ਸਿੱਖ ਭਾਈਚਾਰੇ ਲਈ ਖੁਸ਼ੀ ਦੀ ਖਬਰ -ਨਿਊਜ਼ੀਲੈਂਡ ’ਚ ਬਿਨਾਂ ਹੈਲਮਟ ਸਾਈਕਲ ਚਲਾਉਣ ਵੇਲੇ ਹੁਣ ਸਿੱਖਾਂ ਨੂੰ ਨਹੀਂ ਲੈਣੀ ਪਵੇਗੀ ਅਗਾਊਂ ਆਗਿਆ

‘ਸਿੱਖ ਅਵੇਅਰ’ ਸੰਸਥਾ ਦੇ ਯਤਨਾਂ ਸਦਕਾ ਕਾਨੂੰਨ ਵਿਚ ਹੋਈ ਤਬਦੀਲੀ

ਆਕਲੈਂਡ :-ਕਹਿੰਦੇ ਨੇ ਕਿਸੇ ਕੰਮ ਲਈ ਲਗਾਤਾਰ ਯਤਨ ਕਰਦੇ ਰਹਿਣਾ ਕੋਈ ਤਾਕਤ ਜਾਂ ਬੁੱਧੀ ਨਹੀਂ, ਸਗੋਂ ਇਹ ਸਾਡੀ ਸਮਰੱਥਾ ਨੂੰ ਖੋਲ੍ਹਣ ਦੀ ਕੂੰਜੀ ਹੁੰਦਾ ਹੈ। ਨਿਊਜ਼ੀਲੈਂਡ ਦੀ ਇਕ ਸਿੱਖ ਸੰਸਥਾ ‘ਸਿੱਖ ਅਵੇਅਰ’ ਸਿੱਖ ਭਾਈਚਾਰੇ ਦੀਆਂ ਤਕਨੀਕੀ ਮੁਸ਼ਕਿਲਾਂ ਨੂੰ ਕਾਨੂੰਨੀ ਸੰਦਰਭ ਦੇ ਵਿਚ ਵੇਖ ਉਸਦੇ ਸਾਰਥਿਕ ਹੱਲ ਲੱਭਣ ਲਈ ਯਤਨਸ਼ੀਲ ਰਹਿੰਦੀ ਹੈ। ਹੁਣ ਸਿੱਖ ਭਾਈਚਾਰੇ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਹੁਣ ਨਿਊਜ਼ੀਲੈਂਡ ਦੇ ਵਿਚ 1 ਮਈ 2021 ਤੋਂ ਬਿਨਾਂ ਹੈਲਮਟ ਸਾਈਕਲ ਚਲਾਉਣ ਲਈ ਟਰਾਂਸਪੋਰਟ ਵਿਭਾਗ ਤੋਂ ਅਗਾਊਂ ਆਗਿਆ (ਚਿੱਠੀ) ਨਹੀਂ ਲੈਣੀ ਪਿਆ ਕਰੇਗੀ। ਇਸ ਤੋਂ ਪਹਿਲਾਂ ਇਹ ਸਹੂਲਤ ਮੋਟਰਸਾਈਕਲ ਚਲਾਉਣ ਵੇਲੇ ਹੀ ਸੀ। ਸਾਈਕਲ ਵਾਲੀ ਚਿੱਠੀ ਵੀ ਆਪਣੇ ਕੋਲ ਵੀ ਰੱਖਣੀ ਹੁੰਦੀ ਸੀ। ‘ਸਿੱਖ ਅਵੇਅਰ’ ਨੇ ਲੇਬਰ ਪਾਰਟੀ ਦੀ ਸਰਗਰਮ ਮੈਂਬਰ ਬਲਜੀਤ ਕੌਰ ਦੀ ਸਹਾਇਤਾ ਦੇ ਨਾਲ ਇਹ ਮਾਮਲਾ ਸਰਕਾਰ ਦੇ ਧਿਆਨ ਵਿਚ ਲਿਆਉਂਦਾ ਸੀ।

ਬੀਤੇ ਦਿਨੀਂ ਕਾਨੂੰਨੀ ਤਬਦੀਲੀ ਹੋਣ ਤੋਂ ਬਾਅਦ ਅੱਜ ਇਸ ਸਬੰਧੀ ਟਰਾਂਸਪੋਰਟ ਮੰਤਰੀ ਸ੍ਰੀ ਮਾਈਕਲ ਵੁੱਡ ਦੇ ਨਾਲ ਸਿੱਖ ਅਵੇਅਰ ਤੋਂ ਸ. ਹਰਪ੍ਰੀਤ ਸਿੰਘ, ਸ. ਗੁਰਦੀਪ ਸਿੰਘ ਅਤੇ ਸ. ਸਨਮੀਤ ਸਿੰਘ ਹੋਰਾਂ ਨੇ ਧੰਨਵਾਦੀ ਮੁਲਾਕਾਤ ਕੀਤੀ।  ‘ਸਿੱਖ ਅਵੇਅਰ’ 2018 ਤੋਂ ਇਸ ਮਾਮਲੇ ਦੀ ਪੈਰਵਾਈ ਕਰ ਰਿਹਾ ਸੀ ਕਿ ਮੋਟਰ ਸਾਈਕਲ ਵਾਲੇ ਨਿਯਮ ਸਾਈਕਲ ਚਲਾਉਣ ਉਤੇ ਵੀ ਲਾਗੂ ਕੀਤੇ ਜਾਣ ਦੀ ਮੰਗ ਕਰ ਰਿਹਾ ਸੀ। ਇਸ ਦੌਰਾਨ ਮੰਤਰੀ ਵੀ ਬਦਲਦੇ ਗਏ, ਮਾਮਲਾ ਲੰਬਾ ਹੁੰਦਾ ਚਲਾ ਗਿਆ ਅਤੇ ਫਿਰ ਜਨਤਕ ਪੱਖ ਵੀ ਜਾਣਿਆ ਗਿਆ। ਸਾਰਾ ਕੁਝ ਲੰਬੀ ਮਿਹਨਤ ਮੁਸ਼ੱਕਤ ਹੋਣ ਬਾਅਦ ਹੁਣ ਹੁਣ ਸਿੱਖ ਅਵੇਅਰ ਵੱਲੋਂ ਟਰਾਂਸਪੋਰਟ ਮੰਤਰੀ ਸ੍ਰੀ ਮਾੀਕਲ ਵੁੱਡ ਦਾ ਧੰਨਵਾਦ ਕੀਤਾ ਗਿਆ ਹੈ।
ਵਰਨਣਯੋਗ ਹੈ ਕਿ 1 ਜਨਵਰੀ 1994 ਤੋਂ ਇਥੇ ਸਾਈਕਲ ਚਲਾਉਣ ਲਈ ਹੈਲਮਟ ਪਹਿਨਣਾ ਜਰੂਰੀ ਕੀਤਾ ਗਿਆ ਸੀ। ਹੈਲਮਟ ਨਾ ਪਹਿਨਣ ’ਤੇ 55 ਡਾਲਰ ਜ਼ੁਰਮਾਨਾ ਜਾਂ ਫਿਰ ਅਦਾਲਤੀ ਚੱਕਰਾਂ ਵਿਚ 500 ਡਾਲਰ ਤੱਕ ਜ਼ੁਰਮਾਨਾ ਹੋ ਜਾਂਦਾ ਹੈ। ਸਾਈਕਲ ਦੇ ਪਿੱਛੇ ਬੈਠਣ ਵਾਲੇ ਵਾਸਤੇ ਵੀ ਹੈਲਮਟ ਜਰੂਰੀ ਹੁੰਦਾ ਹੈ। ਸਾਈਕਲ ਚਲਾਉਂਦੇ ਸਮੇਂ ਹੱਥ ਦੇ ਇਸ਼ਾਰੇ 3 ਸੈਕਿੰਡ ਰੂਲ ਦੇ ਨਾਲ ਵਰਤੇ ਜਾ ਸਕਦੇ ਹਨ।

Welcome to Punjabi Akhbar

Install Punjabi Akhbar
×
Enable Notifications    OK No thanks