ਖੇਤੀ, ਬਿਜਲੀ, ਪ੍ਰਦੂਸਣ ਕਾਨੂੰਨ ਜਨਤਾ ਤੇ ਜੁੜਵਾਂ ਹਮਲਾ ਤੇ ਆਰਥਿਕ ਧਾਵੇ ਦਾ ਇੱਕ ਅੰਗ-ਸ੍ਰੀ ਯਾਦਵ

ਅੰਦੋਲਨ ਵਿੱਚ ਔਰਤਾਂ ਦੀ ਸਮੂਲੀਅਤ ਨੇ ਸ਼ਾਨਾਮੱਤਾ ਇਤਿਹਾਸ ਸਿਰਜਿਆ

ਬਠਿੰਡਾ– ਤਿੰਨੋਂ ਖੇਤੀ ਕਾਨੂੰਨ, ਬਿਜਲੀ ਬਿਲ ਅਤੇ ਨਵਾਂ ਪ੍ਰਦੂਸਣ ਕਾਨੂੰਨ ਦੇਸ ਦੀ ਜਨਤਾ ਖਾਸਕਰ ਕਿਸਾਨੀ ਤੇ ਇਕੱਠਾ ਜੁੜਵਾਂ ਹਮਲਾ ਹੈ, ਜੋ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਨੋਟਬੰਦੀ ਤੋ ਸੁਰੂ ਕੀਤੇ ਲੋਕਾਂ ਖਿਲਾਫ ਵੱਡੇ ਆਰਥਿਕ ਧਾਵੇ ਦਾ ਹੀ ਇੱਕ ਅੰਗ ਹੈ। ਇਹ ਵਿਚਾਰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਜੋਗਿੰਦਰ ਯਾਦਵ ਨੇ ਟਿਕਰੀ ਬਾਰਡਰ ਤੇ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਲੋਕਮਾਰੂ ਹਮਲਾ ਮੌਜਦਾ ਕਰੋਨਾ ਕਾਲ ਵਿੱਚ ਹੋਰ ਜਿਆਦਾ ਬੇਕਿਰਕ ਹੋ ਗਿਆ ਹੈ, ਜੋ ਦੇਸ਼ ਦੇ ਲੋਕ ਕਦੇ ਵੀ ਬਰਦਾਸਤ ਨਹੀਂ ਕਰਨਗੇ ਅਤੇ ਆਖ਼ਰ ਸਰਕਾਰ ਨੂੰ ਹਾਰ ਦਾ ਮੂੰਹ ਵੇਖਣਾ ਪਵੇਗਾ।
ਕਿਸਾਨ ਨੇਤਾ ਨੇ ਕਿਹਾ ਕਿ ਦਿੱਲੀ ਬਾਰਡਰ ਦੇ ਚੱਲ ਰਹੇ ਇਸ ਕਿਸਾਨ ਸੰਘਰਸ ਵਿੱਚ ਔਰਤਾਂ ਦੀ ਸਮੂਲੀਅਤ ਬਹੁਤ ਮਹੱਤਵਪੂਰਨ ਹੈ, ਜੋ ਆਉਣ ਵਾਲੇ ਸਮੇਂ ਵਿੱਚ ਮਾਰਗ ਦਰਸਨ ਦਾ ਕੰਮ ਕਰਦੀ ਰਹੇਗੀ। ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਔਰਤਾਂ ਨੇ ਆਪਣਾ ਘਰ ਬਾਰ ਛੱਡ ਕੇ ਸੜਕਾਂ ਤੇ ਠੰਢੀਆਂ ਰਾਤਾਂ ਵਿੱਚ ਬੈਠ ਕੇ ਅੰਦੋਲਨ ਕਰਨ ਦਾ ਸ਼ਾਨਾਮੱਤਾ ਇਤਿਹਾਸ ਸਿਰਜਿਆ ਹੈ। ਇਹ ਅੰਦੋਲਨ ਦੇਸ ਦੇ ਲੋਕਾਂ ਖਾਸ ਕਰਕੇ ਔਰਤਾਂ ਨੂੰ ਆਪਣੇ ਹੱਕਾਂ ਲਈ ਜੂਝਣ ਵਾਸਤੇ ਚੇਤੰਨ ਕਰੇਗਾ। ਉਹਨਾਂ ਕਿਹਾ ਕਿ ਇਹ ਸੰਘਰਸ ਭਾਵੇਂ ਪੰਜਾਬ ਤੋਂ ਸੁਰੂ ਕੀਤਾ ਗਿਆ ਸੀ, ਪਰ ਹੁਣ ਦੇਸ ਦੇ ਹਰ ਰਾਜ ਤੋਂ ਕਿਸਾਨ ਇਸ ਵਿੱਚ ਸਾਮਲ ਹੋ ਗਏ ਹਨ ਤੇ ਸੰਘਰਸ ਦੇਸ ਵਿਆਪੀ ਬਣ ਗਿਆ ਹੈ।

ਸ੍ਰੀ ਯਾਦਵ ਨੇ ਕਿਹਾ ਕਿ ਸੰਘਰਸ ਵਿੱਚ ਅਨੁਸਾਸਨ ਦੀ ਦੁਨੀਆਂ ਭਰ ਵਿੱਚ ਸਲਾਘਾ ਹੋ ਰਹੀ ਹੈ ਅਤੇ ਦੁਨੀਆਂ ਦੇ ਬਹੁਤ ਸਾਰੇ ਦੇਸਾਂ ਨੇ ਵੀ ਇਸ ਅੰਦੋਲਨ ਦਾ ਸਮਰਥਨ ਕੀਤਾ ਹੈ। ਉਹਨਾਂ ਕੇਂਦਰ ਸਰਕਾਰ ਤੇ ਜੋਰ ਦਿੱਤਾ ਕਿ ਉਸਨੂੰ ਆਪਣਾ ਅੜੀਅਲ ਵਤੀਰਾ ਛੱਡ ਕੇ ਦੇਸ ਦੇ ਅੰਨਦਾਤੇ ਦੀ ਗੱਲ ਹਮਦਰਦੀ ਨਾਲ ਸੁਣਨੀ ਚਾਹੀਦੀ ਹੈ ਅਤੇ ਹੱਕੀ ਮੰਗਾਂ ਪ੍ਰਵਾਨ ਕਰਦਿਆਂ ਇਹ ਕਿਸਾਨ ਮਾਰੂ ਕਾਨਨੂੰ ਰੱਦ ਕਰ ਦੇਣੇ ਚਾਹੀਦੇ ਹਨ।
ਇਹਨਾਂ ਕਾਨੂੰਨਾਂ ਬਾਰੇ ਗੱਲ ਕਰਦਿਆਂ ਰਾਮ ਸਿੰਘ ਨਿਰਮਾਣ ਨੇ ਦੱਸਿਆ ਕਿ ਬੋਲਵੀਆ ਦੇਸ ਦੇ ਹਾਕਮਾਂ ਦੇ ਦਿਮਾਗ ਵਿੱਚ ਮੋਦੀ ਸਰਕਾਰ ਵਾਂਗ ਕਰੀਬ ਦੋ ਦਹਾਕੇ ਪਹਿਲਾਂ ਨਿੱਜੀਕਰਨ ਦਾ ਭੂਤ ਸਵਾਰ ਹੋਇਆ ਸੀ। ਸਭ ਕੁੱਝ ਨਿੱਜੀ ਹੱਥਾਂ ਵਿੱਚ ਚਲਾ ਗਿਆ, ਪਾਣੀ ਦੇ ਹੱਕ ਵੀ ਇੱਕ ਨਿੱਜੀ ਕੰਪਨੀ ਨੇ ਖਰੀਦ ਲਏ ਸਨ। ਪਾਣੀ ਦੇ ਹੱਕ ਖਰੀਦਣ ਵਾਲੀ ਕੰਪਨੀ ਨੇ ਪਾਣੀ ਦੇ ਰੇਟ ਇਸ ਕਦਰ ਵਧਾ ਦਿੱਤੇ ਕਿ ਲੋਕਾਂ ਦੀ ਆਮਦਨ ਦਾ ਅੱਧਾ ਹਿੱਸਾ ਪਾਣੀ ਤੇ ਹੀ ਖ਼ਰਚ ਹੋ ਜਾਂਦਾ। ਇਸ ਉਪਰੰਤ ਲੋਕ ਨਹਿਰਾਂ ਝੀਲਾਂ ਤੋਂ ਪਾਣੀ ਲਿਆ ਕੇ ਵਰਤਣ ਲੱਗ ਪਏ ਤਾਂ ਸਰਕਾਰ ਨੇ ਉੱਥੇ ਪਹਿਰਾ ਲਾ ਦਿੱਤਾ ਤੇ ਲੋਕਾਂ ਨੂੰ ਪਾਣੀ ਭਰਨ ਤੇ ਰੋਕ ਲਾ ਦਿੱਤੀ। ਆਖਰ ਲੋਕ ਮੀਂਹ ਦਾ ਪਾਣੀ ਇਕੱਠਾ ਕਰਕੇ ਵਰਤਣ ਲੱਗ ਪਏ, ਇਹ ਪਤਾ ਲੱਗਣ ਤੇ ਉੱਥੋਂ ਦੀ ਸਰਕਾਰ ਨੇ ਮੀਂਹ ਦਾ ਪਾਣੀ ਇਕੱਠਾ ਕਰਨ ਨੂੰ ਚੋਰੀ ਕਰਨਾ ਕਰਾਰ ਦੇ ਕੇ ਮੁਕੱਦਮੇ ਦਰਜ ਕਰਨੇ ਸੁਰੂ ਕਰ ਦਿੱਤੇ। ਉਹਨਾਂ ਕਿਹਾ ਕਿ ਇਹ ਉੱਥੋਂ ਦੀ ਸਰਕਾਰ ਵੱਲੋਂ ਪੂੰਜੀਪਤੀਆਂ ਤੇ ਨਿੱਜੀ ਬਹੁਕੌਮੀ ਕੰਪਨੀਆਂ ਨੂੰ ਲਾਭ ਪਹੁੰਚਾਉਣ ਲਈ ਹੀ ਕੀਤਾ ਜਾਂਦਾ ਸੀ, ਕਿਉਂਕਿ ਸਰਕਾਰ ਪੂੰਜੀਪਤੀਆਂ ਦੀ ਰਖੇਲ ਬਣੀ ਹੋਈ ਸੀ, ਜਿਵੇਂ ਭਾਰਤ ਦੀ ਮੋਦੀ ਸਰਕਾਰ ਅੰਡਾਨੀ ਅੰਬਾਨੀਆਂ ਦੀ ਰਖੇਲ ਬਣ ਕੇ ਕੰਮ ਕਰ ਰਹੀ ਹੈ। ਉਹਨਾਂ ਦੇਸ ਦੇ ਲੋਕਾਂ, ਬੁੱਧੀਜੀਵੀਆਂ, ਚੇਤਨ ਲੋਕਾਂ ਨੂੰ ਸੁਝਾਅ ਦਿੱਤਾ ਕਿ ਬੋਲਵੀਆ ਦੀਆਂ ਇਹਨਾਂ ਘਟਨਾਵਾਂ ਤੇ ਵਿਚਾਰ ਕਰਕੇ ਇਸ ਅੰਦੋਲਨ ਵਿੱਚ ਸ਼ਾਮਲ ਹੋਣ ਅਤੇ ਸੰਘਰਸ ਨੂੰ ਹੋਰ ਤੇਜ ਕਰਨ ਵਿੱਚ ਸਹਿਯੋਗ ਦੇਣ।

Install Punjabi Akhbar App

Install
×