ਗੁਰਦੁਆਰਾ ਸਿੱਖ ਸੋਸਾਇਟੀ ਡੇਟਨ, ਉਹਾਇਓ ਵਿਖੇ ਮਨਾਇਆ ਗਿਆ ਸਿੱਖ ਵਾਤਾਵਰਣ ਦਿਵਸ

ਅਟਲਾਂਟਾ ਵਿੱਚ ਮਾਰੇ ਗਏ ਵਿਅਕਤੀਆਂ ਦੀ ਆਤਮਿਕ ਸ਼ਾਂਤੀ ਪ੍ਰਤੀ ਕੀਤੀ ਅਰਦਾਸ

ਡੇਟਨ/ਓਹਾਇੳ —ਬੀਤੇ ਦਿਨ ਅਮਰੀਕਾ ਦੇ ਸੂਬੇ ਓਹਾਇੳ ਚ’ ਸਥਿੱਤ ਗੁਰਦੁਆਰਾ ਸਿੱਖ ਸੁਸਾਇਟੀ  ਆਫ ਡੇਟਨ ਵਿਖੇ ਸਿੱਖ ਵਾਤਾਵਰਣ ਦਿਵਸ ਮਨਾਉਣ ਦੇ ਨਾਲ ਨਾਲ ਅਟਲਾਂਟਾ ਵਿੱਚ ਮਾਰੇ ਗਏ ਬੇਗੁਨਾਹ ਵਿਆਕਤੀਆਂ ਦੀ ਆਤਮਿਕ ਸ਼ਾਂਤੀ ਪ੍ਰਤੀ ਅਰਦਾਸ ਕੀਤੀ ਗਈ।ਸੱਤਵੀਂ ਪਾਤਸ਼ਾਹੀ ਗੁਰੂ ਹਰਿ ਰਾਏ ਜੀ ਦੇ ਗੁਰਤਾ ਗੱਦੀ ਦਿਵਸ ਨੂੰ ਸਿੱਖ ਵਾਤਾਵਰਣ ਦੇ ਦਿਹਾੜੇ ਵਜੋਂ ਅਮਰੀਕਾ ਅਤੇ ਸੰਸਾਰ ਭਰ ਦੇ ਗੁਰਦੁਆਰਿਆਂ ਵਿਖੇ ਮਨਾਇਆ ਜਾਂਦਾ ਹੈ। ਸਿੱਖ ਸੁਸਾਇਟੀ  ਡੇਟਨ, ਉਹਾਇੳ ਗੁਰਦੁਆਰਾ ਸਾਹਿਬ ਵਿਖੇ ਵੀ ਇਸ ਦਿਹਾੜੇ ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਉਂਦਿਆਂ ਹੋਇਆਂ ਅਟਲਾਂਟਾ, ਜੌਰਜੀਆ ਵਿਖੇ ਹੋਈਆਂ ਬੇਗੁਨਾਹ ਮੌਤਾਂ ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਮਰਨ ਵਾਲ਼ਿਆਂ ਨੂੰ ਸ਼ਰਧਾਂਜਲੀ ਵੀ ਦਿੱਤੀ ਗਈ ।

ਸੰਗਤਾਂ ਵਿੱਚ ਬੱਚਿਆਂ, ਨੌਜਵਾਨਾਂ, ਅਤੇ ਬਜ਼ੁਰਗਾਂ ਦੇ ਨਾਲ ਰਿਵਰ ਸਾਈਡ ਸ਼ਹਿਰ ਦੇ ਸਾਬਕਾ ਮੇਅਰ ਬਿੱਲ ਫਲਾਉਟੀ ਨੇ ਸੰਗਤਾਂ ਦੇ ਨਾਲ ਵਾਤਾਵਰਣ ਦਿਵਸ ਤੇ ਪੌਦਾ ਲਗਾਕੇ ਆਪਣੀ ਹਾਜ਼ਰੀ ਭਰੀ। ਬੂਟਾ ਲਗਾਉਣ ਉਪਰੰਤ ਦੀਵਾਨ ਵਿੱਚ ਬੱਚਿਆਂ ਵਲੋਂ ਗੁਰਬਾਣੀ ਸ਼ਬਦ ਗੁਰੂ ਨਾਨਕ ਜੀ ਦੀ ਉਚਾਰਣ ਕੀਤੀ ਗਈ ਆਰਤੀ (ਗਗਨ ਮਹਿ ਥਾਲ) ਗਾ ਕੇ ਉਸ ਅਕਾਲ ਪੁਰਖ ਦੀ ਉਸਤਿਤ ਕੀਤੀ ਗਈ। ਗੁਰਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਹੇਮ ਸਿੰਘ ਜੀ ਨੇ ਵਿਆਖਿਆ ਸਾਹਿਤ ਸ਼ਬਦ ਕੀਰਤਨ ਕਰਦਿਆਂ ਗੁਰੂ ਹਰਿ ਰਾਏ ਜੀ ਦੇ ਜੀਵਨ ਤੇ ਚਾਨਣ ਪਾਉਂਦਿਆਂ ਉਹਨਾ ਵੱਲੋਂ ਵਾਤਾਵਰਣ ਸੰਬੰਧੀ ਕੀਤੇ ਕਾਰਜਾਂ ਅਤੇ ਅੱਗੇ ਸੰਗਤਾਂ ਨੂੰ ਵਾਤਾਵਰਣ ਪ੍ਰਤੀ ਜਾਗ੍ਰਿਤ ਰਹਿਣ ਲਈ ਦਿੱਤੇ ਸੁਨੇਹੇ ਨੂੰ ਸੰਗਤਾਂ ਨਾਲ ਸਾਂਝਾ ਕੀਤਾ ਗਿਆ। ਸੰਗਤਾਂ ਨੂੰ ਵਾਤਾਵਰਣ ਨੂੰ ਸੰਭਾਲ਼ਣ ਦੀਆਂ ਬੇਨਤੀਆਂ ਕੀਤੀਆਂ ਗਈਆਂ। ਗੁਰੂ ਸਾਹਿਬ ਅੱਗੇ ਸਰਬ ਸ਼ਾਂਤੀ ਅਤੇ ਸਿੱਖ ਕੌਮ ਦੀ ਚੜਦੀ ਕਲਾ ਦੀ ਅਰਦਾਸ ਬੇਨਤੀ ਕੀਤੀ ਗਈ ।

ਮੇਅਰ ਬਿੱਲ ਫਲਾਉਟੀ ਨੇ ਵਾਤਾਵਰਣ ਨੂੰ ਬਚਾਉਣ ਪ੍ਰਤੀ ਸਿੱਖਾਂ ਦੀ ਸ਼ਲਾਘਾ ਕਰਦਿਆਂ ਦੀਵਾਨ ਹਾਲ ਵਿੱਚ ਹਾਜਿਰ ਸੰਗਤ ਦਾ ਧੰਨਵਾਦ ਕੀਤਾ ਅਤੇ ਖ਼ਾਸ ਕਰ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਲਗਾਏ ਗਏ ਬੂਟਿਆਂ ਦੀ ਛਾਂ ਜਾਂ ਫਲ ਖਾਣ ਦਾ ਆਨੰਦ ਮੈਂ ਜਾਂ ਮੇਰੀ ਉਮਰ ਦੇ ਤੁਹਾਡੇ ਮਾਪੇ ਬੇਸ਼ੱਕ ਨਹੀਂ ਲੈ ਸਕਦੇ ਪਰ ਤੁਹਾਡੇ ਲਈ ਇਹ ਭਵਿੱਖ ਵਿੱਚ ਇੱਕ ਚਾਨਣ ਮੁਨਾਰਾ ਸਾਬਿਤ ਹੋਵੇਗਾ ਜਿਸਦੇ ਲਈ ਤੁਹਾਨੂੰ ਸਾਡੇ ਰਿਣੀ ਹੋਣਾ ਚਾਹੀਦਾ ਹੈ। ਉਹਨਾਂ ਸਿੱਖਾਂ ਦਾ ਇਹਨਾਂ ਉਪਰਾਲਿਆਂ ਲਈ ਧੰਨਵਾਦ ਕੀਤਾ। ਆਖਿਰ ਵਿੱਚ ਸੇਵਾਦਾਰ ਕਮੇਟੀ ਵੱਲੋਂ ਮੇਅਰ ਅਤੇ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ।

Install Punjabi Akhbar App

Install
×