ਜਦੋਂ ਦੇ ਚੇਤੇ ਵਿੱਚ ਕੋਈ ਸ਼ਬਦ ਜਾਂ ਖਿਆਲ ਠਹਿਰਣ ਲੱਗੇ ਨੇ ਉਦੋਂ ਤੋਂ ‘ਅਸੀਂ ਪੇਂਡੂ ਨਹੀਂ ਦਿਲਾਂ ਦੇ ਮਾੜੇ ਚੰਡੀਗੜ੍ਹ ਰਹਿਣ ਵਾਲੀਏ , ਜਾਂ ਫਿਰ ‘ ਚੰਡੀਗੜ ੍ਹ ਕੋਠੀ ਪਾ ਦੇ ਪਿੰਡਾਂ ਵਿੱਚ ਉੱਡਦੀ ਧੂੜ ‘ ਵਰਗੇ ਗੀਤਾਂ ਨਾਲ ਪੱਥਰਾਂ ਦਾ ਸ਼ਹਿਰ ਮੇਰੇ ਨਾਲ ਰੁਬਰੂ ਹੁੰਦਾ ਰਿਹਾ ।
ਕਾਲੇ ਦਿਨਾਂ ਦੇ ਦੌਰ ਵਿੱਚ ਗੁਰਸ਼ਰਨ ਭਾਜੀ ਜਦੋਂ ਸਾਡੇ ਪਿੰਡ ‘ਸੂਬੇਦਾਰਾਂ ਦੇ ਘੁਲਾੜੇ ‘ ਕੋਲ ‘ਡਰਾਮਾ ਕਰਨ ਆਏ’ ਸੀ ਤਾਂ ਉਦੋਂ ‘ਕਰਫਿਊ ‘ ਕਾਵਿ-ਨਾਟ ਨਾਲ ‘ਚੰਡੀਗੜ੍ਹ ਪੁਆੜੇ ਦੀ ਜੜ੍ਹ ‘ ਦੇਖਿਆ ਸੀ । ਪਤਾ ਨਹੀ ਸੀ ਕੀ ਹੈ ਚੰਡੀਗੜ੍ਹ । ਮੈਂ ਸੋਚਦਾ ਸੀ ਪਿੰਡ ‘ ਚ ਗੁਰੂਘਰ ਨਾਲ ਲੱਗਦੇ ਟੋਬੇ ਕੋਲ ਬਣੇ ਚੌਂਤਰੇ ਦਾ ਨਾਂਮ ‘ਚੰਡੀਗੜ੍ਹ’ ਰੱਖਿਆ ਹੋਇਆ ਇਹਦੇ ਨਾਲੋਂ ਥੋੜਾ ਜਿਹਾ ਹੋਰ ਵੱਡਾ ਹੋਣਾ , ਪਰ ਹੁਣ ਤਾਂ ਪਿੰਡ ਵਿੱਚ ਨਵੀਂ ਹਾਈਕੋਰਟ ਵੀ ਨਹਿਰ ‘ਤੇ ਬਣ ਗਈ ਹੈ। ਇਹਤਾਂ ਪਿੰਡ ਦੀ ਗੱਲ ਹੀ ਛਿੜ ਪਈ ਇਹਨੂੰ ਇੱਥੇ ਹੀ ਰੋਕੀਏ ਪਰ ਮੀਡੀਆ ਵਿੱਚ ਚੰਡੀਗੜ੍ਹ ਆਲ੍ਹੇ ‘ਚੰਡੀਗੜ੍ਹ ‘ ਦੀ ਗੱਲ ਛਿੜੀ ਹੋਈ । ਛੇੜੀ ਭਾਜਪਾ ਨੇ ਤੇ ਵਕਤ ਅਕਾਲੀਆਂ ਨੂੰ ਪਿਆ।
1 ਨਵੰਬਰ 1966 ਨੂੰ ਪੰਜਾਬ ਨੂੰ ਤਰਾਸ਼ ਕੇ ਨਿੱਕ -ਸੁੱਕ ਲਾਹੁਣ ਦੇ ਬਹਾਨੇ ਇਹਦੇ ਅਹਿਮ ਅੰਗਾਂ ਨੂੰ ਵਜੂਦ ਨਾਲੋਂ ਵੱਖਰੇ ਕਰ ਦਿੱਤਾ । ਪੰਜਾਬ ਦਾ ਦਿਲ ਤਾਂ ਪਹਿਲਾਂ ਹੀ ਲਾਹੌਰ ਵਿੱਚ ਰਹਿ ਗਿਆ ਸੀ । ਵਾਅਦਿਆਂ ਦੀ ਗਲੂਕੋਜ਼ ਤੇ ਜਿਊਂਦਾ ਪੰਜਾਬ ਅਪਾਹਜ਼ ਹੋ ਗਿਆ। ਸਿਆਸਤ ਨੇ ਇਹਦੇ ਫੌਲਾਦ ਵਰਗੇ ਸਰੀਰ ਦਾ ਸਮੇਂ ਸਮੇਂ ਜਿਊਂਦੇ ਜੀਅ ਪੋਸਟ ਮਾਰਟਮ ਕੀਤਾ ਤੇ ਗੁਰਦਿਆਂ ਵਰਗੇ ਪੰਜਾਬੀ ਬੋਲਦੇ ਇਲਾਕੇ ਪਾਸੇ ਕਰ ਦਿੱਤੇ। ਪਰ ਸਿਆਸੀ ਨੀਮ ਹਕੀਮਾਂ ਨੇ ਆਪਣਾ ਹੀ ਫਾਇਦਾ ਦੇਖਣਾ ਸੀ ਪੰਜਾਬ ਤੋਂ ਲੈਣਾ ਵੀ ਕੀ ਸੀ ?
ਪੰਜਾਬ ਵੱਖਰਾ ਕੀਤਾ ਤਾਂ ਰਾਜਧਾਨੀ ਵਜੋਂ ਚੰਡੀਗੜ੍ਹ ਨੂੰ ਵਿਕਸਤ ਕਰਨ ਲਈ ਲੀ- ਕਾਰਬੂਜੀਏ ਦੇ ਨੇਕ ਇਰਾਦੇ ਤੇ ਸਖਤ ਮਿਹਨਤ ਨਾਲ ਪੰਜਾਬ ਦੀ ਹਜ਼ਾਰਾਂ ਏਕੜ ਜ਼ਮੀਨ ਦੀ ਹਿੱਕ ‘ਤੇ ਚੰਡੀਗੜ੍ਹ ਦਾ ਪਿੱਪਲ ਲੱਗਿਆ। ਪੰਜਾਬ ਨੂੰ ਇਹ ਨਾ ਮਿਲਿਆ ਪਰ ਪੰਜਾਬ ਦੇ ਸਿਆਸਤਦਾਨਾਂ ਨੂੰ ਸਦਾਬਹਾਰ ਮੁੱਦਾ ਜਰੂਰ ਮਿਲ ਗਿਆ।
ਅਕਾਲੀ ਦਲ ਨੇ ਇਸਨੂੰ ‘ਘਰ ਜੰਮ’ ਮੁੱਦਾ ਸਮਝ ਕੇ ਜਦੋਂ ਦਿਲ ਕੀਤਾ ਵਰਤਿਆ ਤੇ ਫਿਰ ਵਿਸਾਰ ਦਿੱਤਾ। ਜਦੋਂ ਸੱਤਾ ਤੋਂ ਬਾਹਰ ਰਹੇ ਤਾਂ ਚੰਡੀਗੜ੍ਹ ਤੇ ਆਨੰਦਪੁਰ ਮਤਾ ਸਿਰ ਚੁੱਕਦਾ । ਪਰ ਕੁਰਸੀ ‘ਤੇ ਬਾਦਲ ਸਾਹਿਬ ਬਿਰਾਜਮਾਨ ਹੋ ਜਾਂਦੇ ਤਾਂ ਫਿਰ ਚੰਡੀਗੜ੍ਹ ਦਾ ਮੁੱਦਾ ਯੂਰੀਆ ਦੀ ਬੋਰੀ ਦੇ ਝੋਲੇ ਵਿੱਚ ਪਾ ਕੇ ਤੂੜੀ ਆਲ੍ਹੀ ਸਵਾਤ ਵਿੱਚ ਰੱਖ ਲੈਂਦੇ , ਕਦੇ ਹਾੜੀ -ਸਾਉਣੀ ਖੋਲ੍ਹ ਕੇ ਦੇਖ ਲੈਂਦੇ ਕਿ ਖਰਾਬ ਤੇ ਨਹੀਂ ਹੋਇਆ। ਹੋਣੀ ਰੱਬ ਦੀ , ਹੋਇਆ ਕੀ ਭਾਈ ਇੱਕ ਦਿਨ ਭਾਈ ਭਾਜਪਾ ਵਾਲੇ ਗਊ ਦੀ ਰਾਖੀ ਦੇ ਚੱਕਰ ਵਿੱਚ ਤੂੜੀ ਵਾਲੇ ਕੋਠੇ ਵਿੱਚ ਗਏ। ਉੱਥੇ ਉਨ੍ਹਾਂ ਨੇ ਖੂੰਜੇ ‘ਚ ਟੰਗੇ ਪਏ ਝੋਲੇ ਤੇ ਤਰਦੀ ਜੀ ਨਿਗਾ ਮਾਰੀ ਤਾਂ ‘ਚੰਡੀਗੜ੍ਹ ਦਾ ਸਿਰ’ ਬਾਹਰ ਲਮਕੀ ਜਾਵੇ । ਉਹਨਾ ਨੇ ਗਊਆਂ ਦੀ ਤੂੜੀ ਵਾਲਾ ਟੋਕਰਾ ਛੱਡਿਆ ਤੇ ਚੰਡੀਗੜ੍ਹ ਦਾ ਵਾਲਾ ਮੁੱਦਾ ਚੱਕ ਲਿਆ।
ਅਕਾਲੀ ਵਿਚਾਰਿਆਂ ਪੱਲ੍ਹੇ ਕੁਝ ਨਾ ਰਿਹਾ । ਖਜ਼ਾਨਾ ਪਹਿਲਾਂ ਖਾਲੀ ਸੀ। ਕੇਂਦਰ ਨੇ ਮਤਰੇਈ ਮਾਂ ਵਾਲਾ ਸਲੂਕ ਪਹਿਲਾਂ ਕੀਤਾ ਹੀ ਸੀ , ਸਕੀ ਮਾਂ ਵੀ ਉਂਗਲ ਨਹੀਂ ਫੜਾਉਂਦੀ । ਅਕਾਲੀ ਭੱਜ ਨਾਲ ਫੜਨ ਦੀ ਕੋਸ਼ਿਸ਼ ਕਰਦੇ ਨੇ ਉਹ ਅੱਗਿਓ ਭੱਜ ਕੇ ਪੈ ਜਾਂਦੇ ।
ਭਾਜਪਾ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ ਨੇ ਚੰਡੀਗੜ੍ਹ ਪੰਜਾਬ ਨੂੰ ਦੇਣ ਦਾ ਬਿਆਨ ਦਿੱਤਾ। ਕਾਂਗਰਸ ਪ੍ਰਧਾਨ ਬਾਜਵਾ ਨੇ ਵੀ ਹਾਮੀ ਭਰ ਦਿੱਤੀ । ਕੈਪਟਨ ਅਮਰਿੰਦਰ ਸਿੰਘ ਨੇ ਵੀ ਚੰਡੀਗੜ੍ਹ ਸਮੇਤ ਐਸਵਾਈਐਲ ਦਾ ਮੁੱਦਾ ਚੁੱਕ ਲਿਆ।
ਹਰਿਆਣੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਗੱਲਬਾਤ ਨਾਲ ਮਾਮਲਾ ਹੱਲ ਕਰਨ ਦੀ ਬਿਆਨ ਕਹਿ ਕੇ ‘ਮਨ ਹਰ’ ਲਿਆ ।
ਪਰ ਅੰਕੜਿਆਂ ਦੀ ਰੌਸ਼ਨੀ ਵਿੱਚ ਨਜ਼ਰ ਆਉਂਦਾ ਹੈ ਕਿ ਚੰਡੀਗੜ੍ਹ ਵਿੱਚ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਨਫ਼ਰੀ ਕਰਮਵਾਰ 60 ਤੇ 40 ਪ੍ਰਤੀਸ਼ਤ ਹੋਣੀ ਚਾਹੀਦੀ ਪਰ ਅੰਕੜੇ ਸਿੱਧ ਕਰਦੇ ਹਨ ਕਿ ਇੱਥੇ ਸਿਰਫ਼ 4 ਪ੍ਰਤੀਸ਼ਤ ਪੰਜਾਬ ਦੇ ਅਧਿਕਾਰੀਆਂ / ਕਰਮਚਾਰੀ ਹਨ 56 ਪ੍ਰਤੀਸ਼ਤ ਅਸੀਂ ਹੱਕ ਗੁਆ ਚੁੱਕੇ ਹਾਂ।
ਫਿਰ ਰਾਜਧਾਨੀ ਵਿੱਚ ਪੰਜਾਬੀ ਲਾਗੂ ਕਰਵਾਉਣ ਲਈ ਵਿਧਾਨ ਸਭਾ ਵਿੱਚ ਮਤਾ ਪਾਸ ਕੀਤਾ ਗਿਆ। 4 ਸਾਲ ਤੋਂ ਜ਼ਿਆਦਾ ਸਮਾਂ ਹੋ ਗਿਆ । ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਵਾਲੀ ਸਰਕਾਰ ਦੀ ਇਸ ਮਾਮਲੇ ‘ਤੇ ਨਜ਼ਰ ਨਹੀਂ ਪਈ ।
ਸੱਚਾਈ ਇਹ ਵੀ ਹੈ ਕਿ ਕੇਂਦਰੀ ਸਾਸ਼ਤ ਪ੍ਰਦੇਸ਼ ਚੰਡੀਗੜ੍ਹ ਦੇ ਵਸਨੀਕ ਕਦੇ ਨਹੀਂ ਸੋਚਦੇ ਕਿ ਪੰਜਾਬ ਸਰਕਾਰ ਉਹਨਾ ਲਈ ‘ ਰਾਜ ਨਹੀਂ ਸੇਵਾ ‘ ਕਰਨ ਦੀ ਜ਼ਹਿਮਤ ਉਠਾਵੇ।
ਜੇ ਕਦੇ ਚੰਡੀਗੜ੍ਹ ਪੰਜਾਬ ਦਾ ਹਿੱਸਾ ਬਣ ਵੀ ਗਿਆ ਤਾਂ ਫਿਰ ਉਹ ‘ਕੈਲੇਫੋਰਨੀਆ’ ਬਣ ਜਾਣਾ। ਹੁਣ ਤਾਂ ਚੰਡੀਗੜ੍ਹ ਪੁਲੀਸ ਦੀ ਸਖਤੀ ਦੇਖ ਕੇ ਲੰਡੂ ਲੀਡਰ ਆਪਣੀ ਕਾਰਾਂ ਤੇ ਲਾਈਆਂ ਫਰਜ਼ੀ ਬੱਤੀਆਂ ਆਪੇ ਉਤਾਰ ਕੇ ਡਿੱਗੀ ਵਿੱਚ ਪਾ ਲੈਂਦੇ ਹਨ ਫਿਰ ਤਾਂ ਹਲਕੇ ਇੰਚਾਰਜਾਂ ਦੇ ‘ਆਪਣੇ ਬੰਦੇ’ ਕਹਿ ਜਣਾ ਖਣਾ ‘ਵੀਆਈਪੀ’ ਬਣ ਕੇ ਮਨਮਾਣੀਆਂ ਕਰਨੀਆਂ ਆਰੰਭ ਕਰੇਗਾ।
ਮੁੱਦਿਆਂ ਪੱਖੋਂ ਨਿਹੱਥਾ ਹੁੰਦਾ ਅਕਾਲੀ ਦਲ ਵੀ ਹੁਣ ਚੰਡੀਗੜ੍ਹ ਦਾ ਰਾਗ ਅਲਾਪਣ ਲੱਗਾ ਹੈ ਪਰ ਜੇਕਰ ਚੰਡੀਗੜ੍ਹ ਨੂੰ ਹਾਸਲ ਕਰਨ ਲਈ ਸੁਚੇਤ ਹੁੰਦੇ ਤਾਂ ਇਹਨਾਂ 10 ਸਾਲਾਂ ਵਿੱਚ ਬਹੁਤ ਕੁਝ ਕੀਤਾ ਜਾ ਸਕਦਾ ਸੀ । ਦੂਜੀ ਗੱਲ ਦਿਨੋਂ ਦਿਨ ਪੰਜਾਬ ਦੇ ਸਰਕਾਰੀ ਅਦਾਰਿਆਂ ਦੇ ਦਫ਼ਤਰਾਂ ਦਾ ਮੁਹਾਲੀ ਵਿੱਚ ਤਬਦੀਲ ਹੋਣਾ ਇਹ ਦੱਸਦਾ ਕਿ ਸਰਕਾਰ ਚੰਡੀਗੜ੍ਹ ਦੇ ਹੱਕ ਤੋਂ ਹੱਥ ਪਿੱਛੇ ਕਰਨ ਲੱਗੀ ਹੈ। ਜੇ ਇਹ ਹਾਸਲ ਕਰਨ ਦਾ ਮੰਸ਼ਾ ਹੁੰਦਾ ਤਾਂ ਫਿਰ ‘ ਨਵਾਂ ਚੰਡੀਗੜ੍ਹ ‘ ਚਹੇਤਿਆਂ ਨੂੰ ਮੋਟੀ ਕਮਾਈ ਦਾ ਜੁਗਾੜ ਕਰਨ ਲਈ ਬਣਾ ਕੇ ਦਿੱਤਾ ਸੀ?
ਮੁੱਕਦੀ ਗੱਲ ਸਿਆਸਤਦਾਨਾਂ ਤੇ ਗਾਇਕਾਂ ਲਈ ਚੰਡੀਗੜ੍ਹ ਲਾਹੇਵੰਦ ਹੈ।
ਜਦੋਂ ਮਰਜ਼ੀ ਸਿਆਸਤਦਨ ਇਸ ਮੁੱਦੇ ਨੂੰ ਉਜ਼ਾਗਰ ਕਰਕੇ ਚਰਚਾ ਛੇੜ ਲੈਂਦੇ ਹਨ। ਗਾਇਕਾਂ ਨੂੰ ਚੰਡੀਗੜ੍ਹ ਆਸ਼ਕਾਂ ਦੀ ਰਾਜਧਾਨੀ ਪ੍ਰਤੀਤ ਹੁੰਦਾ ਪਰ ਚੰਡੀਗੜ੍ਹੀਏ ਕੁਝ ਨਹੀਂ ਬੋਲਦੇ । ਤਾਂਹੀ ਕਹਿਣਾ ਪੈਂਦਾ ‘ ਰਹਿਣੇ ਵਾਲੇ ਸ਼ਹਿਰ ਕੇ ਹੋ ਫਿਰ ਵੀ ਸਮਝਦਾਰ ਲੱਗਤੇ ।’
ਸੁਖਨੈਬ ਸਿੰਘ ਸਿੱਧੂ – 94175 25762