ਸਿੱਖੀ ਸੇਧ: ਸਵੈ ਸੁਧਾਰ ਵੱਲ ਇਕ ਕਦਮ

  • ਨਿਊਜ਼ੀਲੈਂਡ ਦੀਆਂ ਜ਼ੇਲਾਂ੍ਹ ‘ਚ ਬੰਦ ਸਿੱਖ ਪੈਰੋਕਾਰਾਂ ਨੂੰ ਲੋੜੀਂਦੀ ਧਾਰਮਿਕ ਸਲਾਹ ਵਾਸਤੇ ‘ਸਿੱਖ ਅਵੇਅਰ’ ਨੂੰ ਮਾਨਤਾ
  • ਜ਼ੇਲ੍ਹ ਅੰਦਰ ਜਾ ਕੇ ਅਜਿਹਾ ਉਦਮ ਕਰਨ ਵਾਲੀ ਪਹਿਲੀ ਸਿੱਖ ਸੰਸਥਾ ਬਣੀ

download (1)

ਔਕਲੈਂਡ 20 ਜੂਨ -ਕਹਿੰਦੇ ਨੇ ਸੁੱਖ ਵਿਚ ਰੱਬ ਨੂੰ ਓਨਾ ਯਾਦ ਨਹੀਂ ਕੀਤਾ ਜਾਂਦਾ ਜਿੰਨਾ ਦੁੱਖ ਅਤੇ ਔਖੀ ਘੜੀ ਦੇ ਵਿਚ ਰੱਬ ਯਾਦ ਆਉਂਦੈ। ਜ਼ੇਲ੍ਹਾਂ ਜਿਨ੍ਹਾਂ ਨੂੰ ‘ਸੁਧਾਰ ਘਰ’ ਵੀ ਕਿਹਾ ਜਾਂਦਾ ਦੀਆਂ ਕਾਲ ਕੋਠੜੀਆਂ ਦੇ ਵਿਚ ਆਪਣਾ ਜੀਵਨ ਬਤੀਤ ਕਰਨ ਵਾਲੇ ਕੈਦੀਆਂ ਦੀ ਮਾਨਸਿਕਤਾ ਨੂੰ ਪਛਾਣਦਿਆਂ ਉਨ੍ਹਾਂ ਨੂੰ ਆਜ਼ਾਦੀ ਦਿੱਤੀ ਜਾਂਦੀ ਹੈ ਕਿ ਉਹ ਆਪਣੇ-ਆਪਣੇ ਧਰਮ ਦੇ ਵਿਚ ਜੇਕਰ ਹੋਰ ਜੀਵਨ ਸੇਧ ਲੈਣੀ ਚਾਹੁਣ ਤਾਂ ਉਹ ਅਜਿਹੀ ਮੰਗ ਕਰ ਸਕਦੇ ਸਕਦੇ ਹਨ। ਇਹ ਮੰਗ ਪੂਰੀ ਕਰਨ ਵਾਸਤੇ ਨਿਊਜ਼ੀਲੈਂਡ ਦੇ ਵਿਚ ਕੁਝ ਸੰਸਥਾਵਾਂ ਮੁਫਤ ਵਿਚ ਸੇਵਾਵਾਂ ਮੁਹੱਈਆ ਕਰਵਾਉਂਦੀਆਂ ਹਨ ਤਾਂ ਕਿ ਕੈਦੀ ਲੋਕ ਆਪਣਾ ਜੀਵਨ ਬਦਲ ਤੇ ਸੁਧਾਰ ਸਕਣ। ਇਸ ਵੇਲੇ ਤੱਕ ਸ਼ਾਇਦ ਸਿੱਖ ਧਰਮ ਦੇ ਪੈਰੋਕਾਰਾਂ ਵਾਸਤੇ ਅਜਿਹੀ ਕੋਈ ਸੰਸਥਾ ਨਹੀਂ ਸੀ, ਪਰ ਹੁਣ ਜ਼ੇਲ੍ਹ ਵਿਭਾਗ ਨੇ ‘ਸਿੱਖ ਅਵੇਅਰ’ ਸੰਸਥਾ ਨੂੰ ਇਸ ਗੱਲ ਦੀ ਮਾਨਤਾ ਦੇ ਦਿੱਤੀ ਹੈ ਕਿ ਉਹ ਜ਼ੇਲ੍ਹ ਦੇ ਅੰਦਰ ਆ ਕੇ ਸਿੱਖ ਧਰਮ ਦੇ ਕਿਸੇ ਕੈਦੀ ਨੂੰ ਧਾਰਮਿਕ ਸਲਾਹ ਜਾਂ ਮਸ਼ਵਰਾ ਦੇ ਸਕਦੇ ਹਨ। ਸਿੱਖੀ ਸੇਧ ਇਕ ਸਿੱਖ ਦੇ ਲਈ ਸਵੈ ਸੁਧਾਰ ਵੱਲ ਇਕ ਅਹਿਮ ਕਦਮ ਹੁੰਦੀ ਹੈ। ਇਹ ਸਹੂਲਤ ਸਿੱਖੀ ਦੇ ਪ੍ਰਚਾਰ ਦਾ ਇਕ ਹਿੱਸਾ ਵੀ ਬਣੇਗੀ ਅਤੇ ਸਿੱਖ ਧਰਮ ਦੇ ਵਿਚ ਵਿਸ਼ਵਾਸ਼ ਰੱਖਣ ਵਾਲ ਕੈਦੀਆਂ ਨੂੰ ਇਸ ਨਾਲ ਮਾਨਸਿਕ ਬੱਲ ਵੀ ਮਿਲੇਗਾ। ਅਜਿਹੀ ਸਿੱਖਿਆ ਦੇ ਨਾਲ ਉਹ ਆਪਣਾ ਜੀਵਨ ਜ਼ੇਲ੍ਹ ਦੇ ਅੰਦਰ ਅਤੇ ਫਿਰ ਬਾਹਰ ਆ ਕੇ ਹੋਰ ਬਿਹਤਰ ਬਣਾ ਸਕਣਗੇ। ‘ਸਿੱਖ ਅਵੇਅਰ’ ਕੁਝ ਮਹੀਨਿਆਂ ਤੋਂ ਇਸ ਕਾਰਜ ਵਾਸਤੇ ਲੱਗੀ ਹੋਈ ਸੀ ਅਤੇ ਆਖਿਰ ਉਸਨੇ ਸਫਲਤਾ ਹਾਸਿਲ ਕੀਤੀ। ਇਸ ਤੋਂ ਪਹਿਲਾਂ ਵੀ ‘ਸਿੱਖ ਅਵੇਅਰ’ ਨੇ ਲੋੜ ਅਨੁਸਾਰ ਸਿੱਖ ਸਾਹਿਤ ਜ਼ੇਲ੍ਹ ਵਿਚ ਭੇਜਣ ਦਾ ਉਪਰਾਲਾ ਕੀਤਾ ਹੈ। ‘ਸਿੱਖ ਅਵੇਅਰ’ ਦਾ ਇਹ ਉਪਰਾਲਾ ਸੱਚਮੁੱਚ ਸ਼ਲਾਘਾਯੋਗ ਹੈ ਅਤੇ ਅੰਕੜਿਆਂ ਮੁਤਾਬਿਕ ਇਥੇ ਦੀਆਂ ਜ਼ੇਲ੍ਹਾਂ ਵਿਚ ਲਗਪਗ 250 ਭਾਰਤੀ ਕੈਦੀ ਬੰਦ ਹਨ ਜਿਨ੍ਹਾਂ ਵਿਚ ਪੰਜਾਬੀ ਪੁਰਸ਼ਾਂ ਅਤੇ ਮਹਿਲਾਵਾਂ ਦੀ ਗਿਣਤੀ ਵੀ ਸ਼ਾਮਿਲ ਹੈ ਜੋ ਕਿ ਇਸ ਸਹੂਲਤ ਦਾ ਲਾਭ ਉਠਾ ਸਕਣਗੇ।

Install Punjabi Akhbar App

Install
×