ਕਨੇਡਾ ਦੀ ਯੁਨੀਵਰਸਿਟੀ ਆਫ ਕੈਲਗਰੀ ਵਿਚ ਪੜ੍ਹਾਇਆ ਜਾਵੇਗਾ ਸਿੱਖ ਇਤਿਹਾਸ

ਭਾਰਤ ਤੋਂ ਬਾਅਦ ਕੇਨਡਾ ਵਿਚ ਸਿੱਖਾਂ ਦੀ ਧਾਰਮਿਕ, ਸੱਭਿਆਚਾਰਕ ਅਤੇ ਇਕ ਵੱਖਰੀ ਕੌਮ ਵਜੋਂ ਸਥਾਪਤ ਪਛਾਣ ਵਿਸ਼ਵ ਦੇ ਬਾਕੀ ਦੇਸ਼ਾਂ ਨਾਲੋਂ ਕਿਤੇ ਗੂੜ੍ਹੀ ਹੈ, ਕਨੇਡਾ ਵਿਚ ਸਿੱਖਾਂ ਦੀ ਵਸੋਂ 8 ਲੱਖ ਦੇ ਲਗਭਗ ਹੈ ਅਤੇ ਸਿੱਖ ਕੌਮ ਬਹੁ-ਨਸਲੀ ਅਤੇ ਬਹੁ ਸੱਭਿਆਚਾਰਾਂ ਵਾਲੇ ਦੇਸ਼ ਕਨੇਡਾ ਵਿਚ ਪੰਜਵਾਂ ਵੱਡਾ ਵਰਗ ਹੈ। ਕਨੇਡਾ ਦੀ ਅਲਬਰਟਾ ਸਟੇਟ ਦੀ ਯੂਨੀਵਰਸਿਟੀ ਆਫ ਕੈਲਗਰੀ ਵਲੋਂ ਸਿੱਖ ਇਤਿਹਾਸ ਬਾਰੇ ਆਰੰਭ ਹੋਣ ਜਾ ਰਹੇ ਵਿਸ਼ੇਸ਼ ਕੋਰਸ ਨੂੰ ਲੈ ਕੇ ਸਿੱਖਾਂ ਵਿਚ ਵਿਸ਼ੇਸ਼ ਉਤਸ਼ਾਹ ਪਾਇਆ ਜਾ ਰਿਹਾ ਹੈ। ਸਤੰਬਰ 2022 ਤੋਂ ਆਰੰਭ ਹੋਣ ਜਾ ਰਹੇ ਇਸ ਨਵੇਂ ਵਿੱਦਿਅਕ ਕੋਰਸ ਲਈ ਯੂਨੀਵਰਸਿਟੀ ਦੇ ਆਰਟਸ ਵਿਭਾਗ ਵਲੋਂ 5 ਲੱਖ ਡਾਲਰ ਦੇ ਮਿੱਥੇ ਇਸ ਪ੍ਰੋਗਰਾਮ ਲਈ 2.5 ਲੱਖ ਡਾਲਰ ਦਾ ਯੋਗਦਾਨ ਪਾਇਆ ਗਿਆ ਹੈ ਜਦਕਿ ਏਨਾ ਹੀ ਯੋਗਦਾਨ ਸਿੱਖ ਕਮਿਉਨਟੀ ਵਲੋਂ ਪਾਇਆ ਜਾਵੇਗਾ।
ਪੋਸਟ ਸੈਕੰਡਰੀ ਸੰਸਥਾਵਾਂ ਵਿਚ ਆਰੰਭ ਹੋ ਰਹੇ ਸਿੱਖ ਸਟੱਡੀ ਦੇ ਇਸ 3 ਸਾਲਾ ਕੋਰਸ ਵਿਚ ਵਿਦਿਆਰਥੀਆਂ ਨੂੰ ਨਸਲੀ ਅਤੇ ਸੱਭਿਆਚਾਰਕ ਵਿਭਿੰਨਤਾ ਅਤੇ ਬਹੁਲਤਾ ਅਤੇ ਦੂਜਿਆਂ ਦੇ ਲਈ ਜਿਉਣ ਦੇ ਉਦੇਸ਼ ਬਾਬਤ ਬੜਾ ਕੁਝ ਪੜ੍ਹਨ ਤੇ ਸਿੱਖਣ ਨੂੰ ਮਿਲੇਗਾ। ਸਿੱਖਾਂ ਬਾਰੇ ਸ਼ੁਰੂ ਕੀਤੇ ਜਾ ਰਹੇ ਇਸ ਕੋਰਸ ਵਿਚ ਵਿਦਿਆਰਥੀਆਂ ਨੂੰ ਕਨੇਡੀਅਨ ਅਤੇ ਗਲੋਬਲ ਪੱਧਰ ‘ਤੇ ਸਿੱਖਾਂ ਬਾਰੇ ਹੋਰ ਡੁੰਘਾਈ ਨਾਲ ਜਾਨਣ ਅਤੇ ਆਪਣੀ ਰਾਏ ਬਣਾਉਣ ਲਈ ਮੰਚ ਮਿਲੇਗਾ।
ਯੂਨੀਵਰਸਿਟੀ ਆਫ ਕੈਲਗਰੀ ਦੇ ਕਲਾਸਿਕਸ ਐਂਡ ਰਿਲੀਜਨ ਡਿਪਾਰਟਮੈਂਟ ਵਿਚ ਸਿੱਖ ਸਟੱਡੀ ਪੜ੍ਹਾ ਰਹੇ ਇੰਸਟੱਕਟਰ ਸ. ਹਰਜੀਤ ਸਿੰਘ ਗਰੇਵਾਲ ਨੇ ਦੱਸਿਆ ਵਿ ਅਦਾਰੇ ਵਿਲੋਂ ਵਿਸਤਾਰਿਤ ਕੀਤਾ ਇਹ ਪ੍ਰੋਗਰਾਮ ਵਿਦਿਆਰਥੀਆਂ ਨੂੰ ਸਿੱਖ ਰਹੁ-ਰੀਤਾਂ , ਸਿੱਖਾਂ ਦੇ ਸਮਾਜ ਵਿਚ ਖਾਸ ਤੌਰ ਤੇ ਕਨੇਡਾ ਦੇ ਬਹੁ- ਸੱਭਿਆਚਾਰੀ ਸਮਾਜ ਵਿਚ ਇਸਦੇ ਯੋਗਦਾਨ ਆਦਿ ਬਾਰੇ ਜਾਨਣ ਦਾ ਸਾਧਨ ਬਣੇਗਾ। ਇਸ ਵਿਸ਼ੇਸ਼ ਕੋਰਸ ਦੀ ਮਹੱਤਤਾ ਇਸ ਗੱਲ ਵਿਚ ਵੀ ਹੈ ਕਿ ਇਸ ਵਿਚ ਕਿਸੇ ਵੀ ਧਾਰਮਿਕ / ਨਸਲੀ ਜਾਂ ਸੱਭਿਆਚਾਰਕ ਪਿਛੋਕੜ ਵਾਲਾ ਵਿਦਿਆਰਥੀ ਦਾਖਲਾ ਲੈ ਸਕਦਾ ਹੈ। ਸ. ਅਮਨਪ੍ਰੀਤ ਸਿੰਘ ਗਿੱਲ ਪ੍ਰਧਾਨ ਦਸ਼ਮੇਸ਼ ਕਲਚਰ ਸੈਂਟਰ ਕੈਲਗਰੀ ਦੇ ਯੂਨੀਵਰਸਿਟੀ ਨੂੰ ਸਿੱਖ ਇਤਿਹਾਸ ਬਾਰੇ ਇਹ ਵਿਸ਼ੇਸ਼ ਕੋਰਸ ਆਰੰਭ ਕਰਨ ‘ਤੇ ਵਧਾਈ ਦਿੱਤੀ ਅਤੇ ਇਸ ਦੇ ਲਈ ਸਰਗਰਮੀ ਨਾਲ ਲਈ ਫੰਡ ਜੁਟਾਉਣ ਦੀ ਹਾਮੀ ਵੀ ਭਰੀ।

(ਪਰਮਜੀਤ ਸਿੰਘ ਬਾਗੜੀਆ) +91 9147 65705

Install Punjabi Akhbar App

Install
×