ਅਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਸਿੱਖ ਖੇਡਾਂ 2019 ਦੀ ਸ਼ੁਰੂਆਤ ਕੱਲ

IMG-20190418-WA0016

ਅਸਟਰੇਲੀਆ ਦੇ ਸ਼ਹਿਰ ਮੈਲਬੌਰਨ ਵਿਖੇ ਇਸ ਵਰੇ ਦੀਆਂ ਸਿੱਖ ਖੇਡਾਂ ਦੀ ਸ਼ੁਰੂਆਤ ਕੱਲ ਨੂੰ ਹੋਣ ਜਾ ਰਹੀ ਹੈ। ਦੱਖਣੀ ਅਸਟਰੇਲੀਆ ਤੋਂ 32 ਸਾਲ ਪਹਿਲਾਂ ਸ਼ੁਰੂ ਹੋਇਆ ਖੇਡਾਂ ਦਾ ਇਹ ਕਾਫਿਲਾ ਹਰ ਸਾਲ ਵੱਖਰੇ ਸ਼ਹਿਰ ਆਪਣੀਆਂ ਯਾਦਾਂ ਛੱਡਦਾ ਇਸ ਵਰੇ ਮੈਲਬੌਰਨ ਵਾਸੀਆਂ ਨੂੰ ਮੇਜਬਾਨੀ ਦਾ ਮੌਕਾ ਦੇਣ ਜਾ ਰਿਹਾ ਹੈ। ਅਗਲੇ ਤਿੰਨ ਦਿਨ ਜਿੱਥੇ ਸਵਾ ਦੋ ਸੌ ਟੀਮਾਂ ਦੇ 3500 ਤੋਂ ਵੱਧ ਖਿਡਾਰੀ ਲਗਭਗ ਲੱਖ ਸਵਾ ਲੱਖ ਦਰਸ਼ਕਾਂ ਦੀ ਹਾਜਿਰੀ ਵਿੱਚ ਆਪਣੀ ਖੇਡ ਦਾ ਲੋਹਾ ਮੰਨਵਾਉਣਗੇ, ਉੱਥੇ ਅਸਟਰੇਲੀਅਨ ਅਰਥ ਵਿਵਸਥਾ ਆਲੇ ਗੱਲੇ ‘ਚ ਕਰੀਬ 45 ਮਿਲੀਅਨ ਡਾਲਰ ਪੈਣ ਦੀ ਵੀ ਆਸ ਜਿਤਾਈ ਜਾ ਰਹੀ ਹੈ। ਉਲੰਪਿਕ ਦੀ ਤਰਜ ਤੇ ਸਿੱਖ ਖੇਡਾਂ ਦੀ ਮਿਸ਼ਾਲ 16 ਮਾਰਚ ਤੋਂ ਸ਼ਹਿਰ ਪਰਥ ਤੋਂ ਰਵਾਨਾ ਹੋਈ ਹੈ ਜੋ ਕਿ 19 ਅਪਰੈਲ ਨੂੰ ਮੈਲਬੌਰਨ ਅੱਪੜੇਗੀ। ਵੱਖ ਵੱਖ ਸ਼ਹਿਰਾਂ ਵਿੱਚ ਸਿੱਖ ਖੇਡਾਂ ਦੇ ਸੰਦਰਭ ‘ਚ ਤੰਤੀ ਸਾਜਾਂ ਤੇ ਅਧਾਰਿਤ ਕੀਰਤਨ ਸਮਾਗਮ ਵੀ ਕਰਾਏ ਜਾ ਰਹੇ ਹਨ, ਜਿਨਾਂ ਦੀ ਸਮਾਪਤੀ ਮੈਲਬੌਰਨ ਵਿਖੇ 19 ਅਪਰੈਲ ਨੂੰ ਹੋਵੇਗੀ।

ਖੇਡਾਂ ਤੋਂ ਇਲਾਵਾ ਤਿੰਨੋਂ ਦਿਨ ਕਲਾ ਪਰਦਰਸ਼ਨੀਆਂ, ਲੋਕ ਨਾਚ, ਪੁਰਾਤਨ ਸਾਜੋ ਸਮਾਨ ਤੇ ਹੋਰ ਕਈ ਤਰਾ ਦੀਆਂ ਸੱਭਿਆਚਾਰਕ ਵੰਨਗੀਆਂ ਦੀ ਪੇਸ਼ਕਾਰੀ ਵੀ ਹੋਵੇਗੀ। ਕਿਤਾਬਾਂ ਦੇ ਸਟਾਲ ਵੀ ਲਗਾਏ ਜਾਣਗੇ। ਦੂਜੇ ਮੁਲਕਾਂ ਤੋਂ ਵੀ ਢਾਈ ਤਿੰਨ ਹਜਾਰ ਦਰਸ਼ਕ ਤੇ ਖਿਡਾਰੀ ਹਾਜਿਰੀ ਲਵਾਉਣਗੇ। ਅਸਟਰੇਲੀਆ ਵਿਚਲੇ ਸਾਡੇ ਪੰਜਾਬੀ ਭਾਈਚਾਰੇ ਦੀ ਸਭ ਤੋਂ ਵੱਡੀ ਇਕੱਤਰਤਾ ਵਿੱਚ ਸ਼ਾਮਿਲ ਹੋਣ ਵਾਲੇ ਸੱਜਣ ਮਿੱਤਰ, ਹਰ ਸਾਲ ਜਿੱਥੇ ਬਹਾਨੇ ਨਾਲ ‘ਨਵਾਂ’ ਸ਼ਹਿਰ ਵੇਖ ਲੈਂਦੇ ਨੇ ਉੱਥੇ ‘ਪੁਰਾਣੇ’ ਮਿੱਤਰਾਂ ਤੇ ਰਿਸ਼ਤੇਦਾਰਾਂ ਨਾਲ ਮਿਲ ਬੈਠਣ ਦਾ ਸਬੱਬ ਵੀ ਬਣਾ ਲੈਂਦੇ ਨੇ। ਸਮੂਹ ਪਰਬੰਧਕਾਂ ਵੱਲੋਂ ਭਾਈਚਾਰੇ ਨੂੰ ਪਰਿਵਾਰਾਂ ਸਮੇਤ ਸਿੱਖ ਖੇਡਾਂ ਵਿੱਚ ਹੁੰਮ ਹੁਮਾ ਕੇ ਪਹੁੰਚਣ ਦਾ ਸੱਦਾ ਦਿੱਤਾ ਜਾਂਦਾ ਹੈ।

Install Punjabi Akhbar App

Install
×