ਸਿੱਖ ਚਿਲਡਰਨ ਡੇਅ ਦੇ ਵਿਚ ਭਾਗ ਲੈਣ ਆਏ ਟੌਰੰਗਾ ਦੇ ਬੱਚਿਆਂ ਨੇ ਜਿੱਤੇ ਕਈ ਪਹਿਲੇ ਇਨਾਮ

NZ PIC 5 Oct-1ਬੀਤੇ ਸਨਿਚਰਵਾਰ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਟਾਕਾਨੀਨੀ ਵਿਖੇ ਮਨਾਏ ਗਏ ਸਿੱਖ ਚਿਲਡਰਨ ਡੇਅ ਦੌਰਾਨ ਟੌਰੰਗਾ ਤੋਂ ਆਏ ਬੱਚਿਆਂ ਨੇ ਕਈ ਵਿਸ਼ਿਆਂ ਦੇ ਵਿਚ ਪਹਿਲੇ ਅਤੇ ਦੂਜੇ ਇਨਾਮ ਹਾਸਿਲ ਕੀਤੇ। ਇਨ੍ਹਾਂ ਬੱਚਿਆਂ ਦਾ ਗੁਰਦੁਆਰਾ ਸਿੱਖ ਸੰਗਤ ਟੌਰੰਗਾ ਸਿਟੀ ਵਿਖੇ ਮਾਨ-ਸਨਮਾਨ ਕੀਤਾ ਗਿਆ। ਬਾਬਾ ਰਣਜੋਧ ਸਿੰਘ ਤੇ ਭਾਈ ਹਰਦੀਪ ਸਿੰਘ ਜੋ ਕਿ ਨਿਊਜ਼ੀਲੈਂਡ ਦੀ ਪ੍ਰਚਾਰ ਫੇਰੀ ‘ਤੇ ਹਨ, ਨੇ ਬੱਚਿਆਂ ਨੂੰ ਟ੍ਰਾਫੀਆਂ ਤਕਸੀਮ ਕੀਤੀਆਂ। ਇਹ ਸਾਰੀਆਂ ਟ੍ਰਾਫੀਆਂ ਹਜ਼ੂਰੀ ਰਾਗੀ ਭਾਈ ਮਲਕੀਤ ਸਿੰਘ ਸੁੱਜੋਂ ਵਾਲੇ ਗੁਰਦੁਆਰਾ ਸਾਹਿਬ ਟਾਕਾਨੀਨੀ ਤੋਂ ਪ੍ਰਾਪਤ ਕਰਕੇ ਲੈ ਗਏ ਸਨ। ਵਰਨਣਯੋਗ ਹੈ ਕਿ ਭਾਈ ਮਲਕੀਤ ਸਿੰਘ ਦੇ ਰਾਗੀ ਜੱਥੇ ਨੇ ਟੌਰੰਗਾ ਵਿਖੇ ਬਹੁਤ ਸਾਰੇ ਬੱਚਿਆਂ ਨੂੰ ਕੀਰਤਨ, ਕਵੀਸ਼ਰੀ ਅਤੇ ਪ੍ਰਚਾਰ ਦੇ ਲਈ ਟ੍ਰੇਂਡ ਕੀਤਾ ਹੈ।
ਹੋਏ ਕੀਰਤਨ ਮੁਕਾਬਲੇ ਦੇ ਵਿਚ ਪਹਿਲਾ ਇਨਾਮ ਬੀਬੀ ਇੰਦਪ੍ਰੀਤ ਕੌਰ ਸੁੱਜੋਂ-ਜਸਨੀਤ ਕੌਰ-ਅਨੂਪ ਸਿੰਘ ਦੇ ਜੱਥੇ ਨੂੰ ਤੇ ਦੂਜਾ ਇਨਾਮ ਜੈਸਮੀਨ ਕੌਰ-ਪ੍ਰਭਅਨਮੋਲ ਸਿੰਘ ਨੂੰ ਮਿਲਿਆ। 11 ਤੋਂ 13 ਸਾਲ ਦੇ ਕੀਰਤਨੀ ਮੁਕਾਬਲਿਆਂ ਦੇ ਵਿਚ ਮਨਪ੍ਰੀਤ ਕੌਰ ਤੇ ਗੁਰਜਸ਼ਨਪ੍ਰੀਤ ਕੌਰ ਨੂੰ ਦੂਜਾ ਇਨਾਮ ਮਿਲਿਆ। ਦੁਮਾਲਾ ਸਜਾਉਣ ਦੇ ਵਿਚ ਪਹਿਲੇ ਨੰਬਰ ਤੇ ਗੁਰਜਸ਼ਨਪ੍ਰੀਤ ਕੌਰ ਅਤੇ ਰਾਜਵੀਰ ਸਿੰਘ ਤੀਜੇ ਨੰਬਰ ਤੇ ਆਇਆ। 5-7 ਸਾਲ ਦੇ ਵਰਗ ਵਿਚ ਹਰਨੂਰ ਦੀਪ ਸਿੰਘ ਨੇ ਗੁਰਬਾਣੀ ਕੰਠ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਮਹਿਕਦੀਪ ਕੌਰ ਅਰਦਾਸ ਕਰਨ ਦੇ ਵਿਚ ਪਹਿਲੇ ਨੰਬਰ ਉਤੇ ਆਈ। ਮਨਪ੍ਰੀਤ ਕੌਰ ਸਪੀਚ ਦੇ ਵਿਚ ਦੂਜੇ ਨੰਬਰ ‘ਤੇ ਰਹੀ ਜਦ ਕਿ ਕਰਨਬੀਰ ਸਿੰਘ ਤੀਜੇ ਨੰਬਰ ਉਤੇ ਆਇਆ। 14 ਸਾਲ ਦੇ ਵਰਗ ਵਿਚ ਜਸਮੀਤ ਕੌਰ ਨੇ ਗੁਰਸ਼ਬਦ ਉਤੇ ਸਪੀਚ ਕਰਨ ਕੀਤੀ ਅਤੇ ਤੀਜੇ ਨੰਬਰ ਉਤੇ ਆਈ। ਕਵੀਸ਼ਰੀ ਦੇ ਵਿਚ ਪਹਿਲਾ ਸਥਾਨ ਜਸਕਰਨ ਸਿੰਘ ਬੰਗਾ-ਪ੍ਰਭਅਨਮੋਲ ਸਿੰਘ-ਕਰਮਜੋਤ ਸਿੰਘ-ਗੌਰਵਪ੍ਰੀਤ ਸਿੰਘ ਨੂੰ ਮਿਲਿਆ। ਲੜਕੀਆਂ ਦੇ ਕਵੀਸ਼ਰੀ ਮੁਕਾਬਲੇ ਵਿਚ ਪਹਿਲਾ ਸਥਾਨ ਇੰਦਰਪ੍ਰੀਤ ਕੌਰ-ਜੈਸਮਿਨ ਕੌਰ, ਜਸਦੀਪ ਕੌਰ ਤੇ ਤਰਨਦੀਪ ਕੌਰ ਨੂੰ ਮਿਲਆ। ਇਕ ਵਿਸ਼ੇਸ਼ ਇਨਾਮ ਇੰਦਰਪ੍ਰੀਤ ਕੌਰ ਸੁੱਜੋਂ ਨੂੰ ਦੋ ਮੁਕਾਬਲਿਆਂ ਦੇ ਵਿਚ ਪਹਿਲਾ ਸਥਾਨ ਹਾਸਿਲ ਕਰਨ ਉਤੇ ਦਿੱਤਾ ਗਿਆ। ਲਗਪਗ 21 ਇਨਾਮ ਟੌਰੰਗਾ ਤੋਂ ਆਏ ਬੱਚੇ ਲੈਣ ਵਿਚ ਕਾਮਯਾਬ ਰਹੇ। ਸਾਰੀ ਸੰਗਤ ਨੇ ਬੱਚਿਆਂ ਨੂੰ ਬਹੁਤ-ਬਹੁਤ ਵਧਾਈ ਦਿੱਤੀ।

Install Punjabi Akhbar App

Install
×