ਲੋਕ ਸਭਾ ਦੀਆਂ ਚੋਣਾਂ ਵਿੱਚ ਭਾਵੇਂ ਆਮ ਆਦਮੀ ਪਾਰਟੀ ਪੂਰੇ ਦੇਸ ਵਿੱਚੋਂ ਹੋਰ ਕਿਧਰੇ ਵੀ ਆਪਣਾ ਖਾਤਾ ਨਹੀ ਸੀ ਖੋਲ ਸਕੀ ਪ੍ਰੰਤੂ ਪੰਜਾਬ ਨੇ ਆਪ ਦੀ ਝੋਲੀ ੪ ਛੀਟਾਂ ਪਾ ਕੇ ਇਹ ਦਰਸਾਅ ਦਿੱਤਾ ਸੀ ਕਿ ਪੰਜਾਬ ਦੇ ਲੋਕ ਜਿੱਥੇ ਇਹਨਾਂ ਲੁਟੇਰੀਆਂ ਫਿਰਕੂ ਜਮਾਤਾਂ ਤੋਂ ਨਿਯਾਤ ਪਾਉਣਾ ਚਾਹੁੰਦੇ ਹਨ ਉਥੇ ਬਾਕੀ ਮੁਲਕ ਦੇ ਮੁਕਾਮਲੇ ਕਹਿਣੀ ਅਤੇ ਕਰਨੀ ਦੇ ਜਿਆਦਾ ਪ੍ਰਪੱਕ ਵੀ ਹਨ।ਇਹ ਦੇ ਵਿੱਚ ਕੋਈ ਸ਼ੱਕ ਨਹੀ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਨੂੰ ਜੋ ਵੋਟ ਦਰ ਪਰਾਪਤ ਹੋਈ ਉਹ ਦੇ ਵਿੱਚ ਵੀ ਕੱਟੜ ਸਿੱਖ ਵੋਟ ਬਹੁ ਗਿਣਤੀ ਵਿੱਚ ਇਸ ਪਾਰਟੀ ਦੇ ਹਿੱਸੇ ਆਈ ਹੈ।ਜੇਕਰ ਜਿੱਤੀਆਂ ਚਾਰ ਲੋਕ ਸਭਾ ਸੀਟਾਂ ਦੀ ਗੱਲ ਕੀਤੀ ਜਾਵੇ ਤਾਂ ਫਤਿਹਗੜ,ਪਟਿਆਲਾ,ਸੰਗਰੂਰ ਅਤੇ ਫਰੀਦਕੋਟ ਚਾਰੇ ਹੀ ਮਾਲਵੇ ਦੇ ਨਿਰੋਲ ਸਿੱਖ ਵਸੋਂ ਵਾਲੇ ਪੇਂਡੂ ਖੇਤਰ ਹਨ, ਜਿੱਥੇ ਸਿੱਖ ਵੋਟ ਵੱਡੀ ਗਿਣਤੀ ਵਿੱਚ ਪਾਰਟੀ ਦੇ ਹੱਕ ਵਿੱਚ ਭੁਗਤੀ।ਹੁਣ ਜਦੋਂ ਗੱਲ ਪੰਜਾਬ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਕਰੀਏ ਤਾਂ ਸਾਰੀਆਂ ਹੀ ਪਾਰਟੀਆਂ ਨੇ ਆਪਣੀਆਂ ਸਰਗਰਮੀਆਂ ਵਧਾ ਦਿੱਤੀਆਂ ਹਨ, ਪ੍ਰੰਤੂ ਆਮ ਆਦਮੀ ਪਾਰਟੀ ਦਾ ਬੋਲਬਾਲਾ ਕੁੱਝ ਜਿਆਦਾ ਦਿਖਾਈ ਦੇ ਰਿਹਾ ਹੈ।ਇਹ ਵੀ ਝੂਠ ਨਹੀ ਕਿ ਆਮ ਆਦਮੀ ਪਾਰਟੀ ਦਾ ਨਾਮ ਬੱਚੇ ਬੱਚੇ ਦੀ ਜਵਾਨ ਤੇ ਚੜ ਚੁੱਕਾ ਹੈ, ਇਸ ਦਾ ਕਾਰਨ ਸਾਫ ਤੇ ਬਿਲਕੁਲ ਸਪੱਸਟ ਹੈ ਕਿ ਬਹੁਤ ਹੀ ਡੂੰਘੀ ਸਾਜਿਸ਼ ਤਹਿਤ ਪਿਛਲੇ ਸਾਲ ਜੂਨ ਮਹੀਨੇ ਤੋਂ ਸੁਰੂ ਕੀਤੀਆਂ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਅੱਜ ਤੱਕ ਨਿਰੰਤਰ ਜਾਰੀ ਰਹਿਣ ਦੇ ਬਾਵਜੂਦ ਵੀ ਦੋਸ਼ੀਆਂ ਦੀ ਕੋਈ ਸਨਾਖਤ ਹੀ ਨਹੀ ਹੋ ਸਕੀ, ਬਲਕਿ ਬੇਅਦਬੀ ਦੀਆਂ ਘਟਨਾਵਾਂ ਤੇ ਰੋਸ ਪ੍ਰਗਟ ਕਰਦੀਆਂ ਸਿੱਖ ਸੰਗਤਾਂ ਉੱਤੇ ਪੰਜਾਬ ਦੀ ਪੁਲਿਸ ਵੱਲੋਂ ਕੀਤੀ ਗਈ ਗੋਲੀਵਾਰੀ ਵਿੱਚ ਜਿੱਥੇ ਦੋ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਉਥੇ ਸੈਂਕੜਿਆਂ ਦੀ ਗਿਣਤੀ ਵਿੱਚ ਨਿਹੱਥੇ ਸਿੱਖਾਂ ਨੂੰ ਗੰਭੀਰ ਰੂਪ ਵਿੱਚ ਜਖਮੀ ਵੀ ਕਰ ਦਿੱਤਾ ਸੀ। ਦੇਸ ਵਿਦੇਸ ਵਿੱਚ ਵਸਦੇ ਸਿੱਖਾਂ ਨੇ ਸੂਬਾ ਸਰਕਾਰ ਦੇ ਇਸ ਵਹਿਸੀ ਰਵੱਈਏ ਦਾ ਬਹੁਤ ਹੀ ਗੰਭੀਰਤਾ ਨਾਲ ਨੋਟਿਸ ਲਿਆ ਸੀ। ਕਨੇਡਾ ਅਮਰੀਕਾ ਸਮੇਤ ਯੂਰਪ ਵਿੱਚ ਸਰੋਮਣੀ ਅਕਾਲੀ ਦਲ ਬਾਦਲ ਦੇ ਆਗੂਆਂ ਨੂੰ ਥਾਂ ਥਾਂ ਭਾਰੀ ਵਿਰੋਧ ਪ੍ਰਦਰਸਣਾਂ ਤੋਂ ਇਲਾਵਾ ਕਨੇਡਾ ਅਤੇ ਅਮਰੀਕਾ ਵਿੱਚ ਤਾਂ ਪੰਜਾਬ ਦੇ ਮੰਤਰੀਆਂ ਦੀ ਮਾਰ ਕੁੱਟ ਤੱਕ ਗੱਲ ਪੁੱਜ ਗਈ ਸੀ ਜਿਸ ਤੋਂ ਵਾਅਦ ਪੰਜਾਬ ਵਿੱਚ ਵੀ ਸਰੋਮਣੀ ਅਕਾਲੀ ਦਲ ਬਾਦਲ ਨਾਲ ਸਬੰਧਤ ਆਗੂਆਂ ਵਿਧਾਇਕਾਂ, ਮੰਤਰੀਆਂ ਅਤੇ ਸਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੂੰ ਲੋਕਾਂ ਨੇ ਘਰਾਂ ਚੋਂ ਨਿਕਲਨਾ ਬੰਦ ਕਰ ਦਿੱਤਾ ਸੀ । ਸਰੋਮਣੀ ਕਮੇਟੀ ਮੈਂਬਰ, ਮੰਤਰੀ ਅਤੇ ਅਕਾਲੀ ਆਗੂ ਲੋਕਾਂ ਦੇ ਗੁਸ਼ੇ ਦਾ ਬੁਰੀ ਤਰਾਂ ਸ਼ਿਕਾਰ ਹੁੰਦੇ ਰਹੇ। ਅੱਜ ਵੀ ਲੋਕਾਂ ਦੇ ਮਨਾਂ ਵਿੱਚ ਸੂਬਾ ਸਰਕਾਰ ਪ੍ਰਤੀ ਭਾਰੀ ਨਰਾਜਗੀ ਬਣੀ ਹੋਈ ਹੈ। ਸੂਬਾ ਸਰਕਾਰ ਅਤੇ ਕਾਂਗਰਸ ਪਾਰਟੀ ਤੋਂ ਬੁਰੀ ਤਰਾਂ ਅੱਕੇ ਲੋਕਾਂ ਨੂੰ ਪੰਥਕ ਜਥੇਵੰਦੀਆਂ ਵੀ ਕੋਈ ਵਧੀਆ ਪਰੋਗਰਾਮ ਦੇਣ ਵਿੱਚ ਕਾਮਯਾਬ ਨਹੀ ਹੋ ਸਕੀਆਂ।ਪੰਥਕ ਜਥੇਵੰਦੀਆਂ ਦੀ ਹਾਉਂਮੈ ਕਾਰਨ ਆਪਸੀ ਪਾਟੋਧਾੜ ਨੇ ਵੀ ਅਕਾਲੀ ਦਲ ਬਾਦਲ ਨੂੰ ਹਮੇਸਾਂ ਫਾਇਦਾ ਪਹੁੰਚਾਇਆ ਹੈ ਜਿਸ ਦਾ ਨਤੀਜਾ ਸਮੁੱਚੀ ਸਿੱਖ ਕੌਂਮ ਨੂੰ ਭੁਗਤਣਾ ਪੈ ਰਿਹਾ ਹੈ,ਇਹਨਾਂ ਤੋਂ ਬੇ ਆਸ ਹੋਏ ਪੰਜਾਬ ਦੇ ਉਹ ਸਿੱਖ ਵੋਟਰ ਜਿਹੜੇ ਕਿਸੇ ਵੀ ਪਾਰਟੀ ਦੇ ਪੱਖ ਵਿੱਚ ਭੁਗਤ ਕੇ ਫੈਸਲਾਕੁਨ ਰੋਲ ਅਦਾ ਕਰ ਸਕਦੇ ਹਨ, ਉਹਨਾਂ ਦਾ ਮਨ ਇਸ ਵਾਰੀ ਆਮ ਆਦਮੀ ਪਾਰਟੀ ਦੇ ਪੱਖ ਵਿੱਚ ਭੁਗਤਣ ਦਾ ਜਾਪਦਾ ਹੈ,ਪਰੰਤੂ ਆਮ ਆਦਮੀ ਪਾਰਟੀ ਦੀ ਧਰਮ ਦੀ ਰਾਜਨੀਤੀ ਤੋਂ ਦੂਰ ਜਾਣ ਦੀ ਗੱਲ ਉਹਨਾਂ ਸਿੱਖਾਂ ਨੂੰ ਹਜਮ ਨਹੀ ਜਿਹੜੇ ੨੦੧੭ ਵਿੱਚ ਬਣਨ ਵਾਲੀ ਸਰਕਾਰ ਤੋਂ ਜਿੱਥੇ ਸਹਿਬ ਸ੍ਰੀ ਗੁਰੂ ਗਰੰਥ ਸਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਅਤੇ ਨਿਹੱਥੇ ਲੋਕਾਂ ਤੇ ਗੋਲੀਆਂ ਚਲਾਉਂਣ ਵਾਲੇ ਪੁਲਿਸ ਅਫਸਰਾਂ ਨੂੰ ਸਖਤ ਸਜਾਵਾਂ ਦੇਣ ਦੀ ਆਸ ਰੱਖਦੇ ਹਨ ਉੁਥੇ ਉਹ ਆਮ ਆਦਮੀ ਪਾਰਟੀ ਦੀ ਆਹਲਾ ਕਮਾਂਨ ਤੋਂ ਉਹਨਾਂ ਦੀ ਸਿੱਖ ਕੌਂਮ ਪ੍ਰਤੀ ਸੋਚ ਤੋਂ ਵੀ ਜਾਣੂ ਹੋਣਾ ਚਾਹੁੰਦੇ ਹਨ ਤਾਂ ਕਿ ਸਿੱਖ ਮਨਾਂ ਵਿੱਚ ਪਾਏ ਜਾ ਰਹੇ ਭਰਮ ਭੁਲੇਖੇ ਦੂਰ ਹੋ ਸਕਣ।ਪ੍ਰੰਤੂ ਇੱਥੇ ਆਮ ਆਦਮੀ ਪਾਰਟੀ ਦੀ ਸਿੱਖ ਕੌਂਮ ਪ੍ਰਤੀ ਸੋਚ ਤੇ ਸ਼ੱਕ ਹੋਣਾ ਸੁਭਾਵਕ ਹੈ ਉਹਨਾਂ ਵੱਲੋਂ ਸਿਰਫ ਸਿੱਖ ਮਸਲਿਆਂ ਤੇ ਹੀ ਧਰਮ ਦੀ ਰਾਜਨੀਤੀ ਤੋਂ ਦੂਰ ਰਹਿਣ ਦੀ ਗੱਲ ਕਹੀ ਜਾ ਰਹੀ ਹੈ ਜਦੋਂ ਕਿ ਨਿਰੰਕਾਰੀ ਅਤੇ ਡੇਰਾ ਬੱਲਾਂ ਵਿਖੇ ਜਾਣਾ ਉਹਨਾਂ ਦੇ ਆਪਣੇ ਸਟੈਂਡ ਨੂੰ ਝੂਠਿਆਂ ਕਰਦਾ ਹੈ।ਪੰਥਕ ਆਗੂਆਂ ਵੱਲੋਂ ਆਮ ਆਦਮੀ ਪਾਰਟੀ ਨੂੰ ਆਰ ਐਸ ਐਸ ਦੀ ਉਪਜ ਦੱਸਣ ਅਤੇ ਸਿੱਖ ਵਿਰੋਧੀ ਹੋਣ ਦੇ ਦੋਸ਼ ਵੀ ਉਸ ਸਮੇ ਪੁਖਤਾ ਜਾਪਦੇ ਹਨ ਜਦੋਂ ਕਾਂਗਰਸ,ਸਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਚੋਂ ਆਉਣ ਵਾਲੇ ਆਗੂਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਨ ਤੋਂ ਇਹ ਕਹਿ ਕੇ ਇਨਕਾਰ ਕੀਤਾ ਜਾਂਦਾ ਹੈ ਕਿ ਅਜਿਹੇ ਚੌਧਰ ਦੇ ਭੁੱਖੇ ਕਿਸੇ ਵੀ ਆਗੂ ਲਈ ਆਮ ਆਦਮੀ ਪਾਰਟੀ ਵਿੱਚ ਕੋਈ ਥਾਂ ਨਹੀ ਜੋ ਸਿਰਫ ਸਿਆਸੀ ਲਾਹਾ ਲੈਣ ਜਾਂ ਫਿਰ ਟਿਕਟ ਦੀ ਇੱਛਾ ਨਾਲ ਪਾਰਟੀ ਵਿੱਚ ਸਾਮਲ ਹੋਣਾ ਚਾਹੁੰਦਾ ਹੈ। ਹੁੱਣ ਤੱਕ ਸਾਮਲ ਹੋਏ ਦੂਸਰੀਆਂ ਪਾਰਟੀਆਂ ਦੇ ਇਮਾਨਦਾਰ ਸ਼ਬ੍ਹੀ ਵਾਲੇ ਆਗੂਆਂ ਦੇ ਸਬੰਧ ਵਿੱਚ ਵੀ ਪਾਰਟੀ ਦਾ ਸਪੱਸਟ ਕਹਿਣਾ ਹੈ ਕਿ ਅਜਿਹੇ ਕਿਸੇ ਵੀ ਆਗੂ ਨੂੰ ਮੁੱਖ ਮੰਤਰੀ ਪਦ ਲਈ ਕਦੇ ਵੀ ਉਮੀਦਵਾਰ ਨਹੀ ਬਣਾਇਆ ਜਾਵੇਗਾ। ਪ੍ਰੰਤੂ ਆਮ ਆਦਮੀ ਪਾਰਟੀ ਦੀ ਕੱਟੜ ਵਿਰੋਧੀ ਪਾਰਟੀ ਵਜੋਂ ਜਾਣੀ ਜਾਂਦੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਅਮ੍ਰਿਤਸਰ ਤੋਂ ਸਾਬਕਾ ਸਾਂਸਦ ਨਵਜੋਤ ਸਿੰਘ ਸਿੱਧੂ ਅਤੇ ਉਹਨਾਂ ਦੀ ਧਰਮ ਪਤਨੀ ਬੀਬੀ ਨਵਜੋਤ ਕੌਰ ਸਿੱਧੂ ਜਿਹੜੇ ਪਿਛਲੇ ਨੌ ਸਾਲਾਂ ਤੋਂ ਪੰਜਾਬ ਦੀ ਸਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਦੇ ਗੱਠਜੋੜ ਵਾਲੀ ਸਰਕਾਰ ਵਿੱਚ ਭਾਜਪਾ ਕੋਟੇ ਦੇ ਮੁੱਖ ਸੰਸਦੀ ਸਕੱਤਰ ਵਜੋਂ ਸਰਕਾਰੀ ਸਹੂਲਤਾਂ ਦਾ ਅਨੰਦ ਮਾਣਦੇ ਰਹੇ ਹਨ, ਉਹਨਾ ਨੂੰ ਆਮ ਆਦਮੀ ਪਾਰਟੀ ਵਿੱਚ ਸਾਮਲ ਕਰਨ ਲਈ ਪਾਰਟੀ ਹਾਈ ਕਮਾਂਡ ਉਤਾਵਲੀ ਹੋ ਰਹੀ ਹੈ। ਨਵਜੋਤ ਸਿੰਘ ਸਿੱਧੂ ਦੀ ਨਾ ਹੀ ਪੰਜਾਬ ਨੂੰ ਅਤੇ ਨਾ ਹੀ ਆਪਣੇ ਸੰਸਦੀ ਖੇਤਰ ਅਮ੍ਰਿਤਸਰ ਨੂੰ ਕੋਈ ਦੇਣ ਹੈ ਬਲਕਿ ਅਮ੍ਰਿਤਸਰ ਦੇ ਲੋਕ ਉਹਨਾਂ ਤੋਂ ਇਸ ਕਰਕੇ ਖਪਾ ਰਹੇ ਹਨ ਕਿ ਉਹਨਾਂ ਨੇ ਮੈਂਬਰ ਪਰਲੀਮੈਂਟ ਬਣ ਕੇ ਆਪਣੇ ਲੋਕ ਸਭਾ ਹਲਕੇ ਦੇ ਲੋਕਾਂ ਦੀਆਂ ਮੁਸਕਲਾਂ ਦੂਰ ਕਰਨ ਨਾਲੋਂ ਨੈਸਨਲ ਟੀ ਵੀ ਚੈਨਲਾਂ ਤੇ ਰਿਐਲਿਟੀ ਸ਼ੋਅ ਕਰਕੇ ਮੋਟੀ ਕਮਾਈ ਕਰਨ ਵੱਲ ਜਿਆਦਾ ਧਿਆਂਨ ਕੇਂਦਰਿਤ ਰੱਖਿਆ ਹੈ।ਸਿੱਧੂ ਜੋੜੀ ਵੱਲੋਂ ਆਪਣੇ ਘਰ ਵਿੱਚ ਮੂਰਤੀਆਂ ਅਤੇ ਸ਼ਿਵਲਿੰਗ ਦੀ ਕੀਤੀ ਗਈ ਸਥਾਪਤੀ ਨੇ ਸਿੱਖ ਮਨਾਂ ਵਿੱਚ ਜਿੱਥੇ ਸੰਕੇ ਖੜੇ ਕਰ ਦਿੱਤੇ ਉਥੇ ਸਿੱਧੂ ਪਰਿਵਾਰ ਪ੍ਰਤੀ ਨਫਰਤ ਵੀ ਪੈਦਾ ਕਰ ਦਿੱਤੀ ਹੈ।ਪੰਜਾਬ ਦੇ ਲੋਕ ਸਿੱਧੂ ਜੋੜੀ ਨੂੰ ਆਰ ਐਸ ਐਸ ਭਗਤ ਵਜੋਂ ਪ੍ਰਵਾਂਨ ਕਰਦੇ ਹਨ ਪੰਜਾਬ ਹਿਤੈਸੀ ਆਗੂ ਵਜੋਂ ਨਹੀ। ਸੋ ਅਜਿਹੇ ਆਰ ਐਸ ਐਸ ਭਗਤਾਂ ਦੇ ਸੰਦਰਭ ਵਿੱਚ ਆਮ ਆਦਮੀ ਪਾਰਟੀ ਦੀ ਦਿੱਲੀ ਵਿਚਲੀ ਹਾਂਈ ਕਮਾਂਡ ਵੱਲੋਂ ਵਾਰ ਇਹ ਬਿਆਨ ਦੇਣੇ ਕਿ ਸਿੱਧੂ ਜੋੜੀ ਦਾ ਆਮ ਆਦਮੀ ਪਾਰਟੀ ਵਿੱਚ ਸੁਆਗਤ ਹੈ ਗੰਭੀਰ ਸੰਕਿਆਂ ਨੂੰ ਜਨਮ ਦਿੰਦਾ ਹੈ।ਹਰ ਸੂਝਵਾਨ ਸਿੱਖ ਦੇ ਮਨ ਅੰਦਰ ਅਨੇਕਾਂ ਸਵਾਲ ਪਣਪਣੇ ਸੁਰੂ ਹੋ ਗਏ ਹਨ,ਉਹ ਸੋਚਦੇ ਹਨ ਕਿ ਕੀ ਜੋ ਪੰਥਕ ਆਗੂ ਦੁਹਾਈ ਦਿੰਦੇ ਹਨ ਕਿਤੇ ਉਹਨਾਂ ਦਾ ਤੌਖਲਾ ਸਹੀ ਤਾਂ ਨਹੀ? ਕੀ ਸੱਚਮੁੱਚ ਆਮ ਆਦਮੀ ਪਾਰਟੀ ਆਰ ਐਸ ਐਸ ਦੇ ਮੁੱਖ ਦਫਤਰ ਨਾਗਪੁਰ ਦੀ ਉਪਜ ਤਾਂ ਨਹੀ? ਸਿੱਧੂ ਜੋੜੀ ਨੂੰ ਪਾਰਟੀ ਵਿੱਚ ਸਾਮਲ ਕਰਨ ਲਈ ਵਾਰ ਵਾਰ ਪਾਰਟੀ ਹਾਈਕਮਾਂਡ ਦੀ ਉਤਸੁਕਤਾ ਕਿਸੇ ਖਾਸ ਅਜੰਡੇ ਨੂੰ ਲਾਗੂ ਕਰਨ ਵੱਲ ਪੁੱਟੇ ਜਾ ਰਹੇ ਕਦਮ ਵੱਲ ਇਸਾਰਾ ਤਾਂ ਨਹੀ ਕਰਦੀ ? ਕੀ ਉਪਰੋਕਤ ਕਾਰਨਾਂ ਕਰਕੇ ਨਾਗਪੁਰੀ ਹੁਕਮਾਂ ਨੂੰ ਮੰਨਣਾ ਪਾਰਟੀ ਹਾਈਕਮਾਂਡ ਦੀ ਮਜਬੂਰੀ ਤਾਂ ਨਹੀ ਹੈ ? ਅਜਿਹੇ ਸਵਾਲ ਪੰਜਾਬ ਦੇ ਲੋਕਾਂ ਨੂੰ ਬੁਰੀ ਤਰਾਂ ਪਰੇਸਾਨ ਕਰ ਰਹੇ ਹਨ।ਸਿੱਖ ਮਨਾਂ ਵਿੱਚ ਪੈਦਾ ਹੋਈ ਇਹ ਦੁਵਿਧਾ 2017 ਦੀਆਂ ਚੋਣਾਂ ਵਿੱਚ ਪਾਰਟੀ ਲਈ ਭਾਰੀ ਪੈ ਸਕਦੀ ਹੈ। ਆਮ ਆਦਮੀ ਪਾਰਟੀ ਦੀ ਹਾਈਕਮਾਂਡ ਦੀਆਂ ਗਲਤੀਆਂ ਕਾਰਨ ਤਿੜਕੀ ਇਹ ਸਿੱਖ ਵੋਟ ਦੁਵਾਰਾ ਫਿਰ ਪੰਜਾਬ ਨੂੰ ਉਹਨਾਂ ਹੱਥਾਂ ਵਿੱਚ ਦੇਣ ਦੀ ਗੁਸ਼ਤਾਖੀ ਕਰ ਸਕਦੀ ਹੈ ਜਿਹੜੇ ਪਿਛਲੇ ਨੌ ਸਾਲਾਂ ਤੋਂ ਪੰਜਾਬ ਨੂੰ ਬੁਰੀ ਤਰਾਂ ਲੁੱਟ ਪੁੱਟ ਕੇ ਤਿਲ ਤਿਲ ਕਰਕੇ ਮਰਨ ਲਈ ਮਜਬੂਰ ਕਰਦੇ ਆ ਰਹੇ ਹਨ।ਜੇ ਕਰ ਸੱਚਮੁੱਚ ਹੀ ਆਮ ਆਦਮੀ ਪਾਰਟੀ ਪੰਜਾਬ ਦੀ ਭਲਾਈ ਚਾਹੁੰਦੀ ਹੈ ਤਾਂ ਪਾਰਟੀ ਹਾਈ ਕਮਾਂਡ ਨੂੰ ਜਿੱਥੇ ਆਪਣੀ ਸਿੱਖ ਕੌਂਮ ਪ੍ਰਤੀ ਸੋਚ ਨੂੰ ਸਪੱਸਟ ਕਰਨਾ ਚਾਹੀਂਦਾ ਹੈ ਉਥੇ ਸਿੱਧੂ ਜੋੜੀ ਨੂੰ ਪਾਰਟੀ ਵਿੱਚ ਸਾਮਲ ਕਰਨ ਲਈ ਦਿਖਾਈ ਜਾ ਰਹੀ ਲੋੜ ਤੋਂ ਵੱਧ ਦਿਲਚਸਪੀ ਪਿੱਛੇ ਛੁਪੇ ਕਾਰਨਾਂ ਨੂੰ ਵੀ ਸਪੱਸਟ ਕਰ ਦੇਣਾ ਚਾਹੀਂਦਾ ਹੈ ਤਾਂ ਕਿ ਪੰਜਾਬ ਦੇ ਲੋਕਾਂ ਅੰਦਰ ਪੈਦਾ ਹੋ ਰਹੇ ਭਰਮ ਭੁਲੇਖੇ ਦੂਰ ਹੋ ਸਕਣ।