ਸਿੱਖ ਗੁਰੂਦਵਾਰਾ ਗਲੈਨਵੁੱਡ ਵਿਖੇ ਕੁੱਝ ਸ਼ਰਾਰਤ ਅਨਸਰਾਂ ਵੱਲੋਂ ਗੁਰਦੁਆਰੇ ਵਿੱਚ ਬੀ.ਜੇ.ਪੀ. ਦਾ ਝੰਡਾ ਲਗਾਉਣ ਦੀ ਕੀਤੀ ਗਈ ਨਾਕਾਮ ਕੋਸ਼ਿਸ਼ -ਸਿੱਖ ਭਾਈਚਾਰੇ ਵਿੱਚ ਰੋਸ

(ਸਾਂਝਾ ਟੀ.ਵੀ. ਦੇ ਸਹਿਯੋਗ ਨਾਲ) ਸਿਡਨੀ ਤੋਂ ਗਿਆਨੀ ਸੰਤੋਖ ਸਿੰਘ ਜੀ ਦੁਆਰਾ ਸਾਂਝੀ ਕੀਤੀ ਗਈ ਸੂਚਨਾ ਅਨੁਸਾਰ ਅੱਜ ਸਿਡਨੀ ਵਿਚਲੇ ਗਲੈਨਵੁਡ ਵਿਖੇ ਕੁੱਝ ਸ਼ਰਾਰਤੀ ਅਨਸਰਾਂ ਨੇ ਗੁਰੂਦਵਾਰਾ ਸਾਹਿਬ ਵਿਖੇ ਬੀ.ਜੇ.ਪੀ. ਦਾ ਝੰਡਾ ਲਗਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਜਿਸ ਨਾਲ ਕਿ ਸਿੱਖ ਸੰਗਤਾਂ ਇੱਕ ਦਮ ਗੁਰੂਦਵਾਰਾ ਸਾਹਿਬ ਵਿਖੇ ਇਕੱਠੀਆਂ ਹੋ ਗਈਆਂ ਅਤੇ ਅਜਿਹੇ ਗੈਰਕਾਨੂੰਨੀ ਗੈਰ ਸਮਾਜਿਕ ਅਤੇ ਬੇਤੁਕੇ ਕੰਮ ਕਰਕੇ ਲੋਕਾਂ ਵਿੱਚ ਰੋਸ ਭੜਕਾਉਣ ਅਤੇ ਡਰ ਭੈਅ ਦਾ ਮਾਹੌਲ ਬਣਾਉਣ ਵਾਸਤੇ ਉਕਤ ਘਟਨਾ ਦੀ ਨਿੰਦਾ ਕੀਤੀ ਅਤੇ ਸ਼ਰਾਰਤੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦੇਣ ਦੀ ਮੰਗ ਵੀ ਕੀਤੀ। ਗਿਆਨੀ ਜੀ ਨੇ ਦੱਸਿਆ ਕਿ ਭਾਰਤ ਦੇਸ਼ ਅੰਦਰ ਚੱਲ ਰਹੇ ਕਿਸਾਨੀ ਸੰਘਰਸ਼ ਨੂੰ ਸਾਰੀ ਦੁਨੀਆਂ ਜਾਣਦੀ ਹੈ ਕਿ ਇਹ ਕਿਸਾਨਾਂ ਅਤੇ ਉਥੋਂ ਦੀ ਮੌਜੂਦਾ ਸਰਕਾਰ ਵਿਚਾਲੇ ਇੱਕ ਸੋਚੀ ਸਮਝੀ ਸਾਜਿਸ਼ ਦੇ ਖ਼ਿਲਾਫ਼ ਲੜਾਈ ਹੈ ਜਿਸਨੂੰ ਕਿ ਦੇਸ਼ਾਂ ਵਿਦੇਸ਼ਾਂ ਵਿੱਚੋਂ ਵੀ ਸਮਰਥਨ ਹਾਸਿਲ ਹੋ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਹ ਕੋਈ ਹਿੰਦੂ ਸਿੱਖਾਂ ਦੀ ਲੜਾਈ ਨਹੀਂ ਹੈ ਸਗੋਂ ਕਿਸਾਨਾਂ ਦਾ ਸੰਘਰਸ਼ ਹੈ ਅਤੇ ਕਿਸਾਨਾਂ ਵਿੱਚ ਹਰ ਕੌਮ ਦੇ ਲੋਕ ਸ਼ਾਮਿਲ ਹਨ।
ਸਥਾਨਕ ਸਾਂਝਾ ਟੀ.ਵੀ. ਚੈਨਲ ਉਪਰ ਘਟਨਾ ਦਾ ਜ਼ਿਕਰ ਕਰਦਿਆਂ ਉਨ੍ਹਾਂ ਨੇ ਸਿੱਧੇ ਤੌਰ ਤੇ ਕਿਸਾਨੀ ਸੰਘਰਸ਼ ਨੂੰ ਮਿਲ ਰਹੇ ਸਮਰਥਨ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕਰਾਰ ਦਿੰਦਿਆਂ ਉਨ੍ਹਾਂ ਕਿਹਾ ਕਿ ਕੁੱਝ ਦਿਨ ਪਹਿਲਾਂ ਇਸੇ ਤਰ੍ਹਾਂ ਅਜਿਹੇ ਹੀ ਕਾਰਕੂਨਾਂ ਨੇ ਇੱਕ ਸਾਦੇ ਜਿਹੇ ਕੱਪੜੇ ਉਪਰ ਖਾਲਿਸਤਾਨ ਲਿੱਖ ਕੇ, ਖਾਲਿਸਤਾਨ ਦਾ ਝੰਡਾ ਕਹਿ ਕੇ ਅੱਗ ਲਾਈ ਸੀ ਅਤੇ ਇੱਥੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ।
ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਹੀ ਨਹੀਂ ਸਗੋਂ ਸੰਸਾਰ ਦੇ ਹਰ ਕੋਨੇ ਵਿੱਚ ਹੀ ਹਿੰਦੂ ਸਿੱਖ ਅਤੇ ਹੋਰ ਧਰਮਾਂ ਦੇ ਲੋਕ ਮਿਲ ਕੇ ਰਹਿੰਦੇ ਹਨ ਪਰੰਤੂ ਅਜਿਹੀਆਂ ਕਾਰਵਾਈਆਂ ਕਰਕੇ ਕੁੱਝ ਅਜਿਹੇ ਅਨਸਰ ਜਿਨ੍ਹਾਂ ਦਾ ਮਕਸਦ ਮਹਿਜ਼ ਆਤੰਕ ਪੈਦਾ ਕਰਨਾ ਹੁੰਦਾ ਹੈ, ਹਿੰਦੂ-ਸਿੱਖਾਂ ਵਿੱਚ ਮਨ ਮੁਟਾਵ ਦੀਆਂ ਸਥਿਤੀਆਂ ਪੈਦਾ ਕਰਨੀਆਂ ਚਾਹੁੰਦੇ ਹਨ।
ਸਰਕਾਰ ਨੂੰ ਚਾਹੀਦਾ ਹੈ ਕਿ ਅਜਿਹੇ ਆਤੰਕਵਾਦੀ ਗਤੀਵਿਧੀਆਂ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਪੁਲਿਸ ਵੱਲੋਂ ਸੀ.ਸੀ.ਟੀ.ਵੀ. ਫੂਟੇਜ ਦੇ ਆਧਾਰ ਉਪਰ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦੀ ਹੀ ਸੱਚਾਈ ਸੱਭ ਦੇ ਸਾਹਮਣੇ ਆ ਜਾਵੇਗੀ।

Install Punjabi Akhbar App

Install
×