ਛੋਟੇ ਟਰਾਂਸਪੋਰਟ ਧੰਦੇ ਨੂੰ ਬਚਾਉਣ ਲਈ ਮੁੱਖ ਮੰਤਰੀ ਧਿਆਨ ਦੇਣ -ਸ੍ਰੀ ਵਾਂਦਰ

ਬਠਿੰਡਾ/ 9 ਮਈ/ — ਮੁਲਕ ਭਰ ‘ਚ ਫੈਲੀ ਕਰੋਨਾ ਮਹਾਂਮਾਰੀ ਦਾ ਬੁਰਾ ਪ੍ਰਭਾਵ ਹੋਰ ਅਦਾਰਿਆਂ ਵਾਂਗ ਪਬਲਿਕ ਟਰਾਂਸਪੋਰਟ ਦੇ ਕਾਰੋਬਾਰ ਨੂੰ ਵੀ ਝੱਲਣਾ ਪੈ ਰਿਹਾ ਹੈ। ਇਸ ਕਾਰੋਬਾਰ ਨਾਲ ਸਬੰਧਤ ਡਰਾਈਵਰਾਂ, ਕੰਡਕਟਰਾਂ, ਗਰੀਸ ਕਰਨ ਵਾਲਿਆਂ, ਪੈਂਚਰ ਲਾਉਣ ਵਾਲਿਆਂ ਤੇ ਮਕੈਨਿਕਾਂ ਦੇ ਚੁੱਲ੍ਹੇ ਠੰਢੇ ਹੋ ਗਏ ਹਨ ਅਤੇ ਇਹ ਧੰਦਾ ਤਬਾਹੀ ਵਾਲੀ ਸਥਿਤੀ ਵੱਲ ਜਾ ਰਿਹਾ ਹੈ। ਇਹ ਵਿਚਾਰ ਪ੍ਰਗਟ ਕਰਦਿਆਂ ਦੀ ਮਾਲਵਾ ਜੋਨ ਪ੍ਰਾਈਵੇਟ ਬੱਸ ਓਪਰੇਟਰ ਐਸੋਸੀਏਸਨ ਦੇ ਬਠਿੰਡਾ ਜੋਨ ਦੇ ਕਨਵੀਨਰ ਸ੍ਰੀ ਬਲਤੇਜ ਸਿੰਘ ਵਾਂਦਰ ਨੇ ਮੰਗ ਕੀਤੀ ਕਿ ਇਸ ਛੋਟੇ ਪਬਲਿਕ ਟਰਾਂਸਪੋਰਟ ਅਦਾਰੇ ਨੂੰ ਜਿਉਂਦਾ ਰੱਖਣ ਲਈ ਰਾਜ ਸਰਕਾਰ ਉਚੇਚਾ ਧਿਆਨ ਦੇਵੇ।
ਸ੍ਰੀ ਵਾਂਦਰ ਨੇ ਕਿਹਾ ਕਿ ਇਸ ਕਾਰੋਬਾਰ ਵਿੱਚ ਸ਼ਾਮਲ ਭਾਵੇਂ ਕਾਫ਼ੀ ਵੱਡੇ ਘਰਾਣੇ ਵੀ ਹਨ, ਪਰ ਬਹੁਤ ਸਾਰੇ ਉਹ ਟਰਾਂਸਪੋਰਟਰ ਵੀ ਹਨ, ਜਿਹਨਾਂ ਕਈ ਕਈ ਵਿਅਕਤੀਆਂ ਨੇ ਰਲ ਕੇ ਛੋਟੀ ਕੰਪਨੀ ਬਣਾਉਂਦਿਆਂ ਆਪਣੀ ਸਾਰੀ ਕਮਾਈ ਇਸ ਧੰਦੇ ਵਿੱਚ ਲਾ ਦਿੱਤੀ ਹੋਈ ਹੈ। ਉਹ ਪੰਜ ਸੱਤ ਬੱਸਾਂ ਵਿੱਚ ਕਈ ਕਈ ਹਿੱਸੇਦਾਰ ਹਨ। ਧੰਦੇ ਦੀ ਮੰਦੀ ਦੇ ਤੱਥ ਨੂੰ ਸਪਸ਼ਟ ਕਰਦਿਆਂ ਸ੍ਰੀ ਵਾਂਦਰ ਨੇ ਦੱਸਿਆ ਕਿ ਭਵੇਂ ਰਾਜ ਵਿੱਚ ਲਾਕਡਾਊਨ 21 ਮਾਰਚ ਤੋਂ ਸੁਰੂ ਹੋਇਆ, ਪਰ ਉਸਤੋਂ ਕਾਫ਼ੀ ਦਿਨ ਪਲਿਾਂ ਹੀ ਉਦੋਂ ਸਵਾਰੀ ਘਟ ਗਈ ਸੀ ਜਦ ਕਰੋਨਾ ਦਾ ਰੌਲਾ ਸੁਰੂ ਹੋ ਗਿਆ ਸੀ।
ਐਸੋਸੀਏਸਨ ਆਗੂ ਨੇ ਕਿਹਾ ਕਿ ਜੇਕਰ ਲਾਕਡਾਊਨ ਖਤਮ ਵੀ ਹੋ ਗਿਆ ਤਾਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਦੂਰੀ ਬਣਾਈ ਰੱਖਣ ਲਈ ਬੱਸ ਵਿਚਲੀਆਂ ਸਮਰੱਥ ਸੀਟਾਂ ਤੋਂ ਅੱਧੀਆਂ ਸਵਾਰੀਆਂ ਹੀ ਬਿਠਾਈਆਂ ਜਾ ਸਕਣਗੀਆਂ। ਇਸ ਤਰ੍ਹਾਂ ਤਾਂ ਡੀਜ਼ਲ ਦਾ ਖ਼ਰਚਾ ਵੀ ਪੂਰਾ ਨਹੀਂ ਹੋ ਸਕੇਗਾ, ਜਦੋਂ ਕਿ ਮੁਲਾਜਮਾਂ ਦੀਆਂ ਤਨਖਾਹਾਂ, ਗੱਡੀਆਂ ਦੀ ਮੁਰੰਮਤ, ਟੈਕਸਾਂ ਦੀ ਮਾਰ ਤੋਂ ਇਲਾਵਾ ਬੈਂਕਾਂ ਤੋਂ ਲਏ ਕਰਜ਼ੇ ਦਾ ਵਿਆਜ ਵੀ ਝੱਲਣਾ ਪਵੇਗਾ। ਸਰਕਾਰ ਨੇ ਭਾਵੇਂ ਕਰਜ਼ਾ ਕਿਸਤਾਂ ਤਾਂ ਤਿੰਨ ਮਹੀਨੇ ਲਈ ਅੱਗੇ ਪਾ ਦਿੱਤੀਆਂ ਹਨ, ਪਰ ਇਸ ਰਕਮ ਦਾ ਵਿਆਜ ਤਾਂ ਦੇਣਾ ਹੀ ਪਵੇਗਾ।
ਸ੍ਰੀ ਵਾਂਦਰ ਨੇ ਕਿਹਾ ਕਿ ਭਾਵੇਂ ਟਰਾਂਸਪੋਰਟ ਦੇ ਕਾਰੋਬਾਰ ਨਾਲ ਕੁਝ ਵੱਡੇ ਘਰਾਣੇ ਵੀ ਜੁੜੇ ਹੋਏ ਹਨ, ਪਰ ਬਹੁਗਿਣਤੀ ਛੋਟੇ ਬੱਸ ਓਪਰੇਟਰਾਂ ਦੀ ਹੈ। ਇਹ ਓਪਰੇਟਰ ਪਹਿਲਾਂ ਵੀ ਵਧ ਚੁੱਕੇ ਖ਼ਰਚਿਆਂ ਤੇ ਟਾਈਮ ਟੇਬਲਾਂ ਦੀ ਇਕਸਾਰਤਾ ਨਾ ਹੋਣ ਮਾਰਨ ਘਾਟੇ ਦੀ ਮਾਰ ਝੱਲ ਰਹੇ ਹਨ, ਜਿਸ ਸਦਕਾ ਕਈ ਛੋਟੀਆਂ ਕੰਪਨੀਆਂ ਵੱਡੇ ਘਰਾਣਿਆਂ ਕੋਲ ਵਿਕ ਵੀ ਚੁੱਕੀਆਂ ਹਨ। ਉਹਨਾਂ ਕਿਹਾ ਕਿ ਜੇਕਰ ਮੌਜੂਦਾ ਮੰਦੀ ਦੇ ਦੌਰ ਵਿੱਚ ਜੇਕਰ ਸਰਕਾਰ ਨੇ ਇਹਨਾਂ ਛੋਟੇ ਟਰਾਂਸਪੋਰਟਰਾਂ ਦੀ ਬਾਂਹ ਨਾ ਫੜੀ ਤਾਂ ਉਹ ਆਪਣੀ ਜੀਵਨ ਭਰ ਦੀ ਕਮਾਈ ਤੋਂ ਹੱਥ ਧੋ ਬੈਠਣਗੇ।
ਸ੍ਰੀ ਵਾਂਦਰ ਨੇ ਮੰਗ ਕੀਤੀ ਕਿ ਇਸ ਕਾਰੋਬਾਰ ਨੂੰ ਜਿਉਂਦਾ ਰੱਖਣ ਲਈ ਨੋਬਲ ਐਵਾਰਡੀ ਅਭਿਜੀਤ ਬੈਨਰਜੀ ਤੇ ਆਰ ਬੀ ਆਈ ਦੇ ਸਾਬਕਾ ਗਵਰਨਰ ਵੱਲੋਂ ਦਿੱਤੇ ਸੁਝਾਵਾਂ ਅਨੁਸਾਰ ਰਿਆਇਤਾਂ ਦਿੱਤੀਆਂ ਜਾਣ। ਉਹਨਾਂ ਮੰਗ ਕੀਤੀ ਕਿ ਬੱਸਾਂ ਦਾ ਮੋਟਰ ਵਹੀਕਲ ਟੈਕਸ, ਟੋਲ ਟੈਕਸ, ਅੱਡਾ ਫੀਸ ਆਦਿ ਘੱਟੋ ਘੱਟ ਇੱਕ ਸਾਲ ਲਈ ਮੁਆਫ਼ ਕੀਤਾ ਜਾਵੇ। ਹੋ ਸਕੇ ਤਾਂ ਡੀਜ਼ਲ ਤੇ ਸਬਸਿਡੀ ਦੇ ਕੇ ਬੱਸਾਂ ਦਾ ਕਿਰਾਇਆ ਘੱਟ ਕਰ ਦਿੱਤਾ ਜਾਵੇ, ਜਿਸ ਨਾਲ ਓਪਰੇਟਰਾਂ ਨੂੰ ਵੀ ਰਾਹਤ ਮਿਲੇਗੀ ਤੇ ਲੋਕਾਂ ਨੂੰ ਲਾਭ ਹੋਵੇਗਾ। ਉਹਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਭੇਜ ਕੇ ਇਸ ਕਾਰੋਬਾਰੀਆਂ ਦੀਆਂ ਮੁਸਕਿਲਾਂ ਤੋਂ ਜਾਣੂ ਕਰਵਾਉਂਦਿਆਂ ਰਿਆਇਤਾਂ ਦੀ ਮੰਗ ਕੀਤੀ ਹੈ ਤਾਂ ਜੋ ਛੋਟੇ ਟਰਾਂਸਪੋਰਟ ਕਾਰੋਬਾਰ ਨੂੰ ਤਬਾਹੀ ਤੋਂ ਬਚਾਇਆ ਜਾ ਸਕੇ।

Install Punjabi Akhbar App

Install
×