1984 ਸਿੱਖ ਨਸਲਕੁਸ਼ੀ ਦੀ 31ਵੀਂ ਵਰ੍ਹੇਗੰਢ ਮੌਕੇ ਸੁਪਰੀਮ ਸਿੱਖ ਕੌਂਸਲ ਆਫ ਆਸਟ੍ਰੇਲੀਆ ਵਲੋਂ ਸਿੱਖ ਨਸਲਕੁਸ਼ੀ ਯਾਦਗਾਰੀ ਮਾਰਚ ਦਾ ਅਯੋਜਨ ਕੀਤਾ ਗਿਆ ਜਿਸ ਵਿੱਚ ਆਸਟ੍ਰੇਲੀਆ ਭਰ ਤੋਂ ਸੈਂਕੜੇ ਸਿੱਖਾਂ ਨੇ ਭਾਗ ਲਿਆ। ਮੈਲਬੌਰਨ ਦੀ ਐਲਕਸੈਂਡਰਾ ਗਾਰਡਨ ਤੋਂ ਸ਼ੁਰੂ ਹੋਇਆ ਇਹ ਮਾਰਚ ਭਾਰੀ ਮੀਂਹ ਦੇ ਬਾਵਜੂਦ ਬਹੁਤ ਸਫਲ ਹੋ ਨਿੱਬੜਿਆ। ਇਹ ਮਾਰਚ ਸਵੇਰੇ 10 ਵਜੇ ਸ਼ੁਰੂ ਹੋ ਕੇ 11 ਵਜੇ ਫਲੈਗਸਟਾਫ ਗਾਰਡਨ ਪਹੁੰਚਿਆ ਜਿੱਥੇ ਆਸਟ੍ਰੇਲੀਆ ਦੀਆਂ ਪ੍ਰਮੁੱਖ ਪਾਰਟੀਆਂ ਦੇ ਸੰਸਦ ਮੈਂਬਰਾਂ ਨੇ ਨਸਲਕੁਸ਼ੀ ਨੂੰ ਮਾਨਤਾ ਦਿੰਦੇ ਹੋਏ ਅਤੇ ਸਿੱਖ ਕੌਮ ਨਾਲ ਆਪਣੀ ਵਚਨਬੱਧਤਾ ਪ੍ਰਗਟ ਕਰਦੇ ਹੋਏ ਆਪਣੇ ਵੀਚਾਰ ਰੱਖੇ। ਸੰਸਦ ਮੈਂਬਰਾਂ ਵਿੱਚ ਮਾਨਯੋਗ ਰੌਬ ਮਿੱਚਲ ਲੇਬਰ ਐਮ ਪੀ, ਮਾਨਣੋਗ ਵਾਰਨ ਐਂਸ਼ ਲਿਬਰਲ ਐਮ ਪੀ, ਮਾਨਯੋਗ ਬਾਬ ਕੈਟਰ ਐਮ ਪੀ ਅਤੇ ਗਰੀਨਜ਼ ਪਾਰਟੀ ਦੇ ਐਲਕਸ ਭੱਠਲ ਹੋਰਾਂ ਨੇ ਆਪਣੇ ਵੀਚਾਰ ਰੱਖੇ। ਸਿੱਖਸ ਫਾਰ ਜਸਟਿਸ ਕਨੇਡਾ ਤੋਂ ਉਚੇਚੇ ਤੌਰ ਤੇ ਇਸ ਮਾਰਚ ਵਿੱਚ ਸ਼ਾਮਿਲ ਹੋਣ ਆਏ ਬੀਬੀ ਤਜਿੰਦਰ ਕੌਰ ਨੇ 2020 ਰੈਫਰੈਂਡਮ ਬਾਰੇ ਜਾਣਕਾਰੀ ਪੇਸ਼ ਕੀਤੀ ਅਤੇ ਸਿੱਖ ਕੌਮ ਦੇ ਭਵਿੱਖ ਬਾਰੇ ਗੱਲਬਾਤ ਕੀਤੀ ਅਤੇ ਆਸਟ੍ਰੇਲੀਆ ਦੀਆ ਸੰਗਤਾਂ ਨੂੰ ਇਸ ਮੁਹਿੰਮ ਨੁੰ ਕਾਮਯਾਬ ਬਨਾਉਣ ਲਈ ਅਪੀਲ ਕੀਤੀ।
ਕੇਰਨ ਤੋਂ ਉਚੇਚੇ ਤੌਰ ਤੇ ਆਏ 1984 ਸਿੱਖ ਨਸਲਕੁਸ਼ੀ ‘ਚ ਆਪਣਾ ਪਰਿਵਾਰ ਗੁਆ ਚੁੱਕੇ ਸ: ਇੰਦਰਜੀਤ ਸਿੰਘ ਨੇ ਆਪਣੀ ਭਾਵੁਕ ਹੱਡਬੀਤੀ ਸੁਣਾਈ। ਸੁਪਰੀਮ ਸਿੱਖ ਕੌਂਸਲ ਆਫ ਆਸਟਰੈਲੀਆ ਦੇ ਜਨਰਲ ਸਕੱਤਰ ਹਰਕੀਰਤ ਸਿੰਘ ਅਜਨੋਹਾ ਨੇ ਕਿਹਾ ਕਿ ਇਹ ਗੱਲ ਜ਼ਿਕਰਯੋਗ ਹੈ ਕਿ ਆਸਟ੍ਰੇਲੀਆ ਦੀ ਪਾਰਲੀਮੈਂਟ ਦੁਨੀਆਂ ਦੀ ਪਹਿਲੀ ਫੈਡਰਲ ਪਾਰਲੀਮੈਂਟ ਹੈ ਜਿੱਥੇ ਸਿੱਖ ਨਸਲਕੁਸ਼ੀ ਨੂੰ ਮਾਨਤਾ ਮਿਲਣ ਦੀ ਉਮੀਦ ਹੈ। ਉਨਹਾਂ ਸਾਰੀਆ ਸੰਗਤਾਂ ਦਾ ਧੰਨਵਾਦ ਕੀਤਾ ਜੋ ਲਗਾਤਾਰ ਹੋ ਰਹੀ ਬਾਰਿਸ਼ ਵਿੱਚ ਵੀ ਸਮਾਰੋਹ ਵਿੱਚ ਸ਼ਾਮਿਲ ਰਹੇ। ਉਨਹਾਂ ਗੁਰੂਦੁਆਰਾ ਸਾਹਿਬ ਕਰੇਗੀਬਰਨ, ਬਲੈਕਬਰਨ, ਸ਼ੈਪਰਟਨ, ਖਾਲਸਾ ਸ਼ਾਉਣੀ, ਮੀਰੀ ਪੀਰੀ ਅਤੇ ਸ਼ਾਮਿਲ ਹੋਰ ਰਹੀਆਂ ਸਿੱਖ ਸੰਸਥਾਵਾਂ ਆਸਟ੍ਰੇਲੀਅਨ ਸਿੱਖ ਸਪੋਰਟ, ਸਿੱਖ ਵਲੰਟੀਅਰ, ਸਿੱਖ ਸਮਾਰੀਟਨ ਆਦਿ ਸਾਰਿਆਂ ਦਾ ਧੰਨਵਾਦ ਕੀਤਾ। ਸੁਪਰੀਮ ਸਿੱਖ ਕੌਂਸਲ ਦੇ ਆਗੂਆਂ ਗੁਰਬਾਜ਼ ਸਿੰਘ, ਬੀਰਿਂਦਰ ਸਿੰਘ ਸਹੌਲੀ, ਪ੍ਰੀਤਮ ਸਿੰਘ ਅਦਿ ਕੌਮ ਨੁੰ ਇਸੇ ਤਰ੍ਹਾਂ ਏਕਤਾ ਵਿੱਚ ਰਹਿਣ ਦੀ ਅਪੀਲ ਕੀਤੀ।