ਿਕਰ ਪਹਿਲੀ ਕਤਾਰ ਵਿਚ ਹੁੰਦਾ ਹੈ, ਉਹ ਹੈ ਸਿੱਖ ਕੌਮ, ਜਿਸ ਦੇ ਲਾਲ ਸੂਹੇ ਇਤਿਹਾਸ ਦੀ ਬਰਾਬਰਤਾ ਕਰਨ ਦੀ ਕੋਈ ਉਦਾਹਰਣ ਸ਼ਾਇਦ ਦੁਨੀਆ ਦੇ ਨਕਸ਼ੇ ਤੇ ਹੋਰ ਕਿਧਰੇ ਨਹੀਂ ਮਿਲਦੀ, ਪਰ ਇਸ ਦੇ ਬਾਵਜੂਦ ਵੀ ਅੱਜ ਸਿੱਖ ਕੌਮ ਬੜੇ ਡੂੰਘੇ ਸੰਕਟ ਵਿਚ ਘਿਰੀ ਘਿਰੀ ਪ੍ਰਤੀਤ ਹੁੰਦੀ ਹੈ।

ਸਿੱਖ ਕੌਮ ਦੀ ਤਰਾਸਦੀ ਇਹ ਹੈ ਕਿ ਬੜੇ ਲੰਮੇ ਅਰਸੇ ਤੋ ਭੇਖਧਾਰੀ ਧਾੜਵੀਆਂ ਨੇ ਸਿੱਖਾਂ ਦੀ ਤਾਕਤ ਦੇ ਸੋਮੇ ਸ੍ਰੀ ਹਰਿਮੰਦਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਸਮੇਤ ਸਮੁੱਚੇ ਗੁਰਦੁਆਰਾ ਪ੍ਰਬੰਧ ਤੇ ਕਬਜ਼ਾ ਕੀਤਾ ਹੋਇਆ ਹੈ, ਜਿਸ ਦਾ ਖ਼ਮਿਆਜ਼ਾ ਕੌਮ ਨੇ ਬੜੇ ਕੌੜੇ ਤਜਰਬਿਆਂ ਨਾਲ ਝੱਲਿਆ ਹੈ, ਪਰ ਅਫ਼ਸੋਸ ਕਿ ਦੁਨੀਆ ਤੋ ਨਿਆਰਾ ਇਤਿਹਾਸ ਰਚਣ ਵਾਲੀ ਕੌਮ ਆਪਣੇ ਪੁਰਖਿਆਂ ਦੀਆਂ ਉਹ ਨਿਸ਼ਾਨੀਆਂ ਸਾਂਭਣ ਤੋ ਅਸਮਰਥ ਬਣਾ ਦਿੱਤੀ ਗਈ, ਜਿਹੜੀਆਂ ਉਨ੍ਹਾਂ ਦੇ ਪੁਰਖਿਆਂ ਦੀ ਬਹਾਦਰੀ, ਨਿਡਰਤਾ, ਦਲੇਰੀ ਅਤੇ ਗ਼ੈਰਤ ਨੂੰ ਪਰਗਟ ਕਰਦੀਆਂ ਸਨ। ਸਿੱਖ ਦੁਸ਼ਮਣ ਤਾਕਤਾਂ ਨੇ ਗੁਰਦੁਆਰਾ ਪ੍ਰਬੰਧ ਵਿਚ ਸੰਨ ਲਾ ਕੇ ਸਭ ਤੋ ਪਹਿਲਾਂ ਕਾਰ ਸੇਵਾ ਦੇ ਨਾਮ ਤੇ ਚਿੱਟ ਚੋਲੀਏ ਧਾੜਵੀਆਂ ਤੋ ਇਤਿਹਾਸਿਕ ਨਿਸ਼ਾਨੀਆਂ ਦਾ ਖੁਰਾ ਖੋਜ ਮਿਟਾ ਦਿੱਤਾ , ਜਿਸ ਨੂੰ ਭੋਲੇ ਸਿੱਖ ਕਾਰ ਸੇਵਾ ਸਮਝ ਬੈਠੇ ਅਤੇ ਆਪਣੇ ਵਿਨਾਸ਼ ਦੇ ਵਿਚ ਖ਼ੁਦ ਭਾਗੀਦਾਰ ਬਣਦੇ ਰਹੇ।

ਇਸ ਸਾਜ਼ਿਸ਼ ਦੀ ਸਿੱਖਾਂ ਨੂੰ ਉਦੋਂ ਸਮਝ ਲੱਗੀ ਜਦੋਂ ਸਾਰਾ ਕੁੱਝ ਖ਼ਤਮ ਹੋ ਚੁੱਕਾ ਸੀ। ਚਮਕੌਰ ਦੀ ਕੱਚੀ ਗੜੀ, ਸਰਹਿੰਦ ਦੀ ਦੀਵਾਰ, ਖਿਦਰਾਣੇ ਦੀ ਢਾਬ, ਦੀਨਾ ਕਾਂਗੜ ਚ ਭਾਈ ਦੇਸੇ ਦਾ ਚੁਬਾਰਾ, ਅਤੇ 1984 ਦੇ ਫ਼ੌਜੀ ਹਮਲੇ ਸਮੇਂ ਸ੍ਰੀ ਹਰਿਮੰਦਰ ਸਾਹਿਬ ਤੇ ਵੱਜੀਆਂ ਸੈਂਕੜੇ ਗੋਲੀਆਂ ਦੇ ਨਿਸ਼ਾਨ ਸਮੇਤ ਹੋਰ ਉਹ ਸਾਰੀਆਂ ਇਤਿਹਾਸਿਕ ਇਮਾਰਤਾਂ ਜਿਹੜੀਆਂ ਸਾਡੇ ਵਿਰਸੇ ਦਾ ਬਹੁਮੁੱਲਾ ਪੁਰਾਤਨ ਖ਼ਜ਼ਾਨਾ ਸਨ, ਉਨ੍ਹਾਂ ਨੂੰ ਤਹਿਸ ਨਹਿਸ ਕਰਨ ਪਿੱਛੇ ਜਿਹੜੀ ਸਾਜ਼ਿਸ਼ ਰਚੀ ਗਈ, ਉਹ ਹੈ ਅਣਖੀ ਕੌਮ ਦੇ ਜਾਇਆਂ ਦੀ ਅਣਖ ਗ਼ੈਰਤ ਖ਼ਤਮ ਕਰਨ ਲਈ ਆਪਣੇ ਪਿਛੋਕੜ ਨਾਲੋਂ ਤੋੜ ਕੇ ਨਸ਼ਿਆਂ ਦੇ ਰਾਹ ਪਉਣਾ। ਇਹ ਬੜਾ ਕੌੜਾ ਸੱਚ ਹੈ ਕਿ ਜਿਨ੍ਹਾਂ ਨੂੰ ਕੌਮ ਆਪਣੇ ਰਹਿਬਰ ਮੰਨਦੀ ਰਹੀ, ਉਹ ਲੋਕ ਹੀ ਅਸਲ ਵਿਚ ਕੌਮ ਦੇ ਵੱਡੇ ਦੁਸ਼ਮਣ ਨਿਕਲੇ, ਉਦਾਹਰਣ ਦੇ ਤੌਰ ਸ਼ਰੋਮਣੀ ਅਕਾਲੀ ਦਲ ਅਤੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਕਾਬਜ਼ ਲੋਕਾਂ ਨੇ ਜਿੰਨਾ ਕੌਮ ਦਾ ਘਾਣ ਕੀਤਾ ਹੈ, ਸ਼ਾਇਦ ਓਨਾ ਦੁਸ਼ਮਣ ਵੀ ਸਿੱਧੇ ਰੂਪ ਚ ਨਹੀਂ ਕਰ ਸਕਿਆ।

ਸਿੱਖ ਕੌਮ ਦੀਆਂ ਪੁਰਾਤਨ ਨਿਸ਼ਾਨੀਆਂ, ਇਮਾਰਤਾਂ ਕਾਰ ਸੇਵਾ ਦੇ ਨਾਮ ਤੇ ਲਗਭਗ ਖ਼ਤਮ ਹੀ ਕਰ ਦਿੱਤੀਆਂ ਗਈਆਂ ਹਨ। ਜੇਕਰ ਕੋਈ ਇੱਕਾ ਦੁੱਕਾ ਬਚਦੀ ਵੀ ਹੈ ਤਾਂ ਉਨ੍ਹਾਂ ਤੇ ਦੁਸ਼ਮਣ ਦੀ ਬਾਜ਼ ਨਜ਼ਰ ਟਿਕੀ ਹੋਈ ਹੈ, ਜਿਸ ਨੂੰ ਖ਼ਤਮ ਕਰਨ ਲਈ ਉਹ ਤਾਕਤਾਂ ਆਪਣੇ ਪਿਆਦਿਆਂ ਰਾਹੀ ਤਰਲੋ ਮੱਛੀ ਹੋ ਰਹੀਆਂ ਹਨ, ਜਿਸ ਦੀ ਤਾਜ਼ਾ ਮਿਸਾਲ ਤਰਨਤਾਰਨ ਸਾਹਿਬ ਦੀ ਦਰਸ਼ਨੀ ਡਿਉਢੀ ਤੋ ਦੇਖੀ ਜਾ ਸਕਦੀ ਹੈ, ਜਿਸ ਨੂੰ ਤੋੜਨ ਲਈ ਜਗਤਾਰ ਸਿੰਘ ਨਾਮ ਦੇ ਮੋਹਰੇ ਨੇ ਆਪਣੇ ਸਹਿਯੋਗੀਆਂ ਦੀ ਮਦਦ ਨਾਲ ਰਾਤ ਦੇ ਹਨੇਰੇ ਵਿਚ ਧਾੜਵੀਆਂ ਦੀ ਤਰਾਂ ਹਮਲਾ ਕਰਕੇ ਦਰਸ਼ਨੀ ਡਿਉਢੀ ਨੂੰ ਨਿਸ਼ਾਨਾ ਬਣਾਇਆ, ਪਰੰਤੂ ਇਸ ਵਾਰ ਕੁੱਝ ਕੁ ਤਸੱਲੀ ਵਾਲਾ ਸੁਨੇਹਾ ਜ਼ਰੂਰ ਮਿਲਿਆ ਕਿ ਸਿੱਖ ਕੌਮ ਨੇ ਜਾਗਦੇ ਹੋਣ ਦਾ ਸਬੂਤ ਦਿੱਤਾ ਤੇ ਚਿੱਟੇ ਚੋਲ਼ਿਆਂ ਚ ਛੁਪੇ ਧਾੜਵੀਆਂ ਨੂੰ ਖਦੇੜਿਆ ਹੀ ਨਹੀਂ, ਸਗੋਂ ਉਨ੍ਹਾਂ ਦਾ ਚਿਹਰਾ ਵੀ ਨੰਗਾ ਕਰਨ ਵਿਚ ਸਫਲਤਾ ਹਾਸਲ ਕੀਤੀ। ਇਹਦੇ ਲਈ ਸਾਰੀਆਂ ਹੀ ਉਹ ਪੰਥਕ ਧਿਰਾਂ ਦਾ ਕਾਰਜ ਸਲਾਹੁਣਯੋਗ ਹੈ, ਜਿਹੜੀਆਂ ਇਸ ਮਸਲੇ ਚ ਇੱਕ ਜੁੱਟ ਹੋ ਕੇ ਦੁਸ਼ਮਣ ਤਾਕਤਾਂ ਦੇ ਮਨਸੂਬੇ ਅਸਫਲ ਕਰਨ ਵਿਚ ਕਾਮਯਾਬ ਰਹੀਆਂ। ਹਰ ਰੋਜ਼ ਕੋਈ ਨਾ ਕੋਈ ਅਜਿਹੀ ਘਟਨਾ ਸਾਹਮਣੇ ਆਉਂਦੀ ਹੈ, ਜਿਹੜੀ ਸਿੱਖ ਹਿਰਦਿਆਂ ਨੂੰ ਝੰਜੋੜਦੀਆਂ ਰਹਿੰਦੀਆਂ ਹਨ।

ਕੱਲ੍ਹ ਦੇ ਅਖ਼ਬਾਰਾਂ ਦੀਆਂ ਖ਼ਬਰਾਂ ਹਨ ਕਿ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਦੁਕਾਨਾਂ ਵਿਚ ਵੇਚੇ ਜਾਂਦੇ ਕਕਾਰਾਂ ਵਿਚ ਵੀ ਸ੍ਰੀ ਸਾਹਿਬ ਤੇ ਜੈ ਮਾਤਾ ਦੀ ਅੰਕਿਤ ਕੀਤਾ ਹੋਇਆ ਹੈ, ਸੋ ਅਜਿਹੀਆਂ ਅਣਹੋਣੀਆਂ ਹਰਕਤਾਂ ਦੇ ਪਿੱਛੇ ਛੁਪੀਆਂ ਉਨ੍ਹਾਂ ਤਾਕਤਾਂ ਨੂੰ ਆਪਣੇ ਅੰਦਰੋਂ ਹੀ ਮਿਲ ਰਹੀ ਸਹਿ ਦਾ ਪਰਦਾਫਾਸ਼ ਕਰਨ ਦੀ ਲੋੜ ਹੈ। ਇਸੇ ਤਰਾਂ ਬਰਨਾਲਾ ਵਿਚ ਆਰ ਐਸ ਐਸ ਦੀ ਸਰਪ੍ਰਸਤੀ ਵਾਲਾ ਇੱਕ ਵੱਡਾ ਸਕੂਲ ਵੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਮੀਨ ਤੇ ਉਸਰਿਆ ਹੋਇਆ ਹੈ, ਜਿਸ ਤੇ ਆਪਣੀ ਮਾਲਕੀ ਦਿਖਾਉਣ ਲਈ ਸਕੂਲ ਦੀ ਮੈਨੇਜਮੈਂਟ ਨੇ ਉਲਟਾ ਸ਼ਰੋਮਣੀ ਕਮੇਟੀ ਤੇ ਕੋਰਟ ਕੇਸ ਕੀਤਾ ਹੋਇਆ ਹੈ।

ਸੋ ਉਪਰੋਕਤ ਵਰਤਾਰੇ ਨੂੰ ਗੰਭੀਰਤਾ ਨਾਲ ਲੈ ਕੇ ਇਹ ਸੋਚਣਾ ਬਣਦਾ ਹੈ ਕਿ ਆਖਰ ਕਦੋਂ ਤੱਕ ਗੁਰਦੁਆਰਾ ਪ੍ਰਬੰਧ ਤੇ ਜੱਫਾ ਮਾਰੀ ਬੈਠੀ ਸਿੱਖ ਵਿਰੋਧੀ ਸੋਚ ਵਾਲੇ ਲੋਕ ਅੰਦਰ ਬੈਠ ਕੇ ਸਿੱਖੀ ਨੂੰ ਅੰਦਰੇ ਅੰਦਰ ਖੋਖਲਾ ਕਰਦੇ ਰਹਿਣਗੇ , ਕਦੋਂ ਤੱਕ ਇਹ ਚਿੱਟ ਚੋਲੀਏ ਧਾੜਵੀ, ਸਿੱਖ ਇਤਿਹਾਸ ਚੋ ਪੁਰਾਤਨਤਾ ਦੀ ਥੋੜ੍ਹੀ ਬਹੁਤੀ ਬਚੀ ਝਲਕ ਨੂੰ ਮਿਟਾਉਣ ਲਈ ਸਾਡੀ ਹੀ ਕੌਮ ਦੇ ਮੋਢੇ ਵਰਤਦੇ ਰਹਿਣਗੇ। ਕਿੰਨੀ ਹੈਰਾਨੀ ਦੀ ਗੱਲ ਹੈ ਕਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਦੇ ਦੋਸ਼ਾਂ ਵਿਚ ਬੁਰੀ ਤਰਾਂ ਘਿਰ ਚੁੱਕੇ ਬਾਦਲ ਪਰਿਵਾਰ ਨੇ ਸਿੱਖਾਂ ਚੋ ਅਪਣਾ ਆਧਾਰ ਖੋ ਲੈਣ ਦੇ ਬਾਵਜੂਦ ਵੀ ਅਜੇ ਕੌਮੀ ਘਾਣ ਤੋ ਤੋਬਾ ਨਹੀਂ ਕੀਤੀ ਬਲਕਿ ਉਨ੍ਹਾਂ ਦੀ ਸ਼ਹਿ ਤੇ ਕੀਤੇ ਗਏ ਦਰਸ਼ਨੀ ਡਿਉਢੀ ਤੇ ਹਮਲੇ ਨੇ ਇਹ ਦਰਸਾ ਦਿੱਤਾ ਹੈ ਕਿ ਅਕਿਰਤਘਣ ਖ਼ੂਨ ਕਦੇ ਵੀ ਮਿੱਤ ਨਹੀਂ ਹੋ ਸਕਦਾ। ਸੋ ਬਾਦਲ ਪਰਿਵਾਰ ਤੋ ਇਲਾਵਾ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ, ਪ੍ਰਧਾਨ, ਸਕੱਤਰਾਂ ਸਮੇਤ ਕਾਰ ਸੇਵਾ ਦੇ ਨਾਮ ਤੇ ਕਲੰਕ ਲੱਗੇ ਜਗਤਾਰ ਸਿੰਘ ਵਰਗੇ ਲੋਕਾਂ ਨੂੰ ਦੁਰਕਾਰਨ ਦਾ ਵੇਲਾ ਆ ਗਿਆ ਹੈ, ਜੇਕਰ ਹੁਣ ਵੀ ਕੌਮ ਨੇ ਅਵੇਸਲਾ ਪਣ ਨਾ ਤਿਆਗਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਇਹ ਧਾੜਵੀ ਮੁੜ ਪੂਰੀ ਤਿਆਰੀ ਨਾਲ ਸਾਡੀਆਂ ਆਖ਼ਰੀ ਨਿਸ਼ਾਨੀਆਂ ਮਿਟਾਉਣ ਲਈ ਫਿਰ ਆਉਣਗੇ।

Install Punjabi Akhbar App

Install
×