ਸਿਫ਼ਾਰਸ਼

Balraj Sidhu 180408 shifarishhhhh002

ਭਾਰਤ ਵਿਚ ਸਰਕਾਰੇ ਦਰਬਾਰੇ ਕੰਮ ਕਢਵਾਉਣ ਲਈ ਸਿਫ਼ਾਰਸ਼ ਦੀ ਬਹੁਤ ਜ਼ਰੂਰਤ ਪੈਂਦੀ ਹੈ। ਬੇਆਸਰੇ ਬੰਦੇ ਦੀ ਤਾਂ ਪਿੰਡ ਦਾ ਪੰਚ ਵੀ ਗੱਲ ਨਹੀਂ ਸੁਣਦਾ। ਥਾਣੇ ਕਚਹਿਰੀ ਚਲੇ ਜਾਉ, ਲਾਵਾਰਿਸ ਬੰਦੇ ਵਿਚਾਰੇ ਸਾਰਾ ਸਾਰਾ ਦਿਨ ਧੱਕੇ ਖਾਂਦੇ ਫਿਰਦੇ ਹਨ। ਅਫਸਰਾਂ-ਲੀਡਰਾਂ ਦੇ ਰੀਡਰ-ਗੰਨਮੈਨ ਹੀ ਨਜ਼ਦੀਕ ਨਹੀਂ ਆਉਣ ਦਿੰਦੇ। ਸਾਰਾ ਦਿਨ ਖੱਜਲ ਖ਼ਰਾਬ ਕਰ ਕੇ ਅਗਲੇ ਦਿਨ ਦੁਬਾਰਾ ਆਉਣ ਲਈ ਕਹਿ ਦਿੱਤਾ ਜਾਂਦਾ ਹੈ। ਜਦ ਕਿ ਸਿਫ਼ਾਰਸ਼ੀ ਵਿਅਕਤੀ ਦਾ ਕੰਮ ਅਫਸਰ-ਲੀਡਰ ਘਰ ਬੁਲਾ ਕੇ ਕਰਦੇ ਹਨ ਤੇ ਨਾਲੇ ਚਾਹ ਪਿਆਉਂਦੇ ਹਨ। ਜਿਹੜੇ ਵਿਅਕਤੀ ਹਥਿਆਰਾਂ ਦੇ ਸ਼ੌਕੀਨ ਹਨ, ਉਹ ਇਹ ਗੱਲ ਭਲੀ ਭਾਂਤ ਜਾਣਦੇ ਹਨ ਕਿ ਬਿਨਾਂ ਸਿਫ਼ਾਰਸ਼ ਅਸਲ੍ਹਾ ਲਾਇਸੰਸ ਬਣਾਉਣ ਤੇ ਰੀਨੀਊ ਕਰਾਉਣ ਵਿਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਥਾਣਿਆਂ ਅਤੇ ਡੀ.ਸੀ. ਦਫ਼ਤਰਾਂ ਵਿਚ ਫਾਈਲਾਂ ਹੀ ਗੁੰਮ ਕਰ ਦਿੱਤੀਆਂ ਜਾਂਦੀਆਂ ਹਨ। ਕਚਹਿਰੀ ਵਿਚ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲੇ ਲਾਈਨਾਂ ਵਿਚ ਲੱਗੇ ਰਹਿੰਦੇ ਹਨ ਤੇ ਸਿਫ਼ਾਰਸ਼ੀ ਦੀ ਰਜਿਸਟਰੀ ਅਫ਼ਸਰ ਘਰ ਜਾ ਕੇ ਕਰ ਦਿੰਦੇ ਹਨ। ਜਨਮ-ਮੌਤ ਦੇ ਸਰਟੀਫਿਕੇਟ ਜਾਂ ਫ਼ਰਦ ਜਮ੍ਹਾਂਬੰਦੀ ਵਿਚ ਕਲਰਕ ਵੱਲੋਂ ਜਾਣ ਬੁੱਝ ਕੇ ਕੀਤੀ ਗ਼ਲਤੀ ਦਰੁਸਤ ਕਰਾਉਣ ਲਈ ਜਾਂ ਸਵਰਗਵਾਸੀ ਪਿਉ ਦੀ ਜਾਇਦਾਦ ਆਪਣੇ ਨਾਮ ਚੜ੍ਹਵਾਉਣ ਲਈ ਕਈ ਜੋੜੇ ਜੁੱਤੀਆਂ ਦੇ ਘਸ ਜਾਂਦੇ ਹਨ। ਮਤਲਬ ਕਿ ਕੋਈ ਵੀ ਕੰਮ ਬਿਨਾਂ ਸਿਫ਼ਾਰਸ਼ ਤੋਂ ਕਰਾਉਣਾ ਔਖਾ ਹੀ ਹੈ।
ਮੈਂ ਕਿਸੇ ਜ਼ਿਲ੍ਹੇ ਵਿਚ ਐਸ.ਪੀ. ਲੱਗਾ ਹੋਇਆ ਸੀ ਤਾਂ ਮੈਨੂੰ ਥਾਣੇਦਾਰ ਰਾਮ ਸਿੰਘ (ਨਾਮ ਬਦਲਿਆ ਹੋਇਆ) ਨੇ ਸਿਫ਼ਾਰਸ਼ ਸਬੰਧੀ ਇੱਕ ਦਿਲਚਸਪ ਕਹਾਣੀ ਸੁਣਾਈ। ਰਾਮ ਸਿੰਘ ਬਹੁਤ ਹੀ ਸ਼ਰੀਫ਼ ਅਤੇ ਸਿੱਧਾ ਸਾਦਾ ਕਿਸਮ ਦਾ ਇਨਸਾਨ ਸੀ। ਪੁਲਿਸ ਦਾ ਕੰਮ ਕਾਰ ਚੰਗੀ ਤਰਾਂ ਨਾ ਆਉਂਦਾ ਹੋਣ ਕਾਰਨ ਉਸ ਨੂੰ ਕਦੇ ਵੀ ਕਿਸੇ ਥਾਣੇ ਦਾ ਐਸ.ਐਚ.ਉ. ਨਹੀਂ ਸੀ ਲਗਾਇਆ ਗਿਆ। ਸਾਰੀ ਉਮਰ ਪੁਲਿਸ ਲਾਈਨ ਜਾਂ ਸੱਜੇ ਖੱਬੇ ਦੀਆਂ ਪੋਸਟਿੰਗਾਂ ਵਿਚ ਹੀ ਰਿਹਾ ਸੀ। ਇੱਕ ਵਾਰ ਉਹ ਕਿਸੇ ਕੰਮ ਆਪਣੇ ਪਿੰਡ ਦੇ ਸਰਪੰਚ ਕੋਲ ਬੈਠਾ ਸੀ ਜੋ ਬਹੁਤ ਹੀ ਚੱਲਦਾ ਪੁਰਜ਼ਾ ਆਦਮੀ ਤੇ ਉਸ ਦਾ ਸਰਕਾਰੇ ਦਰਬਾਰੇ ਪੂਰਾ ਹੱਥ ਪੈਂਦਾ ਸੀ। ਰਾਮ ਸਿੰਘ ਦਾ ਪਰਿਵਾਰ ਸਰਪੰਚ ਦਾ ਪੂਰਾ ਸਮਰਥਕ ਸੀ ਤੇ ਹਮੇਸ਼ਾ ਉਸ ਨੂੰ ਹੀ ਵੋਟਾਂ ਪਾਉਂਦਾ ਸੀ। ਉਸ ਸਮੇਂ ਨਵੀਂ ਨਵੀਂ ਸਰਕਾਰ ਬਦਲੀ ਸੀ ਤੇ ਸਰਪੰਚ ਨੇ ਐਮ.ਐਲ.ਏ. ਦੀ ਵੋਟਾਂ ਵਿਚ ਪੂਰੀ ਠੋਕ ਕੇ ਹਰ ਤਰਾਂ ਨਾਲ ਮਦਦ ਕੀਤੀ ਸੀ। ਸਰਪੰਚ ਨੇ ਰਾਮ ਸਿੰਘ ਨੂੰ ਕਿਹਾ ਕਿ ਐਵੇਂ ਕਿਉਂ ਪੁਲਿਸ ਲਾਈਨ ਵਿਚ ਧੱਕੇ ਖਾਂਦਾ ਫਿਰਦਾ ਹੈਂ, ਚੱਲ ਤੈਨੂੰ ਕਿਸੇ ਚੰਗੇ ਥਾਣੇ ਦਾ ਐਸ.ਐਚ.ਉ. ਲਗਵਾਉਂਦੇ ਹਾਂ। ਮੇਰੀ ਐਮ.ਐਲ.ਏ. ਨਾਲ ਪੂਰੀ ਫਿੱਟ ਹੈ, ਤੈਨੂੰ ਆਪਣੇ ਥਾਣੇ ਰਾਮਗੜ੍ਹ (ਕਾਲਪਨਿਕ) ਦਾ ਹੀ ਇੰਚਾਰਜ ਲਗਵਾ ਦਿੰਦੇ ਹਾਂ। ਸਰਪੰਚ ਨੇ ਸੋਚਿਆ ਕਿ ਚੱਲ ਐਸ.ਐਚ.ਉ. ਲੱਗ ਜਾਵੇਗਾ ਤਾਂ ਆਪਣੇ ਹੀ ਕੰਮ ਆਵੇਗਾ। ਨਾਲ ਸਿੱਧੇ ਪੁੱਠੇ ਕੰਮ ਕਰਾਵਾਂਗੇ ਤੇ ਨਾਲੇ ਆਉਂਦੇ ਜਾਂਦੇ ਮੁਫ਼ਤ ਦੀ ਵਿਸਕੀ ਮੁਰਗ਼ਾ ਛਕਿਆ ਕਰਾਂਗੇ।
ਅਗਲੇ ਦਿਨ ਤਿਆਰ ਬਰ ਤਿਆਰ ਹੋ ਕੇ ਦੋਵੇਂ ਤੜ੍ਹਕੇ ਹੀ ਐਮ.ਐਲ.ਏ. ਦੇ ਘਰ ਜਾ ਪਹੁੰਚੇ। ਖ਼ਾਸ ਬੰਦਾ ਹੋਣ ਕਾਰਨ ਸਰਪੰਚ ਦੀ ਜਲਦੀ ਹੀ ਵਾਰੀ ਆ ਗਈ। ਉਹ ਤੇ ਰਾਮ ਸਿੰਘ ਐਮ.ਐਲ.ਏ. ਦੇ ਗੋਡੇ ਦੀ ਚੱਪਣੀ ਨੂੰ ਹੱਥ ਲਾ ਕੇ ਸੋਫ਼ੇ ‘ਤੇ ਸੱਜ ਗਏ। ਐਮ.ਐਲ.ਏ. ਨੇ ਆਉਣ ਦਾ ਕਾਰਨ ਪੁੱਛਿਆ ਤਾਂ ਸਰਪੰਚ ਨੇ ਰਾਮ ਸਿੰਘ ਦੀਆਂ ਖ਼ੂਬੀਆਂ ਗਿਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਰਾਮ ਸਿੰਘ ਬਹੁਤ ਹੀ ਸ਼ਰੀਫ਼ ਅਤੇ ਇਮਾਨਦਾਰ ਪੁਲਿਸ ਅਫ਼ਸਰ ਹੈ। ਇਸ ਨੇ ਨਾ ਤਾਂ ਕਦੇ ਕੋਈ ਗ਼ਲਤ ਕੰਮ ਕੀਤਾ ਹੈ ਤੇ ਨਹੀਂ ਹੀ ਕਦੇ ਰਿਸ਼ਵਤਖ਼ੋਰੀ ਕੀਤੀ ਹੈ। ਆਪਾਂ ਇਸ ਨੂੰ ਰਾਮਗੜ੍ਹ ਥਾਣੇ ਦਾ ਐਸ.ਐਚ.ਉ. ਲਗਾਉਣਾ ਹੈ। ਉਸ ਨੇ ਰਾਮ ਸਿੰਘ ਦੀਆਂ ਤਾਰੀਫ਼ਾਂ ਦੇ ਪੁੱਲ ਬੰਨ੍ਹ ਦਿੱਤੇ। ਸਰਪੰਚ ਦੀਆਂ ਗੱਲਾਂ ਦਾ ਐਮ.ਐਲ.ਏ. ‘ਤੇ ਕੋਈ ਬਹੁਤਾ ਅਸਰ ਨਾ ਹੋਇਆ। ਉਹ ਐਵੇਂ ਹੂੰ ਹਾਂ ਜਿਹੀ ਕਰਦਾ ਰਿਹਾ। ਉਸ ਨੇ ਖ਼ੁਸ਼ਕੀ ਜਿਹੀ ਨਾਲ ਰਾਮ ਸਿੰਘ ਨੂੰ ਕਿਹਾ ਕਿ ਉਹ ਜਾ ਕੇ ਬਾਹਰ ਬੈਠੇ, ਉਸ ਨੇ ਸਰਪੰਚ ਨਾਲ ਕੋਈ ਖ਼ਾਸ ਗੱਲ ਕਰਨੀ ਹੈ। ਐਸ.ਐਚ.ਉ. ਲੱਗਣ ਦੀ ਆਸ ਲੈ ਕੇ ਗਿਆ ਰਾਮ ਸਿੰਘ ਸਿੰਘ ਢਿੱਲਾ ਜਿਹਾ ਹੋ ਕੇ ਬਾਹਰ ਨੂੰ ਤੁਰ ਪਿਆ। ਉਹ ਚੁੱਪ ਕਰ ਕੇ ਦਰਵਾਜ਼ੇ ਦੇ ਨਾਲ ਲਗਵੀਂ ਕੁਰਸੀ ‘ਤੇ ਬੈਠ ਗਿਆ ਤੇ ਅੰਦਰ ਦੀਆਂ ਗੱਲਾਂ ਸੁਣਨ ਲੱਗਾ। ਦਰਵਾਜ਼ਾ ਥੋੜ੍ਹਾ ਜਿਹਾ ਖੁੱਲ੍ਹਾ ਹੋਣ ਕਾਰਨ ਅੰਦਰ ਦੀ ਸਾਰੀ ਗੱਲ ਬਾਤ ਬਾਹਰ ਸੁਣ ਰਹੀ ਸੀ।
ਵਿਧਾਇਕ ਨੇ ਸਰਪੰਚ ਨੂੰ ਕਿਹਾ ਕਿ ਗਿਆਨ ਸਿੰਹਾਂ ਤੈਨੂੰ ਪਤਾ ਈ ਆ ਪਿਛਲੀ ਸਰਕਾਰ ਵੇਲੇ ਆਪਣੀ ਪਾਰਟੀ ‘ਤੇ ਕਿੰਨੇ ਜ਼ੁਲਮ ਹੋਏ ਨੇ। ਆਪਣੇ ਕਿੰਨੇ ਬੰਦਿਆਂ ‘ਤੇ ਗ਼ਲਤ ਪਰਚੇ ਦਰਜ਼ ਹੋਏ ਤੇ ਕਿੰਨਿਆਂ ਦੀ ਥਾਣੇ ਵਿਚ ਛਿੱਤਰ ਪਰੇਡ ਹੋਈ। ਤੂੰ ਤਾਂ ਖ਼ੁਦ ਚਾਰ ਮਹੀਨੇ ਅੰਦਰ ਕੱਟੇ ਨੇ। ਆਪਾਂ ਤਾਂ ਰਾਮਗੜ੍ਹ ਥਾਣੇ ਵਿਚ ਕੋਈ ਕੁਰਖ਼ਤ ਜਿਹਾ ਐਸ.ਐਚ.ਉ. ਲਗਾਉਣਾ ਆ ਜਿਹੜਾ ਵਿਰੋਧੀ ਪਾਰਟੀ ਨਾਲ ਹਿਸਾਬ ਕਿਤਾਬ ਬਰਾਬਰ ਕਰੇ। ਇਹੋ ਜਿਹਾ ਭਲਾਮਾਣਸ ਬੰਦਾ ਨਹੀਂ ਉਥੇ ਕਾਮਯਾਬ ਹੋਣਾ। ਸਰਪੰਚ ਨੇ ਵਿਚੋਂ ਈ ਗੱਲ ਬੋਚ ਲਈ ਕਿ ਐਮ.ਐਲ.ਏ. ਸਾਹਬ ਤੁਸਾਂ ਤਾਂ ਮੇਰੇ ਦਿਲ ਦੀ ਗੱਲ ਕੀਤੀ ਆ। ਉਹ ਹੁਣ ਬੰਦੇ ਦੇ ਸਾਹਮਣੇ ਤਾਂ ਉਸ ਦੀ ਤਾਰੀਫ਼ ਕਰਨੀ ਪੈਂਦੀ ਆ। ਰਾਮ ਸਿੰਘ ਹੁਣੀ ਤਾਂ ਸਾਰਾ ਟੱਬਰ ਈ ਬਹੁਤ ਚੰਦਰਾ ਆ। ਇਹਨਾਂ ਨੂੰ ਪਿੰਡ ਵਿਚ ਵੱਢ ਖਾਣਿਆਂ ਦਾ ਟੱਬਰ ਕਹਿੰਦੇ ਆ। ਇਹ ਤਾਂ ਕਿਸੇ ਚੰਗੇ ਭਲੇ ਬੰਦੇ ਦੀ ਪੱਗ ਲਾਹੁਣ ਲੱਗਿਆਂ ਮਿੰਟ ਲਾਉਂਦੇ ਆ। ਆਪਣੀਆਂ ਇਹਨਾਂ ਭੈੜੀਆਂ ਕਰਤੂਤਾਂ ਕਰ ਕੇ ਈ ਤਾਂ ਇਹ ਹੁਣ ਤੱਕ ਕਦੇ ਐਸ.ਐਚ.ਉ. ਨਹੀਂ ਲੱਗਾ। ਅਜੇ ਦੋ ਮਹੀਨੇ ਪਹਿਲਾਂ ਈ ਇਹਦਾ ਭਤੀਜਾ ਤੇ ਭਰਾ ੩੨੬ ਦੇ ਕੇਸ ਵਿਚੋਂ ਜ਼ਮਾਨਤ ‘ਤੇ ਆਏ ਆ। ਤੁਸੀਂ ਜਿਹੋ ਜਿਹਾ ਕੁਰਖ਼ਤ ਬੰਦਾ ਭਾਲਦੇ ਉ, ਇਹ ਬਿਲਕੁਲ ਉਹੋ ਜਿਹਾ ਈ ਆ। ਰਾਮ ਸਿੰਘ ਦੀਆਂ ਤਾਰੀਫ਼ਾਂ ਸੁਣ ਕੇ ਐਮ.ਐਲ.ਏ. ਖ਼ੁਸ਼ ਹੋ ਗਿਆ। ਉਸ ਨੇ ਉਸ ਨੂੰ ਐਸ.ਐਚ.ਉ ਲਗਵਾਉਣ ਦੀ ਪੂਰੀ ਠੋਕ ਕੇ ਹਾਮੀ ਭਰ ਦਿੱਤੀ। ਵਿਚਾਰਾ ਰਾਮ ਸਿੰਘ ਆਪਣੇ ਖ਼ਾਨਦਾਨ ਦੀ ਹੁੰਦੀ ਬਦਖੋਈ ਸੁਣ ਕੇ ਸੜ ਬਲ ਗਿਆ। ਉਸ ਦਾ ਦਿਲ ਕਰੇ ਹੁਣੇ ਸਰਪੰਚ ਨੂੰ ਸਰਕਾਰੀ ਰਿਵਾਲਵਰ ਦੀਆਂ ਜੰਗਾਲ ਖਾਧੀਆਂ ਗੋਲੀਆਂ ਮਾਰ ਕੇ ਖ਼ਤਮ ਕਰ ਦਿਆਂ।

Install Punjabi Akhbar App

Install
×