ਸੁਖਬੀਰ ਦੀ ਹਾਲਤ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ -ਅਕਾਲੀ ਦਲ ਵਿੱਚ ਵੀ ਗੁੱਸੇ ਦੀ ਲਹਿਰ ਪਣਪਨ ਲੱਗੀ, ਮਾਮਲਾ ਟਿਕਟਾਂ ਦਾ

( ਸ੍ਰ: ਸਿਕੰਦਰ ਸਿੰਘ ਮਲੂਕਾ )

ਬਠਿੰਡਾ -ਵਿਧਾਨ ਸਭਾ ਦੀਆਂ ਚੋਣਾਂ ਨੇੜੇ ਆਉਣ ਤੇ ਕਾਂਗਰਸ ਪਾਰਟੀ ਵਿੱਚ ਚੱਲ ਰਹੇ ਕਾਟੋ ਕਲੇਸ ਨੂੰ ਵੇਖਦਿਆਂ ਸ੍ਰੋਮਣੀ ਅਕਾਲੀ ਦਲ ਕਾਫ਼ੀ ਹੌਂਸਲੇ ਵਿੱਚ ਵਿਖਾਈ ਦੇਣ ਲੱਗ ਪਿਆ ਸੀ, ਪਰ ਹੁਣ ਟਿਕਟਾਂ ਦੀ ਵੰਡ ਨੂੰ ਲੈ ਕੇ ਅਕਾਲੀ ਦਲ ਦਾ ਹਾਲ ਵੀ ਕਾਂਗਰਸ ਵਰਗਾ ਹੁੰਦਾ ਵਿਖਾਈ ਦਿੰਦਾ ਹੈ। ਪਾਰਟੀ ਆਗੂਆਂ ਦੀ ਇੱਕ ਪਰਿਵਾਰ ਦੇ ਦੋ ਦੋ ਮੈਂਬਰਾਂ ਦੇ ਉਮੀਦਵਾਰ ਬਣਨ ਦੀ ਲਾਲਾਸ ਸਦਕਾ ਗੁੱਸੇ ਦੀ ਲਹਿਰ ਪਣਪਨ ਲੱਗੀ ਹੈ।
ਬੀਤੇ ਦਿਨੀਂ ਅਕਾਲੀ ਦਲ ਦੇ ਪ੍ਰਧਾਨ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਜਦੋਂ ਸ੍ਰ: ਸਿਕੰਦਰ ਸਿੰਘ ਮਲੂਕਾ ਨੂੰ ਰਾਮਪੁਰਾਫੂਲ ਤੋਂ ਟਿਕਟ ਦੇਣ ਦਾ ਐਲਾਨ ਕੀਤਾ ਤਾਂ ਸ੍ਰੀ ਮਲੂਕਾ ਨੇ ਉਸ ਹਲਕੇ ਤੋਂ ਚੋਣ ਲੜਣ ਤੋਂ ਇਨਕਾਰ ਕਰ ਦਿੱਤਾ ਸੀ। ਉਹਨਾਂ ਐਲਾਨ ਕਰ ਦਿੱਤਾ ਕਿ ਰਾਮਪੁਰਾਫੂਲ ਤੋਂ ਗੁਰਪ੍ਰੀਤ ਸਿੰਘ ਮਲੂਕਾ ਹੀ ਚੋਣ ਲੜਣਗੇ, ਉਹ ਹੀ ਉੱਥੋਂ ਤਿਆਰੀ ਕਰ ਰਹੇ ਹਨ। ਉਹਨਾਂ ਸਪਸਟ ਕੀਤਾ ਸੀ ਕਿ ਪਾਰਟੀ ਨੇ ਉਹਨਾਂ ਦੀ ਡਿਉਟੀ ਹਲਕਾ ਮੌੜ ਤੇ ਲਾ ਦਿੱਤੀ ਸੀ, ਜਿਥੇ ਉਹਨਾਂ ਕਾਫ਼ੀ ਮਿਹਨਤ ਕਰਕੇ ਤਿਆਰੀ ਕੀਤੀ ਹੈ। ਮੌੜ ਹਲਕੇ ਵਿੱਚ ਪਾਰਟੀ ਵਰਕਰਾਂ ਵਿੱਚ ਧੜੇਬਾਜੀ ਬਣੀ ਹੋਈ ਸੀ, ਪਹਿਲਾਂ ਉਸ ਹਲਕੇ ਤੋਂ ਵਿਧਾਇਕ ਬਣਕੇ ਮੰਤਰੀ ਰਹੇ ਜਨਮੇਜਾ ਸਿੰਘ ਸੇਖੋਂ ਦੀ ਬੋਲਬਾਣੀ ਕਾਰਨ ਲੋਕ ਗੁੱਸੇ ਵਿੱਚ ਸਨ, ਜਿਹਨਾਂ ਨੂੰ ਉਹਨਾਂ ਮਨਾ ਲਿਆ ਸੀ। ਹੁਣ ਉਹ ਮੌੜ ਹਲਕੇ ਤੋਂ ਹੀ ਚੋਣ ਲੜਣਗੇ।
ਸ੍ਰ: ਮਲੂਕਾ ਦਾ ਕਹਿਣਾ ਹੈ ਕਿ ਸ੍ਰ: ਪ੍ਰਕਾਸ ਸਿੰਘ ਬਾਦਲ ਹਮੇਸਾਂ ਪਾਰਟੀ ਦੇ ਹੋਰ ਨੇਤਾਵਾਂ ਨਾਲ ਰਾਇ ਮਸਵਰਾ ਕਰਕੇ ਫੈਸਲਾ ਲੈਂਦੇ ਸਨ, ਪਰ ਸੁਖਬੀਰ ਬਾਦਲ ਦਾ ਢੰਗ ਤਰੀਕਾ ਵੱਖਰਾ ਹੈ। ਜੇਕਰ ਪਾਰਟੀ ਵਿਧਾਨ ਸਭਾ ਵਿੱਚ ਜਿੱਤ ਹਾਸਲ ਕਰਦੀ ਹੈ ਤਾਂ ਮੁੱਖ ਮੰਤਰੀ ਸ੍ਰ: ਸੁਖਬੀਰ ਸਿੰਘ ਬਾਦਲ ਨੇ ਹੀ ਬਣਨਾ ਹੈ, ਜੇ ਮਾੜੇ ਵਿਅਕਤੀਆਂ ਨੂੰ ਟਿਕਟਾਂ ਦੇ ਕੇ ਮੁੱਖ ਮੰਤਰੀ ਬਣਿਆ ਜਾ ਸਕਦਾ ਹੈ ਤਾਂ ਮਾੜੇ ਬੰਦਿਆਂ ਨੂੰ ਦੇ ਦੇਣ। ਪਰ ਜੇ ਨੁਕਸਾਨ ਹੁੰਦਾ ਹੈ ਤਾਂ ਉਸਦਾ ਜੁਮੇਵਾਰ ਪਾਰਟੀ ਪ੍ਰਧਾਨ ਹੀ ਹੋਵੇਗਾ, ਦੂਜੇ ਨੇਤਾਵਾਂ ਦੀ ਕੋਈ ਜੁਮੇਵਾਰੀ ਨਹੀਂ ਹੋਵੇਗੀ।
ਸ੍ਰ: ਮਲੂਕਾ ਜੋ ਰਾਮਪੁਰਾ ਫੂਲ ਤੋਂ ਜਿੱਤ ਕੇ ਦੋ ਵਾਰ ਮੰਤਰੀ ਵੀ ਬਣੇ, ਪਰ ਇਸ ਵਾਰ ਰਾਮਪੁਰਾਫੂਲ ਆਪਣੇ ਪੁੱਤਰ ਨੂੰ ਛੱਡ ਕੇ ਆਪ ਮੌੜ ਹਲਕੇ ਤੋਂ ਚੋਣ ਲੜਣੀ ਚਾਹੁੰਦੇ ਸਨ। ਇੱਕ ਪਰਿਵਾਰ ਦੇ ਦੋ ਮੈਂਬਰਾਂ ਨੂੰ ਟਿਕਟਾਂ ਦੇਣ ਦੇ ਮਾਮਲੇ ਤੇ ਉਹਨਾਂ ਇਹ ਵੀ ਮੰਨਿਆਂ ਕਿ ਅਕਾਲੀ ਦਲ ਦੇ ਵਿਧਾਨ ਵਿੱਚ ਸਪਸਟ ਹੈ ਕਿ ਇੱਕ ਪਰਿਵਾਰ ਨੂੰ ਇੱਕ ਟਿਕਟ ਹੀ ਦਿੱਤੀ ਜਾ ਸਕਦੀ ਹੈ। ਪਰ ਇਸ ਵਾਰ ਅਕਾਲੀ ਦਲ ਦੀ ਸਰਕਾਰ ਬਣਾਉਣੀ ਜਰੂਰੀ ਹੈ ਕਿਉਕਿ ਪਿਛਲੀਆਂ ਚੋਣਾਂ ਵਿੱਚ ਪਾਰਟੀ ਤੀਜੇ ਨੰਬਰ ਤੇ ਰਹਿ ਗਈ ਸੀ ਤੇ ਲੋਕ ਇਹ ਕਹਿਣ ਲੱਗ ਪਏ ਸਨ ਕਿ ਅਕਾਲੀ ਦਲ ਖਤਮ ਹੋ ਗਿਆ ਹੈ। ਉਹਨਾਂ ਕਿਹਾ ਕਿ ਮੌੜ ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਪਹਿਲਾਂ ਫਿਰੋਜਪੁਰ ਤੋਂ ਲਿਆ ਕੇ ਸ੍ਰ: ਸੇਖੋਂ ਨੂੰ ਟਿਕਟ ਦੇ ਦਿੱਤੀ ਅਤੇ ਇਸ ਵਾਰ ਸ੍ਰ: ਜਗਮੀਤ ਸਿੰਘ ਬਰਾੜ ਨੂੰ ਬਾਹਰੋਂ ਲਿਆਂਦਾ ਗਿਆ ਹੈ। ਹਲਕੇ ਦੇ ਲੋਕਾਂ ਦਾ ਕਹਿਣਾ ਹੈ ਕਿ ਆਂਢ ਗੁਆਂਢ ਦੇ ਵਿਅਕਤੀ ਨੂੰ ਉਮੀਦਵਾਰ ਬਣਾਉਣਾ ਚਾਹੀਦਾ ਹੈ। ਅਜਿਹੇ ਹਾਲਾਤਾਂ ਵਿੱਚ ਦੋ ਟਿਕਟਾਂ ਦੇਣੀਆਂ ਮਾੜੀ ਗੱਲ ਨਹੀਂ।
ਸ੍ਰ: ਮਲੂਕਾ ਦਾ ਕਹਿਣਾ ਹੈ ਕਿ ਜੇਕਰ ਮੌੜ ਤੋਂ ਟਿਕਟ ਨਹੀਂ ਦਿੱਤੀ ਜਾਂਦੀ ਤਾਂ ਵੀ ਉਹ ਰਾਮਪੁਰਾਫੂਲ ਤੋਂ ਚੋਣ ਨਹੀਂ ਲੜਣਗੇ, ਪਾਰਟੀ ਦੇ ਹੋਰ ਕੰਮਾਂ ਵੱਲ ਧਿਆਨ ਕੇਂਦਰਤ ਕਰਨਗੇ। ਉਹਨਾਂ ਦਾ ਇਹ ਵੀ ਮੰਨਣਾ ਹੈ ਕਿ ਇਸ ਵਾਰ ਪਾਰਟੀ ਦੇ ਹੱਕ ਵਿੱਚ ਲਹਿਰ ਨਹੀਂ ਹੈ, ਜਦੋਂ ਪਾਰਟੀ ਦੇ ਹੱਕ ਵਿੱਚ ਹਨੇਰੀ ਹੁੰਦੀ ਹੈ ਉਦੋਂ ਤਾਂ ਕਿਸੇ ਨੂੰ ਵੀ ਟਿਕਟ ਦਿੱਤੀ ਜਾਵੇ ਜਿੱਤ ਜਾਂਦਾ ਹੈ। ਉਹਨਾਂ ਕਿਹਾ ਕਿ ਇਸ ਵਾਰ ਉਹ ਹਾਲਾਤ ਨਹੀਂ ਹਨ, ਐਤਕੀਂ ਉਮੀਦਵਾਰ ਦੇ ਵਿਅਕਤੀਤਵ ਨੂੰ ਵੀ ਵੋਟਾਂ ਪੈਣਗੀਆਂ।
ਹੁਣ ਸੁਆਲ ਉਠਦਾ ਹੈ ਕਿ ਜੇਕਰ ਪਾਰਟੀ ਪ੍ਰਧਾਨ ਵਿਧਾਨ ਅਨੁਸਾਰ ਇੱਕ ਪਰਿਵਾਰ ਚੋਂ ਇੱਕ ਮੈਂਬਰ ਨੂੰ ਹੀ ਟਿਕਣ ਦੇਣਗੇ ਤਾਂ ਹੋਰ ਕਈ ਹਲਕਿਆਂ ਵਿੱਚ ਵੀ ਨਰਾਜਗੀ ਪੈਦਾ ਹੋਣ ਦੀਆਂ ਸੰਭਾਵਨਾਵਾਂ ਹਨ, ਕਿਉਂਕਿ ਬਹੁਤੇ ਨੇਤਾਵਾਂ ਦੀਆਂ ਦੋ ਦੋ ਸੀਟਾਂ ਤੇ ਨਿਗਾਹ ਰੱਖੀ ਹੋਈ ਹੈ, ਜਿਹਨਾਂ ਵਿੱਚ ਪ੍ਰੇਮ ਸਿੰਘ ਚੰਦੂਮਾਜਰਾ, ਤੋਤਾ ਸਿੰਘ ਆਦਿ ਸ਼ਾਮਲ ਹਨ। ਇਸ ਗੁੱਸੇ ਭਰੇ ਮਾਮਲੇ ਤੋਂ ਸ੍ਰ: ਸੁਖਬੀਰ ਸਿੰਘ ਬਾਦਲ ਫਸ ਚੁੱਕੇ ਹਨ, ਉਹਨਾਂ ਦੀ ਸਥਿਤੀ ਸੱਪ ਦੇ ਮੂੰਹ ਕੋਹੜ ਕਿਰਲੀ ਵਾਲੀ ਬਣੀ ਹੋਈ ਹੈ। ਜੇਕਰ ਉਹ ਫੈਸਲਾ ਬਦਲਦੇ ਹਨ ਤਾਂ ਹੋਰ ਹਲਕਿਆਂ ਵਿੱਚ ਵੀ ਅਜਿਹੇ ਮੁੱਦੇ ਉੱਠਣਗੇ ਅਤੇ ਪਾਰਟੀ ਪ੍ਰਧਾਨ ਦੀ ਕਿਰਕਿਰੀ ਹੋਵੇਗੀ। ਪਰ ਜੇ ਫੈਸਲਾ ਨਹੀਂ ਬਦਲਦੇ ਤਾਂ ਗੁੱਸੇ ਹੋਏ ਆਗੂ ਚੋਣਾਂ ਸਮੇਂ ਵੀ ਆਪਣਾ ਰੰਗ ਜਰੂਰ ਵਿਖਾਉਣਗੇ।

Install Punjabi Akhbar App

Install
×