ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ: ਪਿਛੋਕੜ ਤੇ ਵਰਤਮਾਨ

Harpal Singh Pannu 181011 guru granth univvv

ਇਕ ਸਦੀ ਪਹਿਲਾਂ ਹਿੰਦੂਆਂ, ਮੁਸਲਮਾਨਾ ਅਤੇ ਸਿੱਖਾਂ ਵਿਚ ਸਮਾਜ-ਸੁਧਾਰਕ ਲਹਿਰਾਂ ਚੱਲੀਆਂ। ਆਪੋ ਅਪਣੇ ਰਾਜ ਭਾਗ ਗੁਆ ਕੇ ਸਿੱਖਾਂ, ਮੁਸਲਮਾਨਾ ਨੇ ਸੋਚਣਾ ਸ਼ੁਰੂ ਕੀਤਾ ਕਿ ਇਹ ਭਾਣਾ ਕਿਉਂ ਵਾਪਰਿਆ। ਮਹਾਰਾਜਾ ਰਣਜੀਤ ਸਿੰਘ ਦੇ ਹਰਮ ਵਿਚ ਦੋ ਦਰਜਣ ਰਾਣੀਆਂ ਦਾ ਕੀ ਕੰਮ ਸੀ, ਉਹ ਸ਼ਰਾਬ ਕਿਉਂ ਪੀਣ ਲੱਗਿਆ, ਮੋਰਾਂ ਨੂੰ ਕਿਉਂ ਮਹਿਲ ਵਿਚ ਲਿਆਂਦਾ? ਸਰਦਾਰ ਵੀ ਉਸ ਵਰਗੇ ਹੋ ਗਏ। ਸਿੱਖ, ਜਦੋਂ ਸਿੱਖ ਨਾ ਰਹੇ ਗੁਰੂ ਨੇ ਰਾਜ ਖੋਹ ਲਿਆ। ਪਹਿਲਾਂ ਸਿੱਖ ਬਣੀਏਂ, ਫੇਰ ਰਾਜ ਕਰੇਗਾ ਖਾਲਸਾ। ਮੁਸਲਮਾਨਾ ਦੇ ਬਾਦਸ਼ਾਹ ਅਤੇ ਨਵਾਬ ਅੱਯਾਸ਼ ਹੋ ਗਏ ਸਨ। ਉਨ੍ਹਾ ਦਾ ਹਿਸਾਬ ਵੀ ਉਥੇ ਹੀ ਪੁੱਜਾ, ਪਹਿਲੋਂ ਸਹੀ ਮੁਸਲਮਾਨ ਹੋ ਜਾਈਏ ਫਿਰ ਰਾਜ ਕਰਨ ਦੇ ਹੱਕਦਾਰ ਹੋ ਜਾਵਾਂਗੇ। ਹਿੰਦੂ ਜਾਤ ਪਾਤ, ਕਰਮ ਕਾਂਡ ਅਤੇ ਮੂਰਤੀ ਪੂਜਾ ਤੋਂ ਮੁਕਤ ਹੋਣਾ ਚਾਹੁੰਦੇ ਸਨ ਜਿਨ੍ਹਾ ਸਦਕਾ ਪਈ ਫੁੱਟ ਕਾਰਨ ਗੁਲਾਮ ਹੋਏ। ਅੰਗਰੇਜ਼ਾਂ ਨੇ ਇਨ੍ਹਾ ਸੁਧਾਰਕ ਲਹਿਰਾਂ ਨੂੰ ਉਤਸ਼ਾਹਿਤ ਕੀਤਾ, ਚੰਗੇ ਇਨਸਾਨ ਬਣਨਗੇ ਤਾਂ ਸਾਨੂ ਚੰਗੀ ਪਰਜਾ ਮਿਲੇਗੀ।

ਆਤਮ ਗਿਲਾਨੀ ਇਸ ਹੱਦ ਤੱਕ ਵਧ ਗਈ ਸੀ ਕਿ ਟੈਗੋਰ ਨੇ ਗਾਂਧੀ ਜੀ ਨੂੰ ਇਕ ਖਤ ਵਿਚ ਲਿਖਿਆ- ਮਹਾਤਮਾ ਜੀ, ਤੁਹਾਡੀ ਕਦਰ ਮੈ ਇਸ ਕਰਕੇ ਨਹੀਂ ਕਰਦਾ ਕਿ ਤੁਸੀਂ ਬਹੁਤ ਵੱਡੇ ਸਿਆਸਤਦਾਨ ਹੋ, ਤੁਹਾਥੋਂ ਵੱਡੇ ਸਿਅਸਤਦਾਨ ਵੀ ਹਨ। ਤੁਹਾਡੀ ਕਦਰ ਇਸ ਕਰਕੇ ਕਰਦਾ ਹਾਂ ਕਿਉਂਕਿ ਤੁਸੀਂ ਹੋ ਉਹ ਵਾਹਦ ਨੇਤਾ ਜਿਸ ਨੂੰ ਪਤਾ ਲੱਗ ਗਿਆ ਹੈ ਕਿ ਮਾਲਕ ਦੇ ਪੰਜੇ ਹੇਠੋਂ ਗੁਲਾਮ ਉਦੋਂ ਨਿਕਲ ਸਕੇਗਾ ਜਦੋਂ ਗੁਲਾਮ ਦਾ ਆਚਰਣ ਮਾਲਕ ਤੋਂ ਉੱਤਮ ਹੋ ਗਿਆ। ਤੁਸੀਂ ਖੁਦ ਨੂੰ ਠੀਕ ਕਰ ਲਿਆ ਹੈ ਭਾਰਤੀਆਂ ਨੂੰ ਠੀਕ ਕਰਨ ਲੱਗੇ ਹੋਏ ਹੋ।
ਸਭ ਦੀ ਨਜ਼ਰ ਵਿੱਦਿਆ ਵੱਲ ਗਈ। ਮੁਸਲਮਾਨਾਂ ਨੇ ਯੂਨੀਵਰਸਿਟੀ ਮੰਗੀ, ਅੰਗਰੇਜ਼ਾਂ ਨੇ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਦੇ ਦਿੱਤੀ। ਹਿੰਦੂਆਂ ਨੂ ਬਨਾਰਸ ਹਿੰਦੂ ਯੂਨੀਵਰਸਿਟੀ ਮਿਲੀ। ਸਿੱਖਾਂ ਨੇ ਵੀ ਯੂਨੀਵਰਸਿਟੀ ਮੰਗੀ, ਅੰਮ੍ਰਿਤਸਰ ਵਿਚ ਇਮਾਰਤ ਉਸਾਰ ਲਈ, ਆਪਸੀ ਤਕਰਾਰਬਾਜ਼ੀ, ਚੌਧਰਬਾਜ਼ੀ, ਈਰਖਾ ਕਾਰਨ ਯੂਨੀਵਰਸਿਟੀ ਨਾ ਬਣ ਸਕੀ, ਬਿਲਡਿੰਗ ਵਿਚ ਖਾਲਸਾ ਕਾਲਜ ਚਲਾ ਲਿਆ। ਦਿਲ ਵਿਚ ਸਧਰ ਕਾਇਮ ਰਹੀ।

1969 ਵਿਚ ਗੁਰੂ ਨਾਨਕ ਦੇ ਜੀ ਦਾ ਪੰਜ ਸੌਵਾਂ ਪ੍ਰਕਾਸ਼ ਪੁਰਬ ਆ ਗਿਆ, ਸੋਚਿਆ, ਜੋ ਉਦੋਂ ਨਹੀਂ ਹੋ ਸਕਿਆ ਹੁਣ ਕਰ ਲੈਂਦੇ ਹਾਂ। ਖਾਲਸਾ ਕਾਲਜ ਜ਼ਮੀਨ ਦੇਣ ਲਈ ਮੰਨ ਗਿਆ। ਫੈਸਲਾ ਹੋਇਆ ਕਿ ਨਾਮ ਗੁਰੂ ਨਾਨਕ ਦੇਵ ਯੂਨੀਵਰਸਿਟੀ ਰੱਖਾਂਗੇ। ਕੇਂਦਰ ਸਰਕਾਰ ਨੇ ਇਸ ਨਾਮ ਨੂੰ ਪ੍ਰਵਾਨਗੀ ਨਹੀਂ ਦਿੱਤੀ। ਅਕਾਲੀ ਲੀਡਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਿਲਣ ਗਏ, ਪ੍ਰਵਾਨਗੀ ਮੰਗੀ। ਇੰਦਰਾ ਨੇ ਕਿਹਾ- ਕਿਸੀ ਵਿਅਕਤੀ ਕੇ ਨਾਮ ਪਰ ਯੂਨੀਵਰਸਿਟੀ ਹੋ, ਅਸੂਲਨ ਹਮ ਇਸ ਕੇ ਖਿਲਾਫ ਹੈਂ। ਸ. ਸੁਰਜੀਤ ਸਿੰਘ ਬਰਨਾਲਾ ਨੇ ਕਿਹਾ- ਵਿਅਕਤੀ ਨਹੀਂ, ਗੁਰੂ ਨਾਨਕ ਦੇਵ ਪੀਰ ਥੇ, ਪੈਗੰਬਰ ਥੇ। ਵਿਅਕਤੀ ਤੋ ਪੰਡਤ ਜਵਾਹਰ ਲਾਲ ਨਹਿਰੂ ਥੇ, ਉਨਕੇ ਨਾਮ ਪਰ ਤੋ ਦਿੱਲੀ ਮੇਂ ਯੂਨੀਵਰਸਿਟੀ ਬਨ ਗਈ ਹੈ, ਅੰਮ੍ਰਿਤਸਰ ਮੇਂ ਗੁਰੂ ਜੀ ਕੇ ਨਾਮ ਪਰ ਕਿਉਂ ਨਹੀਂ ਬਨ ਸਕਤੀ? ਆਖਰ ਆਗਿਆ ਮਿਲ ਗਈ। ਜਿਨ੍ਹਾ ਜਥੇਬੰਦੀਆਂ ਨੇ ਪੰਜਾਬੀ ਸੂਬੇ ਦਾ ਵਿਰੋਧ ਕੀਤਾ ਸੀ ਉਨ੍ਹਾ ਨੇ ਇਸ ਯੂਨੀਵਰਸਿਟੀ ਦਾ ਵੀ ਡਟ ਕੇ ਵਿਰੋਧ ਕੀਤਾ ਪਰ ਯੂਨੀਵਰਸਿਟੀ ਸਾਕਾਰ ਹੋ ਗਈ।

ਕੁੱਝ ਦਹਾਕਿਆਂ ਬਾਦ ਦੇਸ ਵਿਦੇਸ ਦੇ ਸਿਖ ਸੋਚਣ ਲੱਗੇ- ਜਿਹੋ ਜਿਹੀਆਂ ਬਾਕੀ ਯੂਨੀਵਰਸਿਟੀਆਂ, ਉਹੋ ਜਿਹੀ ਇਹ। ਗੁਰੂ ਜੀ ਦਾ ਕੇਵਲ ਨਾਮ ਹੈ, ਹੋਰ ਕੀ ਫਰਕ? ਇਕ ਯੂਨੀਵਰਸਿਟੀ ਅਜਿਹੀ ਹੋਵੇ ਜਿੱਥੇ ਨਿਰੋਲ ਸਿੱਖ ਸਾਹਿਤ, ਸਿੱਖ ਇਤਿਹਾਸ, ਸਿੱਖ ਫਲਸਫਾ, ਸਿੱਖ ਧਰਮ ਪੜ੍ਹਾਏ ਜਾਣ ਜਾਂ ਉਹ ਵਿਸ਼ੇ ਜਿਹੜੇ ਸਿੱਖ ਸਭਿਆਚਾਰ ਨੂੰ ਸਮਝਣ ਵਿਚ ਸਹਾਈ ਹੋਣ ਜਿਵੇਂ, ਫਾਰਸੀ, ਸੰਸਕ੍ਰਿਤ, ਸੰਗੀਤ, ਮਾਰਸ਼ਲ ਆਰਟਸ ਆਦਿਕ। ਪ੍ਰਬੰਧ ਸਿੱਖਾਂ ਕੋਲ ਹੋਏ। ਯੂ.ਜੀ.ਸੀ. ਤੋਂ ਮਾਨਤਾ ਲੈਣ ਲਈ ਕੁਝ ਸੈਕੁਲਰ, ਕੁਝ ਸਾਇੰਸ ਦੇ ਵਿਸ਼ੇ ਰੱਖ ਲਵਾਂਗੇ। ਜ਼ਮੀਨ ਸ਼੍ਰੋਮਣੀ ਗੁ.ਪ੍ਰ.ਕਮੇਟੀ ਦਏਗੀ, ਪੈਸਾ ਲਾਏਗੀ, ਸ਼੍ਰੋ.ਪ੍ਰ. ਕਮੇਟੀ ਦਾ ਪ੍ਰਧਾਨ ਯੂਨੀਵਰਸਿਟੀ ਦਾ ਕੁਲਪਤੀ ਹੋਇਗਾ।

ਮਹਾਰਾਜਾ ਪਟਿਆਲਾ ਕਰਮ ਸਿੰਘ ਜੀ ਨੇ ਗੁਰੂ ਮਾਰੀ ਸਰਹਿੰਦ ਦਾ ਨਾਮ ਬਦਲ ਕੇ ਫਤਿਹਗੜ੍ਹ ਸਾਹਿਬ ਰੱਖਿਆ, ਜ਼ਮੀਨ ਦਾਨ ਕੀਤੀ, ਜਗੀਰਾਂ ਲਾਈਆਂ। ਗੁ.ਪ੍ਰ. ਕਮੇਟੀ ਨੇ ਯੂਨੀਵਰਸਿਟੀ ਦੇ ਟ੍ਰਸਟ ਨੂੰ ਇਸ ਵਿਚੋਂ 115 ਏਕੜ ਜ਼ਮੀਨ ਦੇ ਦਿੱਤੀ। ਗੁਰੂ ਗ੍ਰੰਥ ਸਹਿਬ ਨੂੰ ਹਰਿਮੰਦਰ ਵਿਚ ਸਥਾਪਤ ਕਰਨ ਦੀ ਚੌਥੀ ਸ਼ਤਾਬਦੀ ਦੇ ਸਾਲ 2004 ਵਿਚ ਯੂਨੀਵਰਸਿਟੀ ਸਥਾਪਤ ਕਰਨ ਦਾ ਮਤਾ ਪਾਇਆ, ਗੁਰਿਆਈ ਦੀ ਤੀਜੀ ਸ਼ਤਾਬਦੀ ਦੇ ਸਾਲ ਐਕਟ 2008 ਬਣਾ ਕੇ ਡਾ. ਜਸਵੀਰ ਸਿੰਘ ਆਹਲੂਵਾਲੀਆ ਨੂੰ ਪਹਿਲਾ ਵੀਸੀ ਥਾਪਿਆ। ਉਨ੍ਹਾ ਨੇ ਅਕਾਦਮਿਕ ਰੂਪਰੇਖਾ ਤਿਆਰ ਕੀਤੀ, ਪ੍ਰਬੰਧਕੀ ਅਤੇ ਅਕਾਦਮਿਕ ਬਲਾਕ ਨੰਬਰ 1 ਬਣਾਏ।

ਅੱਜ ਦੇ ਦਿਨ ਇਹ ਯੂਨੀਵਰਸਿਟੀ ਮਾਇਕ ਸੰਕਟ ਵਿਚ ਘਿਰੀ ਹੋਈ ਹੈ। ਗੁ.ਪ੍ਰ. ਕਮੇਟੀ ਪਾਸ ਫੰਡ ਦੀ ਘਾਟ ਕਿੱਥੇ ਹੈ? ਗੁ.ਪ੍ਰ. ਕਮੇਟੀ ਪ੍ਰਧਾਨ ਇਸ ਦਾ ਕੁਲਪਤੀ, ਸ. ਪ੍ਰਕਾਸ਼ ਸਿੰਘ ਬਾਦਲ ਤੇ ਸ. ਸੁਖਬੀਰ ਸਿੰਘ ਬਾਦਲ ਟਰਸਟੀ, ਮਈ ਤੋਂ ਬਾਦ ਸਟਾਫ ਨੂੰ ਤਨਖਾਹਾਂ ਨਹੀਂ ਮਿਲੀਆਂ। ਧਰਨੇ ਅਤੇ ਰੈਲੀਆਂ ਸ਼ੁਰੂ ਹਨ। ਦਲਿਤ ਵਿਦਿਆਰਥੀਆਂ ਦੀਆਂ ਫੀਸਾਂ, ਵਜ਼ੀਫੇ ਪੰਜਾਬ ਸਰਕਾਰ ਨੇ ਦੇਣੇ ਹੁੰਦੇ ਹਨ, ਬਾਰਾਂ ਕ੍ਰੋੜ ਦੀ ਉਹ ਰਕਮ ਸਰਕਾਰ ਨਹੀਂ ਦੇ ਰਹੀ। ਇਹ ਬਕਾਇਆ ਅਕਾਲੀ ਸਰਕਾਰ ਵੇਲੇ ਦਾ ਖੜ੍ਹਾ ਹੈ, ਨਾ ਪਿਛਲੀ ਨੇ ਨਾ ਹੁਣ ਦੀ ਸਰਕਾਰ ਨੇ ਪੈਸੇ ਦਿੱਤੇ।

ਮਾਤਾ ਗੁਜਰੀ ਕਾਲਜ ਵਿਚ ਐਮ.ਏ ਅਤੇ ਐਮ.ਫਿਲ ਕੋਰਸ ਚੱਲ ਰਹੇ ਹਨ, ਬਾਬਾ ਬੰਦਾ ਸਿੰਘ ਬਹਾਦਰ ਇੰਜਨੀਅਰਿੰਗ ਕਾਲਜ ਵਿਚ ਸਾਰੇ ਟੈਕਨੀਕਲ ਕੋਰਸ ਚਲਦੇ ਹਨ, ਉਹੀ ਕੋਰਸ ਗੁਰੂ ਗ੍ਰੰਥ ਯੂਨੀਵਰਸਿਟੀ ਵਿਚ ਹਨ, ਦਾਖਲਿਆਂ ਵਾਸਤੇ ਆਪਸ ਵਿਚ ਮੁਕਾਬਲਾ ਹੋਣ ਲੱਗ ਗਿਆ ਹੈ। ਯੂਨੀਵਰਸਿਟੀ ਨੇ ਇਸ ਸਾਲ ਡੇਢ ਕ੍ਰੋੜ ਰੁਪਿਆ ਇਸ਼ਤਿਹਾਰਾਂ ਉਪਰ ਖਰਚਿਆ ਹੈ। ਤਨਖਾਹਾਂ ਦਾ ਸਾਲਾਨਾ ਖਰਚਾ 18 ਕ੍ਰੋੜ ਹੈ, ਅਕਾਦਮਿਕ ਬਲੌਕ 2 ਬੈਂਕ ਤੋਂ ਕਰਜ਼ਾ ਲੈਕੇ ਬਣਾਇਆ ਜਿਸ ਦੀ ਮਹੀਨੇਵਾਰ ਕਿਸ਼ਤ 50 ਲੱਖ ਭਰਨੀ ਪੈਂਦੀ ਹੈ। ਦਾਖਲਾ ਇੰਨਾ ਘਟ ਗਿਆ ਕਿ ਮਨੋਵਿਗਿਆਨ, ਇਲੈਕਟ੍ਰਾਨਿਕਸ, ਮਕੈਨੀਕਲ ਇੰਜਨੀਅਰਿੰਗ ਤੇ ਲਾਇਬ੍ਰੇਰੀ ਸਾਇੰਸ ਵਿਭਾਗ ਬੰਦ ਹੋ ਗਏ ਹਨ, ਬਾਕੀ ਇਕ ਇਕ ਕਰਕੇ ਬੰਦ ਹੋ ਜਾਣਗੇ।

ਉਜਾੜੇ ਦੇ ਇਸ ਮਾਹੌਲ ਵਿਚ ਨੁਕਸਾਨ ਜਿਹੜਾ ਹੋ ਰਿਹਾ ਹੈ ਪਰ ਦਿਸਦਾ ਨਹੀਂ ਉਹ ਇਹ ਕਿ ਜਿਸ ਅਧਿਆਪਕ ਦਾ ਅਕਾਦਮਿਕ ਕੈਰੀਅਰ ਸ਼ਾਨਦਾਰ ਹੈ, ਉਹ ਇਥੋਂ ਛੱਡਕੇ ਜਿਥੇ ਕਿਤੇ ਹੋਰ ਜਿੱਥੇ ਥਾਂ ਮਿਲਦੀ ਹੈ ਜਾ ਰਿਹਾ ਹੈ।ਬਚ ਗਏ ਸਟਾਫ ਦਾ ਮਿਆਰ ਏਨਾ ਨੀਵਾਂ ਹੋ ਜਾਇਗਾ ਕਿ ਦਾਖਲੇ ਬੰਦ ਹੋ ਜਾਣਗੇ। ਨਗਰ ਕੀਰਤਨਾਂ, ਲੰਗਰਾਂ, ਸਿਆਸੀ ਰੈਲੀਆਂ, ਗੁਰਦੁਆਰਿਆਂ ਉਪਰ ਸੋਨਾ ਸੰਗਮਰਮਰ ਮੜ੍ਹਾਉਣ ਉਪਰ ਬੇਅੰਤ ਧਨ ਖਰਚ ਹੋ ਰਿਹਾ ਹੈ। ਗੁ.ਪ੍ਰ. ਕਮੇਟੀ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਅਧਿਆਪਕਾਂ ਮੁਲਾਜ਼ਮਾ ਦੀ ਤਨਖਾਹ ਬੰਦ ਹੈ। ਇਕੱਲਾ ਹਲਵਾਈ ਲਵਲੀ ਯੂਨੀਵਰਸਿਟੀ ਸਫਲਤਾ ਨਾਲ ਚਲਾ ਰਿਹਾ ਹੈ, ਪੰਥ ਤੋਂ ਨਹੀਂ ਚਲ ਰਹੀ। ਜੇ ਪ੍ਰਬੰਧਕਾਂ ਨੂੰ ਸ਼ਰਮਿੰਦਗੀ ਨਹੀਂ ਤਾਂ ਸ਼ਰਮਿੰਦੇ ਹੋਣ ਦਾ ਕੰਮ ਵੀ ਆਪਾਂ ਹੀ ਕਰ ਲੈਂਦੇ ਹਾਂ।

Welcome to Punjabi Akhbar

Install Punjabi Akhbar
×
Enable Notifications    OK No thanks