ਗੁਆਂਢੀ ਮੁਲਕ ਆਸਟਰੇਲੀਆ ‘ਚ ਸਿੱਖ ਬੱਚਿਆਂ ਦੀ ਚੜ੍ਹਤ ਬਰਕਰਾਰ

NZ PIC 9 Feb-1ਗੁਆਂਢੀ ਮੁਲਕ ਆਸਟਰੇਲੀਆ ਰਹਿੰਦੇ ਸ. ਗੁਰਜੀਤ ਸਿੰਘ ਬੈਂਸ ਅਤੇ ਦਵਿੰਦਰ ਕੌਰ ਬੈਂਸ ਦੇ ਪਰਿਵਾਰ ਨੇ ਆਸਟਰੇਲੀਆ ਵਸਦੇ ਸਿੱਖ ਭਾਈਚਾਰੇ ਦਾ ਮਾਣ ਲਗਾਤਾਰ ਵਧਾਇਆ ਹੋਇਆ ਹੈ। ਇਨ੍ਹਾਂ ਦੇ ਬਹੁਤ ਨਜ਼ਦੀਕੀ ਰਿਸ਼ਤੇਦਾਰ ਸ. ਖੜਗ ਸਿੰਘ  (ਆਮ ਆਦਮੀ ਪਾਰਟੀ ਵਲੰਟੀਅਰ) ਨਿਊਜ਼ੀਲੈਂਡ ਰਹਿੰਦੇ ਹਨ। ਉਨ੍ਹਾਂ ਆਪਣੇ ਪਰਿਵਾਰ ਦੀ ਖੁਸ਼ੀ ਨਿਊਜ਼ੀਲੈਂਡ ਵਾਸੀਆਂ ਨਾਲ ਸਾਂਝੀ ਕਰਦਿਆਂ ਅੱਜ ਇਹ ਖਬਰ ਦਿੱਤੀ ਕਿ ਉਨ੍ਹਾਂ ਦਾ ਬੇਟਾ ਸਾਹਿਬਜੀਤ ਸਿੰਘ ਬੈਂਸ ਕੈਡਰਨ ਹਾਈ ਸਕੂਲ ਵੂਲੂਵਿਨ (ਬ੍ਰਿਸਬੇਨ) ਸਾਲ 2016  ਲਈ ‘ਸਕੂਲ ਕੈਪਟਨ’ ਚੁਣਿਆ ਗਿਆ ਹੈ। ਇਸ ਹਾਈ ਸਕੂਲ ਦੇ ਵਿਚ ਲਗਪਗ 1500 ਤੋਂ ਵੱਧ ਬੱਚੇ ਜੋ ਕਿ ਵੱਖ-ਵੱਖ  ਮੁਲਕਾਂ ਨਾਲ ਸਬੰਧਤ ਹਨ ਪੜ੍ਹਦੇ ਹਨ। ਦਸਤਾਰਧਾਰੀ ਇਹ ਬੱਚਾ ਸਕੂਲ ਦੇ ਵੱਖ ਵੱਖ ਖੇਤਰਾਂ ਜਿਵੇਂ ਕਿ ਸੰਗੀਤ, ਖੇਡਾਂ ਅਤੇ ਵਿਸ਼ਿਆਂ ਉਤੇ ਹੋਣ ਵਾਲੀਆਂ ਆਪਸੀ ਵਿਚਾਰਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦਾ ਹੈ। ‘ਸਕੂਲ ਕੈਪਟਨ’ ਦੀ ਨਿਯੁਕਤੀ ਵਾਸਤੇ ਵਿਦਿਆਰਥੀਆਂ ਨੂੰ ਪਹਿਲਾਂ ਇਕ ਖਾਸ ਮੁਹਿੰਮ ਤਹਿਤ ਨਾਮਜ਼ਦ ਹੋ ਕਿ ਇੰਟਰਵਿਊਜ਼ ਵਿਚੋਂ ਪਾਸ ਹੋਣਾ ਪੈਂਦਾ ਹੈ। ਫਿਰ ਕਿਤੇ ਜਾ ਕੇ ਇਸ ਪਦ ਤੇ ਨਿਯੁਕਤੀ ਕੀਤੀ ਜਾਂਦੀ ਹੈ। ਇਸ ਪਰਿਵਾਰ ਨੂੰ ਨਿਊਜ਼ੀਲੈਂਡ ਵਸਦੇ ਸਮੁੱਚੇ ਭਾਈਚਾਰੇ ਵੱਲੋਂ ਵਧਾਈ ਦਿੱਤੀ ਗਈ ਹੈ।